ਕੌਮੀ ਮੁੱਦਿਆਂ ‘ਤੇ ਇਕ ਮੱਤ ਕਦੋਂ ਹੋਵਾਂਗੇ ?
ਉਹ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਨਵੀਨ ਧਰਮ ਹੈ, ਜਿਹੜਾ ਸਿਰਫ਼ ਤੇ ਸਿਰਫ਼ ਸੱਚ ਦੇ ਪਾਂਧੀ ਬਣਾਉਂਦਾ ਹੈ, ਇਸ ਲਈ ਉਹ ਜਿੱਥੇ ਹਰ ਮਨੁੱਖ ਦੇ ਮਨ ’ਚ ਰੱਬ ਪ੍ਰਤੀ ਅਥਾਹ ਸ਼ਰਧਾ ਪੈਦਾ ਕਰਦਾ ਹੈ, ਉਥੇ ਵਿਗਿਆਨ ਦੀ ਕਸਵੱਟੀ ’ਤੇ ਵੀ ਖ਼ਰਾ ਉਤਰਦਾ ਹੈ। ਇਸ ਲਈ ਹੀ ਅਸੀਂ ਇਹ ਗੱਲ ਨਿਰੰਤਰ ਦਾਅਵੇ ਨਾਲ ਕਰਦੇ ਆ ਰਹੇ ਹਾਂ ਕਿ ਸਿੱਖ ਧਰਮ ’ਚ ਵਿਸ਼ਵ ਧਰਮ ਬਣਨ ਦੀ ਪੂਰੀ-ਪੂਰੀ ਸਮਰੱਥਾ ਹੈ। ਪ੍ਰੰਤੂ ਜੇ ਇਹ ਧਰਮ ਆਏ ਦਿਨ ਨਵੇਂ-ਨਵੇਂ ਵਿਵਾਦਾਂ ’ਚ ਘਿਰਦਾ ਹੈ ਤਾਂ ਉਸ ਲਈ ਕੌਣ ਜਿੰਮੇਵਾਰ ਹੈ? ਇਹ ਸੁਆਲ ਹਰ ਚੜਦੇ ਸੂਰਜ ਜਾਗਰੂਕ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਹੈ। ਦਸਮੇਸ਼ ਪਿਤਾ ਦਾ ਅਵਤਾਰ ਦਿਹਾੜਾ ਤ੍ਰੋੜੇ-ਮਰੋੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਰੇ 28 ਦਸੰਬਰ ਨੂੰ ਆ ਰਿਹਾ ਹੈ ਅਤੇ ਉਸੇ ਦਿਨ ਦੁਨੀਆ ਦੇ ਲਾਸਾਨੀ ਮਾਸੂਮ ਸ਼ਹੀਦ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਦਾ ਅਖ਼ਰੀਲਾ ਦਿਨ ਹੈ। ਇਸ ਕਾਰਣ ਦਸਮੇਸ਼ ਦਾ ਅਵਤਾਰ ਦਿਹਾੜਾ 10 ਦਿਨ ਅੱਗੇ ਪਾ ਦਿੱਤਾ ਗਿਆ। ਭਾਵੇਂ ਕਿ ਕੌਮ ਨੇ ਅੱਗੇ ਵੀ ਗੁਰਪੁਰਬਾਂ ਸਬੰਧੀ ਕਈ ਅਹਿਮ ਫੈਸਲੇ ਲਏ ਹਨ ਅਤੇ ਪ੍ਰਵਾਨ ਕੀਤੇ ਹਨ। ਪ੍ਰੰਤੂ ਹੁਣ ਜਦੋਂ ਹਰ ਕਿਸੇ ’ਚ ਹੳਮੈ, ਹੰਕਾਰ, ਈਰਖਾ, ਲੋਭ-ਲਾਲਸਾ ਲੋੜ ਤੋਂ ਵੱਧ ਪੈਦਾ ਹੋ ਗਈ ਹੈ ਤਾਂ ਕੋਈ ਕਿਸੇ ਦੀ ਮੰਨਣ ਲਈ ਤਿਆਰ ਨਹੀਂ। ਹਰ ਕੋਈ ਆਪਣੇ-ਆਪ ਨੂੰ ਅਤੇ ਆਪਣੀ ਅਕਲ ਨੂੰ ਸਭ ਤੋਂ ਵੱਡਾ ਮੰਨਦਾ ਹੈ। ਜਿਸ ਕਾਰਣ ਆਏ ਦਿਨ ਨਵੇਂ-ਨਵੇਂ ਵਿਵਾਦ ਕੌਮ ’ਚ ਪੈਦਾ ਹੋ ਰਹੇ ਹਨ।
ਪੰਜ ਸਿੰਘ ਸਾਹਿਬਾਨ ਨੇ ਦਸਵੇਂ ਪਾਤਸ਼ਾਹ ਦਾ ਗੁਰਪੁਰਬ 7 ਜਨਵਰੀ ਭਾਵ 23 ਪੋਹ ਨੂੰ ਮਨਾਉਣ ਦਾ ਫੈਸਲਾ ਸੁਣਾ ਦਿੱਤਾ, ਜਿਹੜਾ ਵਿਵਾਦਾਂ ਦਾ ਵਿਸ਼ਾ ਬਣ ਗਿਆ ਅਤੇ ਅੱਜ ਦੀ ਤਰੀਖ਼ ’ਚ ਜਾਪਦਾ ਹੈ ਕਿ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਗੁਰਪੁਰਬ ਮਨਾਏ ਜਾਣਗੇ ਅਤੇ ਜੱਗ ਹਸਾਈ ਕਰਾਈ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹੜੇ ਜ਼ਾਹਿਰਾ ਗੁਰੂ ਹਨ, ਜਾਗਦੀ ਜੋਤ ਹਨ ਅਤੇ ਹਰ ਸਿੱਖ ਉਨਾਂ ਨੂੰ ‘ਪ੍ਰਗਟ ਗੁਰਾ ਕੀ ਦੇਹਿ’ ਮੰਨਦਾ ਹੈ, ਉਸ ਗੁਰੂ ਨੂੰ ਲੈ ਕੇ ਵੀ ਵਿਵਾਦ ਹੈ, ਗੁਰ ਇਤਿਹਾਸ ਦੇ ਜੀਵਨ ਨੂੰ ਲੈ ਕੇ ਭੰਬਲਭੂਸਾ ਹੈ, ਸਿੱਖ ਇਤਿਹਾਸ ’ਚ ਲੋੜ ਤੋਂ ਵੱਧ ਹੇਰ-ਫੇਰ ਹੈ, ਸਿੱਖ ਪ੍ਰੰਪਰਾਵਾਂ ਤੇ ਰਵਾਇਤਾਂ ਨੂੰ ਲੈ ਕੇ ਦੁਬਿਧਾ ਹੈ, ਕੈਲੰਡਰ, ਲੰਗਰ ਤੇ ਅਸੀਂ ਇਕਮੱਤ ਨਹੀਂ, ਕੌਮੀ ਘਰ ਬਾਰੇ ਅਸੀਂ ਇਕ ਜੁੱਟ ਨਹੀਂ, ਮਾਂ-ਬੋਲੀ ਸਾਨੂੰ ਸਾਰਿਆਂ ਨੂੰ ਪ੍ਰਵਾਨ ਨਹੀਂ, ਪਹਿਰਾਵੇ ਬਾਰੇ ਤਾਂ ਵੈਸੇ ਅਜ਼ਾਦੀ ਦੇ ਦਿੱਤੀ ਗਈ ਹੋਈ ਹੈ, ਜਿਸ ਕੌਮ ’ਚ ਐਨੇ ਭੰਬਲਭੂਸੇ, ਵਿਵਾਦ ਤੇ ਵਿਖਰੇਵੇ ਹੋਣ, ਉਸ ਕੌਮ ਦੇ ਧਰਮ ਨੂੰ ਅਸੀਂ ਦੁਨੀਆ ਦਾ ਨਵੀਨ ਧਰਮ ਤੇ ਵਿਸ਼ਵ ਧਰਮ ਬਣਨ ਦੇ ਸਮਰੱਥ ਹੋਣ, ਦਾ ਦਾਅਵਾ ਕਿਵੇਂ ਕਰ ਸਕਦੇ ਹਾਂ? ਨਿੱਜੀ ਚੌਧਰ ਤੇ ਨਿੱਜੀ ਲਾਲਸਾ, ਕੌਮੀ ਮੁੱਦਿਆਂ ਤੇ ਭਾਰੂ ਨਹੀਂ ਹੋਣੀ ਚਾਹੀਦੀ, ਸਾਨੂੰ ਪੁਰਾਤਨ ਸਿੰਘਾਂ ਵਾਗੂੰ ਲੱਖ-ਲੱਖ ਵਿਖਰੇਵੇ ਹੋਣ ਦੇ ਬਾਵਜੂਦ ਸਾਂਝੇ ਕੌਮੀ ਮਸਲੇ ਇਕੱਤਰ ਹੋ ਕੇ ਹੱਲ ਕਰਨ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਵੱਲ ਤੁਰਨਾ ਚਾਹੀਦਾ ਹੈ। ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ, ਜੇ ਅਸੀਂ ਗੁਰੂ ਦੀ ਮੱਤ ਦੇ ਧਾਰਣੀ ਬਣਾਂਗੇ। ਇਕ ਪਾਸੇ ਸਿੱਖਾਂ ਦੀ ਨਵੀਂ ਪੀੜੀ ਪਤਿਤਪੁਣੇ ਅਤੇ ਨਸ਼ਿਆਂ ਦੀ ਸ਼ਿਕਾਰ ਹੋ ਕੇ ਗੁਰੂ ਘਰਾਂ ਤੋਂ ਬੇਮੁਖ ਹੋ ਰਹੀ ਹੈ।
ਦੂਜੇ ਪਾਸੇ ਪੰਥ ਵਿਰੋਧੀ ਸ਼ਕਤੀਆਂ ਦੇ ਸਹਾਰੇ ਅਤੇ ਇਸ਼ਾਰੇ ਉਤੇ ਸੌਦਾ ਸਾਧ ਵਰਗੇ, ਸਿੱਖਾਂ ਨੂੰ ਆਏ ਦਿਨ ਵੰਗਾਰ ਰਹੇ ਹਨ। ਇੱਥੋਂ ਤੱਕ ਕਿ ਪਵਿੱਤਰ ਤਖ਼ਤ ਸਾਹਿਬਾਨਾਂ ਦੇ ਨੇੜੇ ਆਪਣੇ ਡੇਰੇ ਉਸਾਰ ਰਹੇ ਹਨ, ਇਹ ਡੇਰੇ ਸਿੱਖਾਂ ਨੂੰ ਵੱਡੀ ਢਾਹ ਲਾ ਕੇ ਗਰੀਬ ਸਿੱਖ ਵਰਗ ਨੂੰ ਸਿੱਖਾਂ ਤੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ। ਤੀਜੇ ਪਾਸੇ ਸਿੱਖਾਂ ’ਚ ਵੰਡੀਆਂ ਦਿਨੋ-ਦਿਨ ਗੂੜੀਆਂ ਹੋ ਰਹੀਆਂ ਹਨ। ਧੜੇਬੰਦੀਆਂ ਤਿੱਖੀਆਂ ਹੋ ਰਹੀਆਂ ਹਨ। ਇਕ ਸਿੱਖ ਦੂਜੇ ਸਿੱਖ ਦੀ ਪੱਗ ਲਾਹੁਣ ਲਈ ਤਿਆਰ ਹੀ ਰਹਿੰਦਾ ਹੈ। ਅਜਿਹੀ ਤਰਾਸਦੀ ਸਿੱਖ ਕੌਮ ’ਚ ਕਿਉਂ ਵਾਪਰ ਰਹੀ ਹੈ? ਇਸ ਪਾਸੇ ਸੋਚਣ ਅਤੇ ਵਿਚਾਰਨ ਦੀ ਥਾਂ ਅਸੀਂ ਆਪੋ-ਆਪਣੀ ਦੁਕਾਨਦਾਰੀ ਚਮਕਾਉਂਣ ਅਤੇ ਦੂਜੇ ਦੀ ਬੰਦ ਕਰਵਾਉਣ ’ਚ ਰੁੱਝੇ ਹੋਏ ਹਾਂ। ਸਿੱਖ ਪੰਥ ’ਚ ਵਿਚਾਰਾਂ ਦਾ ਮੱਤਭੇਦ ਕਈ ਵਾਰ ਪਹਿਲਾਂ ਵੀ ਪੈਦਾ ਹੋਇਆ ਹੈ। 22 ਮੰਜੀਆਂ ਲੱਗੀਆਂ ਹਨ। 12 ਮਿਸਲਾਂ ਵੀ ਬਣੀਆਂ। ਪ੍ਰੰਤੂ ਉਸ ਸਮੇਂ ਗੁਰੂ ਦੇ ਸਿਧਾਂਤ ਦਾ ਭੈਅ ਅਤੇ ਸਤਿਕਾਰ ਹਮੇਸ਼ਾ ਬਣਿਆ ਰਿਹਾ। ਜਿਸ ਕਾਰਣ ਸਿੱਖੀ ਦੀ ਚੜਦੀ ਕਲਾਂ ਨੂੰ ਆਂਚ ਨਹੀਂ ਆਈ। ਅੱਜ ਕੌਮ ’ਚ ਇਸ ਤਰਾਂ ਦਾ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ ਹੈ ਕਿ ਕੌਣ ਪੰਥ ਹਿਤੈਸ਼ੀ ਹੈ ਅਤੇ ਕੌਣ ਪੰਥ ਦਾ ਦੁਸ਼ਮਣ ਹੈ। ਇਸ ਦਾ ਨਿਰਣਾ ਕਰਨਾ ਵੀ ਔਖਾ ਹੋ ਗਿਆ ਹੈ। ਜ਼ੁਲਮ, ਜਬਰ ਦੇ ਖ਼ਾਤਮੇ ਅਤੇ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਲੈ ਕੇ ਹੋਂਦ ’ਚ ਆਇਆ ਖਾਲਸਾ ਪੰਥ ਨਿੱਤਵਾਦ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਜਿਸ ਕਾਰਣ ਹੳੂਮੈ ਦੀ ਜੰਗ ’ਚ ਉਲਝ ਗਿਆ ਹੈ। ਇਸੇ ਲਈ ਅਸੀਂ ਹਰ ਚੜਦੇ ਸੂਰਜ ਕੌਮ ’ਚ ਨਵਾਂ ਵਿਵਾਦ ਖੜਾ ਹੋਣ ’ਤੇ ਕੌਮ ਨੂੰ ਜਾਗਣ, ਸਿਰ ਜੋੜ ਕੇ ਬੈਠਣ ਅਤੇ ਵਿਚਾਰਣ ਦੀ ਨਿਰੰਤਰ ਅਪੀਲ ਕਰਦੇ ਰਹਿੰਦੇ ਹਾਂ। ਕੌਮ ਦੀ ਸ਼ਕਤੀ ਨੂੰ ਆਪਸ ’ਚ ਉਲਝਾ ਕੇ ਨਸ਼ਟ ਕਰਨ ਦੀ ਮਨਸੂਬਾ ਸਾਡੇ ਸਮਝ ’ਚ ਕਿਉਂ ਨਹੀਂ ਆ ਰਿਹਾ।
ਅੱਜ ਜਦੋਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ, ਕਿ ਭਗਵਾਂ ਬਿ੍ਰਗੇਡ ਨੇ ਪੰਜਾਬ ਅਤੇ ਸਿੱਖੀ ’ਤੇ ਸਿੱਧੋ-ਸਿੱਧਾ ਤੇਜ਼ ਹੱਲਾ ਬੋਲ ਦਿੱਤਾ ਹੈ ਅਤੇ ਇਸ ਹੱਲੇ ’ਚ ਪੰਜਾਬ ਦੇ ਲਗਭਗ ਸਾਰੇ ਡੇਰੇਦਾਰ ਸਾਧ ਭਗਵਾਂ ਬਿ੍ਰਗੇਡ ਦੇ ਨਾਲ ਹਨ। ਅਜਿਹੇ ਮੌਕੇ ਜਦੋਂ ਸਿੱਖੀ ਦੀ ਹੋਂਦ ਨੂੰ ਚਾਰੇ ਪਾਸਿਓਂ ਖ਼ਤਰਾ ਖੜਾ ਕਰ ਦਿੱਤਾ ਗਿਆ ਹੈ। ਉਸ ਸਮੇਂ ਵੀ ਜੇ ਕੌਮ ਨਿੱਕੇ-ਨਿੱਕੇ ਵਿਵਾਦਾਂ ਨੂੰ ਲੈ ਕੇ ਆਪਸ ਵਿੱਚ ਟਕਰਾਉਂਦੀ ਰਹੀ ਤਾਂ, ਸਿੱਖ ਦੁਸ਼ਮਣ ਤਾਕਤਾਂ ਦਾ ਸਿੱਖੀ ਨੂੰ ਹੜੱਪਣ ਦਾ ਸੁਪਨਾ ਪੂਰਾ ਹੋਣ ਤੋਂ ਰੋਕਿਆ ਨਹੀਂ ਜਾ ਸਕੇਗਾ। ਸਿੱਖੀ ਇਕ ਭਾਵਨਾ ਹੈ, ਇਕ ਮਿਸ਼ਨ ਹੈ, ਇਕ ਸਿਧਾਂਤ ਹੈ, ਇਸ ਲਈ ਇਸ ਦੀ ਹੋਂਦ ਸਰੀਰਾਂ ਨਾਲ ਸਬੰਧਿਤ ਨਹੀਂ ਹੈ। ਸਾਨੂੰ ਇਸ ਗੱਲ ਨੂੰ ਅਣਗੋਲਿਆ ਕਰਕੇ ਸਿੱਖੀ ਸਿਧਾਂਤਾਂ ਦੀ ਰਾਖ਼ੀ ਲਈ ਕਿੰਨੀ ਗਿਣਤੀ ’ਚ ਸਿੱਖ ਡਟੇ ਹੋਏ ਹਨ। ਸਿੱਖੀ ਸਪਿਰਟ ਦੀ ਹੋਂਦ ਬਣਾਈ ਰੱਖਣੀ ਹੋਵੇਗੀ। ਤਦ ਹੀ ਸਿੱਖੀ ਕਾਇਮ ਰਹਿ ਸਕੇਗੀ। ਕੌਮ ’ਚ ਪੈਦਾ ਹੋ ਰਹੇ ਵਿਵਾਦਾਂ ਦੀ ਗਹਿਰਾਈ ਨਾਲ ਜਾਂਚ ਕਰਕੇ ਇਸ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਅਤੇ ਉਨਾਂ ਦੇ ਹੱਥਾਂ ’ਚ ਖੇਡ ਰਹੇ ਸਿੱਖੀ ਸਰੂਪ ਵਾਲੇ ਸਿੱਖ ਦੁਸ਼ਮਣਾਂ ਨੂੰ ਬੇਨਕਾਬ ਕਰਨ ਲਈ ਪੰਥ ਦਰਦੀਆਂ ਨੂੰ ਅੱਗੇ ਆ ਕੇ ਸਿੰਘ ਸਭਾ ਲਹਿਰ ਵਰਗੀ ਚੇਤੰਨਤਾ ਲਹਿਰ ਸ਼ੁਰੂ ਕਰਨੀ ਹੋਵੇਗੀ। ਸਿੱਖੀ ਸਿਧਾਂਤਾਂ ਦੀ ਸਰਦਾਰੀ ਕਾਇਮ ਕਰਨੀ ਹੋਵੇਗੀ। ਸਿੱਖ ਪੰਥ ਵਰਗੀ ਮਹਾਨ ਸੰਸਥਾ ਨੂੰ ਲੱਗੇ ਖੋਰੇ ਨੂੰ ਰੋਕਣ ਲਈ ਸਿਰਫ਼ ’ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਅਤੇ ਗੁਰਬਾਣੀ ਦੀ ਰੋਸ਼ਨੀ ਹੀ ਇਸ ਭਿਆਨਕ ਸਮੇਂ ਸਾਡੀ ਰਾਖ਼ੀ ਕਰ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਦਸਮੇਸ਼ ਪਿਤਾ ਦੇ ਗੁਰਪੁਰਬ ਨੂੰ ਬੇਲੋੜੇ ਵਿਵਾਦਾਂ ਦਾ ਵਿਸ਼ਾ ਨਾਂਹ ਬਣਾਇਆ ਜਾਵੇ। ਸਗੋਂ ਦੂਰ ਦਿ੍ਰਸ਼ਟੀ ਨਾਲ ਵਿਚਾਰ-ਵਟਾਂਦਰਾ ਕਰਕੇ ਸਮੁੱਚੀ ਕੌਮ ਦਾ ਸਰਬਸੰਮਤ ਫੈਸਲਾ ਲਿਆ ਜਾਵੇ।
ਜਸਪਾਲ ਸਿੰਘ ਹੇਰਾਂ