(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਛੇਵਾਂ)
ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥
ਸ਼ਬਦ ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥
ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥1॥
ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਂਮ੍ਰਿਤ ਭੰਡਾਰਾ ॥1॥ਰਹਾਉ॥
ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
ਆਪੇ ਪ੍ਰੀਂਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥2॥
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥3॥
ਅਹਿਨਿਸਿ ਜੀਆ ਦੇਖਿ ਸਮ੍ਾਲੈ ਸੁਖੁ ਦੁਖੁ ਪੁਰਬਿ ਕਮਾਈ ॥
ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ ॥4॥ (1330)
॥ਰਹਾਉ॥ ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਂਮ੍ਰਿਤ ਭੰਡਾਰਾ ॥1॥ਰਹਾਉ॥
ਸਾਰੀ ਦੁਨੀਆ ਦੀ ਜ਼ਿੰਦਗੀ , ਜੀਵਨ ਦਾ ਆਧਾਰ , ਪ੍ਰਭੂ ਹਰ ਵੇਲੇ ਸੁਚੇਤ , ਸਦਾ ਜਾਗਦਾ ਰਹਿਣ ਵਾਲਾ ਹੈ । ਬੰਦਾ , ਮਾਇਆ ਮੋਹ ਦੀ ਨੀਂਦ ਵਿਚ ਹਰ ਵੇਲੇ ਗਾਫਲ ਰਹਿੰਦਾ ਹੈ । ਹੇ ਪਰਮਾਤਮਾ ਇਹ ਸਮਰਥਾ , ਸਿਫਤ ਤੇ ਸਿਰਫ ਤੇਰੇ ਵਿਚ ਹੀ ਹੈ ਕਿ ਤੇਰੇ ਤੇ ਮਾਇਆ ਮੋਹ ਦੀ ਨੀਂਦ ਕਦੀ ਅਸਰ ਨਹੀਂ ਕਰਦੀ । ਹੇ ਸੁਖਾਂ ਦੇ ਸਮੁੰਦਰ ਪ੍ਰਭੂ , ਤੇਰੇ ਕੋਲ ਹੀ ਅੰਮ੍ਰਿਤ ਦੇ ਉਹ ਭੰਡਾਰ ਹਨ , ਜੋ ਮਾਇਆ ਮੋਹ ਦੇ ਵਿਚ , ਆਤਮਕ ਮੌਤੇ ਮਰੇ ਬੰਦੇ ਨੂੰ ਜਿਉਂਦਾ ਕਰਨ ਦੇ ਸਮਰੱਥ ਹੈ ।
॥1॥ ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥
ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥1॥
ਬੰਦਾ ਅਜਿਹਾ ਸਮਝਦਾ ਹੈ ਕਿ ਮੈਂ ਬਹੁਤ ਸੁਚੇਤ ਹਾਂ , ਬਹੁਤ ਚਤੁਰ ਹਾਂ , ਇਸ ਭੁਲੇਖੇ ਵਿਚ ਹੀ ਉਹ ਖੁਸ਼ ਹੁੰਦਾ ਰਹਿੰਦਾ ਹੈ ਕਿ ਮੈਂ ਜਾਗ ਰਿਹਾ ਹਾਂ , ਹਰ ਪਾਸਿਉਂ ਚੌਕਸ ਹਾਂ , ਪਰ ਉਹ ਮਾਇਆ ਮੋਹ ਵਿਚ ਅੰਨ੍ਹਾ ਹੋਇਆ , ਵਿਕਾਰਾਂ ਹਥੋਂ ਲੁਟਿਆ ਜਾ ਰਿਹਾ ਹੈ , ਵਿਕਾਰ ਹਰ ਵੇਲੇ ਉਸ ਦੀ ਆਤਮਕ ਪੂੰਜੀ ਲੁੱਟ ਰਹੇ ਹਨ । ਉਸ ਦੇ ਗਲ ਵਿਚ ਤਾਂ ਮਾਇਆ ਮੋਹ ਦੀ ਫਾਹੀ ਪਈ ਹੋਈ ਹੈ , ਪਰ ਉਸ ਨੂੰ ਇਸ ਬਾਰੇ ਕੋਈ ਸੋਝੀ ਨਹੀਂ ਹੈ , ਜੋ ਉਹ ਉਸ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰ ਸਕੇ । ਉਸ ਦੇ ਸਿਰ ਤੇ ਤਾਂ ਹਰ ਵੇਲੇ , ਦੁਨਿਆਵੀ ਲੋੜਾਂ ਦਾ ਭੂਤ ਸਵਾਰ ਰਹੰਦਾ ਹੈ । ਇਸ ਤਰ੍ਹਾਂ ਉਹ ਜਿਨ੍ਹਾਂ ਆਸਾਂ ਅਧੀਨ , ਇਸ ਸੰਸਾਰ ਵਿਚ ਆਉਂਦਾ ਹੈ , ਉਨ੍ਹਾਂ ਬਾਰੇ ਅਨੇਕਾਂ ਫੁਰਨੇ ਲੈ ਕੇ ਇਸ ਸੰਸਾਰ ਤੋਂ ਚਲੇ ਜਾਂਦਾ ਹੈ ।
ਇਵੇਂ ਉਸ ਦੀ ਸਾਰੀ ਜ਼ਿੰਦਗੀ , ਆਸਾਂ ਅਤੇ ਉਨ੍ਹਾਂ ਨੂੰ ਪੁਰਾ ਕਰਨ ਲਈ , ਮਨ ਦੇ ਫੁਰਨਿਆਂ ਵਿਚ ਹੀ ਬੀਤ ਜਾਂਦੀ ਹੈ । ਆਪਣੀ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਬਾਰੇ , ਉਸ ਦਾ ਕੋਈ ਵੱਸ ਹੀ ਨਹੀਂ ਚਲਦਾ ।
॥2॥ ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
ਆਪੇ ਪ੍ਰੀਂਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥2॥
ਮਾਇਆ ਮੋਹ ਦੇ ਵਿਚ ਅੰਨ੍ਹਾ ਹੋਇਆ ਬੰਦਾ , ਕਿਸੇ ਦੀ ਦਿੱਤੀ ਹੋਈ ਸਿਖਿਆ ਨੂੰ ਸਮਝਦਾ ਹੀ ਨਹੀਂ । ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ , ਆਪਣੇ ਆਪ ਉਸ ਨੂੰ , ਆਤਮਕ ਜੀਵਨ ਬਚਾਉਣ ਦਾ ਕੋਈ ਉਪਰਾਲਾ ਸੁਝਦਾ ਹੀ ਨਹੀਂ , ਅਤੇ ਉਹ ਨਿੱਤ ਬੁਰੇ ਕੰਮ ਹੀ ਕਰੀ ਜਾਂਦਾ ਹੈ ।
ਪਰ ਜੀਵ ਦੇ ਆਪਣੇ ਵੱਸ ਦੀ ਕੋਈ ਗੱਲ ਨਹੀਂ ਹੈ , ਪਰਮਾਤਮਾ ਆਪ ਹੀ ਬੰਦੇ ਨੂੰ ਆਪਣੇ ਪਿਆਰ , ਆਪਣੀ ਭਗਤੀ ਨਾਲ ਜੋੜਦਾ ਹੈ , ਜਿਸ ਕਾਰਨ ਉਹ ਚੰਗੇ ਕੰਮ ਕਰਦਾ ਹੈ , ਅਤੇ ਚੰਗੇ ਕੰਮ ਕਰਨ ਆਸਰੇ ਉਸ ਨੂੰ ਵਡਿਆਈ ਮਿਲਦੀ ਹੈ ।
॥3॥ ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥3॥
ਦਿਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ , ਤਿਲ-ਤਿਲ ਕਰ ਕ ਉਮਰ ਘਟਦੀ ਰਹਿੰਦੀ ਹੈ , ਪਰ ਮਾਇਆ ਦਾ ਮੋਹ ਬੰਦੇ ਦੇ ਅੰਦਰ ਓਵੇਂ ਹੀ ਟਿਕਿਆ ਰਹਿੰਦਾ ਹੈ । ਇਸ ਤਰ੍ਹਾਂ ਮਾਇਆ ਮੋਹ ਵਿਚ ਡੁੱਬੇ ਹੋੲ ਬੰਦੇ ਨੂੰ ਕਿਤੇ ਵੀ ਠਿਕਾਣਾ , ਆਸਰਾ ਨਹੀਂ ਮਿਲਦਾ । ਜਦ ਤਕ ਬੰਦੇ ਦੇ ਅੰਦਰ ਇਕ ਰਾਈ ( ਸਰ੍ਹੋਂ ਦਾ ਦਾਣਾ ) ਜਿੰਨਾ ਵੀ ਦੂਜਾ ਭਾਵ , ਪਰਮਾਤਮਾ ਤੋਂ ਇਲਾਵਾ ਕਿਸੇ ਦੂਸਰੇ ਤੇ ਤਿਲ ਮਾਤ੍ਰ ਵੀ ਵਿਸ਼ਵਾਸ ਰਹਿੰਦਾ ਹੈ , ਤਦ ਤਕ ਉਸ ਦਾ ਮਨ ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ , ਭਟਕਦਾ ਰਹਿੰਦਾ ਹੈ , ਉਸ ਨੂੰ ਆਪਣੇ ਬਚਾਅ ਦਾ ਕੋਈ ਰਾਹ ਨਹੀਂ ਲੱਭਦਾ ।
( ਇਸ ਹਿਸਾਬ ਉਨ੍ਹਾਂ ਸਿੱਖਾਂ ਦਾ ਕੀ ਹਾਲ ਹੋਵੇਗਾ ਜੋ , ਸ਼ਬਦ ਗੁਰੂ ਨੂੰ ਛੱਡ ਕੇ , ਮਾਇਆ ਦੇ ਲੋਭੀ ਇਨਸਾਨਾਂ ਦਾ ਆਸਰਾ ਤਕਦੇ , ਡੇਰਿਆਂ ਵਿਚ ਧੱਕੇ ਖਾਂਦੇ , ਆਪਣੀ ਕਮਾਈ , ਆਪਣੀ ਇਜ਼ਤ ਅਤੇ ਕਈ ਵਾਰੀ ਤਾਂ ਆਪਣੀ ਜਾਨ ਵੀ ਗਵਾ ਲੈਂਦੇ ਹਨ। ਤਾਜ਼ੀ ਮਿਸਾਲ ਸਾਮ੍ਹਣੇ ਹੈ , ਜਿਸ ਵਿਚ ਇਕ ਮਿਲਟਰੀ ਦੇ ਰਿਟਾਇਰਡ ਮੇਜਰ ਨੂੰ , ਸਿਰਫ ਇਸ ਕਰ ਕੇ , ਉਸ ਦੇ ਮੂੰਹ ਤੇ ਤਿਜ਼ਾਬ ਪਾ ਕੇ ਉਸ ਦਾ ਚਿਹਰਾ ਸਾੜ ਦਿੱਤਾ ਗਿਆ , ਉਸ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਚਲੇ ਗਈ , ਕਿਉਂਕਿ ਉਹ ਪਹਿਲਾਂ ਮਾਣ ਸਿੰਹੁ ਪਿਹੋਵੇ ਵਾਲੇ ਦੇ ਡੇਰੇ ਵਿਚਲੇ ਹਸਪਤਾਲ ਵਿਚ , ਉਨ੍ਹਾਂ ਬੀਬੀਆਂ ਦੇ ਗਰਭ ਵਿਚਲੇ ਬੱਚਿਆਂ ਦੇ ਲਿੰਗ ਦੀ ਜਾਂਚ ਕਰਦਾ ਸੀ , ਜਿਨ੍ਹਾਂ ਨੂੰ ਮਾਣ ਸਿੰਹੁ ਵਲੋਂ , ਮੁੰਡਾ ਹੋਣ ਦਾ ਵਰ ਮਿਲਿਆ ਹੋਇਆ ਹੁੰਦਾ ਸੀ । ਤਾ ਕਿ ਜਿਸ ਬੀਬੀ ਦੇ ਗਰਭ ਵਿਚ ਕੁੜੀ ਹੋਵੇ , ਉਸ ਦਾ ਗਰਭ-ਪਾਤ ਕਰ ਕੇ , ਮਾਣ ਸਿੰਹੁ ਪਿਹੋਵੇ ਵਾਲੇ ਦੇ ਵਰ ਨੂੰ ਗਲਤ ਹੋਣ ਤੋਂ ਬਚਾ ਕੇ , ਉਸ ਨੂੰ ਝੂਠਾ ਹੋਣ ਤੋਂ ਬਚਾਇਆ ਜਾ ਸਕੇ । ਪਰ ਉਸ ਮੇਜਰ ਦੀ ਖੁਸ਼ ਕਿਸਤੀ , ਜਾਂ ਪਿਹੋਵੇ ਵਾਲੇ ਦੀ ਬਦਕਿਸਮਤੀ ਕਿ , ਉਸ ਤੇ ਡਾ. ਹਰਸ਼ਿੰਦਰ ਕੌਰ ਦੀ ਅਪੀਲ ਦਾ ਅਸਰ ਹੋ ਗਿਆ , ਅਤੇ ਉਸ ਨੇ ਇਸ ਘਿਨਾਉਣੇ ਕੰਮ ਤੋਂ ਤੋਬਾ ਕਰ ਲਈ । ਉਸ ਨੂੰ ਸਿਰਫ ਇਸ ਕਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ , ਉਹ ਡੇਰੇ ਦੀਆਂ ਕਰਤੂਤਾਂ , ਬਾਹਰ ਨਾ ਜ਼ਾਹਰ ਕਰ ਸਕੇ । ਪਰ ਉਹ ਉਸ ਡੇਰੇਦਾਰ ਸਾਧ ਦਾ ਪਾਜ ਨੰਗਾ ਕਰਨ ਲਈ ਜਿਉਂਦਾ ਬਚ ਗਿਆ )
॥4॥ ਅਹਿਨਿਸਿ ਜੀਆ ਦੇਖਿ ਸਮ੍ਾਲੈ ਸੁਖੁ ਦੁਖੁ ਪੁਰਬਿ ਕਮਾਈ ॥
ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ ॥4॥ (1330)
ਪਰਮਾਤਮਾ ਆਪ , ਦਿਨ-ਰਾਤ , ਬਹੁਤ ਧਿਆਨ ਨਾਲ , ਆਪਣੇ ਅਟੱਲ ਨਿਯਮਾਂ ਅਨੁਸਾਰ , ਜੀਵਾਂ ਦੀ ਦੇਖ-ਭਾਲ ਕਰਦਾ ਹੈ । ਬੰਦੇ ਨੂੰ ਸੁਖ , ਪਰਮਾਤਮਾ ਨਾਲ ਪਿਆਰ , ਪ੍ਰਭੂ ਨਾਲ ਮਿਲਾਪ । ਅਤੇ ਦੁੱਖ , ਪਰਮਾਤਮਾ ਤੋਂ ਦੂਰੀ , ਅਕਾਲ ਪੁਰਖ ਤੋਂ ਵਿਛੋੜਾ , ਆਪਣੇ ਪੂਰਬਲੇ ਕੀਤੇ ਕਰਮਾਂ ਆਸਰੇ ਕੀਤੀ ਕਮਾਈ ਨੂੰ ਵੇਖਦਿਆਂ , ਕਰਤਾਰ ਦੇ ਅਟੱਲ ਨਿਯਮਾਂ ਅਨੁਸਾਰ ਹੀ ਮਿਲਦੇ ਹਨ ।
ਹੇ ਪ੍ਰਭੂ , ਮੈਂ ਤਾਂ ਚੰਗੇ ਕਰਮ ਕਰਨ ਜੋਗਾ ਹਾਂ ਹੀ ਨਹੀਂ , ਮੈਂ ਤਾਂ ਇਹੀ ਲੋਚਦਾ ਹਾਂ ਕਿ ਮੈਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਵੇ , ਇਸ ਲਈ ਨਾਨਕ ਤੇਰੇ ਦਰ ਤੋਂ , ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ।
ਅਮਰ ਜੀਤ ਸਿੰਘ ਚੰਦੀ
10-12-14