ਭਾਰਤ ਸਰਕਾਰ, ਪੰਜਾਬ ਸਰਕਾਰ, ਆਰ.ਐਸ.ਐਸ. ਪੰਜਾਬੀ ਪਾਰਟੀ, ਪੰਜਾਬ ਦੇ ਅਕਾਲੀ ਦਲਾਂ (ਇਕ ਅੱਧੇ ਨੂੰ ਛੱਡ ਕੇ) ਐਸ.ਜੀ.ਪੀ.ਸੀ. ਅਕਾਲ-ਤਖਤ (ਸਾਹਿਬ) ਸੰਤ ਸਮਾਜ(ਸੰਤਾਂ-ਮਹਾਂਪੁਰਖਾਂ-ਬ੍ਰਹਮਗਿਆਨੀਆਂ) ਅਤੇ 95 % ਸਿੱਖ ਬੁੱਧੀ ਜੀਵੀਆਂ ਦਾ ਇਕੋ ਏਜੈਂਡਾ !
ਗੱਲ ਬੜੀ ਹੈਰਾਨੀ ਵਾਲੀ ਹੈ, ਪਰ ਹੈ ਸੱਚੀ ।
ਸੱਭ ਦਾ ਇਕੋ ਏਜੈਂਡਾ ਹੈ ਕਿ 5 % ਸਿੱਖ ਚਿੰਤਕਾਂ ਨੂੰ ਇਸ ਤਰ੍ਹਾਂ ਉਲਝਾਈ ਰੱਖੋ ਕਿ ਉਨ੍ਹਾਂ ਕੋਲ ਸਿੱਖਾਂ ਬਾਰੇ ਕੋਈ ਉਸਾਰੂ ਕੰਮ ਸੋਚਣ ਜਾਂ ਕਰਨ ਦਾ ਸਮਾ ਹੀ ਨਾ ਬਚੇ । ਜੇ ਸਿੱਖ ਚਿੰਤਕਾਂ ਨੂੰ ਸੋਚਣ ਦਾ ਸਮਾ ਮਿਲ ਗਿਆ ਤਾਂ ਇਨ੍ਹਾਂ ਵਿਚ ਏਨੀ ਸਮਰਥਾ ਹੈ ਕਿ ਉਹ ਕਿਸੇ ਦੀ ਵੀ ਗੁਲਾਮੀ ਕਬੂਲ ਨਹੀਂ ਕਰਨਗੇ ।(ਇਤਿਹਾਸ ਇਸ ਗੱਲ ਦਾ ਗਵਾਹ ਹੈ) ਬਾਕੀ ਸਾਰੇ ਮੁੱਦਿਆਂ ਨੂੰ ਪਾਸੇ ਰੱਖਦੇ ਹੋਏ ਅੱਜ , ਸਿਰਫ ਨਾਨਕ-ਸ਼ਾਹੀ ਕੈਲੰਡਰ ਦੀ ਹੀ ਗੱਲ ਕਰਦੇ ਹਾਂ ।
ਇਸ ਬਾਰੇ ਤਾਂ ਇਤਿਹਾਸ ਕੋਈ ਗਵਾਹੀ ਨਹੀਂ ਭਰਦਾ ਕਿ ਕਦੋਂ ? ਕਿਸ ਸਿੱਖ ਬੁੱਧੀ ਜੀਵੀ ਨੂੰ ਇਹ ਵਿਚਾਰ ਫੁਰਿਆ ਕਿ, ਜਦ ਦੁਨੀਆਂ ਦੇ ਬੰਦਿਆਂ ਨੂ ਕੁਰਾਹੇ ਪਾਉਣ ਵਾਲੇ ਆਗੂਆਂ ਦੀ ਯਾਦ ਤਾਜ਼ਾ ਰੱਖਣ ਲਈ ਕੈਲੰਡਰ ਬਣੇ ਹੋਏ ਹਨ ਤਾਂ, ਆਤਮਕ ਪੱਖੋਂ ਦੁਨੀਆਂ ਨੂੰ ਸਿੱਧਾ ਰਾਹ ਵਿਖਾਉਣ ਵਾਲੇ ਇਕੋ-ਇਕ ਆਗੂ, ਗੁਰੂ ਨਾਨਕ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਵੀ ਕੈਲੰਡਰ ਹੋਣਾ ਚਾਹੀਦਾ ਹੈ, ਅਤੇ ਉਸ ਨੇ ਇਹ ਕੈਲੰਡਰ ਸ਼ੁਰੂ ਵੀ ਕੀਤਾ । ਇਸ ਬਾਰੇ ਅਸੀਂ ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆ ਰਹੇ ਹਾਂ “ਨਾਨਕ-ਸ਼ਾਹੀ ਸੱਮਤ” ਜਿਸ ਦੇ ਨਾਲ ਸਾਲ ਤਾਂ ਲਿਖਿਆ ਰਹਿੰਦਾ ਸੀ ਪਰ ਬਾਕੀ ਸਾਰਾ ਕੁਝ ਨਿਰਮਲਿਆਂ ਅਤੇ ਉਦਾਸੀਆਂ ਨੇ ਬਿਕਰਮੀ ਕੈਲੰਡਰ ਵਿਚ ਹੀ ਜਜ਼ਬ ਕਰ ਦਿੱਤਾ । ਉਸ ਦੀ ਰੂਪ-ਰੇਖਾ ਬਾਰੇ ਕੋਈ ਨਿਸ਼ਾਨ ਉਪਲੱਭਦ ਨਹੀਂ ।
ਬਿਕਰਮੀ ਵਿਚ ਰਲ-ਗੱਡ ਨਾਨਕ-ਸ਼ਾਹੀ ਬਾਰੇ ਸੋਧ ਦੀ ਵੀ ਕੋਈ ਗੱਲ ਨਾ ਉੱਠੀ ਹੁੰਦੀ ਜੇ ਕੁਝ ਬੁੱਧੀ ਜੀਵੀਆਂ ਨੇ , ਇਸ ਪਾਸੇ ਧਿਆਨ ਨਾ ਦਿੱਤਾ ਹੁੰਦਾ ਕਿ, ਹਰ ਬੰਦੇ ਦਾ ਸਾਲ ਵਿਚ ਇਕ ਵਾਰੀ ਜਨਮ-ਦਿਹਾੜਾ ਆਉਂਦਾ ਹੈ, ਨਾ ਤਾਂ ਕਿਸੇ ਦਾ ਇਕ ਸਾਲ ਵਿਚ ਦੋ ਵਾਰੀ ਜਨਮ-ਦਿਹਾੜਾ ਆਉਂਦਾ ਹੈ, ਅਤੇ ਨਾ ਹੀ ਕੋਈ ਅਜਿਹਾ ਸਾਲ ਆਉਂਦਾ ਹੈ ਜਿਸ ਵਿਚ ਕਿਸੇ ਦਾ ਜਨਮ-ਦਿਹਾੜਾ ਆਵੇ ਹੀ ਨਾ।
ਪਰ ਦੁਨੀਆਂ ਨੂੰ ਸਭ ਤੋਂ ਵੱਧ ਦੇਣ, ਦੇਣ ਵਾਲੇ ਦਾ (ਜਿਸ ਦੇ ਪੜਦਾਦਾ ਜੀ ਨੇ, ਅੱਜ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਾਵਟ ਤੋਂ ਪਾਕ, ਨਰੋਲ ਰੱਖਣ ਲਈ, ਆਪਣੀ ਲਾਸਾਨੀ ਸ਼ਹਾਦਤ ਦਿੱਤੀ।
(ਨਹੀਂ ਤਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਸਿੱਖੀ ਭੇਸ ਵਿਚਲੇ ਹੀ, ਜਾਅਲੀ, ਨਕਲੀ, ਉਕਾਈਆਂ ਭਰਿਆ ਸਾਬਤ ਕਰਨ ਲਈ ਟਿੱਲ ਲਾ ਰਹੇ ਹਨ, (ਤਾਂ ਜੋ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਸ਼ੰਕੇ ਖੜੇ ਕੀਤੇ ਜਾ ਸਕਣ) ਉਹ ਸਾਡੇ ਤਕ ਨਰੋਲ ਰੂਪ ਵਿਚ ਪੁਜਣਾ ਹੀ ਨਹੀਂ ਸੀ)
ਜਿਸ ਦੇ ਦਾਦਾ ਜੀ ਨੇ ਗਰੀਬਾਂ ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਆਮ ਬੰਦਿਆਂ ਨੂੰ ਹਥਿਆਰ ਚੁੱਕਣੇ ਸਿਖਾਏ, ਅਤੇ ਆਪਣੇ ਤੇ ਹੋਏ ਚਾਰ ਹਮਲਿਆਂ ਨੂੰ ਪਛਾੜਿਆ। ਜਿਸ ਦੇ ਪਿਤਾ ਜੀ ਨੇ ਸੰਸਾਰ ਨੂੰ ਪਹਿਲੀ ਵਾਰੀ, ਮਨੁੱਖੀ ਅਧਿਕਾਰਾਂ ਬਾਰੇ ਸੋਝੀ ਦਿੱਤੀ ਅਤੇ ਉਸ ਲਈ ਹੀ ਆਪਣੇ ਤਿੰਨ ਸਿੱਖਾਂ ਸਮੇਤ ਆਪਣੀ ਸ਼ਹਾਦਤ ਦਿੱਤੀ । ਜਿਸ ਗੁਰੂ ਗੋਬਿੰਦ ਸਿੰਘ ਜੀ ਦੀ ਬਿਰਧ ਮਾਤਾ ਜੀ ਨੂੰ ਵੀ ਸ਼ਹਾਦਤ ਦੇਣੀ ਪਈ, ਜਿਸ ਦੇ ਚਾਰ(ਬਾਲਕ) ਸਾਹਿਬਜ਼ਾਦਿਆਂ , ਪੰਜਾਂ ਪਿਆਰਿਆਂ ਹਜ਼ਾਰਾਂ ਸਿੱਖਾਂ ਨੇ ਜ਼ੁਲਮ ਨੂੰ ਰੋਕਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਾਨ ਵੀ ਏਸੇ ਲੇਖੇ ਲਾਈ । ਜਿਸ ਦੇ ਇਕ ਸਿੱਖ, ਭਾਈ ਕਨ੍ਹੀਆ ਜੀ ਨੇ ਦੁਨੀਆਂ ਨੂੰ ਰੈਡ-ਕ੍ਰਾਸ ਦੇ ਸਿਧਾਂਤ ਦੀ ਸੋਝੀ ਦਿੱਤੀ, ਅਤੇ ਹੋਰ ਵੀ ਬਹੁਤ ਕੁਝ) ਜਨਮ-ਦਿਹਾੜਾ ਕਿਸੇ ਸਾਲ ਵਿਚ ਦੋ ਵਾਰੀ ਆਉਂਦਾ ਹੈ ਅਤੇ ਕਿਸੇ ਸਾਲ ਵਿਚ ਇਕ ਵਾਰੀ ਵੀ ਨਹੀਂ ਆਉਂਦਾ , ਇਹ ਉਸ ਮਹਾਨ ਸ਼ਖਸੀਅਤ ਨਾਲ ਕੋਝਾਂ ਮਜ਼ਾਕ ਨਹੀਂ ਤਾਂ ਹੋਰ ਕੀ ਹੈ ?
ਉਹ ਵੀ ਉਨ੍ਹਾਂ ਵਲੋਂ ਜਿਨ੍ਹਾਂ ਦੇ ਵਡੇਰੇ 52 ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਜਹਾਂਗੀਰ ਦੀ ਕੈਦ ‘ਚੋਂ ਛੁਡਵਾਇਆ ਸੀ । ਜਿਨ੍ਹਾਂ ਦਾ ਧਰਮ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਸੀ। ਇਸ ਵਿਚਾਰ ਵਿਚੋਂ ਹੀ ਉਸ ਕੈਲੰਡਰ ਦੇ ਸੁਧਾਰ ਨੇ ਜਨਮ ਲਿਆ । (ਜੇ ਅਜਿਹਾ ਕਿਸੇ ਮੁਸਲਮਾਨ ਪੈਗੰਬਰ ਨਾਲ ਵਾਪਰਿਆ ਹੁੰਦਾ ਤਾਂ , ਮੁਸਲਮਾਨ ਕੀ ਕਰਦੇ ? ਜ਼ਰਾ ਸੋਚੋ ,) ਪਰ ਸਿੱਖਾਂ ਨੇ ਕੀ ਕੀਤਾ ?
ਅਕਾਲ-ਤਖਤ ਸਾਹਿਬ ਵਰਗੀ ਸੰਸਥਾ , ਜਿਸ ਦੇ ਜ਼ਿੱਮੇ ਅਜਿਹੇ ਕੰਮ ਮਿਥੇ ਜਾ ਸਕਦੇ ਹਨ, ਉਸ ਤੇ ਹੀ ਸਿੱਖ ਭੇਸ ਵਿਚਲੇ ਉਨ੍ਹਾਂ ਲੋਕਾਂ ਦਾ ਕਬਜ਼ਾ (ਸਰਕਾਰ ਆਸਰੇ) ਰਿਹਾ, ਜਿਨ੍ਹਾਂ ਨੂੰ (ਕਿਸੇ ਵਿਰਲੇ ਨੂੰ ਛੱਡ ਕੇ) ਸਵਾਰਥੀ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਸਿੱਖ ਹਿੱਤਾਂ ਨਾਲੋਂ, ਗੁਰੂ ਗੋਬਿੰਦ ਸਿੰਘ ਜੀ ਨਾਲੋਂ ਆਪਣੇ ਸਵਾਰਥ ਹੀ ਪਿਆਰੇ ਸਨ ਅਤੇ ਅੱਜ ਵੀ ਹਨ। ਉਨ੍ਹਾਂ ਦੇ ਵਤੀਰੇ ਨੂੰ ਵੇਖਦਿਆਂ ਸਰਕਾਰ ਨੂੰ ਇਹ ਚਾਨਣ ਹੋ ਗਿਆ ਸੀ ਕਿ, ਜੇ ਅਕਾਲ-ਤਖਤ ਨੂੰ ਹਊਆ ਬਣਾ ਦਿੱਤਾ ਜਾਵੇ, ਅਤੇ ਅਕਾਲ-ਤਖਤ ਦਾ ਜਥੇਦਾਰ, ਸਰਕਾਰ ਦਾ ਜੁੱਤੀ-ਚੱਟ ਹੋਵੇ ਤਾਂ ਸਿੱਖਾਂ ਨੂੰ ਸਹਿਜੇ ਹੀ ਗੁਲਾਮ ਬਣਾਇਆ ਜਾ ਸਕਦਾ ਹੈ। ਇਵੇਂ ਹੀ ਬਹੁਤ ਸਾਰਾ ਸਮਾ ਨਿਕਲ ਗਿਆ । ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ ਉਹੀ ਹਾਲ ਰਿਹਾ, ਸਿੱਖਾਂ ਨੂੰ ਗੁਰ-ਪੁਰਬਾਂ ਬਾਰੇ ਜਾਣਕਾਰੀ ਉਨ੍ਹਾਂ ਬ੍ਰਾਹਮਣਾਂ ਕੋਲੋਂ ਹੀ ਮਿਲਦੀ ਸੀ , ਜਿਨ੍ਹਾਂ ਦਾ ਟੀਚਾ ਹੀ ਸਿੱਖਾਂ ਨੂੰ ਨਿਗਲਣਾ ਸੀ।
ਏਸੇ ਦੌਰਾਨ ਚੌਰਾਸੀ ਵਾਲਾ ਕਾਰਾ ਵਾਪਰ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਨਾਨਕ ਸ਼ਾਹੀ ਕੈਲੰਡਰ ਨੂੰ ਬ੍ਰਾਹਮਣ ਦੇ ਗਲਬੇ ਤੋਂ ਆਜ਼ਾਦ ਕਰਾਉਣ ਦੀ ਲਹਿਰ ਤੇਜ਼ੀ ਨਾਲ ਉੱਠੀ । ਪਰ ਸਿੱਖ ਜਥੇਬੰਦੀਆਂ ਦਾ ਵਰਤਾਰਾ ਉਹੀ ਰਿਹਾ। ਕੈਨੇਡਾ ਦੇ ਇਕ ਸਿੱਖ, ਸ. ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਇਕ ਕੈਲੰਡਰ ਤਿਆਰ ਕੀਤਾ, ਅਤੇ ਉਸ ਨੂੰ ਅਕਾਲ-ਤਖਤ ਤੇ ਪੇਸ਼ ਕੀਤਾ (ਕਿਉਂਕਿ ਅਕਾਲ ਤਖਤ ਦੀ ਮਾਰਫਤ ਹੀ ਸਾਰੇ ਸਿੱਖਾਂ ਵਲੋਂ ਮਾਨਤਾ ਮਿਲ ਸਕਦੀ ਹੈ, ਇਕੱਲੀ-ਦੁਕੱਲੀ ਕਿਸੇ ਸੰਸਥਾ ਨੂੰ ਪੰਥਿਕ ਮਸਲ੍ਹੇ ਹੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ) ਕਈ ਸਾਲ ਇਸ ਬਾਰੇ ਮੀਟਿੰਗਾਂ ਹੁੰਦੀਆਂ ਰਹੀਆਂ , ਕਿਸੇ ਨੂੰ ਵੀ ਪਤਾ ਨਾ ਲੱਗਾ ਕਿ ਅੰਦਰ ਕੀ ਖਿਚੜੀ ਪੱਕ ਰਹੀ ਹੈ ? ਅਖੀਰ ਵਿਚ ਸਨ 2003 ਨੂੰ ਸਿੱਖਾਂ ਦੇ ਦਬਾਅ ਹੇਠ ਇਸ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਗਈ ।
ਜਿਸ ਕੈਲੰਡਰ ਨੂੰ ਮਾਨਤਾ ਮਿਲੀ ਉਸ ਤੋਂ ਸਾਫ ਜ਼ਾਹਰ ਹੈ ਕਿ ਇਸ ਆਸ਼ੇ ਨਾਲ ਮਾਨਤਾ ਦਿੱਤੀ ਗਈ ਕਿ ਸਿੱਖ ਆਪ ਹੀ ਇਸ ਕੈਲੰਡਰ ਨੂੰ ਰੱਦ ਕਰ ਦੇਣਗੇ। ਕਿਉਂਕਿ ਇਕ ਤਾਂ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਨੂੰ, ਗੰਗਾ-ਇਸ਼ਨਾਨ ਨਾਲ ਨਰੜ ਦਿੱਤਾ, ਦੂਸਰਾ ਬੰਦੀ-ਛੋੜ ਦਿਵਸ ਨੂੰ ਦੀਵਾਲੀ ਨਾਲ ਨੱਥੀ ਕਰ ਦਿੱਤਾ । ਬਿਨਾ ਕਿਸੇ ਸਿਧਾਂਤ ਦੇ ਇਕ-ਇਕ ਦਿਨ ਵਿਚ ਚਾਰ-ਚਾਰ ਗੁਰਪੁਰਬ ਮਿੱਥ ਦਿੱਤੇ ਗਏ। ਪਰ ਸਿੱਖ ਬੁੱਧੀ ਜੀਵੀਆਂ ਨੇ ਇਸ ਗੱਲ ਨਾਲ ਤਸੱਲੀ ਕਰ ਲਈ ਕਿ ਚਲੋ ਬ੍ਰਾਹਮਣ ਤੋਂ ਤਾਂ ਛੁਟਕਾਰਾ ਮਿਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਤਰੀਕ ਵੀ ਨਿਚਿਤ ਹੋ ਗਈ ਹੈ, ਰਹਿੰਦੀਆਂ ਕਮੀਆਂ ਵੀ ਮਿਲ-ਬੈਠ ਕੇ ਦੂਰ ਕਰ ਲਵਾਂਗੇ।
ਜਦ ਸਿੱਖ ਬੁਧੀਜੀਵੀਆਂ ਨੇ 2003 ਵਾਲੇ ਕੈਲੰਡਰ ਨੂੰ ਰੱਦ ਨਾ ਕੀਤਾ, ਇਸ ਕੈਲੰਡਰ ਦੇ ਮਹੀਨਿਆਂ ਦੀਆਂ ਪਹਲੀਆਂ ਤਰੀਕਾਂ , ਬ੍ਰਾਹਮਣ ਦੀ ਸੰਗਰਾਂਦ ਤੋਂ ਵੱਖਰੀਆਂ ਹੋਣ ਲੱਗੀਆਂ, ਤਾਂ ਬ੍ਰਾਹਮਣ ਦੇ ਥਿੰਕ-ਟੈਂਕ ਨੂੰ ਮਹਿਸੂਸ ਹੋਣ ਲੱਗਾ ਕਿ ਸਿੱਖ ਤਾਂ ਸਾਡੇ ਗਲਬੇ ਤੋਂ ਨਿਕਲਦੇ ਜਾ ਰਹੇ ਹਨ, ਉਨ੍ਹਾਂ ਨੇ ਸਿੱਖ ਭੇਸ ਵਿਚਲੀ ਆਰ.ਐਸ.ਐਸ. (ਰਾਸ਼ਟਰੀ ਸਿੱਖ ਸੰਗਤ) ਦੀ ਮਾਰਫਤ ਸੰਤ-ਸਮਾਜ ਤੇ , ਇਸ ਕੈਲੰਡਰ ਨੂੰ ਰੱਦ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਸੰਤ ਸਮਾਜ ਤਾਂ ਪਹਿਲਾਂ ਹੀ ਆਪਣੀ ਮੱਸਿਆ ਅਤੇ ਸੰਗਰਾਂਦ ਦੀ ਆਮਦਨ ਹੱਥੋਂ ਨਿਕਲਦੀ ਵੇਖ ਰਹੇ ਸਨ। ਸੰਤ-ਸਮਾਜ ਨੇ ਆਪਣੇ ਵੋਟ-ਬੈਂਕ ਦੇ ਆਸਰੇ ਬਾਦਲ ਤੇ ਜੋਰ ਪਾਇਆ , ਬਾਦਲ ਨੇ ਆਪਣੇ ਲਫਾਫੇ ‘ਚੋਂ ਨਿਕਲੇ ਐਸ.ਜੀ.ਪੀ.ਸੀ, ਦੇ ਪਰਧਾਨ ਨੂੰ ਆਰਡਰ ਕਰ ਦਿੱਤਾ। ਐਸ.ਜੀ.ਪੀ.ਸੀ. ਦੇ ਪ੍ਰਧਾਨ ਨੇ ਆਪਣੇ ਮੁਲਾਜ਼ਮ, ਅਕਾਲ-ਤਖਤ ਦੇ ਜਥੇਦਾਰ ਨੂੰ, ਇਸ ਬਾਰੇ ਕੁਝ ਕਰਨ ਦਾ ਹੁਕਮ ਚਾੜ੍ਹ ਦਿੱਤਾ। ਇਵੇਂ ਇਨ੍ਹਾਂ ਸਾਰਿਆਂ ਦੀ ਮਿਲੀ-ਭੁਗਤ ਨਾਲ, ਅਕਾਲ-ਤਖਤ ਦੇ ਜਥੇਦਾਰ ਨੇ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਵਿਚ ਆਪਣਾ ਹੀ ਪਾਸ ਕੀਤਾ ਮਤਾ ਰੱਦ ਕਰ ਕੇ, 2003 ਵਾਲੇ ਕੈਲੰਡਰ ਦਾ ਭੋਗ ਪਾ ਕੇ 2010 ਦੇ ਨਵੇਂ ਕੈਲੰਡਰ ਨੂੰ ਮੰਨਣ ਦਾ ਹੁਕਮ ਜਾਰੀ ਕਰ ਦਿੱਤਾ ।
(ਵੇਖਿਆ ਤੁਸੀਂ , ਸਿੱਖ ਵਿਚਾਰਾ ਕਿਵੇਂ ਹੁਕਮਾਂ ਦੇ ਭਵਜਲ ਵਿਚ ਫਸਿਆ ਹੋਇਆ ਹੈ ?)
ਹੁਣ ਫਿਰ ਨਵੰਬਰ 2014 ਵਿਚ ਓਸੇ ਅਕਾਲ ਤਖਤ ਤੋਂ 2010 ਵਾਲੇ ਕੈਲੰਡਰ ਦੇ ਵਿਰੁੱਧ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ, ਬਿਨਾ ਕਿਸੇ ਸਿਧਾਂਤਕ ਸੁਧਾਰ ਦੇ 7 ਜਨਵਰੀ ਨੂੰ ਮਨਾਉਣ ਦਾ ਹੁਕਮ ਜਾਰੀ ਹੋ ਗਿਆ ਹੈ।
ਇਸ ਸਮੇ ਦੌਰਾਨ ਸਿੱਖ ਬੁੱਧੀਜੀਵੀਆਂ ਨੂੰ ਇਸ ਕੈਲੰਡਰ ਨੂੰ ਸਹੀ ਲੀਹਾਂ ਤੇ ਰੱਖਣ ਲਈ ਪੈਰਵਾਈ ਕਰਦਿਆਂ ਏਨਾ ਸਮਾ ਲਾਉਣਾ ਪਿਆ ਹੈ ਕਿ, ਹੋਰ ਮਸਲ੍ਹਿਆਂ ਤੇ ਖੁਲ੍ਹ ਕੇ ਵਿਚਾਰਨ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸਿੱਖ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਹੋਰ ਜਕੜਦੇ ਗਏ।
ਕੀ ਇਹ ਮਸਲ੍ਹਾ ਏਨਾ ਹੀ ਉਲਝਿਆ ਹੋਇਆ ਹੈ ਕਿ ਇਸ ਤੇ ਏਨਾ ਸਮਾ ਲਾਉਣ ਦੀ ਲੋੜ ਪਈ ?
ਨਹੀਂ ਬਿਲਕੁਲ ਵੀ ਨਹੀਂ, ਸ.ਪਾਲ ਸਿੰਘ ਪੁਰੇਵਾਲ ਜੀ ਨੇ ਬੜੀ ਮਿਹਨਤ ਨਾਲ ਨਾਨਕ-ਸ਼ਾਹੀ ਕੈਲੰਡਰ ਬਣਾਇਆ ਹੈ, ਜੇ ਅਸੀਂ ਕੀੜੇ ਕੱਢਣ ਵਾਲੀ ਨੀਯਤ ਤਿਆਗ ਕੇ ਵੇਖੀਏ ਤਾਂ, ਇਸ ਕੈਲੰਡਰ ਵਿਚ ਅਜਿਹੀ ਕੋਈ ਗਲਤੀ ਨਹੀਂ, ਜੋ ਨੇੜਲੇ ਭਵਿੱਖ ਵਿਚ ਸਾਡੇ ਲਈ ਕੋਈ ਸਮੱਸਿਆ ਖੜੀ ਕਰੇ , ਉਨ੍ਹਾਂ ਦੀ ਮਿਹਨਤ ਦਾ ਸਾਤਿਕਾਰ ਕਰਦੇ ਹੋਏ, ਇਸ ਕੈਲੰਡਰ ਨੂੰ ਮਾਨਤਾ ਦੇ ਦੇਣੀ ਚਾਹੀਦੀ ਹੈ।
ਰਹੀ ਗੱਲ ਗੁਰਪੁਰਬਾਂ ਅਤੇ ਹੋਰ ਇਤਿਹਾਸਿਕ ਦਿਹਾੜਿਆਂ ਦੀ ਤਾਂ. ਸਾਨੂੰ ਇਕੋ ਕੰਮ ਕਰਨਾ ਪਵੇਗਾ, ਦੋ ਬੇੜੀਆਂ ਵਿਚੋਂ ਇਕ ਦਾ ਹੀ ਸਹਾਰਾ ਲੈਣਾ ਪਵੇਗਾ। ਸਾਨੂੰ ਇਹ ਤਾਰੀਖਾਂ , ਜਾਂ ਤਾਂ ਨਰੋਲ ਬਿਕਰਮੀ ਵਿਚੋਂ ਲੈਣੀਆਂ ਪੈਣਗੀਆਂ, ਜਾਂ ਨਰੋਲ ਗਰੈਗੇਰੀਅਨ ਕੈਲੰਡਰ ਵਿਚੋਂ, ਫਿਰ ਕਦੇ ਕੋਈ ਮਸਲ੍ਹਾ ਖੜਾ ਨਹੀਂ ਹੋਵੇਗਾ। ਉਸ ਲਈ ਤਰੀਕਾ ਇਕੋ ਹੈ ਕਿ ਘਰੜ-ਗਿਆਨੀ ਅਤੇ ਹਿੰਦੂ ਮਾਨਸਿਕਤਾ ਦੇ ਆਗੂਆਂ ਨੂੰ ਬੰਨੇ ਕਰ ਕੇ, ਇਹ ਕੰਮ ਇਤਿਹਾਸਕਾਰਾਂ ਤੇ ਛੱਡ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਇਕ ਸਮੇ-ਸੀਮਾ ਮਿੱਥ ਦਿੱਤੀ ਜਾਵੇ, ਜਿਸ ਵਿਚ ਉਹ ਇਹ ਕੰਮ ਕਰ ਕੇ ਕੈਲੰਡਰ ਪੂਰਾ ਕਰਨ।
ਜੇ ਅਸੀਂ ਏਨਾ ਵੀ ਨਹੀਂ ਕਰ ਸਕਦੇ ਤਾਂ ਸਾਡਾ ਰੱਬ ਹੀ ਰਾਖਾ ਹੈ। ਸਾਨੂੰ ਨਿਗਲਣ ਲਈ ਭਗਵੀ ਹਨੇਰੀ ਬੜੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਤੋਂ ਬਚਣ ਦਾ ਢੰਗ ਸੋਚਣ ਲਈ ਸਾਨੂੰ ਸਮਾ ਅਤੇ ਏਕਤਾ, ਦੋਹਾਂ ਦੀ ਲੋੜ ਹੈ। ਜੋ ਬੰਦਾ ਵੀ ਇਸ ਦੇ ਆੜੇ ਆਉਂਦਾ ਹੈ, ਸਮਝ ਲਵੋ ਉਹ ਗੁਰੂ ਦਾ ਸਿੱਖ ਨਹੀਂ ਦੁਸ਼ਮਣ ਦਾ ਜਾਸੂਸ ਹੈ। ਸਾਨੂੰ ਫੈਸਲੇ ਲੈਣ ਦੀ ਹਿੱਮਤ ਕਰਨੀ ਹੀ ਪੈਣੀ ਹੈ ।
ਅਮਰ ਜੀਤ ਸਿੰਘ ਚੰਦੀ
95685 41414