ਸਿੱਖਾਂ ਨੂੰ ਅਨੰਦੁ ! (ਨਿੱਕੀ ਕਹਾਣੀ)
ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬਿਕਰਮਾਦਿੱਤੀ ਕੈਲੇੰਡਰ ਦੇ ਹਿਸਾਬ ਨਾਲ ਪੁੱਤਰਾਂ ਦੀ ਸ਼ਹਾਦਤ ਦੇ ਦਿਹਾੜੇ ਆ ਰਿਹਾ ਹੈ, ਇਸ ਕਰਕੇ ਮਨਮਤ ਦੀ ਰੋਸ਼ਿਨੀ ਵਿੱਚ ਹੁਕਮਨਾਮਾ ਆਇਆ ਹੈ ਕੀ ਜੇਕਰ ਸਿੱਖ ਚਾਹੁਣ ਤਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਮਨਾ ਲੈਣ ! (ਬਲਵਿੰਦਰ ਸਿੰਘ ਫੇਸਬੂਕ ਤੇ ਚਲ ਰਹੀ ਚਰਚਾ ਬਾਰੇ ਜਗਮਿੰਦਰ ਸਿੰਘ ਅੱਤੇ ਜਸਮੀਤ ਸਿੰਘ ਨਾਲ ਵਿਚਾਰ ਸਾਂਝੇ ਕਰਦਾ ਬੋਲਿਆ) ਫਿਰ ਤਾਂ ਮੈਂ ਵੀ ਆਪਣਾ ਜਨਮ ਦਿਨ ਇਨ੍ਹਾਂ ਪੰਡਿਤਾਂ ਪਾਸੋਂ ਮਹੂਰਤ ਕਢਾ ਕੇ ਹੀ ਮਨਾਇਆ ਕਰਾਂਗਾ !
ਜਗਮਿੰਦਰ ਸਿੰਘ (ਔਖਾ ਹੁੰਦਾ ਹੋਇਆ) : ਆਪਣਾ ਗੁਰੂ ਸਾਹਿਬ ਨਾਲ ਟਾਕਰਾ ਨਾ ਕਰੋ, ਪਹਿਲਾਂ ਆਪਣੇ ਪੁੱਤਰ ਵਾਰੋ, ਫਿਰ ਬੋਲੋ !
ਬਲਵਿੰਦਰ ਸਿੰਘ : ਇੱਕ ਸਿੱਖ ਨੇ ਤਾਂ ਗੁਰੂ ਵਰਗਾ ਹੀ ਹੋਣਾ ਹੈ ਤੇ ਗੁਰੂ ਆਪ ਆਪਣੇ ਸਿੱਖਾਂ ਨੂੰ "ਗੁਰਮਤ ਦਾ" ਥਾਪੜਾ ਦਿੰਦੇ ਹਨ ! ਪਰ ਸ਼ਾਇਦ ਤੁਹਾਡਾ ਕਹਿਣ ਦਾ ਭਾਵ ਹੈ ਕੀ ਜੱਥੇਦਾਰ ਜੀ ਨੇ ਪੁੱਤਰ ਵਾਰ ਦਿੱਤੇ ਹਨ ਇਸ ਕਰਕੇ ਗੁਰੂ ਦਾ ਟਾਕਰਾ ਕਰ ਰਹੇ ਨੇ ? ਜਾਂ ਤਾਂ ਤਾਰੀਖਾਂ ਪੱਕੀਆਂ ਕੀਤੀਆਂ ਜਾਣ ਵਰਨਾ ਸੰਗਤਾਂ ਨੂੰ ਬਾਰ ਬਾਰ ਤਾਰੀਖਾਂ ਦੇ ਭੰਬਲਭੂਸੇ ਵਿੱਚ ਪਾ ਕੇ ਹਰ ਸਾਲ ਖੱਜਲ-ਖਵਾਰ ਨਾ ਕੀਤਾ ਜਾਵੇ ! ਜਦ ਇੰਗਲਿਸ਼ ਕੈਲੇੰਡਰ ਦੁਨੀਆਂ ਭਰ ਵਿੱਚ ਅਸੀਂ ਰੋਜ਼ ਦੇ ਕੰਮ-ਕਾਰਾਂ ਵਿੱਚ ਇਸਤੀਮਾਲ ਕਰ ਹੀ ਰਹੇ ਤਾਂ ਫਿਰ ਗੁਰਪੁਰਬਾਂ ਜਾਂ ਹੋਰ ਇਤਿਹਾਸਿਕ ਦਿਹਾੜੇਆਂ ਲਈ ਇੱਕ ਤਾਰੀਖ ਪੱਕੀ ਕਿਓਂ ਨਹੀਂ ?
ਜਸਮੀਤ ਸਿੰਘ : ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਲੀਗਲ ਅਥਾਰਿਟੀ ਹੈ ਤੇ ਕਿਸੀ ਨੂੰ ਹੱਕ ਨਹੀਂ ਹੈ ਕੀ ਇਸ ਬਾਬਤ ਕੋਈ ਸਵਾਲ ਜਵਾਬ ਕਰੇ ! ਜੇਕਰ ਜੱਥੇਦਾਰ ਨੇ ਕਹ ਦਿੱਤਾ ਕੀ ਬਾਅਦ ਵਿੱਚ ਮਨਾਓ ਮਤਲਬ ਮਨਾਓ ! ਉਨ੍ਹਾਂ ਦਾ ਕਹਿਆ ਹੀ ਗੁਰਮਤ ਹੈ !
ਜਗਮਿੰਦਰ ਸਿੰਘ (ਗੁੱਸੇ ਵਿੱਚ) : ਬਲਵਿੰਦਰ ਸਿੰਘ ਜੀ, ਤੁਹਾਡੇ ਪੁੱਤਰਾਂ ਦਾ ਮਰਣ ਦਿਨ ਹੋਵੇ ਤਾਂ ਕਿ ਤੁਸੀਂ ਆਪਣਾ ਜਨਮਦਿਨ ਮਨਾਓਗੇ ?
ਬਲਵਿੰਦਰ ਸਿੰਘ (ਸ਼ਾਂਤ ਤਰੀਕੇ ਨਾਲ) : ਸਿੱਖਾਂ ਨੂੰ ਤਾਂ ਗੁਰੂ ਮਹਾਰਾਜ ਨੇ ਬਕ੍ਸ਼ਿਸ਼ ਹੀ ਕੀਤੀ ਹੈ ਕੀ ਭਾਵੇਂ ਜਨਮ ਹੋਵੇ ਜਾਂ ਭਾਵੇਂ ਮਰਣ, ਪੜਨਾ ਅਖੀਰ ਵਿੱਚ ਸਿੱਖਾਂ ਨੇ "ਅਨੰਦੁ ਭਇਆ ਮੇਰੀ ਮਾਏ .." ਹੀ ਹੈ ! ਅਸੀਂ ਆਪਣੇ ਵਿਕਾਰਾਂ ਅੱਤੇ ਵਿਚਾਰਾਂ ਉੱਤੇ ਕਾਬੂ ਪਾਉਂਦੇ ਹੋਏ ਸਹਿਜ ਅਵਸਥਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਹੈ ! ਸਾਕ ਸਭ ਦੇ ਇੱਕ ਦਿਨ ਮਰ ਹੀ ਜਾਣੇ ਨੇ ਪਰ ਉਨ੍ਹਾਂ ਦੇ ਜਾਣ ਤੇ ਮਾਤਮ ਕਰਨਾ ਹੈ ਜਾਂ ਭਾਣੇ ਵਿੱਚ ਰਹਿਣਾ ਹੈ ਇਹ ਹੀ ਸਿੱਖ ਲਈ ਵਿਚਾਰ ਦਾ ਵਿਸ਼ਾ ਹੈ ! ਸਿੱਖ ਇੱਕ ਦਾ ਪੁਜਾਰੀ ਹੈ ਤੇ ਦਵੈਤ ਵਿੱਚ ਨਹੀਂ ਫਸਦਾ ਪਰ ਪਤਾ ਨਹੀਂ ਕਿਓ ਸਿੱਖ ਸਰੂਪ ਵਿੱਚ ਅਸੀਂ ਇੱਕ ਪੱਕੀ ਤਾਰੀਖ ਨੂੰ ਛੱਡ ਕੇ ਦੋ-ਦੋ ਤਾਰੀਖਾਂ ਵਿੱਚ ਫਸੇ ਹੋਏ ਹਾਂ ? ਯਾਦ ਰਖਣਾ ਇੱਕ ਪੂਰੇ ਗੁਰੂ ਦੀ ਸਿਖਿਆ ਨਾਲ ਜੁੜਨ ਨਾਲ ਹੀ ਕੌਮ ਵਿੱਚ ਪਿਆਰ ਆਵੇਗਾ, ਦੂਜਾ-ਤੀਜਾ ਗੁਰੂ ਭਾਲਦੇ ਰਹੋਗੇ ਤਾਂ ਇੱਕ ਨੂੰ ਵੀ ਗੁਆ ਬੈਠੋਗੇ !
ਚੱਲ ਯਾਰ ! ਮੂਰਖਾਂ ਨਾਲ ਲੜਨਾ ਅੱਤੇ ਗੱਲ ਕਰਨਾ ਹੀ ਬੇਕਾਰ ਹੁੰਦਾ ਹੈ ! (ਜਗਮਿੰਦਰ ਸਿੰਘ ਨੇ ਜਸਮੀਤ ਸਿੰਘ ਦਾ ਹੱਥ ਫੜਦੇ ਹੋਏ ਕਿਹਾ)
ਬਲਵਿੰਦਰ ਸਿੰਘ ਬਾਈਸਨ
http://nikkikahani.com/