(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਪੰਜਵਾਂ)
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
ਸ਼ਬਦ , ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥1॥ (1009)
ਬਾਬਾ ਜਗੁ ਫਾਥਾ ਮਹਾ ਜਾਲਿ ॥
ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥1॥ਰਹਾਉ॥
ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥
ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥
ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥2॥
ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥3॥
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥4॥
ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥5॥
ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥6॥
ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥
ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥7॥
ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥8॥ ( 1010 )
॥ਰਹਾਉ॥ ਬਾਬਾ ਜਗੁ ਫਾਥਾ ਮਹਾ ਜਾਲਿ ॥
ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥1॥ਰਹਾਉ॥
ਹੇ ਭਾਈ ਇਹ ਸੰਸਾਰ , ਮਾਇਆ ਮੋਹ ਦੇ ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ । ਇਸ ਜਾਲ ਵਿਚੋਂ ਉਹੀ ਨਿੱਕਲ ਪਾਉਂਦੇ ਹਨ , ਜੋ ਸ਼ਬਦ ਗੁਰੂ ਦੀ ਮਿਹਰ ਸਦਕਾ , ਸ਼ਬਦ ਦੀ ਵਿਚਾਰ ਆਸਰੇ , ਪਰਮਾਤਮਾ ਦੇ ਨਾਮ , ਉਸ ਦੇ ਹੁਕਮ ਬਾਰੇ ਸੋਝੀ ਹਾਸਲ ਕਰ ਕੇ , ਆਪਣਾ ਜੀਵਨ , ਪ੍ਰਭੂ ਦੇ ਹੁਕਮ ਅਨੁਸਾਰ ਬਿਤਾਉਂਦੇ ਹਨ ।
॥1॥ ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥1॥
ਜਗਤ ਨੇ ਆਪਣੀ ਜ਼ੰਦਗੀ ਦਾ ਬੇੜਾ , ਵਿਕਾਰਾਂ ਰੂਪੀ ਜ਼ਹਰ ਨਾਲ ਲੱਦ ਕੇ ਸੰਸਾਰ ਸਮੁੰਦਰ ਵਿਚ ਠੇਲਿਆ ਹੋਇਆ ਹੈ । ਹੁਣ ਬੇੜਾ ਅਜਿਹੀ ਥਾਂ ਅਪੜ ਗਿਆ ਹੋਇਆ ਹੈ , ਜਿਥੋਂ ਨਾ ਇਸ ਦਾ ਉਰਲਾ ਕੰਢਾ ਨਜ਼ਰ ਆ ਰਿਹਾ , ਨਾ ਪਾਰਲਾ ਕੰਢਾ ਨਜ਼ਰ ਆ ਰਿਹਾ , ਯਾਨੀ ਇਨ੍ਹਾਂ ਵਿਸ਼ੇ ਵਿਕਾਰਾਂ ਤੋਂ ਬਚਾਉ ਦਾ ਕੋਈ ਸਾਧਨ , ਨਜ਼ਰ ਨਹੀਂ ਆ ਰਿਹਾ । ਨਾ ਤਾਂ ਬੰਦੇ ਦੇ ਹੱਥ ਵਿਚ ਚੱਪੂ ਹੀ ਹਨ , ਨਾ ਹੀ ਗੁਰੂ ਰੂਪੀ ਮਲਾਹ ਉਸ ਬੇੜੇ ਵਿਚ ਹੈ , ਅਰਥਾਤ ਬੰਦੇ ਕੋਲ ਸ਼ਬਦ ਗੁਰੂ ਦੀ ਸਿਖਿਆ ਵੀ ਨਹੀਂ ਹੈ । ਜਿਸ ਆਸਰੇ ਇਹ ਬੇੜਾ ਬੰਨੇ ਲਾਇਆ ਜਾ ਸਕੇ । ਦੂਸਰੇ ਪਾਸੇ , ਇਹ ਭਵਜਲ ਸਾਗਰ , ਠਾਠਾਂ ਮਾਰਦਾ ਡਰਾਉਣਾ ਹੋ ਰਿਹਾ ਹੈ ।
॥2॥ ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥
ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥
ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥2॥
ਇਸ ਸਮੁੰਦਰ ਵਿਚੋਂ ਪਾਰ ਹੋਣ ਲਈ , ਪਰਮਾਤਮਾ ਰੂਪੀ ਬੇੜਾ ਹੈ , ਸ਼ਬਦ ਇਸ ਦਾ ਮਲਾਹ ਹੈ , ਜੋ ਬੰਦੇ ਨੂੰ ਪਾਰ ਲੰਘਾਉਣ ਦੇ ਸਮਰੱਥ ਹੈ । ਜਦ ਬੰਦਾ ਸ਼ਬਦ ਵਿਚਾਰ ਆਸਰੇ , ਪਰਮਾਤਮਾ ਰੂਪੀ ਬੇੜੇ ਤੇ ਸਵਾਰ ਹੋ ਜਾਂਦਾ ਹੈ , ਤਾਂ ਇਹ ਬੇੜਾ ਉਸ ਨੂੰ ਐਸੀ ਥਾਂ ਲੈ ਜਾਂਦਾ ਹੈ ਜਿੱਥੇ ( ਹਵਾ , ਪਾਣੀ , ਅੱਗ ਰੂਪੀ ) ਦੁਨੀਆ ਦੀ ਮਾਇਆ ਦੇ ਝੱਖੜ , ਉਸ ਤੇ ਕੋਈ ਅਸਰ ਨਹੀਂ ਪਾ ਸਕਦੇ । ਅਜਿਹੀ ਅਵਸਥਾ ਵਿਚ ਅਪੜਿਆ ਜੀਵ , ਸਦਾ ਥਿਰ ਪ੍ਰਭੂ ਦੀ ਰਜ਼ਾ , ਉਸ ਦੇ ਹੁਕਮ ਵਿਚ ਖੁਸ਼ ਰਹਿੰਦਾ ਹੈ । ਇਸ ਹਾਲਤ ਵਿਚ ਅਪੜਿਆ ਜੀਵ , ਪਰਭੂ ਦੇ ਨਾਮ ਆਸਰੇ , ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਸਮਰੱਥ ਹੁੰਦਾ ਹੈ।
॥3॥ ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥3॥
ਜਿਹੜੇ ਬੰਦੇ ਗੁਰਮੁਖਿ ਹੋ ਕੇ , ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਨਾਲ ਲਿਵ ਜੋੜਦੇ ਹਨ , ਪਿਆਰ ਪਾਉਂਦੇ ਹਨ , ਉਹ ਇਸ ਭਵਜਲ ਸੰਸਾਰ ਵਿਚ ਡੁਬਣੋ ਬਚ ਕੇ ਪਾਰ ਲੰਘ ਜਾਂਦੇ ਹਨ । ਉਨ੍ਹਾਂ ਵਿਚ ਗੁਰੂ ਦੀ ਮੱਤ ਆਸਰੇ , ਸਹਜ ਭਾਵ , ਭਟਕਣਾ ਰਹਿਤ ਭਾਵ ਪੈਦਾ ਹੋ ਜਾਂਦਾ ਹੈ , ਅਤੇ ਉਹ ਸੱਚੇ , ਪਰਮਾਤਮਾ ਨਾਲ ਸਹਜ ਅਵਸਥਾ ਵਿਚ , ਬਿਨਾ ਕਿਸੇ ਉਚੇਚੇ ਕਰਮ ਕਾਂਡ ਦੇ , ਜੁੜੇ ਰਹਿੰਦੇ ਹਨ । ਇਵੇਂ ਆਪਣੀ ਜੋਤ ਨੂੰ ਪਰਮਾਤਮਾ ਦੀ ਲੋਤ ਵਿਚ ਮਿਲਾ ਕੇ , ਉਸ ਨਾਲ ਇਕ ਮਿਕ ਹੋ ਕੇ , ਆਪਣਾ ਆਵਾ-ਗਵਣ ਦਾ ਚੱਕਰ ਖਤਮ ਕਰ ਲੈਂਦੇ ਹਨ ।
॥4॥ ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥4॥
ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ , ਤਾਂ ਉਸ ਦਾ ਜ਼ਹਰ ਖਤਮ ਨਹੀਂ ਹੋ ਜਾਂਦਾ , ਨਾ ਹੀ ਉਸ ਦੇ ਮਨ ਵਿਚੋਂ , ਦੂਸਰਿਆਂ ਨੂੰ ਡੰਗ ਮਾਰਨ ਦਾ ਗੁੱਸਾ ਖਤਮ ਹੁੰਦਾ ਹੈ । ਇਵੇਂ ਹੀ ਮੰਨੋ ਕਿ ਮਨ ਇਕ ਸੱਪ ਹੈ , ਕਿਸੇ ਧਾਰਮਿਕ ਭੇਸ ਵਿਚ ਰਹਣ ਨਾਲ ਵੀ , ਮਨ ਦਾ ਸੁਭਾਉ ਬਦਲ ਨਹੀਂ ਜਾਂਦਾ । ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਫਲ ਭੋਗਣਾ ਹੀ ਪੈਂਦਾ ਹੈ , ਆਪਣੇ ਕੀਤੇ ਬੁਰੇ ਕਰਮਾਂ ਲਈ , ਕਿਸੇ ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ । ਅਪਣਾ ਕੀਤਾ ਆਪ ਹੀ ਭੋਗਣਾ ਪੈਂਦਾ ਹੈ । ਜੇ ਬੰਦਾ ਗੁਰਮੁਖਿ ਹੋ ਕੇ , ਗੁਰੂ ਦੀ ਸਰਨ ਪੈ ਕੇ , ਮਨ ਰੂਪੀ ਸੱਪ ਨੂੰ ਵੱਸ ਵਿਚ ਕਰਨ ਵਾਲਾ ਗਾਰੜ ਮੰਤ੍ਰ , ਗੁਰੂ ਕੋਲੋਂ ਸੁਣ ਲਵੇ , ਉਸ ਨੂੰ ਵਰਤਣ ਦਾ ਵੱਲ ਸਮਝ ਲਵੇ , ਮਨ ਨੂੰ ਪਰਮਾਤਮਾ ਦੇ ਹੁਕਮ ਵਿਚ ਚੱਲਣ ਦੀ ਗੇਝ ਪਾ ਲਵੇ , ਤਾਂ ਉਸ ਦੇ ਅੰਦਰ , ਠੰਡ ਪੈ ਜਾਂਦੀ ਹੈ , ਮਨ ਟਿਕ ਜਾਂਦਾ ਹੈ ।
॥5॥ ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥5॥
ਜਿਵੇਂ ਦਰਿਆ ਵਿਚ ਕੁੰਡੀ ਲਾ ਕੇ , ਜਾਂ ਜਾਲ ਪਾ ਕੇ ਮਗਰ-ਮੱਛ ਫਸਾ ਲਈਦਾ ਹੈ , ਤਿਵੇਂ ਹੀ ਭੈੜੀ ਮੱਤ ਵਿਚ ਫਸਿਆ ਬੰਦਾ , ਮਾਇਆ-ਮੋਹ ਦੇ ਕਾਬੂ ਆ ਹੀ ਜਾਂਦਾ ਹੈ , ਫਿਰ ਉਹ ਮੁੜ-ਮੁੜ ਵਿਕਾਰ ਕਰਦਾ ਹੈ , ਅਤੇ ਮੁੜ-ਮੁੜ ਪਛਤਾਉਂਦਾ ਹੈ , ਉਸ ਨੂੰ ਇਹ ਸੋਝੀ ਨਹੀਂ ਹੋ ਪਾਉਂਦੀ , ਕਿ ਇਸ ਤਰ੍ਹਾਂ ਵਿਕਾਰਾਂ ਕਾਰਨ , ਜਨਮ ਮਰਨ ਦੇ ਗੇੜ ਵਿਚ ਪਵਾਂਗਾ । ਪਰ ਉਸ ਦੇ ਵੱਸ ਦੀ ਵੀ ਕੋਈ ਗੱਲ ਨਹੀਂ , ਕਿਉਂਕਿ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਮਿਟਾਇਆ ਨਹੀਂ ਜਾ ਸਕਦਾ ।
॥6॥ ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥6॥
ਪਰਮਾਤਮਾ ਨੇ ਜੀਵਾਂ ਦੇ ਅੰਦਰ ਹਉਮੈ ਰੂਪੀ ਜ਼ਹਰ ਪਾ ਕੇ , ਹਗਤ ਪੈਦਾ ਕੀਤਾ ਹੈ । ਜਿਸ ਬੰਦੇ ਦੇ ਅੰਦਰ ਸ਼ਬਦ ਗੁਰੂ ਦਾ ਗਿਆਨ ਟਿਕ ਜਾਂਦਾ ਹੈ , ਉਸ ਦੇ ਅੰਦਰੋਂ ਹਉਮੈ ਰੂਪੀ ਜ਼ਹਰ ਖਤਮ ਹੋ ਜਾਂਦਾ ਹੈ । ਉਹ ਹਮੇਸ਼ਾ ਸੱਚ , ਪਰਮਾਤਮਾ ਨਾਲ ਲਿਵ ਜੋੜੀ ਰਖਦਾ ਹੈ , ਉਸ ਦੀ ਆਤਮਕ ਅਵਸਥਾ ਤੇ , ਕਾਲ , ਸਮੇ ਦੇ ਪ੍ਰਭਾਵ ਦਾ ਅਸਰ ਨਹੀਂ ਪੈਂਦਾ । ਜਿਸ ਮਨੁੱਖ ਦੇ ਅੰਦਰੋਂ ਹਉਮੈ ਖਤਮ ਹੋ ਜਾਵੇ , ਉਸ ਬਾਰੇ ਹੀ ਕਿਹਾ ਜਾ ਸਕਦਾ ਹੈ ਕਿ ਉਹ ਸੰਸਾਰਿਕ ਜੀਵਨ ਵਿਚ ਹੀ , ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਹੈ ।
॥7॥ ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥
ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥7॥
ਦੁਨੀਆ ਵਿਚ ਸੰਸਾਰੀ ਕਾਰ-ਵਿਹਾਰ ਦੀ ਦੌੜ-ਭੱਜ ਕਾਰਨ ਹੀ ਬੰਦਾ ਮਾਇਆ ਮੋਹ ਦੀ ਪਕੜ ਵਿਚ ਆ ਜਾਂਦਾ ਹੈ , ਉਸ ਵਿਚੋਂ ਨਿਕਲਣ ਬਾਰੇ , ਉਹ ਸੋਚ ਹੀ ਨਹੀਂ ਸਕਦਾ ।ਆਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲਾ ਬੰਦਾ , ਅਜਿਹਾ ਮੂਰਖ ਅਤੇ ਬੁਧੂ ਬਣ ਜਾਂਦਾ ਹੈ ਕਿ ਉਹ ਜਨਮ-ਮਰਨ ਦਾ ਗੇੜ , ਭੁਲਾਅ ਹੀ ਬੈਠਦਾ ਹੈ । ਜਿਨ੍ਹਾਂ ਦੀ ਰੱਖਿਆ ਸ਼ਬਦ ਗੁਰੂ ਨੇ ਕੀਤੀ , ਉਹ ਸ਼ਬਦ ਵਿਚਾਰ ਆਸਰੇ , ਮਾਇਆ ਦੇ ਮੋਹ ਤੋਂ ਬਚ ਗਏ ।
॥8॥ ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥8॥ ( 1010 )
ਤੋਤਾ ਪਿੰਜਰੇ ਵਿਚ ਬੰਦ , ਉਹੀ ਬੋਲੀ ਬੋਲਦਾ ਹੈ , ਜੋ ਉਸ ਦਾ ਮਾਲਿਕ ਉਸ ਨੂੰ ਸਿਖਾਉਂਦਾ ਹੈ । ਇਵੇਂ ਹੀ ਜੋ ਬੰਦਾ ਪਰਮਾਤਮਾ ਦੇ ਪ੍ਰੇਮ ਰੂਪੀ ਪਿੰਜਰੇ ਵਿਚ , ਕੈਦ ਹੋ ਜਾਂਦਾ ਹੈ , ਉਹ ਪ੍ਰਭੂ ਦੇ ਨਾਮ ਦੀ ਹੀ ਬੋਲੀ ਬੋਲਦਾ ਹੈ , ਕਰਤਾਰ ਦੀ ਰਜ਼ਾ ਦਾ ਹੀ ਦਾਣਾ ਚੁਗਦਾ ਹੈ , ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲਣ ਦਾ ਹੀ ਅੰਂਮ੍ਰਿਤੁ ਪੀਂਦਾ ਹੈ । ਇਵੇਂ ਉਹ ਇਕ ਵਾਰ ਹੀ , ਏਸੇ ਮਨੁੱਖਾ ਜਨਮ ਵਿਚ ਹੀ , ਇਸ ਸਰੀਰ ਨੂੰ ਹਮੇਸ਼ਾ ਲਈ ਤਿਆਗ ਦਿੰਦਾ ਹੈ , ਯਾਨੀ ਫਿਰ ਕਦੇ ਵੀ ਸਰੀਰਕ ਜਾਮੇ ਵਿਚ ਨਹੀਂ ਆਉਂਦਾ , ਮੁੜ-ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।
ਹੇ ਨਾਨਕ ਆਖ , ਜੇ ਸ਼ਬਦ ਗੁਰੂ ਮਿਲ ਪਵੇ ਤਾਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ਅਤੇ ਉਸ ਬੰਦੇ ਨੂੰ ਮੁਕਤੀ ਦਾ ਦੁਆਰਾ ਲੱਭ ਪੈਂਦਾ ਹੈ ।
ਅਮਰ ਜੀਤ ਸਿੰਘ ਚੰਦੀ
5-12-14