ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਦੂਜਾ) ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥1॥ (381)
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਦੂਜਾ) ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥1॥ (381)
Page Visitors: 2994

                                               (ਵਿਸ਼ਾ-ਛੇਵਾਂ, ਆਵਾ ਗਵਣ )

                                                       (ਭਾਗ ਦੂਜਾ)      

                   ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥1॥ (381) 

                              ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥
                           ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ
॥1॥
                              ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
                           ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ
॥1॥ਰਹਾਉ॥
                              ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
                           ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ
॥2॥
                              ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
                           ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ
॥3॥
                              ਕੂੜਿ ਕਪਟਿ ਬੰਂਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
                           ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ
॥4॥  (381)

        ॥ਰਹਾਉ॥          ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
                              ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥1॥ਰਹਾਉ॥
                  ਪਰਮਾਤਮਾ ਦੀ ਭਗਤੀ ਦਾ ਤਰੀਕਾ , ਵਿਖਾਵੇ ਦੇ ਕਰਮ ਕਾਂਡ ਕਰਨਾ ਨਹੀਂ ਹੈ , ਬਲਕਿ ਕੁਝ ਹੋਰ ਹੀ ਹੈ । ਜੋ ਬੰਦਾ ਪਰਮਾਤਮਾ ਦੇ ਨਾਮ , ਪ੍ਰਭੂ ਦੀ ਰਜ਼ਾ . ਕਰਤਾਰ ਦੇ ਹੁਕਮ ਬਾਰੇ ਬੋਲਾ ਹੀ ਰਹਿੰਦਾ ਹੈ , ਉਸ ਬਾਰੇ ਸ਼ਬਦ ਗੁਰੂ ਦੀ ਸੇਧ ਨਹੀਂ ਲੈਂਦਾ , ਸਰੀਰ ਦੀ ਸਫਾਈ ਨਾਲ ਮਨ ਦੀ ਮੈਲ ਸਾਫ ਕਰਨੀ ਚਾਹੁੰਦਾ ਹੈ , ਉਹ ਤਾਂ ਇਵੇਂ ਹੈ ਜਿਵੇਂ , ਸੱਪ ਨੂੰ ਮਾਰਨ ਲਈ , ਸੱਪ ਦੀ ਥਾਂ , ਉਸ ਦੀ ਵਰਮੀ , ਖੁੱਡ ਨੂੰ ਹੀ ਕੁੱਟ ਰਿਹਾ ਹੋਵੇ । ਜਿਵੇਂ ਵਰਮੀ ਕੁੱਟਣ ਨਾਲ ਸੱਪ ਨਹੀਂ ਮਰਦਾ , ਇਵੇਂ ਹੀ ਸਰੀਰਕ ਸਫਾਈ ਨਾਲ , ਮਨ ਸਾਫ ਨਹੀਂ ਹੁੰਦਾ । ( ਨਾ ਹੀ ਮਨ ਦੀ ਸਫਾਈ ਕਰਨ ਨਾਲ ਤਨ ਦੀ ਸਫਾਈ ਹੁੰਦੀ ਹੈ ) ਵਿਖਾਵੇ ਦੇ ਕਰਮ-ਕਾਂਡਾਂ ਆਸਰੇ ਕਰਤਾਰ ਨਾਲ ਪਿਆਰ ਨਹੀਂ ਪੈਂਦਾ , ਜਦ ਕਿ ਸਿੱਖੀ ਦਾ ਮਾਰਗ ਹੀ ਪ੍ਰੇਮਾ ਭਗਤੀ ਦਾ ਹੈ ।

             ॥1॥           ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥
                              ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥1॥
          ਜਿਹੜਾ ਬੰਦਾ ਖਾਲੀ ਵਿਖਾਵੇ ਦੇ ਕਰਮਾਂ ਆਸਰੇ , ਤੀਰਥਾਂ ਤੇ ਇਸ਼ਨਾਨਾਂ ਆਦਿ ਨਾਲ ਮਨ ਦੀ ਮੈਲ਼ ਦੂਰ ਕਰਨ ਦਾ ਉਪ੍ਰਾਲਾ ਕਰਦਾ ਹੈ , ਉਹ ਇਸ ਕੰਮ ਵਿਚ ਸਫਲ ਨਹੀਂ ਹੁੰਦਾ । ਮਨ ਦੀ ਮੈਲ ਇਵੇਂ ਨਹੀਂ ਲਥਦੀ , ਉਸ ਦਾ ਮਨ ਮੈਲਾ ਹੀ ਰਹਿੰਦਾ ਹੈ । ਇਸ ਤਰ੍ਹਾਂ ਉਹ ਆਪਣੇ ਜੀਵਨ ਦੇ ਦੋਵੇਂ ਪੱਖ , ਬੇਕਾਰ ਗਵਾ ਲੈਂਦਾ ਹੈ । ਇਸ ਲੋਕ , ਸੰਸਾਰ ਵਿਚ , ਜਿੱਥੇ ਉਸ ਨੇ ਮਨ ਨੂੰ ਵਿਕਾਰਾਂ ਦੀ ਮੈਲ ਵਲੋਂ ਸਾਫ ਰੱਖ ਕੇ , ਪ੍ਰਭੂ ਨਾਲ ਪਿਆਰ ਪਾ ਕੇ , ਉਸ ਨਾਲ ਇਕ-ਮਿਕ ਹੋਕੇ , ਭਵਜਲ ਤੋਂ , ਜਨਮ-ਮਰਨ ਦੇ ਗੇੜ ਤੋਂ ਮੁਕਤੀ ਪਾਉਣ ਦਾ ਉਪ੍ਰਾਲਾ ਕਰਨਾ ਸੀ , ਉਹ ਕਰਮ ਤਾਂ ਉਸ ਨੇ ਕੀਤੇ ਨਹੀਂ , ਮਨ ਨੂੰ ਵਿਕਾਰਾਂ ਵਿਚ ਹੀ ਜੋੜੀ ਰੱਖਿਆ । ਸਵਾਂ ਵਿਖਾਵੇ ਦੇ ਕਰਮਾਂ ਆਸਰੇ , ਮਨ ਦੀ ਹਉਮੈ ਨੂੰ ਹੋਰ ਪੱਠੈ ਪਾ ਕੈ ਬਲਵਾਨ ਕਰਦਾ ਹੈ , ਇਵੇਂ ਉਹ ਪਰਮਾਤਮਾ ਤੋਂ , ਉਸ ਦੇ ਹੁਕਮ ਤੋਂ ਵੀ ਦੂਰੀ ਬਣਾ ਲੈਂਦਾ ਹੈ ।
                         ਗੁਰਬਾਣੀ ਫੁਰਮਾਨ ਹੈ ,

                              ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥      (1)
      ਹੇ ਨਾਨਕ , ਜੇ ਕੋਈ ਬੰਦਾ ਪਰਮਾਤਮਾ ਦੇ ਹੁਕਮ , ਉਸ ਦੀ ਰਜ਼ਾ , ਉਸ ਦੇ ਨਿਯਮ-ਕਾਨੂਨਾਂ ਨੂੰ ਸਮਝ ਲੈਂਦਾ ਹੈ , ਫਿਰ ਉਹ ਹਉਮੈ ਦੀ ਗੱਲ ਨਹੀਂ ਕਰਦਾ , ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ । ਪਰ ਜਿਹੜਾ ਬੰਦਾ ਸ਼ਬਦ ਗੁਰੂ ਤੋਂ ਸਿਖਿਆ ਨਹੀਂ ਲੈਂਦਾ , ਉਸ ਨੂੰ ਪਰਮਾਤਮਾ ਦੀ ਰਜ਼ਾ ਦੀ ਸਮਝ ਨਾ ਹੋਣ ਕਾਰਨ , ਆਪਣੇ ਮਨ ਦੀ ਮੱਤ ਨੂੰ ਹੀ ਪਰਮਾਤਮਾ ਨੂੰ ਮਿਲਣ ਦਾ ਸਾਧਨ ਮੰਨ ਲੈਂਦਾ ਹੈ , ਵਿਖਾਵੇ ਦੇ ਹੀ ਕਰਮ ਕਰਦਾ ਹੈ , ਜਿਸ ਨਾਲ ਹਉਮੈ ਦੂਰ ਹੋਣ ਦੀ ਥਾਂ , ਉਸ ਵਿਚ ਹੋਰ ਵਾਧਾ ਹੁੰਦਾ ਹੈ । ਅਤੇ ਗੁਰਬਾਣ ਫੁਰਮਾਨ ਹੈ ,

                 ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾੲ                                    
                 ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥
                 ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
                 ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ਰਹਾਉ॥
                 ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
                 ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥2॥
                 ਹਉਮੈ ਵਿਚਿ ਭਗਤਿ ਨ ਹੋਵਈ ਹੁਕਮ ਨ ਬੁਝਿਆ ਜਾਇ ॥
                 ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥3॥
                 ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
                 ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥4॥   (560) 

           ॥ਰਹਾਉ॥    ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
                          ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ
॥ਰਹਾਉ॥
      ਹੇ ਮੇਰੇ ਮਨ ਤੂੰ ਸ਼ਬਦ ਗੁਰੂ ਦੀ ਸਿਖਿਆ ਦੀ ਕਮਾਈ ਕਰ ਕੇ , ਉਸ ਦੇ ਕਹੇ ਅਨੁਸਾਰ ਚਲ ਕੇ , ਹਰੀ ਨੂੰ ਯਾਦ ਰੱਖ । ਹਰੀ ਦਾ ਹੁਕਮ ਮੰਨਣ ਨਾਲ , ਉਸ ਦੀ ਰਜ਼ਾ ਅਨੁਸਾਰ ਚੱਲਣ ਨਾਲ ਤੇਰਾ , ਅੰਦਰ ਬੈਠੇ ਹਰੀ ਨਾਲ ਮਿਲਾਪ ਹੋਵੇਗਾ , ਫਿ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ । ਇਸ ਨੂੰ ਇਵੇਂ ਵੀ ਸਮਝਾਇਆ ਹੈ ,

                    ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥   (223)
            ਸ਼ਬਦ ਗੁਰੂ ਦੀ ਸੇਵਾ , ਉਸ ਦੇ ਸ਼ਬਦ ਦੀ ਵਚਾਰ ਕਰਨਾ ਹੀ ਹੈ ।
     (ਗਿਣਤੀਆਂ-ਮਿਣਤੀਆਂ ਵਿਚ , ਉਸ ਦੇ ਰੱਟੇ ਲਾਉਣਾ ਨਹੀਂ , ਨਾ ਹੀ ਉਸ ਲਈ , ਗਰਮੀਆਂ ਵਿਚ ਏ.ਸੀ. ਜਾਂ ਕੂਲਰ ਲਾਉਣੇ ਹੈ , ਜਾਂ ਸਰਦੀਆਂ ਵਿਚ ਉਸ ਤੇ ਗਰਮ ਰਜਾਈਆਂ ਅਤੇ ਕੰਬਲ ਦੇਣੇ ਜਾਂ ਹੀਟਰ ਲਾਉਣੇ ਹੈ , ਕਿਉਂਕਿ ਸ਼ਬਦ ਗੁਰੂ ਕੋਈ ਸਰੀਰ ਨਹੀਂ ਹੈ । ਨਾ ਹੀ ਉਸ ਤੇ ਲੱਖਾਂ ਰੁਪਏ ਦੇ ਚੰਦੋਏ ਤਾਨਣਾ ਹੈ । ਨਾਹੀ ਗੁਰੂ ਦੇ ਘਰ ਨੂੰ ਸੰਗੇ ਮਰਮਰ ਅਤੇ ਸੋਨਾ ਲਗਾਉਣਾ ਹੈ ਕਿਉਂਕਿ ਉਸ ਲਈ ਇਹ ਸਾਰੀਆਂ ਵੀਜ਼ਾਂ ਦਾ ਕੋਈ ਮਹੱਤਵ ਨਹੀਂ ਹੈ ।)
   ਸ਼ਬਦ ਦਾ ਵਿਚਾਰ ਕਰਨ ਦਾ ਸ੍ਰੇਸ਼ਟ ਫੱਲ ਇਹ ਹੈ ਕਿ ਉਸ ਨਾਲ ਬੰਦੇ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ , ਪਰਭੂ ਦਾ ਹੁਕਮ ਮਨ ਵਿਚ ਵੱਸ ਜਾਂਦਾ ਹੈ । ਜਦ ਕਿ ਉਪਰ ਦੱਸੇ ਸਾਰੇ ਕੰਮਾਂ ਆਸਰੇ ਮਨ ਵਿਚ ਹਉਮੈ ਹੋਰ ਵੱਧ ਜਾਂਦੀ ਹੈ ਅਤੇ ਮਨ , ਪਰਮਾਤਮਾ ਦਾ ਹੁਕਮ ਮੰਨਣ ਤੋਂ ਆਕੀ ਹੋ ਜਾਂਦਾ ਹੈ ।)

          ॥1॥         ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾੲ ॥                                    
                       ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ
॥1॥
    ਹੇ ਭਾਈ , ਹਉਮੈ ਦਾ ਪਰਮਾਤਮਾ ਦੇ ਹੁਕਮ ਨਾਲ ਵਿਰੋਧ ਹੈ , ਮਨ ਵਿਚ ਦੋਵੇਂ ਇਕੱਠੇ ਨਹੀਂ ਰਹਿ ਸਕਦੇ , ਜੇ ਮਨ ਵਿਚ ਹਉਮੈ ਹੋਵੇਗੀ ਤਾਂ , ਤਾਂ ਉਸ ਵਲੋਂ ਪਰਮਾਤਮਾ ਦਾ ਹੁਕਮ ਮੰਨਣ ਦੀ ਗੱਲ ਕਿੱਥੈ ? ਜੇ ਮਨ ਵਿਚ ਪਰਮਾਤਮਾ ਦਾ ਹੁਕਮ ਮੰਨਣ ਦੀ ਚਾਹ ਹੋਵੇਗੀ , ਤਾਂ ਉਸ ਵਿਚ ਹਉਮੈ ਹੋ ਹੀ ਨਹੀਂ ਸਕਦੀ । ਜੇ ਮਨ ਵਿਚ ਹਉਮੈ ਹੋਵੇ ਅਤੇ ਬੰਦਾ , ਪਰਮਾਤਮਾ ਦੀ ਸੇਵਾ ਕਰਨ ਦਾ , ਕਰਤਾਰ ਦੇ ਹੁਕਮ ਵਿਚ ਚੱਲਣ ਦਾ ਵਿਖਾਵਾ ਕਰਦਾ ਹੋਵੇ , ਤਾਂ ਉਸ ਦੇ ਸਾਰੇ ਕੰਮ ਵਿਅਰਥ ਹੁੰਦੇ ਹਨ ।

         ॥2॥        ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
                      ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ
॥2॥
      ਹੇ ਭਾਈ , ਸਰੀਰ ਧਾਰਨ ਦਾ ਇਹ ਸਾਰਾ ਪਸਾਰਾ , ਹਉਮੈ ਕਾਰਨ ਹੀ ਹੈ । ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ । ਮਨੁੱਖ ਦੀ ਆਤਮਕ ਮੰਂਜ਼ਿਲ ਦੇ ਰਾਹ ਵਿਚ , ਹਉਮੈ ਦਾ ਬਹੁਤ ਵੱਡਾ ਘੁੱਪ ਹਨੇਰਾ ਹੈ , ਪਰ ਹਉਮੈ ਅਧੀਨ ਵਿਚਰ ਰਹੇ ਬੰਦੇ ਇਸ ਨੂੰ ਸਮਝ ਨਹੀਂ ਪਾਉਂਦੇ ।

        ॥3॥        ਹਉਮੈ ਵਿਚਿ ਭਗਤਿ ਨ ਹੋਵਈ ਹੁਕਮ ਨ ਬੁਝਿਆ ਜਾਇ ॥
                     ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ
॥3॥
      ਹੇ ਭਾਈ , ਮਨ ਵਿਚ ਹਉਮੈ ਹੋਣ ਨਾਲ , ਪਰਮਾਤਮਾ ਦੀ ਭਗਤੀ ਹੋਣੀ ਸੰਭਵ ਨਹੀਂ ਹੈ । ਪਰਮਾਤਮਾ ਦਾ ਹੁਕਮ , ਪਰਮਾਤਮਾ ਦੀ ਰਜ਼ਾ ਬਾਰੇ ਸੋਝੀ ਨਹੀਂ ਹੋ ਸਕਦੀ । ਹਉਮੈ , ਬੰਦੇ ਦੇ ਆਤਮਕ ਜੀਵਨ ਦੇ ਰਾਹ ਵਿਚ ਰੋਕ ਬਣੀ ਰਹਿੰਦੀ ਹੈ , ਜਿਸ ਕਾਰਨ ਪਰਮਾਤਮਾ ਦਾ ਨਾਮ , ਪਰਮਾਤਮਾ ਦਾ ਹੁਕਮ , ਮਨ ਵਿਚ ਨਹੀਂ ਟਿਕ ਸਕਦਾ ।

          ॥4॥       ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
                      ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ
॥4॥   (560)
      ਹੇ ਨਾਨਕ , ਜੇ ਸਤਿਗੁਰ , ਸ਼ਬਦ ਗੁਰੂ ਮਿਲ ਪਵੇ , ਤਾਂ ਉਸ ਦੀ ਸਿਖਿਆ ਅਨੁਸਾਰ ਚਲਿਆਂ , ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ , ਅਤੇ ਮਨ ਵਿਚ ਸੱਚ , ਪਰਮਾਤਮਾ ਆ ਵਸਦਾ ਹੈ । ਫਿਰ ਬੰਦਾ ਹਮੇਸ਼ਾ ਕਾਇਮ ਰਹਣ ਵਾਲੇ , ਪਰਮਾਤਮਾ ਦੇ ਅਟੱਲ ਨਿਯਮਾਂ ਦੀ ਕਮਾਈ ਕਰਦਾ , ਉਨ੍ਹਾਂ ਦੀ ਪਾਲਣਾ ਕਰਦਾ ਹੋਇਆ , ਸੱਚ ਵਿਚ , ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ । ਇਵੇਂ ਉਹ ਵਾਹਿਗੁਰੂ ਦੀ ਸੇਵਾ ਕਰਦਾ ਹੋਇਆ , ਅਕਾਲ ਵਿਚ ਹੀ ਸਮਾ ਜਾਂਦਾ ਹੈ , ਉਸ ਨਾਲ ਹੀ ਇਕ ਮਿਕ ਹੋ ਜਾਂਦਾ ਹੈ ।
         ਇਹ ਹੈ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਦਿਆਂ , ਕਰਮ-ਕਾਂਡ ਛੱਡ ਕੇ , ਹਉਮੈ ਰਹਿਤ ਹੋ ਕੇ ਪਰਮਾਤਮਾ ਦੀ ਭਗਤੀ ਕਰਨ ਦਾ ਫੱਲ । ਪਰ ਇਸ ਤੋਂ ਖੁੰਝਾ ਬੰਦਾ , ਅੱਗੇ ਪਰਲੋਕ ਵਿਚ ਜਾ ਕੇ , ਲੇਖਾ ਭੁਗਤਣ ਵੇਲੇ , ਹਟਕੋਰੇ ਲੈ-ਲੈ ਕੇ ਰੋਂਦਾ ਹੈ ।

           ॥2॥   ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
                     ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥2॥
        ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ , ਆਪਣੇ ਜਿਊਂਦੇ ਰਹਣ ਦੇ ਸਾਧਨ , ਜ਼ਿੰਦਗੀ ਦੀਆਂ ਲੋੜਾਂ ਲਈ , ਮਾਇਆ ਕਮਾਉਣ ਦੀ ਕਿਰਤ ਕਰਨੀ ਵੀ ਛੱਡ ਦਿੱਤੀ , ਉਹ ਤਾਂ ਇਹ ਸਾਰ ਵੀ ਨਹੀਂ ਜਾਣ ਪਾਉਂਦਾ ਕਿ , ਪ੍ਰਭੂ ਭਗਤੀ ਲਈ , ਸਰੀਰ ਦਾ ਨਰੋਇਆ ਹੋਣਾ ਜ਼ਰੂਰੀ ਹੈ , ਅਤੇ ਸਰੀਰ ਨਰੋਇਆ ਰੱਖਣ ਲਈ , ਕਿਰਤ ਕਰਨੀ ਵੀ ਜ਼ਰੂਰੀ ਹੈ । ਉਹ ਤਾਂ ਵੇਦਾਂ ਸ਼ਾਸਤਰਾਂ ਦੇ ਤਰਕ-ਵਿਤਰਕ , ਬਹਿਸ-ਮੁਬਾਹਸੇ , ਵਾਦ-ਵਿਵਾਦ ਵਿਚ ਹੀ ਉਲਝ ਕੇ ਰਹਿ ਗਿਆ , ਉਹ ਮਨੁੱਖਾ ਜੀਵਨ ਦੀ ਅਸਲੀਅਤ ਨਹੀਂ ਸਮਝਦਾ , ਇਉਂ ਸਮਝੋ ਕਿ ਉਹ ਪਰਮਾਤਮਾ ਨਾਲ ਜੋਗ , ਮਿਲਾਪ ਦੇ ਢੰਗ ਨੂੰ ਬਿਲਕੁਲ ਵੀ ਨਹੀਂ ਪਛਾਣਦਾ , ਬਿਲਕੁਲ ਵੀ ਨਹੀਂ ਜਾਣਦਾ ।
      ( ਅੱਜ ਦੇ , ਸਿੱਖਾਂ ਦੀ ਮਾਇਆ ਆਸਰੇ ਪਲਦੇ ਹਜ਼ਾਰਾਂ ਡੇਰੇਦਾਰ , ਜੋ ਆਪਣੇ ਆਪ ਨੂੰ ਸੰਤ-ਬ੍ਰਹਮਗਿਆਨੀ , ਮਹਾਂਪੁਰਸ਼ ਅਖਵਾਉਂਦੇ , ਸਿੱਖਾਂ ਨੂੰ ਪ੍ਰਭੂ ਮਿਲਾਪ ਦਾ ਰਾਹ ਦਸਦੇ ਨਜ਼ਰ ਆਉਂਦੇ ਹਨ , ਉਹ ਅਤੇ ਉਨ੍ਹਾਂ ਦੇ ਹਜ਼ਾਰਾਂ ਚੇਲੇ ,  ਕੀ ਇਸ ਕੈਟੇਗਰੀ ਨਾਲੋਂ ਕੋਈ ਵੱਖਰੀ ਚੀਜ਼ ਹਨ  ? )

           ॥3॥   ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
                     ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥3॥
       ਜਿਵੇਂ , ਜਦੋਂ ਕੋਈ ਖੋਟਾ ਸਿੱਕਾ , ਸਰਾਫ ਦੀ ਨਜ਼ਰੇ ਪੈਂਦਾ ਹੈ , ਤਾਂ ਉਸ ਦਾ ਖੋਟ ਲੁਕਿਆ ਨਹੀਂ ਰਹਿੰਦਾ , ਪਰਤੱਖ ਜ਼ਾਹਰ ਹੋ ਜਾਂਦਾ ਹੈ , ਏਵੇਂ ਹੀ ਜੋ ਬੰਦਾ , ਅੰਦਰੋਂ ਤਾਂ ਵਿਕਾਰੀ ਹੈ , ਪਰ ਕਰਮ ਕਾਂਡਾਂ ਆਸਰੇ , ਭੇਖ ਆਸਰੇ ਬਾਹਰੋਂ ਧਰਮੀ ਬਣਿਆ ਹੋਇਆ ਹੈ , ਉਹ ਕਰਤਾਰ ਪਾਸੋਂ ਆਪਣਾ , ਅੰਦਰਲਾ ਵਿਕਾਰ ਲੁਕਾ ਨਹੀਂ ਸਕਦਾ । ਹਰੇਕ ਦੇ ਦਿਲ ਦੀ ਜਾਨਣ ਵਾਲਾ ਪ੍ਰਭੂ ਉਸ ਦੀ ਹਰੇਕ ਕਰਤੂਤ ਜਾਣਦਾ ਹੈ ।

           ॥4॥    ਕੂੜਿ ਕਪਟਿ ਬੰਂਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
                      ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥4॥  (381)
      ਮਨੱਖ ਦੀ ਇਸ ਜ਼ਿੰਦਗੀ ਦੀ ਮਿਯਾਦ ਬਹੁਤ ਥੋੜੀ ਹੈ , ਪਰ ਉਹ ਇਸ ਦਾ ਲਾਹਾ ਲੈਣ ਦੀ ਥਾਂ , ਮਾਇਆ ਦੇ ਮੋਹ ਵਿਚ , ਠੱਗੀ-ਫਰੇਬੀ ਵਿਚ , ਆਤਮਕ ਜੀਵਨ ਲੁਟਾ ਕੇ ਬਹੁਤ ਛੇਤੀ , ਆਤਮਕ ਮੌਤੇ ਮਰ ਜਾਂਦਾ ਹੈ ।
      ਹੇ ਭਾਈ , ਨਾਨਕ ਨੇ ਇਹ ਗੱਲ ਪੂਰੇ ਯਕੀਨ ਨਾਲ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ , ਆਪਣੇ ਮਨ ਵਿਚ ਵਸਦੇ ਪ੍ਰਭੂ ਦੀ ਰਜ਼ਾ ਨੂੰ ਪਛਾਣ , ਉਸ ਦੀ ਸੰਭਾਲ ਕਰ , ਰੱਬ ਨਾਲ ਪਿਆਰ ਪਾ , ਇਹੀ ਤੇਰਾ ਜੀਵਨ ਮਨੋਰਥ ਹੈ ।

                                                ਅਮਰ ਜੀਤ ਸਿੰਘ ਚੰਦੀ
                                                      91 95685 41414
                                                           20-11-2014

                                                                                                              

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.