(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਚੌਥਾ )
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥5॥
ਸ਼ਬਦ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ (1013)
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥
ਸੰਸਾਰੁ ਭਵਜਲੁ ਕਿਉ ਤਰੈ ॥
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥1॥ਰਹਾਉ॥
ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰੋ ਹਰੇ ॥
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥2॥
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥3॥
ਕਰਣ ਪਲਾਵ ਕਰੇ ਨਹੀਂ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥4॥
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥5॥
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥6॥
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ॥
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥ 7॥
ਸੁਰਤਿ ਗਈ ਕਾਲੀ ਹੂ ਧਉਲੇ ਕਿਸੇ ਨ ਭਾਵੈ ਰਖਿਓ ਘਰੇ ॥
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥ 8॥
ਪੂਰਬ ਜਨਮ ਕੋ ਲੇਖ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥9॥
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮਰਾਇ ਕਾ ਡੰਡੁ ਪਰੇ ॥10॥
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥11॥
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥12॥ (1014)
॥ਰਹਾਉ॥ ਸੰਸਾਰੁ ਭਵਜਲੁ ਕਿਉ ਤਰੈ ॥
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥1॥ਰਹਾਉ॥
ਪਰਮਾਤਮਾ ਦੀ ਰਜ਼ਾ ਵਿਚ ਚਲੇ ਬਗੈਰ , ਬੰਦਾ ਕਿਸੇ ਵੀ ਹਾਲਤ ਵਿਚ , ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ । ਜਨਮ-ਮਰਨ ਦਾ ਗੇੜ ਨਹੀਂ ਮੁੱਕ ਸਕਦਾ , ਕਿਉਂਕਿ ਬੰਦਾ ਮਾਇਆ ਆਦਿ ਦੇ ਹੰਕਾਰ ਨਾਲ ਆਫਰਿਆ ਰਹਿੰਦਾ ਹੈ । ਪਰਮਾਤਮਾ ਦਾ ਨਾਮ ਜਪਣ ਨਾਲ , ਉਸ ਦੇ ਹੁਕਮ ਵਿਚ ਮਨ ਜੋੜਨ ਨਾਲ , ਬੰਦੇ ਤੇ ਮਾਇਆ ਦੇ ਮੋਹ ਦਾ ਅਸਰ ਨਹੀਂ ਪੈਂਦਾ । ਇਸ ਨਾਮ , ਇਸ ਹੁਕਮ ਬਾਰੇ ਸੋਝੀ , ਸ਼ਬਦ ਗੁਰੂ ਤੋਂ ਸਿਖਿਆ ਲੈਣ ਨਾਲ ਮਿਲਦੀ ਹੈ । ਜਿਸ ਬੰਦੇ ਨੂੰ ਸ਼ਬਦ ਵਿਚਾਰ ਆਸਰੇ , ਪ੍ਰਭੂ ਦੇ ਨਾਮ ਬਾਰੇ ਸੋਝੀ ਹੋ ਜਾਂਦੀ ਹੈ , ਉਸ ਦਾ ਅਹੰਕਾਰ ਆਦਿ ਦਾ , ਅਸਹਿ ਭਾਰ ਦੂਰ ਹੋ ਜਾਂਦਾ ਹੈ , ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ “ ਸ਼ਬਦ ਵਿਚਾਰ ਆਸਰੇ ਹੀ , ਹਉਮੈ ਦੂਰ ਹੁੰਦੀ ਹੈ ”
॥1॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ (1013)
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥
ਪਰਮਾਤਮਾ , ਮਾਂ-ਬਾਪ ਦੇ ਸਰੀਰਕ-ਸੰਜੋਗ ਰਾਹੀਂ ਜੀਵ ਪੈਦਾ ਕਰਦਾ ਹੈ । ਮਾਂ ਦਾ ਲਹੂ ਅਤੇ ਪਿਤਾ ਦਾ ਵੀਰਜ ਮਿਲਣ ਤੇ , ਜੀਵ ਦਾ ਸਰੀਰ ਬਣਦਾ ਹੈ । ਮਾਂ ਦੇ ਗਰਭ ਵਿਚ ਉਲਟੇ ਪਏ , ਬੰਦੇ ਦੀ ਲਗਨ ਪ੍ਰਭੂ ਚਰਨਾਂ ਵਿਚ ਲੱਗੀ ਰਹਿੰਦੀ ਹੈ । ( ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਉਹ ਗਰਭ ਵਿਚ ਕੋਈ ਕਰਮ-ਕਾਂਡ ਕਰਦਾ ਰਹਿੰਦਾ ਹੈ , ਜਾਂ ਵਾਹਿਗੁਰੂ-ਵਾਹਿਗੁਰੂ ਜਾਂ ਰਾਮ-ਰਾਮ ਕਰਦਾ ਰਹਿੰਦਾ ਹੈ । ਬਲਕਿ ਇਸ ਦਾ ਮਤਲਬ ਹੈ ਕਿ ਉਹ ਕਰਤਾਰ ਦੀ ਰਜ਼ਾ ਵਿਚ ਟਿਕਿਆ ਰਹਿੰਦਾ ਹੈ ।) ਅਜਿਹੀ ਹਾਲਤ ਵਿਚ , ਪਰਮਾਤਮਾ ਉਸ ਦੀ , ਹਰ ਤਰ੍ਹਾਂ ਸੰਭਾਲ ਕਰਦਾ ਹੈ , ਸਰੀਰਕ ਲੋੜਾਂ ਪੂਰੀਆਂ ਕਰਦਾ ਹੈ ।
॥2॥ ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰੋ ਹਰੇ ॥
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥2॥
ਹੇ ਪ੍ਰਭੂ ,ਮੈਨੂੰ ਤੇਰੇ , ਗਰਭ ਵੇਲੇ ਕੀਤੇ ਸਾਰੇ ਉਪਕਾਰ ਭੁੱਲ ਗਏ ਹਨ , ਮੈਂ ਤੇਰਾ ਅਪਰਾਧੀ ਹਾਂ । ਮਾਇਆ ਮੋਹ ਵਿਚ ਪਾਗਲ ਹੋਇਆ ਪਿਆ ਹਾਂ , ਹੁਣ ਮੈਂ ਕੀ ਕਰਾਂ ? ਬੇਵੱਸ ਹਾਂ , ਪਰ ਤੂੰ ਤਾਂ ਦਇਆ ਦਾ ਸਾਗਰ ਹੈਂ । ਤੂੰ ਤਾਂ ਹਰ ਵੇਲੇ , ਹਰੇਕ ਜੀਵ ਦੇ ਸਿਰ ਤੇ ਦਯਾ ਭਰਿਆ ਹੱਥ ਰਖ ਕੇ , ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈਂ ।
॥3॥ ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥3॥
ਬੰਦਾ ਪਰਮਾਤਮਾ ਕੋਲੋਂ ਚਾਰੇ ਪਦਾਰਥ ( ਧਰਮ , ਅਰਥ , ਕਾਮ , ਮੋਖ । ਧਰਮ , ਪਰਮਾਤਮਾ ਦੀ ਰਜ਼ਾ ਵਿਚ ਚਲਣ ਦਾ ਗੁਣ । ਅਰਥ , ਸੰਸਾਰੀ ਲੋੜਾਂ ਪੂਰੀਆਂ ਕਰਨ ਦੀ ਸਮਰਥਾ ਦਾ ਗੁਣ । ਕਾਮ , ਆਪਣੀ ਪਰਜਾਤੀ ਨੂੰ ਚਲਦਾ ਰੱਖਣ ਦੀ ਸਮਰਥਾ ਦਾ ਗੁਣ । ਮੋਖ , ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਪਰਮਾਤਮਾ ਨਾਲ ਇਕ-ਮਿਕ ਹੋਣ ਦੀ ਸਮਰਥਾ ਦਾ ਗੁਣ ਲੈ ਕੇ ਸੰਸਾਰ ਵਿਚ ਜੰਂਮਿਆ ਹੈ । ਫਿਰ ਵੀ ਪਰਮਾਤਮਾ ਦੀ ਬਖਸ਼ਿਸ਼ ਨੂੰ ਭੁਲਿਆ , ਪਰਮਾਤਮਾ ਦੀ ਹੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਵਸਦਾ ਹੈ , ਮਾਇਆ ਦੇ ਆਹਰਾਂ ਵਿਚ ਹੀ ਲੱਗਾ ਰਹਿੰਦਾ ਹੈ । ਇਵੇਂ ਇਹ ਹਰ ਵੇਲੇ ਮਾਇਆ ਦੇ ਆਉਣ ਦਾ ਰਾਹ ਹੀ ਵੇਖਦਾ ਰਹਿੰਦਾ ਹੈ , ਮਾਇਆ ਦੀ ਪਰਾਪਤੀ ਲਈ ਹੀ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ । ਇਸ ਤਰ੍ਹਾਂ ਇਹ ਮੁਕਤ ਪਦਾਰਥ , ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਪਰਮਾਤਮਾ ਨਾਲ ਮਿਲਣ ਦੀ ਸਪਰਥਾ ਵਾਲਾ ਗੁਣ , ਗਵਾ ਲੈਂਦਾ ਹੈ ।
॥4॥ ਕਰਣ ਪਲਾਵ ਕਰੇ ਨਹੀਂ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥4॥
ਬੰਦਾ ਸਾਰੀ ਉਮਰ ਮਾਇਆ ਦੀ ਪਰਾਪਤੀ ਲਈ ਹੀ ਤਰਲੇ ਕਰਦਾ ਰਹਿੰਦਾ ਹੈ , ਪਰ ਮਨ ਦੀ ਤ੍ਰਿਸ਼ਨਾ ਪੂਰੀ ਕਰਨ ਜੋਗੀ ਮਾਇਆ ਨਹੀਂ ਮਿਲਦੀ , ਏਸੇ ਦੌੜ-ਭੱਜ ਵਿਚ ਉਹ ਥੱਕ ਜਾਂਦਾ ਹੈ । ਕਾਮ , ਕ੍ਰੋਧ ਅਤੇ ਹੰਕਾਰ ਦੇ ਪ੍ਰਭਾਵ ਅਧੀਨ , ਬੰਦਾ ਨਾਸ਼ਵੰਤ ਪਦਾਰਥਾਂ ਨਾਲ ਹੀ ਪਿਆਰ ਕਰਦਾ ਹੈ , ਸਾਥ ਨਾ ਨਿਭਣ ਵਾਲੇ ਪਰਵਾਰ ਨਾਲ ਪ੍ਰੀਤ ਜੋੜੀ ਰੱਖਦਾ ਹੈ ।
॥5॥ ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥5॥
ਇੰਦ੍ਰੀਆਂ ਦੀਆਂ ਖਵਾਹਸ਼ਾਂ ਪੂਰੀਆਂ ਕਰਦਾ , ਚੰਗਾ-ਚੋਸਾ ਖਾਣ ਦੇ ਆਹਰ ਵਿਚ , ਵਿਸ਼ੇ ਵਿਕਾਰਾਂ ਦੇ ਭੋਗਾਂ ਵਿਚ , ਚੁਗਲੀ ਨਿੰਦਾ ਦੀ ਕੰਨ-ਰਸ ਵਿਚ , ਦੁਨੀਆ ਦੇ ਰੰਗ-ਤਮਾਸ਼ੇ , ਰੂਪ-ਰੰਗ ਵੇਖਣ ਵਿਚ , ਸੋਹਣੇ ਕਪੜੇ ਪਹਿਨਣ ਵਿਚ ਫਸਿਆ , ਵਿਖਾਵਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ ।
ਸ਼ਬਦ ਗੁਰੂ ਦੀ ਸਿਖਿਆ ਤੋਂ ਵਾਞਾ , ਨਾ ਤਾਂ ਆਪਣੇ-ਆਪ ਨੂੰ ਪਛਾਣ ਪਾਉਂਦਾ ਹੈ , ਪਰਮਾਤਮਾ ਦੇ ਨਾਮ ਵਿਚ ਜੁੜੇ ਬਗੈਰ , ਪ੍ਰਭੂ ਦੇ ਹੁਕਮ ਵਿਚ ਚਲੇ ਬਗੈਰ , ਉਸ ਦੀ ਆਤਮਕ ਮੌਤ ਨਹੀਂ ਟਲਦੀ ।
॥6॥ ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥6॥
ਜਿੰਨਾ ਇਹ ਮੋਹ ਵਿਚ , ਹਉਮੈ ਵਿਚ ਫਸ ਕੇ ਜੀਵਨ ਰਾਹ ਤੋਂ ਭਟਕਦਾ ਹੈ , ਜਿੰਨਾ ਇਹ ਮੇਰੀ-ਮੇਰੀ ਕਰਦਾ ਹੈ , ਓਨਾ ਹੀ ਇਹ ਸਾਰੀਆਂ ਚੀਜ਼ਾਂ ਮਿਲ ਕੇ , ਉਸ ਦਾ ਆਤਮਕ ਜੀਵਨ ਬਰਬਾਦ ਕਰ ਦਿੰਦੀਆਂ ਹਨ , ਉਸ ਦਾ ਸੁਖ-ਚੈਨ ਖੋਹ ਲੈਂਦੀਆਂ ਹਨ । ਏਸੇ ਤਾਣੇ-ਬਾਣੇ ਵਿਚ ਉਸ ਦੀ ਸਰੀਰਕ ਮੌਤ ਹੋ ਜਾਂਦੀ ਹੈ , ਉਸ ਦਾ ਸਾਰਾ ਧਨ ਭਾਵੇਂ ਉਹ ਕਿਸੇ ਵੀ ਰੂਪ ਵਿਚ ਹੋਵੇ ( ਜਿਸ ਕਾਰਨ ਉਹ ਹਰ ਵੇਲੇ ਡਰ ਅਤੇ ਭਰਮ ਵਿਚ ਰਹਿੰਦਾ ਸੀ ) ਪਰਾਇਆ ਹੋ ਜਾਂਦਾ ਹੈ । ਫਿਰ ਉਹ ਪਛਤਾਉਂਦਾ ਹੈ , ਪਰ ਉਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ।
॥7॥ ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥ 7॥
ਮਨੁੱਖ ਬੁੱਢਾ ਹੋ ਜਾਂਦਾ ਹੈ , ਜਵਾਨੀ ਨਹੀਂ ਰਹਿੰਦੀ , ਸਰੀਰ ਕਮਜ਼ੋਰ ਹੋ ਜਾਂਦਾ ਹੈ , ਗਲਾ ਬਲਗਮ ਕਾਰਨ ਰੁਕਿਆ ਰਹਿੰਦਾ ਹੈ , ਅੱਖਾਂ ਵਿਚੋਂ ਪਾਣੀ ਵਗਦਾ ਰਹਿੰਦਾ ਹੈ ।
ਪੈਰ ਤੁਰਨੋਂ ਰਹਿ ਜਾਂਦੇ ਹਨ , ਜਿਨ੍ਹਾਂ ਨਿਕੀਆਂ-ਨਿਕੀਆਂ ਲੱਤਾਂ ਨਾਲ ਬੰਦਾ ਕਿਸੇ ਵੇਲੇ , ਪਹਾੜ ਅਤੇ ਮੈਦਾਨ ਗਾਹ ਲੈਂਦਾ ਸੀ , ਉਨ੍ਹਾਂ ਲਈ ਕਮਰੇ ਵਿਚ ਪਿਆ , ਪਾਣੀ ਦਾ ਕੁੱਜਾ ਵੀ , ਸੈਂਕੜੇ ਕੋਹਾਂ ਦੂਰ ਹੋ ਜਾਂਦਾ ਹੈ । ਹੱਥ ਕੰਬਣ ਲਗ ਜਾਂਦੇ ਹਨ , ਪਰ ਫਿਰ ਵੀ ਮਾਇਆ ਦੇ ਪੁਜਾਰੀ ਦੇ ਮਨ ਵਿਚ , ਹਰੀ ਦਾ , ਵਾਹਿਗੁਰੂ ਦਾ ਨਾਮ ਯਾਦ ਨਹੀਂ ਆਉਂਦਾ ।
॥8॥ ਸੁਰਤਿ ਗਈ ਕਾਲੀ ਹੂ ਧਉਲੇ ਕਿਸੇ ਨ ਭਾਵੈ ਰਖਿਓ ਘਰੇ ॥
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥ 8॥
ਕੇਸ ਕਾਲਿਆਂ ਤੋਂ ਬੱਗੇ ਹੋ ਜਾਂਦੇ ਹਨ , ਅਕਲ ਕੰਮ ਕਰਨਾ ਛੱਡ ਦਿਂਦੀ ਹੈ , ਉਸ ਦਾ ਘਰ ਵਿਚ ਰਹਿਣਾ ਕਿਸੇ ਨੂੰ ਪਸੰਦ ਨਹੀਂ ਆਉਂਦਾ । ਪਰਮਾਤਮਾ ਦਾ ਨਾਮ ਵਿਸਾਰਨ ਨਾਲ , ਕਰਤਾਰ ਦੀ ਰਜ਼ਾ , ਹੁਕਮ ਵਿਚ ਖੁਸ਼ੀ ਪੂਰਵਕ ਨਾ ਚੱਲਣ ਕਰ ਕੇ , ਅਜਿਹੇ ਕੁਕਰਮਾਂ ਵਿਚ ਫਸਿਆ ਰਹਿੰਦਾ ਹੈ , ਜਿਨ੍ਹਾਂ ਕਾਰਨ ਜਮ ਇਸ ਨੂੰ ਮਾਰ ਕੇ , ਇਸ ਨੂੰ ਕਾਬੂ ਕਰ ਕੇ , ਨਰਕ ਵਿਚ ਲੈ ਜਾਂਦਾ ਹੈ ।
( ਸਿੱਖੀ ਵਿਚ ਨਾ ਕੋਈ ਬ੍ਰਾਹਮਣੀ ਤਰਜ਼ ਦਾ ਜਮ ਹੁੰਦਾ ਹੈ , ਨਾ ਹੀ ਉਸ ਤਰਜ਼ ਦਾ ਕੋਈ ਨਰਕ-ਸਵਰਗ ਹੁੰਦਾ ਹੈ । ਜਮ ਦਾ ਮਤਲਬ ਹੈ ਮਾਰਨ ਵਾਲਾ , ਜੋ ਸਿਰਫ ਪਰਮਾਤਮਾ ਹੈ , ਅਤੇ ਪਰਮਾਤਮਾ ਸਿੱਧੇ ਰੂਪ ਵਿਚ ਆਪ ਕੋਈ ਕੰਮ ਨਹੀਂ ਕਰਦਾ , ਉਸ ਦੇ ਨਿਯਮ-ਕਾਨੂਨਾਂ ਅਨੁਸਾਰ ਹੀ ਸਾਰੇ ਕੰਮ ਹੁੰਦੇ ਹਨ । ਜਿਨ੍ਹਾਂ ਅਨੁਸਾਰ , ਜੋ ਜੰਮਆਿ ਹੈ ਉਸ ਨੇ ਮਰਨਾ ਵੀ ਜ਼ਰੂਰ ਹੈ , ਜਿਸ ਨੂੰ ਪਰਮਾਤਮਾ ਦਾ ਨਾਮ ਯਾਦ ਨਾ ਰਹੇ , ਜੋ ਪਰਮਾਤਮਾ ਦੇ ਹੁਕਮ ਨੂੰ ਨਕਾਰਦਿਆਂ ਬੁਰੇ ਕੰਮ ਕਰੇ , ਉਸ ਨੂੰ ਉਸ ਦਾ ਫਲ ਭੋਗਣਾ ਹੀ ਪੈਣਾ ਹੈ , ਜੋ ਕਿ ਸੁਭਾਵਕ ਹੀ ਬੁਰਾ , ਪਰਮਾਤਮਾ ਤੋਂ ਦੂਰੀ , ਜਨਮ ਮਰਨ ਦਾ ਗੇੜ (ਨਰਕ) ਦਾ ਹੀ ਹੋ ਸਕਦਾ ਹੈ । ਚੰਗਾ ਕੰਮ ਕਰਨ ਵਾਲੇ ਨੂੰ , ਚੰਗਾ ਫਲ , ਪਰਮਾਤਮਾ ਦੀ ਨੇੜਤਾ , ਉਸ ਨਾਲ ਅਭੇਦਤਾ , ਆਵਾ-ਗਵਣ ਤੋਂ ਮੁਕਤੀ ਪਰਾਪਤ ਹੋਵੇਗੀ । )
॥9॥ ਪੂਰਬ ਜਨਮ ਕੋ ਲੇਖ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥9॥
ਪਰ ਬੰਦੇ ਦੇ ਵੀ ਕੀ ਵੱਸ ? ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ , ਖਤਮ ਨਹੀਂ ਹੁੰਦਾ । ਜਿੰਨਾ ਚਿਰ ਉਹ ਲੇਖਾ ਮੌਜੂਦ ਹੈ , ਉਸ ਦੇ ਪ੍ਰਭਾਵ ਹੇਠ ਬੰਦਾ ਕੁਕਰਮ ਕਰ-ਕਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ । ਇਸ ਬਾਰੇ ਜੀਵ ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦਾ ।
ਅਸਲ ਗੱਲ ਇਹ ਹੈ ਕਿ ਸ਼ਬਦ ਗੁਰੂ ਨਾਲ ਜੁੜੇ ਬਗੈਰ , ਉਸ ਤੋਂ ਗਿਆਨ ਹਾਸਲ ਕੀਤੇ ਬਗੈਰ , ਆਪਣੇ ਮਨ ਦੀ ਮੱਤ ਵਿਚ ਚਲਦਿਆਂ ਬੰਦਾ ਵਿਕਾਰਾਂ ਵਿਚ ਫਸਿਆ , ਹਮੇਸ਼ਾ ਆਤਮਕ ਮੌਤੇ ਮਰਿਆ ਰਹਿੰਦਾ ਹੈ । ਸ਼ਬਦ ਗੁਰੂ ਤੋਂ ਸੇਧ ਲੈਣ ਤੋਂ ਬਗੈਰ ਉਸ ਦਾ ਜੀਵਨ ਵਿਅਰਥ ਚਲੇ ਜਾਂਦਾ ਹੈ । ਉਹ ਫਿਰ ਮਨੁੱਖਾ ਦੇਹੀ ਹਾਸਲ ਕਰਨ ਦੀ ਉਡੀਕ ਵਿਚ , ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
॥10॥ ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮਰਾਇ ਕਾ ਡੰਡੁ ਪਰੇ ॥10॥
ਜੀਵ ਦੁਨੀਆਂ ਵਿਚ , ਪਰਮਾਤਮਾ ਨਾਲੋਂ ਟੁੱਟ ਕੇ ਦੁਨੀਆਂ ਦੀਆਂ ਖੁਸ਼ੀਆਂ ਮਾਨਣ ਵਿਚ , ਦੁਨੀਆਂ ਦੇ ਰਸ ਭੋਗਣ ਵਿਚ ਅਤੇ ਹੋਰ ਕਰਮ-ਕਾਂਡ ਵਾਲੇ ਫੋਕਟ ਕੰਮਾਂ ਵਿਚ ਫਸਿਆ ਖੁਆਰ ਹੁੰਦਾ ਹੈ । ਪ੍ਰਭੂ ਦੀ ਰਜ਼ਾ ਨੂੰ ਭੁੱਲ ਕੇ , ਲੋਭ-ਲਾਲਚ ਵਿਚ ਫਸਿਆ , ਆਪਣੀ ਜ਼ਿੰਦਗੀ ਦਾ ਮੂਲ , ਮਨੁੱਖਾ ਜਨਮ ਐਵੇਂ ਗਵਾ ਲੈਂਦਾ ਹੈ । ਆਖਰ ਇਸ ਦੇ ਸਿਰ ਤੇ ਧਰਮ-ਰਾਜ ਦਾ ਡੰਡ , ਜੁਰਮਾਨਾ ਪੈਂਦਾ ਹੈ । ( ਸਿੱਖੀ ਅਨੁਸਾਰ ਪਰਮਾਤਮਾ ਦੇ ਦਰਬੲਰ ਵਿਚ ਧਰਮ-ਰਾਜ ਦੀ ਵੀ ਕੋਈ ਪਦਵੀ ਨਹੀਂ ਹੈ , ਅਰਥ ਹੈ ਕਿ ਉਸ ਨੂੰ ਆਪਣੇ ਕੀਤੇ ਕਰਮਾਂ ਦਾ ਲੇਖਾ , ਵਾਹਿਗੁਰੂ ਦੇ ਕਾਨੂਨ ਅਨੁਸਾਰ ਦੇਣਾ ਹੀ ਪੈਂਦਾ ਹੈ ।
॥11॥ ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥11॥
ਜਿਨ੍ਹਾਂ ਬੰਦਿਆਂ ਤੇ ਪ੍ਰਭੂ ਦੀ ਕਿਰਪਾ ਹੋ ਜਾਵੇ , ਉਹ ਗੁਰਮੁਖ ਹੋ ਕੇ , ਸ਼ਬਦ ਗੁਰੂ ਤੋਂ ਲਈ ਸਿਖਿਆ ਅਨੁਸਾਰ ਚਲ ਕੇ , ਸਤ-ਸੰਗਤ ਵਿਚ ਜੁੜ ਕੇ , ਹਰੀ ਦੇ ਗੁਣਾਂ ਦੀ ਵਿਚਾਰ ਕਰਦੇ ਰਹਿੰਦੇ ਹਨ । ਅਜਿਹੇ ਬੰਦੇ ਹੀ ਜਗਤ ਵਿਚ , ਬੇਅੰਤ , ਪੂਰਨ ਅਤੇ ਸਰਬ ਵਿਆਪਕ ਪ੍ਰਭੂ ਨੁੰ ਸਿਮਰ ਕੇ , ਉਸ ਦੇ ਹੁਕਮ ਵਿਚ ਚਲ ਕੇ , ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ।
॥12॥ ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥12॥ (1014)
ਹੇ ਭਾਈ , ਹਰੀ ਦੇ ਜਨਾਂ , ਰੱਬ ਦੇ ਭਗਤਾਂ ਦੀ ਸਤ-ਸੰਗਤ ਵਿਚ ਜੁੜ ਕੇ , ਸ਼ਬਦ ਗੁਰੂ ਦੀ ਸਿਖਿਆ ਦੀ ਸੰਭਾਲ ਕਰੋ , ਹਰੀ ਦਾ ਨਾਮ ਸਿਮਰੋ , ਕਰਤਾਰ ਦੇ ਹੁਕਮ ਵਿਚ ਚੱਲੋ ।
ਹੇ ਨਾਨਕ , ਆਖ ਹੇ ਪ੍ਰਭੂ ਮੈਨੂੰ ਵੀ ਉਨ੍ਹਾਂ ਜਨਾਂ , ਸੇਵਕਾਂ ਦੀ ਚਰਨ ਧੂੜੀ ਦੇਹ , ਉਨ੍ਹਾਂ ਦੀ ਸਿਖਿਆ ਅਨੁਸਾਰ ਚੱਲਣ ਦੀ ਸਮਰਥਾ ਦੇਹ , ਜੋ ਗੁਰੁ , ਪਰਮਾਤਮਾ ਦੇ ਦੁਆਰੇ ਤੇ ਪਰਧਾਨ , ਸਤਿਕਾਰ ਯੋਗ ਹੋਣ ।
ਅਮਰ ਜੀਤ ਸਿੰਘ ਚੰਦੀ