(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਤੀਜਾ)
ਨਿੰਦਕਿ ਅਹਿਲਾ ਜਨਮੁ ਗਵਾਇਆ ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥ (381)
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥1॥
ਨਿੰਦਕਿ ਅਹਿਲਾ ਜਨਮੁ ਗਵਾਇਆ ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ ॥2॥
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥3॥
ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥4॥2॥ (381)
॥ਰਹਾਉ॥ ਨਿੰਦਕਿ ਅਹਿਲਾ ਜਨਮੁ ਗਵਾਇਆ ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥
ਨਿੰਦਾ ਕਰਨ ਵਾਲੇ ਨੇ ਆਪਣਾ ਕੀਮਤੀ ਜੀਵਨ , ਬਿਨਾ ਕਿਸੇ ਕਮਾਈ ਦੇ , ਐਂਵੇਂ ਬੇਕਾਰ ਵਿਚ ਹੀ ਗਵਾ ਲਿਆ । ( ਇਸ ਵਿਚਚੋਂ ਇਕ ਚੀਜ਼ ਜ਼ਾਹਰ ਹੁੰਦੀ ਹੈ ਕਿ ਇਹ ਮਨੁੱਖਾ ਜੀਵਨ , ਬੜਾ ਕੀਮਤੀ ਹੈ । ਅਤੇ ਦੋ ਚੀਜ਼ਾਂ ਵਿਚਾਰਨ ਵਾਲੀਆਂ ਹਨ । 1 . ਨਿੰਦਾ ਕੀ ਹੈ ? 2 . ਇਸ ਬੇਸ਼ਕੀਮਤੀ ਜੀਵਨ ਵਿਚ ਬੰਦੇ ਨੂੰ ਕੀ ਕਰਨਾ ਬਣਦਾ ਹੈ , ਜੋ ਉਸ ਨੇ ਨਹੀਂ ਕੀਤਾ ? ) ਆਉ ਵਿਚਾਰੀਏ ।
1 , ਨਿੰਦਾ ਕੀ ਹੈ ?
ਆਪਣੇ ਸਵਾਰਥ ਨੂੰ ਮੁੱਖ ਰੱਖ ਕੇ , ਬੰਦੇ ਦੇ ਉਹ ਅਵਗੁਣ ਪਰਚਾਰਨੇ , ਨਸ਼ਰ ਕਰਨੇ , ਜੋ ਉਸ ਵਿਚ ਨਾ ਹੋਣ , ਉਸ ਦੀ ਨਿੰਦਾ ਹੈ । ਜੋ ਅਵਗੁਣ ਉਸ ਵਿਚ ਹਨ , ਜਿਨ੍ਹਾਂ ਕਰ ਕੇ ਸਮਾਜ ਜਾਂ ਕਿਸੇ ਵਿਅਕਤੀ ਦਾ ਨੁਕਸਾਨ ਹੋ ਰਿਹਾ ਹੋਵੇ , ਜਾਂ ਹੋਣ ਦੀ ਸੰਭਾਵਨਾ ਹੋਵੇ , ਉਸ ਤੋਂ ਸਮਾਜ ਨੂੰ , ਜਾਂ ਉਸ ਬੰਦੇ ਨੂੰ ਸੁਚੇਤ ਕਰਨਾ , ਨਿੰਦਾ ਨਹੀਂ , ਸੱਚ ਬੋਲਣਾ ਹੈ । ਇਵੇਂ ਹੀ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ , ਕਿਸੇ ਬੰਦੇ ਦ ਉਹ ਗੁਣ ਪਰਚਾਰਨੇ , ਜੋ ਉਸ ਵਿਚ ਨਾ ਹੋਣ , ਉਸ ਦੀ ਵਡਿਆਈ ਨਹੀਂ , ਚਾਪਲੂਸੀ , ਖੁਸ਼ਾਮਦ ਹੈ । ਇਹ ਦੋਵੇਂ ਕੰਮ ਬਹੁਤ ਸਾਰੇ ਸਿੱਖ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕਰਦੇ (ਝੁਠ ਬੋਲਦੇ) ਰਹਿੰਦੇ ਹਨ ।
2 , ਇਸ ਬੇਸ਼ਕੀਮਤੀ ਮਨੁੱਖਾ ਜੂਨ ਵਿਚ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ ?
ਇਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ ,
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥1॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ਰਹਾਉ॥
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥2॥
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥3॥
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥4॥ (43)
॥ਰਹਾਉ॥ ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ਰਹਾਉ॥
ਹੇ ਪ੍ਰਾਣੀ ਤੂੰ ਜਗਤ ਵਿਚ ਲਾਹਾ , ਲਾਭ ਫਾਇਦਾ ਖੱਟਣ ਆਇਆ ਸੀ । ਪਰ ਤੂੰ ਕਿਸ ਖੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ ? ਤੇਰੀ ਜ਼ਿੰਦਗੀ ਦਾ ਸਮਾ ਅਗਿਆਨਤਾ ਵਿਚ ਹੀ ਬੀਤਦਾ ਜਾ ਰਿਹਾ ਹੈ ।
॥1॥ ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥1॥
ਹਰ ਰੋਜ਼ ਇਸ ਸਰੀਰ ਨੂੰ ਪਾਲਣ-ਪੋਸਣ ਦਾ ਯਤਨ ਤਾਂ ਕਰੀਦਾ ਹੈ , ਪਰ ਜ਼ਿੰਦਗੀ ਦਾ ਮਕਸਦ ਸਮਝੇ ਬਗੈਰ , ਬੰਦਾ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ । ਇਸ ਨੂੰ ਕਦੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ , ਅਤੇ ਆਖਿਰ ਵਿਚ , ਜਦ ਇਹ ਮਰ ਜਾਂਦਾ ਹੈ ਤਾਂ , ਮਸਾਣਾਂ ਜਾਂ ਕਬਰਿਸਤਾਨ ਵਿਚ ਪਹੁੰਚਾ ਦਿੱਤਾ ਜਾਂਦਾ ਹੈ ।
ਹੇ ਪ੍ਰਾਣੀ , ਸਤਿਗੁਰ , ਸ਼ਬਦ ਗੁਰੂ ਨਾਲ ਮਨ ਜੋੜ ਕੇ ਸਦਾ ਕਾਇਮ ਰਹਿਣ ਵਾਲਾ ਆਨੰਦ ਮਾਣਦਾ ਰਹੁ ।
॥2॥ ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥2॥
ਪਸੂ ਅਤੇ ਪੰਛੀ ਕਲੋਲਾਂ ਕਰਦੇ ਹਨ , ਕਿਉਂਕਿ ਉਨ੍ਹਾਂ ਨੂੰ ਮੌਤ ਦੀ ਪਰਵਾਹ ਨਹੀਂ ਹੁੰਦੀ , ਪਰ ਮਨੁੱਖ ਅਕਲ ਹੁੰਦੇ ਹੋਏ ਵੀ , ਮਾਇਆਂ ਮੋਹ ਦੇ ਜਾਲ ਵਿਚ ਫਸਿਆ , ਮੌਤ ਤੋਂ ਡਰਦਾ ਰਹਿੰਦਾ ਹੈ । ਇਸ ਮੌਤ ਦੇ ਡਰ ਤੋਂ ਉਹੀ ਮੁਕਤ ਦਿਸਦੇ ਹਨ ਜਿਹੜੇ ਪਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ , ਅਟੱਲ ਨਾਮ ਦੀ ਸੰਭਾਲ ਕਰਦੇ ਹਨ । ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਦੇ ਹਨ ।
॥3॥ ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥3॥
ਜਿਹੜਾ ਘਰ ਸਦਾ ਲਈ ਛੱਡ ਕੇ ਤੁਰ ਜਾਣਾ ਹੈ , ਉਹ ਤੈਨੂੰ ਮਨੋਂ ਪਿਆਰਾ ਲਗ ਰਿਹਾ ਹੈ । ਪਰ ਜਿਸ ਘਰ ਵਿਚ ਜਾ ਕੇ ਤੂੰ ਵਰਤਣਾ ਹੈ , ਉਸ ਬਾਰੇ ਤੈਨੂੰ ਜ਼ਰਾ ਵੀ ਫਿਕਰ ਨਹੀਂ ਹੈ । ਇਸ ਮੋਹ-ਮਾਇਆ ਦੀ ਘੁੱਮਣ-ਘੇਰੀ ਵਿਚੋਂ ਉਹੀ ਬੰਦੇ ਬਚਦੇ ਹਨ , ਜਿਹੜੇ ਸ਼ਬਦ ਗੁਰੂ ਦੀ ਚਰਨੀ ਲਗ ਜਾਂਦੇ ਹਨ , ਸ਼ਬਦ ਦੀ ਵਿਚਾਰ ਅਨੁਸਾਰ ਚਲਦੇ ਹਨ ।
॥4॥ ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥4॥
ਹੇ ਨਾਨਕ ਆਖ , ਮੈਂ ਚਾਰੇ ਕੁੰਡਾਂ , ਹਰ ਪਾਸੇ ਭਾਲ ਕੇ ਵੇਖ ਲਿਆ ਹੈ , ਮੈਨੂੰ ਸ਼ਬਦ ਗੁਰੂ ਦੀ ਚਰਨੀ ਲੱਗਜ਼ ਨਾਲ ਸਮਝ ਆ ਗਈ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਹੈ , ਜਿਹੜਾ ਮੈਨੂੰ ਸੰਸਾਰਿਕ ਭਵਸਾਗਰ ਤੋਂ ਬਚਾ ਸਕੇ । ਇਸ ਲਈ ਮੈਂ ਹੁਣ ਉਸ ਦੀ ਹੀ ਸਰਣ ਲਈ ਹੈ । ਅਤੇ ਉਸ ਨੇ ਮੈਨੂੰ ਭਵਸਾਗਰ ਵਿਚ ਡੁੱਬਣ ਤੋਂ ਬਚਾ ਲਿਆ ਹੈ ।
ਇਹ ਹੈ ਬੰਦੇ ਦੇ ਜੀਵਨ ਦਾ ਮਨੋਰਥ , ਜਿਸ ਦੀ ਪਰਾਪਤੀ ਲਈ ਬੰਦੇ ਨੂੰ ਬੇਸ਼ਕੀਮਤੀ ਮਨੁੱਖਾ ਜੂਨੀ ਮਿਲੀ ਹੈ । ਜੋ ਨਿੰਦਕ ਨੇ ਨਿੰਦਾ ਕਰਨ ਵਿਚ ਹੀ , ਵਿਅਰਥ ਗਵਾ ਦਿੱਤੀ । ਉਹ ਆਪਣੀ ਅਕਲ ਦੀ ਕਿਸੇ ਸਿਆਣਪ ਨਾਲ ਵੀ , ਪਰਮਾਤਮਾ ਨਾਲ ਮਿਲਣ ਦੀ ਅਵਸਥਾ ਵਿਚ ਨਹੀਂ ਪਹੁੰਚ ਸਕਦਾ । ਇਵੇਂ ਉਸ ਨੂੰ ਪਰਲੋਕ ਵਿਚ , ਕੋਈ ਆਦਰ ਵਾਲੀ ਥਾਂ ਨਹੀਂ ਮਿਲਦੀ । ਕੋਈ ਚੰਗੀ ਜੂਨ ਨਹੀਂ ਮਿਲਦੀ ।
॥1॥ ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥1॥
ਨਿੰਦਕ ਦੂਸਰਿਆਂ ਦੀ ਨਿੰਦਾ ਕਰ-ਕਰ ਕੇ , ਉਨ੍ਹਾਂ ਦੀ ਜਨਮਾਂ-ਜਨਮਾਂ ਦੀ ਮੈਲ ਧੋਂਦਾ ਰਹਿੰਦਾ ਹੈ । (ਏਥੇ ਵੀ ਇਹ ਗੱਲ ਵਿਚਾਰਨ ਵਾਲੀ ਹੈ ਕਿ ਉਹ , ੳਨ੍ਹਾਂ ਬੰਂਦਿਆਂ ਦੀ ਜਨਮਾਂ-ਜਨਮਾਂ ਦੀ ਮੈਲ ਕਿਵੇਂ ਧੋਂਦਾ ਰਹਿੰਦਾ ਹੈ ? )
ਜਦ ਕਿਸੇ ਬੰਦੇ ਦੀ ਨਿੰਂਦਿਆ ਹੁੰਦੀ ਹੈ , ਤਾਂ ਆਮ ਬੰਦਾ , ਨਿੰਂਦਿਆ ਕਰਨ ਵਾਲੇ ਨਾਲ ਉਲਝਦਾ ਰਹਿੰਦਾ ਹੈ , ਕਿਉਂਕਿ ਉਹ ਨਿੰਦਾ ਨਹੀਂ ਹੁੰਦੀ , ਬਲਕਿ ਸੱਚ ਹੁੰਦਾ ਹੈ , ਜੋ ਉਸ ਨੂੰ ਕੌੜਾ ਲਗਦਾ ਹੈ । ਪਰ ਗੁਰਮੁਖ ਬੰਦਾ ,
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥1॥ਰਹਾਉ॥ (727)
ਅਰਥ , ਹੇ ਭਾਈ , ਅਪਣੇ ਦਿਲ ਦੀ ਹਰ ਵੇਲੇ ਖੋਜ ਕਰਦਾ ਰਹੁ , ਐਵੇਂ ਵਾਦ-ਵਿਵਾਦ ਵਿਚ ਨਾ ਉਲਝਦਾ ਰਹੁ । ਇਹ ਦੁਨੀਆਂ ਜਾਦੂਗਰੀ ਵਾਲਾ ਖੇਲ ਹੈ , ਇਸ ਵਿਚ ਕੋਈ ਕਿਸੇ ਦਾ ਹੱਥ ਫੜਨ ਵਾਲਾ ਨਹੀਂ , ਕਿਸੇ ਦਾ ਭਲਾ ਚਾਹੁਣ ਵਾਲਾ ਨਹੀਂ । ਜਦ ਤੂੰ ਹਰ ਰੋਜ਼ ਆਪਣਾ ਦਿਲ ਖੋਜਦਾ ਰਹੇਂਗਾ , ਉਸ ਨੂੰ ਵਕਾਰਾਂ ਤੋਂ ਬਚਾਈ ਰਖੇਂਗਾ , ਫਿਰ ਤੈਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ।
ਇਸ ਸਿਖਿਆ ਅਨੁਸਾਰ , ਚਲਦਿਆਂ , ਰੋਜ਼ ਆਪਣਾ ਦਿਲ ਖੋਜਦਿਆਂ , ਵਿਕਾਰਾਂ ਤੋਂ ਬਚਿਆ ਰਹਿੰਦਾ ਹੈ । ਇਸ ਨੂੰ ਇਵੇਂ ਵੀ ਸਮਝਾਇਆ ਹੈ ,
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ (136)
ਜੋ ਅਠਾਹਟ ਤੀਰਥਾਂ ਦੇ ਇਸ਼ਨਾਨ ਦਾ ਪੁੰਨ , ਬ੍ਰਾਹਮਣਾ ਵਲੋਂ ਮਿਥਿਆ ਹੋਇਆ ਹੈ , ਉਹ ਸਾਰਾ ਕੁਝ ਤੈਨੂੰ ਹਾਸਲ ਹੋ ਜਾਵੇਗਾ , ਜੇ ਤੂੰ ਆਪਣੇ ਜੀਅ , ਆਪਣੇ ਮਨ ਤੇ ਦਇਆ ਕਰ ਕੇ ਉਸ ਨੂੰ ਵਿਸ਼ੇ-ਵਿਕਾਰਾਂ ਤੋਂ ਬਚਾ ਲਵੇਂ ।
ਸੋ ਜੋ ਬੰਦੇ ਆਪਣੀ ਨਿੰਦਾ ਸੁਣ ਕੇ , ਉਸ ਦੀ ਅਸਲੀਅਤ ਜਾਨਣ ਲਈ , ਆਪਣਾ ਮਨ , ਨਿਰੰਤਰ ਖੋਜਦੇ ਰਹਿੰਦੇ ਹਨ , ਉਹ ਆਪਣੇ ਮਨ ਨੂੰ ਬੁਰੇ ਕੰਮਾਂ ਤੋਂ ਬਚਾ ਕੇ , ਆਉਣ ਵਾਲੇ ਜਨਮਾਂ ਵਿਚ ਜਿਹੜੀ ਮੈਲ ਲਗਣੀ ਸੀ , ਉਸ ਤੋਂ ਬਚ ਜਾਂਦੇ ਹਨ । ਜਿਸ ਵਿਚ ਨਿੰਦਕ ਉਨ੍ਹਾਂ ਦੀ ਮਦਦ ਕਰਦਾ ਹੈ । ਨਿੰਦਕ ਦੂਸਰਿਆਂ ਦੀ ਤਾਂ ਜਨਮਾਂ-ਜਨਮਾਂ ਦੀ ਮੈਲ ਧੋ ਦੇਂਦਾ ਹੈ , ਪਰ ਅਪਣੇ ਕੀਤੇ ਦਾ ਫਲ ਪਾਉਣ ਤੋਂ ਆਪ ਨਹੀਂ ਬਚ ਸਕਦਾ । ਇਸ ਤਰ੍ਹਾਂ ਉਸ ਨੂੰ ਇਸ ਦੁਨੀਆ ਵਿਚ ਸੁੱਖ ਨਹੀਂ ਮਿਲਦਾ , ਅਤੇ ਕਰਤਾਰ ਦੀ ਦਰਗਾਹ ਵਿਚ ਵੀ ਢੋਈ ਨਹੀਂ ਮਿਲਦੀ , ਜਿਸ ਕਾਰਨ ਉਹ , ਜਮਾਂ ਦੀ ਪੁਰੀ ਵਿਚ , ਜਨਮ-ਮਰਨ ਦੇ ਗੇੜ ਵਿਚ ਪੈ ਕੇ ਖੁਆਰ ਹੁੰਦਾ ਰਹਿੰਦਾ ਹੈ ।
॥2॥ ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ ॥2॥
ਪਰ ਨਿੰਦਕ ਵਿਚਾਰਾ ਵੀ ਕੀ ਕਰੇ ? ਉਹ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਕਰ ਕੇ , ਬਣੇ ਸੰਸਕਾਰਾਂ ਅਨੁਸਾਰ ਕਰਮ ਕਰਦਾ ਹੈ । ( ਇਕ-ਇਕ ਕਰ ਕੇ ਕੀਤੇ ਕੰਮ , ਕਰਮ ਹੁੰਦੇ ਹਨ , ਬਾਰ-ਬਾਰ ਉਹੀ ਕਰਮ ਕਰਨ ਨਾਲ , ਇਕ ਸੁਭਾਅ ਬਣ ਜਾਂਦਾ ਹੈ , ਉਸ ਨੂੰ ਕਿਰਤ , ਸੰਸਕਾਰ ਕਹਿੰਦੇ ਹਨ ।) ਇਵੇਂ ਨਿੰਦਕ , ਅਜਿਹੀ ਨਿਘਰੀ ਹੋਈ ਹਾਲਤ ਵਿਚ ਖੁਆਰ ਹੁੰਦਾ ਰਹਿੰਦਾ ਹੈ । ਉਸ ਅਵਸਥਾ ਵਿਚ , ਉਸ ਦੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ । ਸਹਾਇਤਾ ਲਈ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਵੀ ਨਹੀਂ ਹੁੰਦਾ ।
॥3॥ ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥3॥
ਖਸਮ ਦੀ , ਪ੍ਰਭੂ ਦੀ ਰਜ਼ਾ ਇਵੇਂ ਹੀ ਹੈ ਕਿ , ਨਿੰਦਾ ਕਰਨ ਵਾਲੇ ਮਨੁੱਖ ਦਾ ਕਿਤੇ ਵੀ ਭਲਾ ਨਹੀਂ ਹੋ ਸਕਦਾ । ਜਿਵੇਂ-ਜਿਵੇਂ ਉਹ ਸਤਸੰਗੀਆਂ ਦੀ ਨਿੰਦਾ ਕਰਦਾ ਹੈ , ਤਿਵੇਂ-ਤਿਵੇਂ ਸਤਸੰਗੀ ਆਪਣੇ ਮਨ ਦੀ ਪੜਚੋਲ ਕਰ ਕੇ , ਉਸ ਵਿਚੋਂ ਵਿਕਾਰਾਂ ਨੂੰ ਦੂਰ ਕਟ ਕੇ , ਆਤਮਕ ਸੁਖ ਪਾਉਂਦੇ ਹਨ ।
॥4॥ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥4॥
ਹੇ ਵਾਹਿਗੁਰੂ , ਸਤਸੰਗੀਆਂ ਨੂੰ ਤੇਰਾ ਹੀ ਆਸਰਾ ਹੈ , ਅਤੇ ਤੂੰ ਵੀ ਸਤਸੰਗੀਆਂ ਦੀ ਹਮੇਸ਼ਾ ਮਦਦ ਕਰਦਾ ਹੈਂ , ਉਨ੍ਹਾਂ ਨੂੰ ਆਤਮਕ ਮਾਰਗ ਤੇ ਚੱਲਣ ਲਈ , ਸਦਾ ਸਹਾਈ ਹੁੰਦਾ ਹੈਂ ।
ਹੇ ਨਾਨਕ ਆਖ , ਸਤਸੰਗੀਆਂ ਨੂੰ ਪਰਮਾਤਮਾ ਰੱਖ ਲੈਂਦਾ ਹੈ , ( ਉਹ ਆਪਣੀ ਸਵੈ-ਪੜਚੋਲ ਆਸਰੇ ਬੁਰੇ ਕੰਮਾਂ ਤੋਂ ਬਚ ਜਾਂਦੇ ਹਨ ) ਪਰ ਨਿੰਦਕ ਅਜਿਹਾ ਨਹੀਂ ਕਰ ਪਾਉਂਦੇ , ਉਨ੍ਹਾਂ ਦਾ ਆਤਮਕ ਜੀਵਨ , ਮਾਇਆ ਮੋਹ ਦੀਆਂ ਲਹਿਰਾਂ ਵਿਚ ਹੀ ਰੁੜ੍ਹ ਜਾਂਦਾ ਹੈ , ਬਰਬਾਦ ਹੋ ਜਾਂਦਾ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414