ਡੁਬਦਿਆਂ ਲਈ ਇਕ ਤਿਨਕਾ!
ਬਹੁਤ ਚਿਰ ਪਿੱਛੋਂ ਇਕ ਚੰਗੀ ਖਬਰ ਮਿਲੀ ਹੈ ਕਿ, ਸਿੱਖ ਚਿੰਤਕਾਂ ਨੇ ਮਿਲ ਕੇ ਇਕ ਸੰਸਥਾ “ ਸਾਂਝਾ ਪੰਥਿਕ ਮੋਰਚਾ “ “ Joint Panthik Platform ” ਬਣਾਈ ਹੈ। ਏਥੇ ਤਕ ਤਾਂ ਕੋਈ ਖਾਸ ਖੁਸ਼ੀ ਵਾਲੀ ਗੱਲ ਨਹੀਂ, ਕਿਉਂਕਿ ਸਿੱਖਾਂ ਵਿਚ ਲੱਖਾਂ ਸੰਸਥਾਵਾਂ ਹਨ, ਅਤੇ ਹਰ ਰੋਜ਼ ਦਰਜਣਾਂ ਹੋਰ ਸੰਸਥਾਵਾਂ ਬਣਦੀਆਂ ਹਨ । ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਮੀਟਿੰਗ ਵਿਚ ਬਹੁਤ ਸਾਰੇ ਵੀਰ ਅਜਿਹੇ ਇਕੱਠੇ ਹੋਏ ਜਿਨ੍ਹਾਂ ਦਾ ਨਾਮ ਹੀ ਸੁਹਿਰਦਤਾ ਦਾ ਪ੍ਰਤੀਕ ਹੈ, ਜੋ ਬਹੁਤ ਸਮੇ ਤੋਂ ਪੰਥ ਲਈ ਜੂਝ ਰਹੇ ਹਨ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਇਸ ਸੰਸਥ ਦੀ ਅਗਵਾਈ ਦਾ ਕੰਮ ਫਿਲਹਾਲ ਉਨ੍ਹਾਂ ਨੂੰ ਸੌਂਪਿਆ ਗਿਆ ਹੈ, ਜਿਨ੍ਹਾਂ ਦੀਆਂ ਸ਼ਖਸੀਅਤਾਂ ਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਹੈ, ਅਤੇ ਸਾਰੇ ਆਪਣੇ-ਆਪਣੇ ਫੀਲਡ ਦੇ ਮਾਹਰ ਹਨ । ਸ. ਗੁਰਤੇਜ ਸਿੰਘ ਜੀ ਬਹੁਤ ਸੁਲਝੇ ਹੋਏ ਪ੍ਰਸ਼ਾਸਨਿਕ ਵਿਅਕਤੀ ਹਨ ਜਿਨ੍ਹਾਂ ਦਾ ਇਸ ਖੇਤ੍ਰ ਵਿਚ ਲੰਮਾ ਤਜਰਬਾ ਹੈ । ਡਾ. ਗੁਰਦਰਸ਼ਨ ਸਿੰਘ ਜੀ ਨੂੰ ਪ੍ਰਸ਼ਾਸਨ ਦੇ ਨਾਲ-ਨਾਲ ਇਤਿਹਾਸ ਦੀ ਵੀ ਬਹੁਤ ਚੰਗੀ ਜਾਣਕਾਰੀ ਹੈ। ਸ੍ਰੀ ਸ਼ਸ਼ੀ ਕਾਂਤ ਜੀ , ਚੰਗੇ ਬੇਦਾਗ ਪੁਲਸ ਅਧਿਕਾਰੀ ਰਹੇ ਹਨ , ਉਨ੍ਹਾਂ ਨੂੰ ਪੰਜਾਬ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲਿਆਂ ਬਾਰੇ ਬਹੁਤ ਜਾਣਕਾਰੀ ਹੈ ।
ਇਸ ਤੋਂ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਕਿਸੇ ਇਕੱਠ ਵਿਚ ਪਹਲੀ ਵਾਰੀ ਸਾਂਝੀ ਲੀਡਰ-ਸ਼ਿਪ ਦੀ ਲੋੜ ਨੂੰ ਮਹਿਸੂਸ ਵੀ ਕੀਤਾ ਗਿਆ ਅਤੇ ਉਸ ਤੇ ਅਮਲ ਵੀ ਕੀਤਾ ਗਿਆ । ਬਹੁਤ ਲੰਮੇ ਸਮੇ ਤੋਂ ਮੈਂ ਇਸ ਗੱਲ ਦੀ ਵਕਾਲਤ ਕਰ ਰਿਹਾ ਸੀ ਕਿ ਸਿੱਖਾਂ ਦੇ ਮਸਲ੍ਹੇ ਏਨੇ ਬਹੁ-ਪੱਖੀ ਹਨ ਕਿ, ਉਨ੍ਹਾਂ ਦੇ ਹਰ ਪੱਖ ਲਈ , ਉਸ ਪੱਖ ਦੇ ਮਾਹਰਾਂ ਦੀ ਇਕ ਅਲੱਗ ਕਮੇਟੀ ਹੋਣੀ ਚਾਹੀਦੀ ਹੈ , ਇਵੇਂ 25-30 ਕਮੇਟੀਆਂ ਬਣ ਜਾਣਗੀਆਂ , ਜਿਸ ਨਾਲ ਬਹੁਤ ਸਾਰੇ ਯੋਗ ਸਿੱਖਾਂ ਦੀ ਇਸ ਵਿਚ ਭਾਈ-ਵਾਲੀ ਹੋ ਜਾਵੇਗੀ । ਇਨ੍ਹਾਂ ਸਭ ਕਮੇਟੀਆਂ ਵਿਚੋਂ ਇਕ-ਇਕ ਬੰਦਾ ਲੈ ਕੇ ਅਤੇ ਉਨ੍ਹਾਂ ਦੇ ਨਾਲ ਕੁਝ ਹੋਰ ਯੋਗ ਬੰਦੇ ਜੋੜ ਕੇ ਇਕ ਕੋਰ-ਕਮੇਟੀ ਬਣਾ ਲਈ ਜਾਵੇ, ਜੋ ਸਾਰੇ ਕੰਮ-ਕਾਜ ਦੀ ਦੇਖ-ਰੇਖ ਅਤੇ ਵਿਸਲੇਸ਼ਨ ਕਰਦੀ ਰਹੇ, ਕੋਰ-ਕਮੇਟੀ ਦਾ ਇਕ ਸਪੋਕਸ-ਮੈਨ ਬਣਾਇਆ ਜਾ ਸਕਦਾ ਹੈ।
ਇਸ ਇਕੱਠ ਵਿਚ ਬਹੁਤ ਸਾਰੇ ਵੀਰ, ਰਾਜਨੀਤੀ ਨਾਲ ਸਬੰਧਤ ਵੀ ਸਨ, ਜੋ ਕਿ ਬੜੀ ਚੰਗੀ ਗੱਲ ਹੈ। ਇਸ ਲਿਹਾਜ਼ ਨਾਲ ਇਸ ਸੰਸਥਾ ਦੇ ਦੋ ਵਿੰਗ ਬਣਾ ਦੇਣੇ ਚਾਹੀਦੇ ਹਨ ।
1. ਧਾਰਮਿਕ ਵਿੰਗ ।
2. ਰਾਜਨੀਤਕ ਵਿੰਗ ।
ਇਹ ਫੈਸਲਾ ਸਾਂਝਾ ਪੰਥਿਕ ਮੋਰਚੇ ਦੀ ਅਗਲੀ ਮੀਟਿੰਗ ਵਿਚ ਹੋ ਜਾਣਾ ਚਾਹੀਦਾ ਹੈ, ਤਾਂ ਜੋ ਦੋਵਾਂ ਮੋਰਚਿਆਂ ਤੇ ਕੰਮ ਸ਼ੁਰੂ ਹੋ ਸਕੇ ।
ਧਾਰਮਿਕ ਵਿੰਗ ਵਾਲਿਆਂ ਨੂੰ ਪਾਲਿਟਿਕਸ ਨੂੰ ਛੱਡ ਕੇ ਬਾਕੀ ਸਾਰੇ ਮਸਲ੍ਹੇ ਆਪਣੇ ਹੱਥ ਵਿਚ ਲੈ ਕੇ, ਲੋੜ ਅਨੁਸਾਰ ਹਰ ਮਸਲ੍ਹੇ ਦੀ ਇਕ ਕਮੇਟੀ ਬਣਾ ਕੇ ਉਸਦਾ ਕੰਮ ਉਸ ਦੇ ਜ਼ਿੱਮੇ ਲਾਉਣਾ ਚਾਹੀਦਾ ਹੈ, ਇਵੇਂ ਸਾਰਾ ਨੈਟ-ਵਰਕ ਬਣਦਾ ਜਾਵੇਗਾ। ਫਿਲਹਾਲ ਸਭ ਤੋਂ ਪਹਿਲਾਂ, ਪੰਜਾਬ ਨੂੰ ਨਸ਼ਾ-ਮੁਕਤ ਕਰਾਉਣ ਦੀ ਮੁਹਿੱਮ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ ਲਈ ਸ੍ਰੀ ਸ਼ਸ਼ੀ ਕਾਂਤ ਜੀ ਦੀ ਅਗਵਾਈ ਵਿਚ ਯੋਗ ਬੰਦਿਆਂ ਦੀ ਇਕ ਕਮੇਟੀ ਬਣਾ ਦੇਣੀ ਚਾਹੀਦੀ ਹੈ । ਇਸ ਲਈ ਮਾਹੌਲ ਵੀ ਕਾਫੀ ਸਾਜ਼ਗਾਰ ਬਣਿਆ ਹੋਇਆ ਹੈ, ਅਤੇ ਆਮ ਬੰਦਿਆਂ ਦੇ ਸੰਸਥਾਂ ਨਾਲ ਜੁੜਨ ਦੀ ਵੀ ਪੂਰੀ ਸੰਭਾਵਨਾ ਹੈ । ਬਾਕੀ ਸਾਰਾ ਕੰਮ ਵੀ ਯੋਜਨਾ ਬਣਾ ਕੇ ਸ਼ੁਰੂ ਕਰ ਦੇਣਾ ਚਾਹੀਦਾ ਹੈ, ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੋਣੀ ਚਾਹੀਦੀ ।
ਰਾਜਨੀਤਿਕ ਵਿੰਗ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਸ ਵਿਚ ਮਿਲ-ਬੈਠ ਕੇ ਅਜਿਹਾ ਪ੍ਰੋਗਰਾਮ ਉਲੀਕਣ, ਜਿਸ ਨਾਲ ਉਨ੍ਹਾਂ ਦੀ ਵੱਧ ਤੋਂ ਵੱਧ, ਸਾਂਝ (ਸਥਾਪਤ ਪਾਰਟੀਆਂ ਨੂੰ ਛੱਡ ਕੇ) ਦਲਿਤਾਂ, ਸੁਹਿਰਦ ਹਿੰਦੂਆਂ ਅਤੇ ਚੰਗੇ ਮੁਸਲਮਾਨਾਂ ਨਾਲ ਪਵੇ। ਇਸ ਕੰਮ ਲਈ ਪਹਲ ਆਪਣੀ ਕੁਰਸੀ ਲਈ ਨਹੀਂ ਬਲਕਿ ਪੰਥਿਕ ਹਿੱਤਾਂ ਨੂੰ ਦੇਣੀ ਚਾਹੀਦੀ ਹੈ। ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਇਕੱਲੇ ਆਪਣੇ ਬੱਲ ਤੇ, ਇਸ ਫੀਲ਼ਡ ਵਿਚ ਸਿੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ।
ਇਸ ਨਾਲ ਆਉਣ ਵਾਲੀਆਂ ਚੋਣਾਂ ਦੀ ਪੂਰੀ ਤਿਆਰੀ ਹੋ ਜਾਵੇਗੀ।
ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ।
ਅਮਰ ਜੀਤ ਸਿੰਘ ਚੰਦੀ
29-11-2014
ਅਮਰਜੀਤ ਸਿੰਘ ਚੰਦੀ
ਡੁਬਦਿਆਂ ਲਈ ਇਕ ਤਿਨਕਾ!
Page Visitors: 2644