ਭਗਵਾਂ ਬ੍ਰਿਗੇਡ ਨਾਲ ਜੰਗ ਲਈ ਮੈਦਾਨ ‘ਚ ਨਿੱਤਰਣ ਦਾ ਸਮਾ ਆ ਗਿਆ…?
ਅਸੀਂ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ, ‘‘ਪੰਜਾਬ ਤੇ ਭਗਵਾਂ ਹੱਲਾ ਹੋ ਗਿਆ ਹੈ?ਸਿੱਖ ਪੰਥ ਜੀ ਜਾਗੋ ਅਤੇ ਜਾਗਦੇ ਰਹੋ!’’ ਪ੍ਰੰਤੂ ਪਦਾਰਥੀ ਤੇ ਸੁਆਰਥੀ ਹੋ ਗਿਆ ਅੱਜ ਦਾ ਸਿੱਖ ਪੰਥ ਸਾਡੇ ਹੋਕੇ ਨੂੰ ਸੁਣ ਕੇ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ। ਜਿਸ ਕਾਰਣ ਧਾੜਵੀਆਂ ਨੇ ਸਾਡੇ ਤਖ਼ਤ ਸਾਹਿਬਾਨ ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ ਤੱਕ ਘੜ ਲਈ ਹੈ ‘‘ਸਿੱਖ ਹਿੰਦੂ ਧਰਮ ਦਾ ਅੰਗ ਹੈ’’, ਇਸ ਨਾਅਰੇ ਦੀ ਪੂਰਤੀ ਲਈ ਪੂਰੀ ਭਗਵਾਂ ਬਿ੍ਰਗੇਡ ਆਪਣੇ ਮੁਖੀ ਮੋਹਨ ਭਾਗਵਤ ਸਮੇਤ ਜੁੱਟੀ ਹੋਈ ਹੈ। ਪੰਜਾਬ ਤੇ ਚਹੁੰ ਤਰਫੇ ਹਮਲੇ ਦੀ ਦੁਹਾਈ ਅਸੀਂ ਲੰਬੇ ਸਮੇਂ ਤੋਂ ਦਿੰਦੇ ਆ ਰਹੇ ਹਾਂ, ਪ੍ਰੰਤੂ ਪੰਜਾਬ ਨੂੰ ਭਗਵੇਂ ਕਰਨ ਦਾ ਜਿਹੜਾ ਹੱਲਾ ਭਗਵਾਂ ਬਿ੍ਰਗੇਡ ਨੇ ਤੇਜ਼ੀ ਨਾਲ ਬੋਲਿਆ ਹੈ, ਉਹ ਸਭ ਤੋਂ ਖਤਰਨਾਕ ਹੈ ਅਤੇ ਇਸਨੂੰ ਰੋਕਣਾ ਸਭ ਤੋਂ ਜ਼ਰੂਰੀ ਹੈ। ਕਿਉਂਕਿ ਇਹ ਹੱਲਾ ਸਿੱਖੀ ਦੀ ਹੋਂਦ ਤੇ ਹੈ, ਸਿੱਖ ਸਭਿਅਤਾ ਤੇ ਹੈ, ਗੁਰੂ ਤੇ ਗੁਰਬਾਣੀ ਤੇ ਹੈ। ਜੇ ਅੱਜ ਵੀ ਕੌਮ ਗਫ਼ਲਤ ਦੀ ਨੀਂਦ ਸੁੱਤੀ ਰਹੀ, ਨਿੱਜੀ ਹੳੂਮੈ ’ਚ ਗਲ਼ਤਾਨ ਰਹੀ, ਆਪਸੀ ਫੁੱਟ ਦਾ ਸ਼ਿਕਾਰ ਰਹੀ। ਚੌਧਰ ਤੇ ਚਾਪਲੂਸੀ ’ਚ ਰੁੱਝੀ ਰਹੀ, ਫ਼ਿਰ ਭਗਵਾਂ ਤਾਕਤ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਰਹੇਗਾ। ਜਿਸ ਤਰਾਂ ਪੂਰੀ ਤਰਾਂ ਗਿਣੀ-ਮਿਥੀ ਸਾਜ਼ਿਸ ਨਾਲ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚਲਾਕੀ, ਮਕਾਰੀ ਨਾਲ ਭਗਵਾਂ ਸਮਾਗਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੇ ਜਥੇਦਾਰ ਨੰਦਗੜ ਥੋੜੇ ਅਵੇਸਲੇ ਹੁੰਦੇ ਜਾਂ ਥਿੜਕ ਜਾਂਦੇ ਤਾਂ ਸਿੱਖੀ ਦੀ ਹੋਂਦ ਤੇ ਸੁਆਲੀ ਚਿੰਨ ਕੱਲ ਹੀ ਲੱਗ ਜਾਣਾ ਸੀ। ਅਸੀਂ ਸਮਝਦੇ ਹਾਂ ਕਿ ਸੰਘ ਪਰਿਵਾਰ, ਆਪਣੀ ਇਸ ਨਾਕਾਮੀ ਤੋਂ ਬਾਅਦ ਹੋਰ ਮਕਾਰੀ ਨਾਲ, ਹੋਰ ਤਾਕਤ ਨਾਲ ਆਪਣੀਆਂ ਇਨਾਂ ਸਾਜ਼ਿਸਾਂ ਨੂੰ ਨੇਪਰੇ ਚਾੜਨ ਦਾ ਯਤਨ ਕਰੇਗਾ। ਜਿਸ ਤਰਾਂ ੴ ਅਤੇ ਓਮ ਨੂੰ ਇਕੱਠਾ ਕਰਨ ਦਾ ਯਤਨ ਹੋ ਰਿਹਾ ਹੈ, ੴ ’ਚ ਬ੍ਰਹਮਾ, ਵਿਸ਼ਨੂੰ, ਮਹੇਸ਼ ਵਾੜੇ ਜਾ ਰਹੇ ਹਨ, ਉਸ ਤੋਂ ਸੰਘ ਪਰਿਵਾਰ ਵੀ ਸਿੱਖੀ ਨੂੰ ਹੜੱਪਣ ਅਤੇ ਸਿੱਖੀ ਤੇ ਭਗਵਾਂ ਰੰਗ ਚਾੜਨ ਦੀ ਡੂੰਘੀ ਸਾਜ਼ਿਸ ਪੂਰੀ ਤਰਾਂ ਬੇਨਕਾਬ ਹੋ ਰਹੀ ਹੈ।
ਅੱਜ ਜਿਥੇ ਭਗਵਾਂ ਬਿ੍ਰਗੇਡ ਦੀਆਂ ਇਨਾਂ ਮਕਾਰ ਚਾਲਾਂ ਨੂੰ ਪਛਾੜਨ ਦੀ ਵੱਡੀ ਲੋੜ ਹੈ, ਉਥੇ ਆਮ ਸਿੱਖਾਂ ਨੂੰ ਭਗਵਾਂ ਬਿ੍ਰਗੇਡ ਦੇ ਇਸ ਕੂੜ ਪ੍ਰਚਾਰ ਤੋਂ ਬਚਾਉਣ ਲਈ ਉਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀ ਸੇਧ, ਸਰਲ ਢੰਗ ਨਾਲ ਸਮਝਾਉਣ ਦੀ ਉਸ ਤੋਂ ਵੱਡੀ ਲੋੜ ਹੈ। ਸਿੱਖੀ ਦੇ ਨਿਆਰੇ ਤੇ ਨਿਰਾਲੇਪਣ ਨੂੰ ਖੋਰਾ ਲਾਉਣ ਦੇ ਇਨਾਂ ਯਤਨਾਂ ਵਿਰੁੱਧ ਹੁਣ ਫੋਕੀ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਾ। ਇਸ ਵਿਰੁੱਧ ਯੋਜਨਾਬੱਧ ਢੰਗ ਨਾਲ ਲਹਿਰ ਆਰੰਭਣੀ ਪਵੇਗੀ ਤਾਂ ਕਿ ਆਮ ਸਿੱਖ ਇਸ ਭਗਵੇਂ ਹੱਲੇ ਨੂੰ ਮਹਿਸੂਸ ਕਰੇ ਅਤੇ ਇਸ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਤੱਤਪਰ ਹੋਵੇ। ਇਤਿਹਾਸ ਗਵਾਹ ਹੈ ਕਿ ਜਦੋਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖੀ ਤੇ ਸਿੱਧਾ ਹਮਲਾ ਬੋਲਿਆ, ਉਦੋਂ ਸਿੱਖੀ ਦੀ ਧਾਰ ਹੋਰ ਤਿੱਖੀ ਹੋਈ ਹੈ। ਅੱਜ ਸਿੱਖੀ ਦੀ ਜ਼ਮੀਰ ਨੂੰ ਟੁੰਬਣ ਅਤੇ ਜਗਾਉਣ ਦਾ ਸਬੱਬ ਭਗਵਾਂ ਬਿ੍ਰਗੇਡ ਨੇ ਪੈਦਾ ਕਰ ਦਿੱਤਾ ਹੈ। ਇਸ ਲਈ ਹਰ ਜਾਗਰੂਕ ਸਿੱਖ ਨੂੰ, ਸਿੱਖ ਆਗੂਆਂ ਤੋਂ ਕੋਈ ਉਮੀਦ ਛੱਡ ਕੇ, ਖ਼ੁਦ ਇਸ ਜੰਗ ’ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਕੌਮ ਦੇ ਦਾਨਿਸ਼ਵਰ, ਗਿਆਨੀ ਦਿੱਤ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤ ਤੋਂ ਅਗਵਾਈ ਲੈ ਕੇ, ਇਸ ਭਗਵੇਂ ਹੱਲੇ ਦੇ ਮੁਕਾਬਲੇ ਲਈ ਕੌਮ ਨੂੰ ਸੇਧ ਦੇਣ ਤਾਂ ਕਿ ਇਸ ਮਕਾਰ ਹੱਲੇ ਦਾ ਸਿਆਣਪ, ਦਲੇਰੀ ਅਤੇ ਸਿੱਖੀ ਰਵਾਇਤਾਂ ਅਨੁਸਾਰ ਜਵਾਬ ਦਿੱਤਾ ਜਾ ਸਕੇ। ਇਕ-ਦੂਜੇ ਵੱਲ ਵੇਖਣ ਜਾਂ ਇਕ ਦੂਜੇ ਦੀ ਨੁਕਤਾਚੀਨੀ ਕਰਨ ਦੀ ਥਾਂ ਹਰ ਸੱਚੇ ਸਿੱਖ ਨੂੰ ਖ਼ੁਦ ਹੀ ਮੈਦਾਨ ’ਚ ਨਿੱਤਰ ਪੈਣਾ ਚਾਹੀਦਾ ਹੈ। ਅਸੀਂ ਇਨਾਂ ਤਾਕਤਾਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸੇ ਅਤੇ ਸਿੱਖ ਸਭਿਅਤਾ ’ਚ ਕਿਸੇ ਤਰਾਂ ਦੀ ਮਿਲਾਵਟ ਨਹੀਂ ਕਰਨ ਦੇਣੀ ਅਤੇ ਜੇ ਅਸੀਂ ਇਸ ’ਚ ਕਾਮਯਾਬ ਰਹਿੰਦੇ ਹਾਂ ਤਾਂ ਇਹੋ ਸਾਡੀ ਜਿੱਤ ਹੋਵੇਗੀ।
ਦੁਸ਼ਮਣ ਤਾਕਤਾਂ ਸਾਡੀਆਂ ਕੰਮਜ਼ੋਰੀਆਂ ਦਾ ਲਾਹਾ ਲੈ ਕੇ ਸਾਨੂੰ ਆਪਣੇ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ’ਚ ਹਨ, ਇਸ ਲਈ ਭਗਵਾਂ ਬਿ੍ਰਗੇਡ ਦੇ ਮਨਸੂਬਿਆਂ ਨੂੰ ਸਭ ਤੋਂ ਪਹਿਲਾ ਨੰਗਾ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਸਿੱਖ ਕੱਲ ਨੂੰ ਇਹ ਬਹਾਨਾ ਨਾ ਬਣਾਵੇ ਕਿ ‘‘ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ।’ ਭਾਵੇਂ ਕਿ ਦਿੱਲੀ ਨੇ ਹਮੇਸ਼ਾ ਪੰਜਾਬ ਨੂੰ ਘਸਿਆਰਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿੱਲੀ ਨੂੰ ਦਿੱਤੀ ਚੁਣੌਤੀ, ਦਿੱਲੀ ਦੇ ਹਾਕਮਾਂ ਨੂੰ ਕਦੇ ਹਜ਼ਮ ਨਹੀਂ ਹੋਈ। ਇਸੇ ਲਈ ਦਿੱਲੀ ਨੇ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੇ ਖ਼ਾਤਮੇ ਲਈ ਹੱਲੇ ਬੋਲੇ ਹਨ, ਜਿਨਾਂ ਦਾ ਖਾਲਸਾ ਪੰਥ ਨੇ ਹਮੇਸ਼ਾ ਮੂੰਹ ਤੋੜਵਾ ਉਤਰ ਦਿੱਤਾ ਹੈ। ਪ੍ਰੰਤੂ ਇਹ ਵਰਤਮਾਨ ਹੱਲਾ ਮੀਰੀ-ਪੀਰੀ ਦੋਵਾਂ ਸਿਧਾਂਤਾਂ ਦੇ ਖ਼ਾਤਮੇ ਲਈ ਕੀਤਾ ਗਿਆ ਹੈ, ਜਿਸਦਾ ਇੱਕੋ-ਇੱਕ ਮੰਤਵ ਸਿੱਖੀ ਦੀ ਨਿਆਰੀ-ਨਿਰਾਲੀ ਹੋਂਦ ਨੂੰ ਖ਼ਤਮ ਕਰਕੇ, ਉਸਤੇ ਭਗਵਾਂ ਰੰਗ ਚੜਾਉਣਾ ਹੈ, ਇਸ ਲਈ ਅੱਜ ਹਰ ਪੱਖੋ ਸੁਚੇਤ ਹੋ ਕੇ, ਇਕ ਜੁੱਟਤਾ ਨਾਲ ਇਸ ਹੱਲੇ ਦਾ ਜਵਾਬ ਦੇਣਾ ਹੋਵੇਗਾ। ਸਮਾਂ ਨਹੀਂ ਰਿਹਾ, ਇਸ ਲਈ ਕੌਮ ਨੂੰ ਤੁਰੰਤ ਜਾਗਕੇ ਡੂੰਘੀ ਸੋਚ ਵਿਚਾਰ ਤੇ ਸਿਆਣਪ ਨਾਲ ਪੁਰਾਤਨ ਖਾਲਸਾਈ ਪਿਰਤਾਂ ਨਾਲ ਮੈਦਾਨੇ ਜੰਗ ’ਚ ਨਿੱਤਰ ਆਉਣਾ ਚਾਹੀਦਾ ਹੈ। ਇਸ ਮੈਦਾਨ-ਏ-ਜੰਗ ’ਚ ਹਥਿਆਰਾਂ ਦੀ ਥਾਂ ਸਾਨੂੰ ਵਿਚਾਰਾਂ ਦੀ ਜੰਗ ਲੜਨੀ ਹੋਵੇਗੀ। ਅੱਜ ਉਸ ਬੌਧਿਕਤਾ ਦੀ ਜਿਸ ਲਈ ਗੁਰਬਾਣੀ ਦਾ ਮਹਾਨ ਗਿਆਨ, ਸਾਨੂੰ ਸੇਧ ਦਿੰਦਾ ਹੈ, ਉਸਦੀ ਸਫ਼ਲ ਵਰਤੋਂ ਕਰਕੇ, ਜੰਗ ਜਿੱਤਣੀ ਹੈ। ਇਹ ਸਾਡੀ ਪ੍ਰੀਖਿਆ ਵੀ ਹੈ।
ਜਸਪਾਲ ਸਿੰਘ ਹੇਰਾਂ