ਮਨੁੱਖੀ ਅਧਿਕਾਰ-ਬਨਾਮ-ਹਕੂਮਤਾਂ ਦੇ ਕਹਿਰ
ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜ਼ੀ ਸੀ ਜਾਂ ਜਿਸ ਸਮੇਂ ਤੋਂ ਸੰਸਾਰ ਦੀ ਹੋਂਦ ਬਣੀ ਅਤੇ ਮਨੁੱਖ ਦਾ ਵਿਕਾਸ ਹੋਇਆ ਹੈ, ਉਸ ਸਮੇਂ ਹੀ ਉਸਦੇ ਅਧਿਕਾਰਾਂ ਨੂੰ ਵੀ ਕੁਦਰਤ ਨੇ ਨਾਲ ਹੀ ਜਨਮ ਦਿੱਤਾ। ਮਨੁੱਖ ਨੂੰ ਗੁਰੁਬਾਣੀ ਵਿੱਚ ਵੀ ਸਭ ਜੂਨੀਆਂ ਦਾ ਸਰਦਾਰ ਆਖਿਆ ਗਿਆ ਹੈ। ਓਹ ਇਸ ਕਰਕੇ ਕਿ ਬੇਸ਼ੱਕ ਖਾਨ ਪੀਣ ਜਾਂ ਆਪਣੇ ਬੱਚੇ ਪਾਲਣ ਦੀ ਸੋਝੀ ਅਤੇ ਆਪਣੀ ਰਾਖੀ ਕਰਨ ਦੇ ਢੰਗ ਤਰੀਕੇ ਵੀ ਹਰ ਪਰਜਾਤੀ ਕੋਲ ਹਨ। ਪਰ ਇਸ ਵਿਚ ਮਨੁੱਖ ਹੀ ਇੱਕ ਐਸਾ ਜੀਵ ਹੈ। ਜਿਸਨੂੰ ਪ੍ਰਮਾਤਮਾ ਨੇ ਬਿਬੇਕ ਬੁੱਧ ਦਿੱਤੀ ਹੈ। ਜਿਸ ਨਾਲ ਇਹ ਕਾਦਰ ਦੀ ਕੁਦਰਤ ਦੇ ਓਹਨਾਂ ਰੰਗਾਂ ਦਾ ਲੁਤਫ਼ ਵੀ ਲੈ ਸਕਦਾ ਹੈ, ਜਿਸ ਨੂੰ ਇਨਸਾਨੀ ਜਾਮੇਂ ਤੋਂ ਬਿਨਾਂ ਕਿਸੇ ਤਰੀਕੇ ਵੀ ਨਹੀ ਮਾਨਿਆ ਜਾ ਸਕਦਾ।
ਲੇਕਿਨ ਮਨੁੱਖ ਦਾ ਵੀ ਜਿਵੇ ਜਿਵੇ ਬੌਧਿਕ ਵਿਕਾਸ ਹੋਇਆ। ਇਸਨੇ ਆਪਣੀ ਹੋਂਦ ਨੂੰ ਖੋਜਿਆ ਅਤੇ ਫਿਰ ਆਪਣੇ ਅੰਤ ਨੂੰ ਲੈਕੇ ਚਿੰਤਤ ਹੋਇਆ ਤਾਂ ਇਸ ਨੇ ਸੰਗਠਨ ਨੂੰ ਜਨਮ ਦਿੱਤਾ। ਜੋ ਕਬੀਲਾ ਅਤੇ ਹੌਲੀ ਹੌਲੀ ਸਮਾਜ ਬਣ ਗਿਆ। ਜਿਥੋਂ ਇਸ ਨੂੰ ਉਸ ਸਮਾਜ ਦੀ ਅਗਵਾਈ ਦਾ ਚਸਕਾ ਪਿਆ, ਕੁਦਰਤ ਦੇ ਅਲੌਕਿਕ ਕਰਤਵ ਅਤੇ ਅਧਭੁੱਤ ਰਚਨਾ ਨੂੰ ਵੇਖ ਮਨੁੱਖ ਦੀ ਜਗਿਆਸਾ ਰਹੀ ਕਿ ਕੋਈ ਇੱਕ ਹੋਰ ਵੱਡੀ ਸ਼ਕਤੀ ਵੀ ਹੈ,ਜਿਸ ਨੇ ਇਹ ਸਭ ਕੁੱਝ ਪੈਦਾ ਕੀਤਾ ਹੈ, ਨੂੰ ਵੀ ਜਾਣਿਆ ਜਾਵੇ। ਇਹਨਾਂ ਹਾਲਾਤਾਂ ਨੇ ਧਰਮ ਅਤੇ ਧਾਰਮਿਕ ਰੁਚੀਆਂ ਨੂੰ ਜਨਮ ਦਿੱਤਾ। ਇਹ ਸਮਾਜ ਧਰਮ ਵਿੱਚ ਤਬਦੀਲ ਹੋਇਆ। ਜਿਥੇ ਕਿਤੇ ਕਿਸੇ ਗੱਲ ਤੇ ਅਸਹਿਮਤੀ ਬਣੀ ਉਥੋਂ ਵਖਰੇਵਾਂ ਅਤੇ ਦੂਸਰਾ ਧਰਮ ਵੀ ਹੋਂਦ ਵਿੱਚ ਆ ਗਿਆ।
ਆਪਣੀ ਲੋੜ ਅਨੁਸਾਰ ਆਪਣੇ ਨਿਯਮ ਤਹਿ ਕੀਤੇ ਗਏ। ਜਿਹਨਾਂ ਨੂੰ ਚਲਾਉਣ ਵਾਲਾ ਰਾਜਾ ਬਣ ਗਿਆ ਤੇ ਮੰਨਨ ਵਾਲੇ ਪ੍ਰਜਾ ਰੂਪ ਹੋ ਗਏ।ਇਸ ਰਾਜ ਨੂੰ ਬਣਾਈ ਰੱਖਣ ਦੀ ਲਾਲਸਾ ਨੇ ਦੂਜਿਆਂ ਉੱਤੇ ਆਪਣੀ ਗੱਲ ਜਬਰੀ ਲਾਗੂ ਕਰਨ ਦਾ ਯਤਨ ਕੀਤਾ। ਇਕ ਦੂਜੇ ਦੇ ਵਿਚਾਰਾਂ ਨਾਲ ਅਸਹਿਮਤੀ ਵਿੱਚੋਂ ਈਰਖਾ ਦੀ ਅੱਗ ਨੇ ਜਨਮ ਲਿਆ। ਕਿਸੇ ਇੱਕ ਗੱਲ ਤੇ ਇੱਕ ਮੱਤ ਨਾ ਹੋਣ ਤੇ ਕ੍ਰੋਧ ਨੇ ਜੰਗਾਂ ਯੁੱਧਾਂ ਦੀ ਬਿਰਤੀ ਪੈਦਾ ਕੀਤੀ। ਆਪਣੀ ਸ਼ਕਤੀ ਵਧਾਉਣ ਅਤੇ ਦੂਜੇ ਨੂੰ ਖੋਰਾਂ ਲਾਉਣ ਦੀ ਇੱਲਤ ਨੇ ਮਨੁੱਖ ਨੂੰ ਅਕਲ ਅਤੇ ਸੁਭਾਅ ਪੱਖੋਂ ਜੰਗਲੀ ਬਣਾ ਦਿੱਤਾ। ਇਕ ਦੂਸਰੇ ਦੇ ਹੱਕਾਂ ਤੇ ਡਾਕਾ ਮਾਰਨ ਨੂੰ ਦੇਸ਼ ਭਗਤੀ ਦਾ ਨਾਮ ਦੇ ਦਿੱਤਾ। ਜਿਥੋਂ ਮਨੁੱਖੀ ਅਧਿਕਾਰਾਂ ਦਾ ਸੋਸ਼ਣ ਹੋਣਾ ਆਰੰਭ ਹੋਇਆ।
ਆਰੰਭ ਕਾਲ ਵਿੱਚ ਤਾਂ ਮਨੁੱਖ ਕੋਲ ਤਲੀਮ ਦੀ ਘਾਟ ਸੀ ਜਾਂ ਰਾਜ ਕਿਸੇ ਇੱਕ ਵਿਅਕਤੀ ਦਾ ਹੁੰਦਾ ਸੀ ਅਤੇ ਇਹ ਕੁਦਰਤੀ ਹੈ ਕਿ ਅਜਿਹੇ ਰਾਜ ਵਿਚ ਲੋਕਾਂ ਦੀ ਸੁਣਵਾਈ ਦੀ ਘਾਟ ਅਕਸਰ ਹੀ ਹੁੰਦੀ ਸੀ ਤੇ ਅਹਿਲਕਾਰ ਵੀ ਪੱਖਪਾਤੀ ਰਵਈਏ ਕਾਰਨ ਲੋਕਾਂ ਨੂੰ ਪੀੜਾ ਦੇਣ ਦੇ ਕਾਰਕ ਹੋ ਜਾਂਦੇ ਸਨ ਤੇ ਇੱਕ ਜਨ ਸਧਾਰਨ ਦੇ ਮੁੱਢਲੇ ਜਾਂ ਮੌਲਿਖ ਤੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਜਾਂਦਾ ਸੀ। ਇਹ ਪ੍ਰਵਿਰਤੀ ਕਿਸੇ ਇਕ ਧਰਮ ਜਾਂ ਕਿਸੇ ਖਾਸ ਲੋਕਾਂ ਦੇ ਰਾਜ ਵਿਚ ਨਹੀ। ਸਗੋਂ ਹਰ ਇੱਕ ਦੇ ਰਾਜ ਵਿਚ ਹੁੰਦੀ ਰਹੀ ਹੈ। ਮੁਗਲਾਂ ਦੇ ਕਾਲ ਵਿੱਚ ਜੋ ਕੁੱਝ ਗੈਰ ਮੁਸਲਮਾਨਾਂ ਨਾਲ ਹੋਇਆ ਜਿਸਨੂੰ ਠੱਲ ਪਾਉਣ ਵਾਸਤੇ ਗੁਰੂ ਨਾਨਕ ਨੇ ਮੋਢਾ ਲਾਇਆ ਤੇ ਫਿਰ ਗੁਰੂ ਘਰ ਨੂੰ ਇਹਨਾਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਸਤੇ ਆਪਣੇ ਸਰਬੰਸ ਤੱਕ ਵਾਰਨੇ ਪਏ, ਤੱਤੀਆਂ ਤਵੀਆਂ ਤੇ ਰੜਣਾਂ ਪਿਆ। ਕਿਸੇ ਦੇ ਅਧਿਕਾਰਾਂ ਨੂੰ ਬਚਾਉਣ ਵਾਸਤੇ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਆਪਣਾ ਸਿਰ ਕਲਮ ਕਰਵਾਉਣਾ ਪਿਆ।
ਜਦੋਂ ਵੀ ਇਨਸਾਨ ਹੈਵਾਨੀਅਤ ਤੇ ਉਤਰਿਆ ਤਾਂ ਉਸਨੇ ਮਨੁੱਖੀ ਅਧਿਕਾਰਾਂ ਦਾ ਕਚੂੰਬਰ ਕਢਕੇ ਰੱਖ ਦਿੱਤਾ। ਹਿੰਦੂ ਧਰਮ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਨਾਂ ਦਾ ਵੱਡਾ ਇਤਿਹਾਸ ਹੈ ਕਿ ਦਲਿਤਾਂ ਨੂੰ ਧਰਮ ਮੰਤਰ ਸੁਨਣ ਦੀ ਮਨਾਹੀ ਕਰਕੇ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਉਹਨਾਂ ਨੂੰ ਸਮੇਂ ਦੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਚਿਤਵਨੀ ਸੀ ਕਿ ਆਪਣੇ ਗਲ ਵਿੱਚ ਕੁੱਜਾ ਬੰਨ• ਕੇ ਰੱਖਣਾ ਹੈ ਤਾਂ ਕਿ ਉਹਨਾਂ ਦਾ ਭ੍ਰਿਸ਼ਟ ਥੁੱਕ ਧਰਤੀ ਤੇ ਨਾ ਡਿੱਗੇ ਅਤੇ ਚਲਦੇ ਸਮੇਂ ਆਪਣੇ ਪਿਛੇ ਇੱਕ ਮੋਹੜੀ ਬੰਨ ਕੇ ਰੱਖਣੀ ਹੈ ਕਿ ਕਿਤੇ ਦਲਿਤ ਦੀ ਪੈੜ ਦਾ ਨਿਸ਼ਾਨ ਬਾਕੀ ਨਾ ਰਹੇ ਅਤੇ ਜਦੋਂ ਦਲਿਤ ਨੇ ਰਸਤੇ ਤੋਂ ਲੰਘਣਾ ਹੈ ਤਾਂ ਇਸ ਤਰੀਕੇ ਲੰਘਣਾ ਹੈ ਕਿ ਧੁੱਪ ਨਾਲ ਉਸਦਾ ਪਰਛਾਵਾਂ ਕਿਸੇ ਉਚ ਜਾਤੀ ਦੇ ਬੰਦੇ ਤੇ ਨਾ ਪੈ ਜਾਵੇ।
ਇਹ ਸਭ ਕੁੱਝ ਮਨੂੰ ਸਿਮਰਤੀ ਅਤੇ ਵਰਨਵਾਦ ਅਨੁਸਾਰ ਸਮਾਜ ਵਿੱਚ ਕਿਸੇ ਮਨੁੱਖ ਵੱਲੋਂ ਕੀਤੀ ਮਨੁੱਖਤਾ ਦੀ ਵੰਡ ਕਰਕੇ ਸੀ ਕਿ ਜਿਸਨੇ ਬ੍ਰਾਹਮਣ ,ਕਸ਼ਤਰੀ,ਵੈਸ਼ ਤੇ ਸ਼ੂਦਰ ਬਣਾਕੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਸੀ। ਅੱਜ ਤੱਕ ਵੀ ਬਹੁਤ ਸਾਰੇ ਹਿੰਦੂ ਮੰਦਰਾਂ ਵਿਚ ਕਿਸੇ ਦਲਿਤ ਦੇ ਦਾਖਲੇ ਤੇ ਪਬੰਦੀ ਹੈ। ਇਹ ਕੁਕਰਮ ਇੱਕ ਦੋ ਸਿੱਖ ਅਖਵਾਉਣ ਵਾਲੇ ਡੇਰਿਆਂ, ਜਿਵੇ ਡੇਰਾ ਰੂੰਮੀ ਭੁਚੋ ਅਤੇ ਨਾਨਕਸਰ ਠਾਠ ਜੋਰਾ ਸਿੰਘ ਬਧਨੀ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਗੁਰੂ ਕੇ ਲੰਗਰ ਵਿਚ ਦਲਿਤਾਂ ਵਾਸਤੇ ਵੱਖਰੀ ਪੰਗਤ ਲਾਕੇ ਕਰਦੇ ਹਨ।
ਦਮਦਮੀ ਟਕਸਾਲ ਵਿੱਚ ਦਲਿਤਾਂ ਨੂੰ ਵਖਰੇ ਅਮ੍ਰਿਤ ਦੀ ਪ੍ਰਥਾ ਹੈ ਅਤੇ ਦਮਦਮੀ ਟਕਸਾਲ ਦੇ ਜਥੇ ਦੇ ਅਖਵਾਉਣ ਦੇ ਬਾਵਜੂਦ ਵੀ ਦਲਿਤ ਜਾਤੀ ਨਾਲ ਸਬੰਧ ਲੋਕਾਂ ਨੂੰ ਉਚ ਜਾਤੀਏ ਬਰਾਬਰ ਦਾ ਸਤਿਕਾਰ ਨਹੀ ਦਿੰਦੇ। ਜਦੋਂ ਕਿ ਗੁਰੂ ਨਾਨਕ ਨੇ ਵਰਨਵਾਦ ਅਤੇ ਮਨੂੰਵਾਦੀ ਬਿਰਤੀ ਨੂੰ ਰੱਦ ਕੀਤਾ ਹੈ। ਇਸਦੀ ਸਾਖੀ ਗੁਰੂ ਗ੍ਰੰਥ ਸਾਹਿਬ ਭਰਦੇ ਹਨ। ਪਰ ਇਹਨਾਂ ਲੋਕਾਂ ਨੇ ਆਰ.ਐਸ.ਐਸ. ਵਰਗੀਆਂ ਦਲਿਤਾਂ ਕੰਨਾਂ ਵਿੱਚ ਸਿੱਕੇ ਪਾਉਣ ਵਾਲਿਆਂ ਦੀਆਂ ਪੈਰੋਕਾਰ ਜਥੇਬੰਦੀਆਂ ਦੇ ਪ੍ਰਭਾਵ ਹੇਠ ਅੱਜ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਨ ਜਾਰੀ ਰਖਿਆ ਹੋਇਆ ਹੈ।
ਮਨੁੱਖੀ ਅਧਿਕਾਰਾਂ ਦੀ ਲੜਾਈ ਵਾਸਤੇ ਜੇ ਕੋਈ ਅੱਗੇ ਹੋ ਕੇ ਲੜਿਆ ਤਾਂ ਇਹ ਸਿੱਖ ਗੁਰੂ ਸਹਿਬਾਨ ਅਤੇ ਉਹ ਭਗਤ ਮਹਾਂਪੁਰਖ ਹੀ ਲੜੇ ਜਿਹਨਾ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਰਜ਼ ਹੈ। ਉਸ ਪਿਛੋਂ ਜਦੋ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਨਵੀਨਤਮ ਧਰਮ ਤੇ ਸਭਿਆਚਾਰ ਦੇਕੇ ਸਾਜਿਆ ਤਾਂ ਸਿੱਖਾਂ ਨੇ ਵੀ ਬਾਖੂਬੀ ਬਰਾਬਰੀ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਵਾਸਤੇ ਸੰਘਰਸ਼ ਕੀਤਾ। ਵੱਡੀਆਂ ਵੱਡੀਆਂ ਸਲਤਨਤਾਂ ਨਾਲ ਟੱਕਰ ਲਈ, ਨੁਕਸਾਨ ਵੀ ਝੱਲਿਆ, ਸਿਰਫ ਇਸ ਕਰਕੇ ਕਿ ਮਨੁੱਖੀ ਤੇ ਮੌਲਿਕ ਅਧਿਕਾਰਾਂ ਦਾ ਸੋਸ਼ਣ ਰੋਕਣਾਂ ਹੈ।
ਸਿੱਖਾਂ ਨੇ ਦੋ ਵਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਰਾਜ ਕਾਇਮ ਕੀਤਾ ਜਿਸਦੀਆਂ ਮਿਸਾਲਾਂ ਅੱਜ ਵੀ ਇਤਿਹਾਸ ਵਿੱਚੋਂ ਮਿਲਦੀਆਂ ਹਨ ਕਿ ਸਿੱਖ ਰਾਜ ਵਿੱਚ ਕਿਸੇ ਦੇ ਮੌਲਿਕ ਅਧਿਕਾਰਾਂ ਦਾ ਸੋਸ਼ਣ ਨਹੀ ਹੋਇਆ। ਸਿੱਖਾਂ ਦੀ ਗਿਣਤੀ ਥੋੜੀ ਤੇ ਸਮਕਾਲੀ ਹਕੂਮਤ ਦੀ ਵਡੇਰੀ ਸ਼ਕਤੀ ਨੇ ਕਈ ਵਾਰ ਸਿੱਖਾਂ ਦੇ ਪੈਰ ਉਖੇੜੇ, ਰਾਜ ਪ੍ਰਬੰਧ ਦਾ ਪਤਨ ਹੋਇਆ, ਕਦੇ ਮੁਗਲ, ਕਦੇ ਫਿਰ ਅੰਗ੍ਰੇਜੀ ਗੁਲਾਮੀ ਦਾ ਸਾਹਮਣਾ ਕਰਨਾ ਪਿਆ। ਇਥੇ ਵੀ ਸਿੱਖ ਲੋਕਾਂ ਦੇ ਅਧਿਕਾਰਾਂ ਵਾਸਤੇ ਲੜਦੇ ਰਹੇ ਭਾਵੇ ਓਹ ਭਾਰਤ ਦੀ ਆਜ਼ਾਦੀ ਦੀ ਲੜਾਈ ਸੀ। ਸਿੱਖਾਂ ਦੀਆਂ ਕੁਰਬਾਨੀਆਂ ਲਾ ਮਿਸਾਲ ਹਨ।
ਅਖੀਰ ਸੰਨ 1947 ਦਾ ਪੰਦਰਾਂ ਅਗਸਤ ਜਦੋਂ ਭਾਰਤ ਅਜਾਦ ਹੋਇਆ ਤੇ ਸਿੱਖ ਬਹੁਗਿਣਤੀ ਭਾਰਤ ਵਿੱਚ ਆ ਵੱਸੀ। ਜਿਸਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਆਖਿਆ ਜਾਂਦਾ ਹੈ। ਜਿਥੇ ਮਨੁੱਖੀ ਹੱਕਾਂ ਦੀ ਸਭ ਤੋਂ ਵਧੇਰੇ ਕਦਰ ਹੋਣ ਦੀ ਉਮੀਦ ਹੀ ਨਹੀ ਸਗੋਂ ਇੱਕ ਭਰੋਸਾ ਸੀ। ਪਰ ਜੋ ਕੁੱਝ ਇਥੇ ਸਿੱਖਾਂ ਨਾਲ ਵਾਪਰਿਆ ਓਹ ਮਨੁਖੀ ਹੱਕਾਂ ਦੇ ਕਤਲੇਆਮ ਦੀ ਸਿਖਰ ਆਖਿਆ ਜਾ ਸਕਦਾ ਹੈ। ਜਿੱਥੇ ਸਿੱਖਾਂ ਦੇ ਧਰਮ ਵਿੱਚ ਚੁਫੇਰਿਓ ਦਖਲ , ਸਿੱਖਾਂ ਦੇ ਹੀ ਨਹੀ ਮਨੁੱਖੀ ਕਲਿਆਣ ਦੇ ਸਰੋਤ ਦਰਬਾਰ ਸਾਹਿਬ ਉੱਤੇ ਲੋਕਤੰਤਰ ਦੀ ਫੌਜ ਵੱਲੋਂ ਹਮਲਾ, ਦਿੱਲੀ ਅਤੇ ਪੰਜਾਬ ਤੋਂ ਬਾਹਰ ਸੌ ਦੇ ਕਰੀਬ ਸ਼ਹਿਰਾਂ ਵਿਚ ਹਜ਼ਾਰਾਂ ਬੇ ਗੁਨਾਹ ਸਿੱਖਾਂ ਦਾ ਸਰਕਾਰੀ ਤੰਤਰ ਦੀ ਮਿਲੀ ਭੁਗਤ ਨਾਲ ਕਤਲੇਆਮ, ਪੰਜਾਬ ਵਿੱਚ ਅਮਨਸ਼ਾਂਤੀ ਦੇ ਨਾਮ ਹੇਠ ਹਜ਼ਾਰਾਂ ਬੇ ਗੁਨਾਹ ਸਿੱਖ ਗਭਰੂਆਂ ਅਤੇ ਮਸੂਮਾਂ ਦਾ ਪੁਲਿਸ ਵੱਲੋਂ ਵਰਦੀਆਂ ਪਾਕੇ ਸਰਕਾਰੀ ਬੰਦੂਕਾਂ ਨਾਲ ਕਤਲ , ਰਿਸ਼ਵਤ ਲੈਣ ਅਤੇ ਆਪਣੇ ਅਫਸਰਾਂ ਅਤੇ ਹਿੰਦ ਨਿਜ਼ਾਮ ਦੀ ਮਾਮੂਲੀ ਖੁਸ਼ੀ ਅਤੇ ਨਗੂਣੀ ਤਰੱਕੀ ਵਾਸਤੇ ਕਿਸੇ ਦੇ ਘਰ ਦਾ ਚਿਰਾਗ ਬੁਝਾ ਦੇਣਾ ਜਾਂ ਅਣ ਮਨੁੱਖੀ ਤਸੀਹੇ ਦੇਣੇ ਮਨੁਖੀ ਹੱਕਾਂ ਦੀ ਤਰਫਦਾਰੀ ਕਿਵੇਂ ਆਖੀ ਜਾ ਸਕਦੀ ਹੈ।
ਪੂਰੀ ਦੁਨੀਆ ਵਿੱਚ ਹੋਈਆਂ ਮਨੁੱਖੀ ਹੱਕਾਂ ਦੇ ਕਤਲ ਜਾਂ ਉਲੰਘਨ ਦੀਆਂ ਘਟਨਾਵਾਂ ਤੋਂ ਕਈ ਗੁਣਾਂ ਵਧੇਰੇ ਪੰਜਾਬ ਅਤੇ ਭਾਰਤ ਵਿਚ ਸਿਰਫ ਸਿੱਖਾਂ ਨਾਲ ਵਾਪਰੀਆਂ ਹਨ। ਅਦਾਲਤਾਂ ਨੇ ਵੀ ਸਿੱਖਾਂ ਨੂੰ ਨਿਆਂ ਨਹੀ ਦਿੱਤਾ, ਸਿਆਸਤ ਨੇ ਤਾਂ ਕਰਨਾ ਹੀ ਕੀਹ ਸੀ। ਪੰਜਾਬ ਦੇ ਤਿੰਨ ਵਕੀਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤਾਂ ਸ਼ਹੀਦ ਕਰ ਦਿੱਤੇ ਸਭ ਨੂੰ ਪਤਾ ਲੱਗ ਗਿਆ ਪਰ , ਭਾਈ ਸੁਖਵਿੰਦਰ ਸਿੰਘ ਭੱਟੀ ਬਡਬਰ (ਜਿਲਾ ਬਰਨਾਲਾ) ਭਾਈ ਕੁਲਵੰਤ ਸਿੰਘ ਰੋਪੜ ਜਿਹੜੇ ਪਤਨੀ ਅਤੇ ਦੁੱਧ ਚੁੰਘਦੇ ਬੱਚੇ ਸਮੇਤ ਲਾ ਪਤਾ ਹਨ, ਕਿਸੇ ਅਦਾਲਤ ਜਾਂ ਸਰਕਾਰ ਦੇ ਹੁਕਮ ਅੱਜ ਤੱਕ ਲਭ ਨਹੀ ਕਰ ਸਕੇ। ਤਿੰਨ ਕਾਨੂੰਨਦਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਇਹ ਹਸ਼ਰ ਭਾਰਤੀ ਕਾਨੂੰਨ ਪ੍ਰਣਾਲੀ ਅਤੇ ਨਿਆਂਪਾਲਿਕਾ ਦੇ ਮੱਥੇ ਕਾਲਾ ਧੱਬਾ ਹੈ।
ਅੱਜ ਮਨੁਖੀ ਅਧਿਕਾਰਾਂ ਦਾ ਦਿਨ ਮਨਾਇਆ ਜਾ ਰਿਹਾ ਜਦੋਂ ਸਰਕਾਰ ਵੀ ਮਨੁੱਖੀ ਹੱਕਾਂ ਦੀ ਸਲਾਮਤੀ ਦੇ ਦਮਗਜੇ ਮਾਰੇਗੀ ਅਤੇ ਵੱਡੇ ਵੱਡੇ ਐਲਾਨ ਵੀ ਹੋਣਗੇ। ਜਿਆਦਤੀਆਂ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਬਣਾਕੇ ਸਜਾਵਾਂ ਦਿੱਤੇ ਜਾਣ ਦੇ ਢੰਡੋਰੇ ਪਿੱਟੇ ਜਾਣਗੇ ।ਪਰ ਇਹ ਕੌਣ ਆਖੇਗਾ ਕਿ ਵੋਧਰਾ ਕਾਂਡ ਦਾ ਮੁੱਖ ਦੋਸ਼ੀ ਦੇਸ਼ ਦਾ ਪ੍ਰਧਾਨ ਮੰਤਰੀ ਹੈ? ਸਾਧਵੀ ਪ੍ਰਿਗਿਆ , ਕਰਨਲ ਪ੍ਰੋਹਤ ,ਪ੍ਰਵੀਨ ਤੋਗੜੀਆ, ਅਸ਼ੋਕ ਸਿੰਘਲ ਅਤੇ ਮੋਹਨ ਭਾਗਵਤ ਵਰਗੇ ਲੋਕ ਅੱਜ ਦੇ ਭਾਰਤ ਦੇ ਸੰਚਾਲਕ ਹਨ। ਜਿਸ ਵਿੱਚ ਘੱਟ ਗਿਣਤੀਆਂ ਅਤੇ ਖਾਸ ਸਿੱਖਾਂ ਦੇ ਸਾਰੇ ਹੱਕਾਂ ਦਾ ਸੋਸ਼ਣ ਬੜੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਜ਼ੁਲਮ ਦੀ ਇੰਤਹਾ ਹੋਈ ਪਈ ਹੈ।
ਪਰ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਬਾਰੇ ਸਭ ਤੋਂ ਵੱਡੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੂੰ ਅੱਜ ਪੰਜਾਬ ਵਿੱਚ ਦਾਖਲ ਹੋਣ ਤੇ ਪਬੰਦੀ ਹੈ। ਜੇ ਭਾਰਤ ਵਿੱਚ ਲੋਕਤੰਤਰ ਹੈ ਜਾਂ ਭਾਰਤ ਦੀ ਸਰਕਾਰ ਇਹ ਆਖਦੀ ਹੈ ਕਿ ਭਾਰਤ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਨਹੀ ਹੋਇਆ ਤਾਂ ਫਿਰ ਸਰਕਾਰ ਐਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਆਉਣ ਦੀ ਇਜਾਜ਼ਤ ਦੇਵੇ। ਫਿਰ ਵੇਖੋ ਲੋਕਤੰਤਰ ਦੇ ਬੁਰਕੇ ਹੇਠ ਮਨੁੱਖੀ ਅਧਿਕਾਰਾਂ ਦਾ ਕਤਲ ਕਰਨ ਵਾਲੀ, ਓਹ ਸਦੀਆਂ ਪੁਰਾਣੀ ਸੂਰਤ ਕਿਵੇ ਨੰਗੀ ਹੋਵੇਗੀ, ਜਿਹੜੀ ਸਿੱਕੇ ਢਾਲਕੇ ਪਾਉਣ ਤੋਂ ਆਰੰਭ ਹੋਕੇ ਹੁਣ ਸਾਡੇ ਸਾਰੇ ਵਿਕਾਸ ਦੇ ਰਾਹ ਰੋਕ ਕੇ ਅਤੇ ਸਾਡੇ ਹਰ ਤਰਾਂ ਦੇ ਅਧਿਕਾਰਾਂ ਦਾ ਕਿਵੇ ਘਾਣ ਕਰ ਰਹੀ ਹੈ।
ਆਓ ਅੱਜ ਦਾ ਦਿਨ ਉਨਾਂ ਵੀਰਾਂ ਅਤੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਮਨਾਈਏ ਜਿਨਾਂ ਦਾ ਨਾ ਅੰਤਿਮ ਸੰਸਕਾਰ ਹੋਇਆ ਅਤੇ ਨਾ ਹੀ ਭੋਗ ਪਾਏ ਜਾ ਸਕੇ , ਉਹਨਾਂ ਨੂੰ ਸਮਰਪਿਤ ਕਰੀਏ ਜਿਹੜੇ ਭਾਈ ਗਜਿੰਦਰ ਸਿੰਘ ਵਾਂਗੂੰ ਜਲਾਵਤਨੀ ਕੱਟ ਰਹੇ ਹਨ , ਉਨਾਂ ਨੂੰ ਸਮਰਪਿਤ ਕਰੀਏ ਜਿਹੜੇ ਦੇਸ਼ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹਨ ਅਤੇ ਲੋਕ ਭਾਵਨਾਵਾਂ ਦਾ ਸਤਿਕਾਰ ਕਰਕੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਦੇ ਹਨ।
ਗੁਰਿੰਦਰਪਾਲ ਸਿੰਘ ਧਨੌਲਾ
93161 76519
Gurinderpal Singh Dhanoula
ਮਨੁੱਖੀ ਅਧਿਕਾਰ-ਬਨਾਮ-ਹਕੂਮਤਾਂ ਦੇ ਕਹਿਰ
Page Visitors: 2904