ਪੰਜਾਬ ਦਾ ਸੰਕਟ ਕੌਣ ਦੂਰ ਕਰੂਗਾ…?
‘‘ਐ ਬਾਬਾ ! ਪੰਜਾਬ ਤੇਰੇ ਨੂੰ ਗਈ ਸਿਆਸਤ ਖਾ,
ਐਥੇ ਅੱਜ ਕੱਲ ਵੱਗਦਾ, ਇੱਕੋ ਨਸ਼ਿਆਂ ਦਾ ਦਰਿਆ।
ਪਹਿਲੀ ਵੰਡ ਸਤਾਲੀ ਵੇਲੇ ਵਿਛੜ ਗਿਆ ਨਨਕਾਣਾ,
ਫਿਰ ਇਸ ਨੂੰ ਵੰਡ ਲਿਆ ਹਿਮਾਚਲ ਖਾ ਗਿਆ ਕੁਝ ਹਰਿਆਣਾ।
ਫਿਰ ਬਾਬਾ ਕਿਰਸਾਨ ਇੱਥੋਂ ਦਾ ਦੋਹੀ ਹੱਥੀਂ ਲੁੱਟਿਆ,
ਚੰਡੀਗੜ ਦਾ ਮਸਲਾ ਅਜੇ ਵੀ ਸਿਰ ’ਤੇ ਰਿਹਾ ਮੰਡਰਾ।
ਸਿੱਖਾਂ ਦੀ ਬਹੁਗਿਣਤੀ ਵਾਲਾ ਕੰਡਾ ਵੀ ਕੱਢ ਸੁੱਟਿਆ,
ਲੀਡਰ ਪੰਛੀਆਂ ਨੂੰ ਚੌਧਰ ਦਾ ਚੋਗਾ ਦਿੱਤਾ ਪਾ’।
ਇਹ ਕਾਵਿ ਪੰਕਤੀਆਂ, ਸਮੁੱਚੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨੂੰ ਹੂ-ਬ-ਹੂ ਬਿਆਨ ਕਰਦੀਆਂ ਹਨ ਅਤੇ ਪੰਜਾਬ ਦੇ ਸੰਕਟ ਦੀ ਸਾਰੀ ਕਹਾਣੀ ਲੱਗਭੱਗ ਸਾਫ਼ ਹੋ ਜਾਂਦੀ ਹੈ। ਪਰ ਅਫਸੋਸ ਇਹ ਹੈ ਕਿ ਪੰਜਾਬ ਦੇ ਵਾਰਿਸ ਅਖਵਾਉਣ ਵਾਲੇ, ਇਸ ਸੰਕਟ ਨੂੰ ਦੂਰ ਕਰਨ ਦੀ ਥਾਂ ਸਮੱਸਿਆਵਾਂ ਦੇ ਹੱਲ ਦੀ ਥਾਂ ਕੁਰਸੀਆਂ, ਚੌਧਰਾਂ ਤੇ ਪਦਵੀਆਂ ਦੇ ਲਾਲਚ ਵੱਸ, ਪੰਜਾਬ ਦੇ ਜੜੀਂ ਤੇਲ ਦੇਣ ਲੱਗੇ ਹੋਏ ਹਨ, ਜਿਸ ਕਾਰਨ ਅੱਜ ਭਾਵੇਂ ਹਰ ਕੋਈ ਆਪਣੇ- ਆਪ ਨੂੰ ਪੰਜਾਬ ਦੀ ਵਿਗੜੀ ਸੁਆਰਨ ਦਾ ‘ਮਸੀਹਾ’ ਦੱਸਣ ਲਈ ਤਰਲੋਮੱਛੀ ਹੈ, ਪ੍ਰੰਤੂ ਅਸਲ ’ਚ ਉਹ ਪੰਜਾਬ ਦੀ ਡੁੱਬ ਰਹੀ ਬੇੜੀ ’ਚ ਹੋਰ ਮੋਰੀਆਂ ਕਰਨ ’ਚ ਲੱਗੇ ਹੋਏ ਹਨ।
ਜਿਹੜਾ ਪੰਜਾਬ ਗੁਰੂਆਂ ਦੇ ਨਾਮ ’ਤੇ ਜਿੳਂਦਾ ਸੀ, ਅੱਜ ਉਸ ਪੰਜਾਬ ’ਚੋਂ ਸਿੱਖੀ ਦੇ ਇਨਕਲਾਬੀ ਸੰਦੇਸ਼ ਨੂੰ ਖੁੰਢਾ ਕਰਕੇ ਮੁੜ ਤੋਂ ਪਾਖੰਡਵਾਦ ਨੂੰ ਭਾਰੂ ਕਰਨ ਦੀ ਘਿਨਾਉਣੀ ਸਾਜ਼ਿਸ ਸਿਰੇ ਚਾੜੀ ਜਾ ਰਹੀ ਹੈ ਅਤੇ ਪੰਜਾਬ ਦੀ ਜੁਆਨੀ ਨੂੰ ਬੇਗੈਰਤ, ਬੇਅਣਖਾ ਕਰਕੇ ਹਤਾਸ਼ਪੁਣੇ ਦੀ ਦਲਦਲ ’ਚ ਨਸ਼ੇੜੀ ਬਣਾ ਕੇ ਸੁੱਟ ਦਿੱਤਾ ਗਿਆ ਹੈ।ਪੰਜਾਬ ਦੀ ਧਰਤੀ ਗੁਰੂਆਂ ਦੀ ਵਰੋਸਾਈ ਧਰਤੀ ਹੈ, ਜਿਸਨੇ ਮਾਨਵਤਾ ਨੂੰ ਧਰਮ ਕਰਮ ਦੇ ਖੇਤਰ ’ਚ ਅਗਵਾਈ ਦਿੱਤੀ ਹੈ, ਪ੍ਰੰਤੂ ਜੇ ਅੱਜ ਅਸੀਂ ਸਿੱਖੀ ਵਿਰਸੇ ਤੋਂ ਮੂੰਹ ਮੋੜ ਕੇ, ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦਾ ਦਾਅਵਾ ਕਰੀਏ ਤਾਂ ਪੰਜਾਬ ਰੂਪੀ ਬੂਟੇ ਨੂੰ ਆਪਣੇ ਮੂਲ ਨਾਲੋਂ ਤੋੜ ਕੇ ਮੰਗਵੀਂ ਧਰਤੀ ’ਤੇ ਲਾਉਣ ਦਾ ਯਤਨ ਆਖਿਆ ਜਾਵੇਗਾ, ਜਿਹੜਾ ਕਦੇ ਵੀ ਸਫ਼ਲ ਨਹੀਂ ਹੋ ਸਕੇਗਾ।
ਅਸੀਂ ਸਮਝਦੇ ਹਾਂ ਕਿ ਇਸ ਸਮੇਂ ਪੰਜਾਬ ਜਿਹੜਾ ਅਗਵਾਈ ਪੱਖੋਂ ਲਗਭਗ ਵਿਹੂਣਾ ਹੈ, ਉਸਨੂੰ ਵੱਖ-ਵੱਖ ਦਿਸ਼ਾਵਾਂ ’ਚ ਲੈ ਕੇ ਜਾਣ ਦੇ ਜੀਅ ਤੋੜ ਯਤਨ ਹੋ ਰਹੇ ਹਨ ਤਾਂ ਕਿ ਉਸ ਮੂਲ ਭਾਵਨਾ ਨੂੰ, ਜਿਹੜੀ ਇਸ ਧਰਤੀ ’ਤੇ ਜਨਮ ਲੈਣ ਵਾਲੇ ਲਈ ‘ਗੁੜਤੀ’ ਸੀ, ਉਸ ਤੋਂ ਹਰ ਸਿੱਖ ਨੂੰ ਵਾਂਝਾ ਕਰ ਦਿੱਤਾ ਜਾਵੇ। ਅੱਜ ਜਦੋਂ ਇਹ ਸਾਫ਼ ਹੈ ਕਿ ਪੰਜਾਬ ਇੱਕ ਨਵੀਂ ਅੰਗੜਾਈ ਲੈਣ ਲਈ ਉਤਾਵਲਾ ਹੈ, ਉਸ ਸਮੇਂ ਮਿਸ਼ਨ ਪੂਰਤੀ ਅਤੇ ਮੰਜ਼ਿਲ ’ਤੇ ਪੁੱਜਣ ਵਾਲੇ ਰਾਹ ਪ੍ਰਤੀ, ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸਿਆਸਤ ਦੀ ਸੁਆਰਥੀ ਖੇਡ ਨੇ ਪੰਜਾਬ ਦਾ ਹੁਣ ਤੱਕ ਲੋੜ ਤੋਂ ਵੱਧ ਨੁਕਸਾਨ ਕਰ ਦਿੱਤਾ ਹੈ ਅਤੇ ਪੰਜਾਬ ਦੀ ਤਬਾਹੀ ਰੋਕਣ ਲਈ ਇੱਕੋ - ਇੱਕ ਰਾਹ ਸਿਆਸੀ ਲੋਕਾਂ ਦੀ ਤਬਾਹਕੁਨ ਸੋਚ ਨੂੰ ਸਮਝਣਾ ਅਤੇ ਉਸਦੀ ਰੋਕਥਾਮ ਕਰਨਾ ਹੈ।
ਪੰਜਾਬ ਦੀ ਆਰਥਿਕਤਾ, ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਰੁਝਾਨ, ਵੱਖ- ਵੱਖ ਸਮੱਸਿਆਵਾਂ ਨਹੀਂ ਹਨ, ਇੰਨਾਂ ਦੀ ਜੜ ਇੱਕੋ ਹੈ ਅਤੇ ਜਦੋਂ ਤੱਕ ਯੋਗ ਤੇ ਪੰਜਾਬ ਪ੍ਰਤੀ ਇਮਾਨਦਾਰ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਈ ਲੀਡਰਸ਼ਿਪ, ਆਗੂ ਦੀ ਸਹੀ ਚੋਣ ਨਹੀਂ ਕਰਦੇ, ਉਦੋਂ ਤੱਕ ਪੰਜਾਬ ਦੇ ਸੰਕਟ ਨੂੰ ਟਾਲਿਆ ਨਹੀਂ ਜਾ ਸਕਦਾ। ਅੱਜ ਭਾਵੇਂ ਅਸੀਂ ਪੰਜਾਬ ਦੀ ਜੁਆਨੀ ਤੋਂ ਬੇਆਸ ਹੋਏ ਬੈਠੇ ਹਾਂ, ਪ੍ਰੰਤੂ ਜੁਆਨੀ ਹੀ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ, ਇਸ ਲਈ ਉਸਨੂੰ ਤਾਕਤਵਰ ਤੇ ਸੁਰੱਖਿਅਤ ਰੱਖਣਾ, ਸਾਡਾ ਪਹਿਲਾ ਫਰਜ਼ ਹੈ। ਇਸ ਲਈ ‘ਜਵਾਨੀ ਦੀ ਸੰਭਾਲ’ ਲਹਿਰ ਇਸ ਸਮੇਂ ਸੱਭ ਤੋਂ ਵੱਧ ਜ਼ਰੂਰੀ ਹੈ। ਜਦੋਂ ਸਾਡੇ ਭਵਿੱਖ ਦੇ ਵਾਰਿਸ ਆਪਣੇ ਵਿਰਸੇ ਨਾਲ ਅੰਦਰੋਂ ਜੁੜ ਜਾਣਗੇ, ਉਦੋਂ ਸਾਰੇ ਸੰਕਟ ਤੇ ਸਮੱਸਿਆਵਾਂ ਆਪਣੇ- ਆਪ ਦੂਰ ਹੋ ਜਾਣਗੀਆਂ। ਅਸੀਂ ਉਮੀਦ ਕਰਦੇ ਹਾਂ ਕਿ ਚੰਡੀਗੜ ‘ਚ ਹੋਇਆ ਪੰਥ ਦਰਦੀਆਂ ਅਤੇ ਸਿੱਖ ਬੁੱਧੀਜੀਵੀਆਂ ਦਾ ਇਕੱਠ ਇਸ ਗੰਭੀਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭੇਗਾ।
ਜਸਪਾਲ ਸਿੰਘ ਹੇਰਾਂ