ਸਿੱਖ ਡੇਰਿਆਂ ‘ਤੇ ਭਟਕਦਾ ਕਿਉਂ ਫਿਰਦਾ ਹੈ! ਅਤੇ ਹਰ ਕਿਸੇ ਦਾ ਸਿੱਖੀ ਨੂੰ ਮਿਟਾਉਣ ‘ਤੇ ਜ਼ੋਰ ਕਿਉਂ ਲੱਗ ਰਿਹਾ ਹੈ…?
ਗੁਰਿੰਦਰਪਾਲ ਸਿੰਘ ਧਨੌਲਾ 93161 76519
* ਇਸ ਵੇਲੇ ਬਾਬੇ ਨਾਨਕ ਦੀ ਵਿਚਾਰਧਾਰਾ ਅਤੇ ਵਰਨਵਾਦ ਵਿਚਲੀ ਜੰਗ ਖਤਰਨਾਕ ਮੋੜ ਤੇ ਹੈ ਪਿਛਲੇ ਕਈ ਦਿਨਾਂ ਤੋਂ ਡੇਰਿਆਂ ਦੀਆਂ ਗਤੀਵਿਧੀਆਂ ਦੇ ਖਿਲਾਫ਼ ਲਿਖਦਿਆਂ ਲਿਖਦਿਆਂ ਅੱਜ ਅਚਾਨਕ ਮੇਰੇ ਖਿਆਲ ਵਿੱਚ ਆਇਆ ਕਿ ਚਲੋ! ਡੇਰੇਦਾਰ ਤਾਂ ਆਪਣੇ ਡੇਰੇ ਨੂੰ ਚਲਾਉਣ ਵਾਸਤੇ ਲੋਕਾਂ ਨੂੰ ਮਗਰ ਲਾਉਣ ਜਾਂ ਆਪਣੇ ਜਾਲ ਵਿਚ ਫਸਾਉਣ ਦਾ ਯਤਨ ਕਰਦੇ ਹਨ। ਪਰ ਲੋਕ ਸਹਿਜੇ ਹੀ ਅਜਿਹੇ ਮੱਕੜਜਾਲ ਦਾ ਸ਼ਿਕਾਰ ਕਿਵੇ ਹੋ ਜਾਂਦੇ ਹਨ।
ਹੋਰ ਲੋਕਾਂ ਦੀ ਗੱਲ ਛੱਡੋ ਸਿੱਖ ਓਹ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸੁਤੇ ਸੁਭਾਅ ਡੇਰਿਆਂ ਦਾ ਪੈਰੋਕਾਰ ਬਣਦਾ ਜਾ ਰਿਹਾ ਹੈ। ਉਸਨੂੰ ਕੋਈ ਪ੍ਰਵਾਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਬਾਬਰ ਦੀਆਂ ਜੇਲ੍ਹਾਂ ਤੋਂ ਲਹੌਰ ਦੀ ਤੱਤੀ ਤਵੀ, ਦਿੱਲੀ ਦੇ ਚਾਂਦਨੀ ਚੌਂਕ, ਚਮਕੌਰ ਸਾਹਿਬ ਦੇ ਜੰਗੀ ਮੈਦਾਨ ਅਤੇ ਸਰਹਿੰਦ ਦੀਆਂ ਦੀਵਾਰਾਂ ਤੱਕ ਕਰੜੇ ਇਮਤਿਹਾਨ ਦੇਕੇ ਸਿੱਖੀ ਵਿਚਾਰਧਾਰਾ ਦਾ ਮੁੱਢ ਬੰਨਿ੍ਹਆ ਸੀ ਅਤੇ ਲੋਕਾਂ ਨੂੰ ਹਰ ਪੱਖੋਂ ਮੁਕੰਮਲ ਆਜ਼ਾਦੀ ਨਾਲ ਜੀਵਨ ਜਿਉਣ ਦੇ ਸਮਰੱਥ ਬਣਾਇਆ ਸੀ।ਗੁਰੂ ਸਾਹਿਬ ਦੇ ਸਰੀਰਕ ਰੂਪ ਵਿਚ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣ ਪਿੱਛੋਂ ਵੀ ਗੁਰੂ ਕੇ ਲਾਲਾਂ ਨੇ ਕੁਰਬਾਨੀਆਂ ਤੋਂ ਮੁੱਖ ਨਹੀਂ ਮੋੜਿਆ। ਸਮੇਂ ਦੇ ਇਤਿਹਾਸ ਅਨੁਸਾਰ ਜਾਲਮ ਦੇ ਜ਼ੁਲਮ ਨੂੰ ਰੋਕਣ ਵਾਸਤੇ ਜਿਹੜੀ ਵੀ ਅਦਾਇਗੀ ਕਰਨੀ ਪਈ, ਭਾਵੇਂ ਓਹ ਦੁੱਧ ਚੁੰਘਦੇ ਮਾਸੂਮਾਂ ਦੇ ਟੁਕੜੇ ਕਰਵਾਕੇ ਇਸ ਸਿੱਖੀ ਵਾਸਤੇ ਸ਼ਹਾਦਤ ਭਰਨੀ ਪਈ ਹੋਵੇ, ਕਿਸੇ ਸੀ ਤੱਕ ਨਹੀਂ ਕੀਤੀ। ਪਰ ਕਿਸ ਵਾਸਤੇ ਕਿ ਅਸੀਂ ਸਿੱਖੀ ਦੀ ਅਮੀਰ ਵਿਚਾਰਧਾਰਾ ਅਤੇ ਅਮੁੱਲੇ ਵਿਰਸੇ ਦਾ ਅਨੰਦ ਲੈਕੇ ਆਪਣੇ ਜੀਵਨ ਨੂੰ ਅਜਾਦ ਅਤੇ ਸੁੱਖਦ ਬਣਾਉਣ ਦੇ ਨਾਲ ਨਾਲ ਲੋਕਾਈ ਦਾ ਵੀ ਮਾਰਗ ਦਰਸ਼ਨ ਕਰੀਏ।
ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਨੂੰ ਰਤਾ ਵੀ ਲੱਜਾ ਨਹੀਂ, ਕਿਸੇ ਡੇਰੇਦਾਰ ਜਾਂ ਦੰਭੀ ਦੇਹਧਾਰੀ ਪਖੰਡੀ ਨੂੰ ਮੱਥਾ ਟੇਕਦਿਆਂ ਕਦੇ ਖਿਆਲ ਹੀ ਨਹੀਂ ਆਉਂਦਾ ਕਿ ਜਿਸ ਜਲਾਲਤ ਵਿਚੋ ਕੱਢਣ ਵਾਸਤੇ ਗੁਰੂ ਸਾਹਿਬ ਨੇ ਆਪਣੇ ਸਰਬੰਸ ਤੱਕ ਵਾਰ ਦਿੱਤੇ, ਅਸੀਂ ਉਸ ਦਲਦਲ ਵਿਚ ਬੜੀ ਖੁਸ਼ੀ ਆਪਣੇ ਘਰ ਲੁਟਾ ਕੇ, ਇਜ਼ਤਾਂ ਲੁਹਾ ਕੇ, ਭੱਜੇ ਜਾ ਰਹੇ ਹਾਂ।
ਕਿਸੇ ਵੀ ਡੇਰੇ 'ਤੇ ਚਲੇ ਜਾਓ ਸਭ ਤੋਂ ਮੋਹਰੀ ਅਤੇ ਉਸ ਡੇਰੇਦਾਰ ਦੇ ਘੜੰਮ ਚੌਧਰੀ ਸਿੱਖ ਹੀ ਅੱਗੋਂ ਮੱਥੇ ਵੱਜਣਗੇ। ਜੇ ਕਿਤੇ ਤੁਸੀਂ ਕੋਈ ਸਵਾਲ ਕਰੋ ਤਾਂ ਜਿਵੇ ਰਾਖੀ ਵਾਸਤੇ ਰੱਖਿਆ ਕੁੱਤਾ ਬੇ ਮਤਲਬਾ ਹੀ ਕਿਸੇ ਨੂੰ ਵੇਖਦਿਆਂ ਭੌਂਕਣ ਲੱਗ ਪੈਂਦਾ ਹੈ, ਇੰਜ ਹੀ ਡੇਰੇਦਾਰ ਦੇ ਬੋਲਣ ਤੋਂ ਪਹਿਲਾਂ ਓਹ ਭਾੜੇ ਦੇ ਟੱਟੂ ਸਿਰ ਚੜ੍ਹਕੇ ਬੋਲਣਗੇ। ਇਹ ਨਹੀਂ ਕਿ ਕੋਈ ਕਿਸੇ ਇੱਕ ਕਿਸਮ ਦੇ ਡੇਰੇ 'ਤੇ ਸਿੱਖ ਵਿਖਾਈ ਦੇਣਗੇ, ਕਿਸੇ ਵੀ ਥਾਂ ਜਾਓ, ਬੇਸ਼ੱਕ ਮਾਤਾ ਨੈਨਾ ਦੇਵੀ ਦਾ ਮੰਦਿਰ ਹੋਵੇ, ਕੋਈ ਹੋਰ ਦੇਵੀ ਹੋਵੇ, ਮਲੇਰਕੋਟਲੇ ਦੀ ਹਦਰ ਸ਼ੇਖ ਦੀ ਮਜਾਰ ਹੋਵੇ, ਕਪਾਲ ਮੋਚਨ ਦਾ ਤੀਰਥ ਹੋਵੇ, ਗੁੱਗੇ ਦੀ ਪੂਜਾ ਦਾ ਸਥਾਨ ਹੋਵੇ, ਲਾਲਾਂ ਵਾਲੇ ਪੀਰ ਦੀ ਜਗਾਹ ਹੋਵੇ, ਬਾਬਾ ਨੌਗਜਾ ਪੀਰ ਹੋਵੇ, ਕੋਈ ਬੋਰੀ ਵਾਲਾ, ਕੋਈ ਤੋਰੀ ਵਾਲਾ ਬਾਬਾ ਸੰਤ ਹੋਵੇ, ਕੋਈ ਮੱਠ ਹੋਵੇ, ਕੋਈ ਨਾਥਾਂ ਦਾ ਡੇਰਾ ਹੋਵੇ ਜਾਂ ਕੋਈ ਗਾਉਸ਼ਾਲਾ ਹੋਵੇ...
ਉਥੇ ਵਿਆਹ ਵਾਲੇ ਘਰ ਅੱਗੇ ਘੁੰਮਦੇ ਅਵਾਰਾ ਕੁੱਤਿਆਂ ਵਾਂਗੂੰ ਪੰਜ ਸੱਤ ਸਿੱਖ ਅਖਵਾਉਣ ਵਾਲੇ ਜਰੂਰ ਨਜ਼ਰ ਆਉਣਗੇ। ਕਈ ਵਾਰ ਤਾਂ ਗਲ ਪਾਏ ਗਾਤਰੇ ਦੀ ਸ਼ਰਮ ਨਹੀਂ ਕਰਦੇ ਓਵੇਂ ਹੀ ਮੜੀ ਮਸਾਨ ਪੂਜਦੇ ਫਿਰਦੇ ਹਨ।
ਸਿੱਖੀ ਗੁਰੂ ਨੇ ਨਿਰਾਲੀ ਤੇ ਨਿਆਰੀ ਬਣਾਉਣ ਵਾਸਤੇ ਹੀ ਏਡੀ ਵੱਡੀ ਘਾਲਣਾ ਘਾਲੀ ਹੈ। ਜੇ ਸਤਿਗੁਰੁ ਜੀ ਦਾ ਕਿਸੇ ਪ੍ਰਚਲਿਤ ਜਾਂ ਸਦੀਆਂ ਪਹਿਲਾਂ ਸਥਾਪਤ ਧਰਮ ਵਿੱਚ ਕੋਈ ਵਿਸ਼ਵਾਸ਼ ਹੁੰਦਾ ਜਾਂ ਉਸ ਵਿੱਚ ਸੁਧਾਰ ਕਰਕੇ ਕੁੱਝ ਬਿਹਤਰ ਨਤੀਜੇ ਦੀ ਆਸ ਹੁੰਦੀ ਤਾਂ ਫਿਰ ਏਨੀ ਕਰੜੀ ਰੂਹਾਨੀ ਘਾਲਣਾ ਦੀ ਕੋਈ ਲੋੜ ਨਹੀਂ ਸੀ। ਸਾਡੇ ਕੋਲ ਬਹੁਤ ਸਾਰੀਆਂ ਉਧਾਰਨਾਂ ਮੌਜੂਦ ਹਨ, ਕਿ ਇੱਕ ਵਾਰ ਕਲਗੀਧਰ ਨੇ ਰਸਤੇ ਵਿਚ ਜਾਂਦੇ ਜਾਂਦੇ ਇੱਕ ਪੀਰ ਦੀ ਮਜ਼ਾਰ ਵੱਲ ਆਪਣਾ ਤੀਰ ਝੁਕਾਅ ਦਿੱਤਾ ਸਿੱਖਾਂ ਨੇ ਤਰੁੰਤ ਨੋਟਿਸ ਲੈਂਦਿਆਂ, ਸਤਿਗੁਰ ਜੀ ਨੂੰ ਸਵਾਲ ਕਰ ਦਿੱਤਾ, ਕਿ ਸੱਚੇ ਪਾਤਸ਼ਾਹ ਇਹ ਕੀਹ ਸਾਨੂੰ ਕਿਸੇ ਮੜ੍ਹੀ ਮਜ਼ਾਰ ਨੂੰ ਪੂਜਣ ਤੋਂ ਸਖਤ ਮਨਾਹੀ ਫੁਰਮਾਉਂਦੇ ਹੋ ਤੇ ਆਪ ਖੁਦ ਪੀਰ ਦੇ ਮਜ਼ਾਰ ਨੂੰ ਸਿਜਦਾ ਕਰ ਰਹੇ ਹੋ ? ਤਾਂ ਦਸ਼ਮੇਸ਼ ਪਿਤਾ ਹੱਸਕੇ ਬੋਲੇ ਕਿ ਕੁਰਬਾਨ ਜਾਵਾਂ ਮੈਂ ਆਪਣੇ ਖਾਲਸੇ ਤੋਂ ਜਿਸ ਵਿੱਚ ਏਨੀ ਹਿੰਮਤ ਆ ਗਈ ਹੈ ਕਿ ਕਿਸੇ ਗਲਤੀ ਪਿਛੇ ਸਾਨੂੰ ਪੁੱਛਣ ਦੀ ਦਲੇਰੀ ਰੱਖਦਾ ਹੈ, ਹੁਣ ਸਾਨੂੰ ਯਕੀਨ ਹੋ ਗਿਆ ਹੈ ਕਿ ਖਾਲਸਾ ਕਿਸੇ ਦੇ ਭੈਅ ਵਿੱਚ ਨਹੀਂ ਆਜ਼ਾਦ ਹੈ ਅਤੇ ਕਿਸੇ ਕਰਮਕਾਂਡ ਭੈਅ ਭਰਮ ਤੋਂ ਮੁਕਤ ਹੋ ਗਿਆ ਹੈ ਅਤੇ ਇੱਕ ਦਿਨ ਸਾਰੀ ਲੋਕਾਈ ਨੂੰ ਵੀ ਅਜਿਹੇ ਬਿਪਰਵਾਦੀ ਕਰਮਕਾਂਡਾਂ ਤੋਂ ਨਿਜਾਤ ਦਿਵਾ ਦੇਵੇਗਾ।
ਲੇਕਿਨ ਅਫਸੋਸ ਹਾਲੇ ਤਾਂ ਤਿੰਨ ਸੌ ਪੰਦਰਾਂ ਸਾਲ ਹੀ ਹੋਏ ਹਨ ਗੁਰੂ ਸਾਹਿਬ ਨੂੰ ਸਰੀਰਕ ਰੂਪ ਵਿੱਚ ਸਾਡੇ ਕੋਲੋ ਗਿਆਂ ਤੇ ਅਸੀਂ ਅੱਜ ਹੀ ਗੁਰੂ ਦੇ ਬਚਨਾਂ ਤੋਂ ਬੇਮੁੱਖ ਹੋਕੇ ਜਿਥੋਂ ਗੁਰੂ ਰੋਕਦਾ ਰਿਹਾ, ਉਸ ਰਾਹੇ ਕਾਹਲੇ ਕਦਮੀਂ ਹੋ ਤੁਰੇ ਹਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਤੋਂ ਲੈਕੇ ਅੰਤ ਤੱਕ ਅਨੇਕਾਂ ਵਾਰ ਸਮਝਾਇਆ ਹੈ ਕਿ ਹਰ ਮਨੁਖ ਅਕਾਲ ਪੁਰਖ ਦੀ ਅੰਸ ਹੈ ਅਤੇ ਕਿਸੇ ਬੰਦੇ ਨੂੰ ਅਧਿਕਾਰ ਨਹੀਂ ਕਿ ਓਹ ਕਿਸੇ ਦੂਜੇ ਦੀਆਂ ਭਾਵਨਾਵਾਂ ਦਾ ਹਨਣ ਕਰੇ ਜਾਂ ਫਿਰ ਉਸਦੀ ਆਸਥਾ ਨੂੰ ਠੇਸ ਪਹੁੰਚਾਵੇ। ਗੁਰੂ ਸਾਹਿਬ ਇਹ ਵੀ ਦਿਰੜ ਕਰਵਾਉਂਦੇ ਹਨ ਕਿ ਉਸ ਵਾਹਿਗੁਰੂ ਨੇ ਕਿਸੇ ਬੰਦੇ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਕਿ ਓਹ ਕੁਦਰਤ ਦੇ ਹੁਕਮ ਵਿੱਚ ਦਖਲ ਦੇਵੇ ਅਤੇ ਉਸਨੂੰ ਬਦਲਣ ਦੀ ਸਮਰਥਾ ਰੱਖਦਾ ਹੋਵੇ।
ਫਿਰ ਵੀ ਪਤਾ ਨਹੀਂ ਕਿਉਂ ਸਿੱਖ ਅੰਮ੍ਰਿਤ ਦੇ ਘੁੱਟ ਛੱਡ ਕੇ ਜਲਾਲਤ ਨੂੰ ਡੀਕਾਂ ਲਾਕੇ ਪੀਵੀ ਜਾ ਰਿਹਾ ਹੈ ਅਤੇ ਆਪਣੀ ਖਵਾਰੀ ਨੂੰ ਅਵਾਜਾਂ ਮਾਰ ਰਿਹਾ ਹੈ।
ਇਸ ਵਿੱਚ ਕਸੂਰ ਸਿਰਫ ਸਿੱਖਾਂ ਦਾ ਜਾਂ ਡੇਰੇਦਾਰਾਂ ਦਾ ਹੀ ਨਹੀਂ, ਸਿੱਖ ਸੰਸਥਾਵਾਂ ਵੀ ਬਰਾਬਰ ਜਿੰਮੇਵਾਰ ਹਨ ਅਤੇ ਖਾਸ ਕਰਕੇ ਜਿਹੜੇ ਸਿੱਖਾਂ ਵਿੱਚ ਡੇਰੇਦਾਰ ਪੈਦਾ ਹੋਏ ਹਨ, ਉਹਨਾਂ ਨੇ ਸਿੱਖੀ ਵਿੱਚ ਡੇਰਿਆਂ ਦੀ ਮਾਨਤਾ ਪੱਕੀ ਕਰ ਦਿੱਤੀ ਹੈ।
ਹੋਰ ਡੇਰਿਆਂ ਤੇ ਤਾਂ ਸਿੱਖਾਂ ਨੂੰ ਇੰਜ ਲਗਦਾ ਸੀ ਕਿ ਗੁਰਮਤਿ ਵਿਰੋਧੀ ਵਿਚਾਰ ਵੇਖਣ ਸੁਨਣ ਨੂੰ ਮਿਲਦੇ ਹਨ ਅਤੇ ਸਿੱਖ ਡੇਰੇ ਵਿਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਹੀ ਸਭ ਕੁਝ ਹੁੰਦਾ ਹੈ ਅਤੇ ਸੰਪਟ ਪਾਠ ਤੋਂ ਲੈਕੇ ਹਰ ਤਰਾਂ ਦੇ ਕੰਮ ਕਾਜ਼ ਦੀ ਸਿੱਧੀ ਵਾਸਤੇ ਗੁਰਬਾਣੀ ਦੇ ਵੱਖਰੇ ਵੱਖਰੇ ਸ਼ਬਦਾਂ ਨੂੰ ਕਿਸੇ ਖਾਸ ਵਿਧੀ ਨਾਲ ਪੜ੍ਹਣ ਦੇ ਨਾਲ ਨਾਲ, ਪੰਡਿਤਾਂ ਜੋਤਿਸ਼ੀਆਂ ਵੱਲੋਂ ਨਹਿਰਾਂ ਜਾਂ ਮੰਦਿਰਾਂ ਵਿੱਚ ਕਰਵਾਏ ਜਾਂਦੇ ਦਾਨ ਪੁੰਨ ਦੀ ਥਾਂ ਗੁਰੁਦਵਾਰੇ ਦਾਨ ਕਰਨ, ਪਰ ਤਰੀਕਾ ਓਹ ਹੀ ਹੈ ਕਿ ਸੋਮਵਾਰ ਨੂੰ ਚਿੱਟੀ ਚੀਜ, ਮੰਗਲਵਾਰ ਨੂੰ ਲਾਲ, ਵੀਰਵਾਰ ਨੂੰ ਪੀਲੀ, ਸ਼ਨੀਵਾਰ ਨੂੰ ਮਾਂਹ ਅਤੇ ਐਤਵਾਰ ਨੂੰ ਛੋਲਿਆਂ ਦੀ ਦਾਲ ਆਦਿਕ ਦਾਨ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।
ਨੋਟਾਂ ਵਾਸਤੇ ਕੋਈ ਦਿਨ ਥਿੱਤ ਵਾਰ ਦਾ ਵਿਚਾਰ ਨਹੀਂ, ਓਹ ਚੌਵੀ ਘੰਟੇ ਹੀ ਦਿੱਤੇ ਜਾ ਸਕਦੇ ਹਨ। ਸਾਰੇ ਤਰ੍ਹਾਂ ਦੇ ਕਰਮਕਾਂਡ ਵੀ ਡੇਰੇਦਾਰ ਕਰਵਾਉਂਦੇ ਹਨ ਅਤੇ ਸ਼੍ਰੋਮਣੀ ਕਮੇਟੀ ਜਾਂ ਪ੍ਰਚਲਤ ਰਹਿਤ ਮਰਿਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਨਿੰਦਦੇ ਹਨ ਅਤੇ ਸਿੱਖਾਂ ਨੂੰ ਕਥਾ ਵਿਆਖਿਆ ਕਰਦਿਆਂ ਕੁੱਝ ਕਾਲਪਨਿਕ ਦੇਵੀ ਦੇਵਤਿਆਂ ਅਤੇ ਅਣਜਾਣੇ ਭਗਤਾਂ ਦੀਆਂ ਸਾਖੀਆਂ ਸੁਣਾਕੇ ਸ਼ਰਧਾਲੂ ਨੂੰ ਸ਼ਰਧਾ ਉੱਲੂ ਬਣਾ ਲੈਂਦੇ ਹਨ। ਉਂਜ ਸਿੱਖੀ ਦੇ ਨਾਮ ਤੇ ਗੁੰਮਰਾਹ ਕਰੀ ਰਖਣ ਵਾਸਤੇ ਗੁਰੂ ਦਾ ਅੰਮ੍ਰਿਤ ਨਹੀਂ ਆਪਣੀ ਸੰਪਰਦਾ ਜਾਂ ਆਪਣੀ ਟਕਸਾਲ ਦਾ ਅੰਮ੍ਰਿਤ ਵੀ ਛਕਾਉਂਦੇ ਹਨ। ਸੁੱਚ ਜੂਠ ਭਿੱਟ ਆਦਿਕ ਵੀ ਮੰਨਦੇ ਹਨ। ਪਰ ਇਹ ਵੀ ਦਾਹਵਾ ਕਰਦੇ ਹਨ ਕਿ ਅਸੀਂ ਪੱਕੇ ਸਿੱਖ ਹਾ ਬਾਕੀ ਸਭ ਕੱਚੇ ਹਨ। ਮੜੀਆਂ ਦੀ ਥਾਂ ਆਪਣੇ ਮਿਟ ਚੁਕੇ ਡੇਰੇਦਰ ਦੀ ਫੋਟੋ ਅਤੇ ਜੁੱਤੀਆਂ ਤੇ ਮੱਥੇ ਵੀ ਟਿਕਵਾਉਂਦੇ ਹਨ ਅਤੇ ਆਪਣੇ ਉਸ ਵਡੇਰੇ ਨੂੰ ਜਿਸਦੀ ਸਵਾਹ ਵੀ ਕਿਤੇ ਧਰਤੀ ਤੇ ਪਈ ਹੁਣ ਨਹੀਂ ਲੱਭ ਸਕਦੀ, ਹਰ ਸਮੇਂ ਹਾਜਰ ਦਰਸਾਕੇ ਭੈਅ ਭੀਤ ਕਰਦੇ ਹਨ ਅਤੇ ਉਸ ਨੂੰ ਰੱਬ ਦੀ ਲੋਕਾਈ ਦਾ ਠੇਕੇਦਾਰ ਦੱਸਦੇ ਹਨ ਕਿ ਜੋ ਕੁੱਝ ਵੀ ਹੁੰਦਾ ਹੈ, ਓਹ ਸਾਡੇ ਬਾਬਾ ਜੀ ਤੋਂ ਆਗਿਆ ਲੈਕੇ ਹੀ ਰੱਬ ਕਰਦਾ ਹੈ।
ਲਿਖਣ ਤੋਂ ਭਾਵ ਹਰ ਪਾਸੇ ਸਿੱਖੀ ਦਾ ਸੋਸ਼ਣ ਕਿਉਂ ਹੋ ਰਿਹਾ ? ਇਹ ਕੀਹ ਕਰਨ ਹੈ ਕਿ ਸਾਰੇ ਹੀ ਹੱਥ ਧੋਕੇ ਬਾਬੇ ਨਾਨਕ ਦੀ ਸਿੱਖੀ ਦੇ ਮਗਰ ਕਿਉਂ ਪਏ ਹਨ ? ਐਸਾ ਕੀਹ ਗੁਨਾਹ ਕਰ ਦਿਤਾ ਬਾਬੇ ਨਾਨਕ ਨੇ ਜੋ ਇਹ ਲੋਕ ਉਸਦੀ ਫੁਲਵਾੜੀ ਨਾਲ ਏਨੀ ਨਫਰਤ ਕਰਦੇ ਹਨ ਅਤੇ ਹਰ ਹੀਲੇ ਉਸਨੂੰ ਉਜਾੜਣਾ ਹੀ ਲੋਚਦੇ ਹਨ। ਇਹ ਗੱਲ ਜਦੋਂ ਸਾਨੂੰ ਸਮਝ ਆ ਜਾਵੇਗੀ ਫਿਰ ਅਸੀਂ ਡੇਰੇ ਨਹੀਂ ਜਾਵਾਂਗੇ ਅਤੇ ਫਿਰ ਬਾਬੇ ਨਾਨਕ ਦੇ ਘਰ ਦੀ ਓਟ ਤੋਂ ਬਿਨਾਂ ਹੋਰ ਕਿਸੇ ਆਸਰੇ ਦੀ ਲੋੜ ਨਹੀਂ ਰਹੇਗੀ। ਦਰਅਸਲ ਸਿੱਖੀ ਨਾਲ ਇਹ ਲੜਾਈ ਤੇ ਦੁਸ਼ਮਨੀ ਕਿਉਂ ਹੈ, ਕਿਉਂਕਿ ਇਥੇ ਹਿੰਦੂ ਅਤੇ ਸਿੱਖ ਦਾ ਝਗੜਾ ਨਹੀਂ ਇਥੇ ਗੁਰੂ ਨਾਨਕ ਦੇ ਘਰ ਨਾਲ ਵਰਨਵਾਦ ਅਤੇ ਮਨੂੰਸਿਮਰਤੀ ਦੀ ਲੜਾਈ ਹੈ ਜੋ ਸਦੀਆਂ ਤੋਂ ਠੰਡੀ ਜੰਗ ਦੇ ਰੂਪ ਵਿੱਚ ਲੜੀ ਜਾ ਰਹੀ ਹੈ। ਕਦੇ ਕਦੇ ਦੁਸ਼ਮਨ ਕਿਸੇ ਨਾ ਕਿਸੇ ਦੇ ਹਮਲੇ ਦਾ ਸਾਥ ਦਿੰਦਾ ਰਿਹਾ ਹੈ। ਆਪ ਸਿੱਧਾ ਹੋਕੇ ਨਹੀਂ ਟਕਰਦਾ ਸੀ, ਹੁਣ ਡੇਰੇਦਾਰਾਂ ਦੀ ਛਤਰੀ ਰਾਹੀ ਅਤੇ ਕੁਰਾਹੇ ਪਈ ਸਿੱਖ ਸਿਆਸਤ ਦੇ ਪੈਰਾਸ਼ੂਟ ਨਾਲ ਇਹ ਵਰਨਵਾਦ ਅਤੇ ਮਨੂੰਸਿਮਰਤੀ ਬਾਬੇ ਨਾਨਕ ਦੇ ਵਿਹੜੇ ਸਿੱਧੀ ਹੀ ਉਤਰਣ ਵਿੱਚ ਸਫਲ ਹੋ ਰਹੀ ਹੈ। ਗੁਰੂ ਨਾਨਕ ਦੇ ਘਰ ਦੀ ਕਿਸੇ ਜਾਤ, ਧਰਮ, ਭਾਈਚਾਰੇ, ਮਜ਼ਬ ਜਾਂ ਜਮਾਤ ਨਾਲ ਲੜਾਈ ਨਹੀਂ। ਜਿਸ ਧਰਮ ਦੀ ਵਿਚਾਰਧਾਰਾ ''ਏਕ ਪਿਤਾ ਏਕਸ ਕੇ ਹਮ ਬਾਰਿਕ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗਿ ਹਮ ਕਉ ਬਨਿ ਆਈ'' ਤੋਂ ਸ਼ੁਰੂ ਹੁੰਦੀ ਹੋਵੇ ਅਤੇ ਜਿੱਥੋਂ
''ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥,
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ਰਹਾਉ॥...
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥''
ਤੋਂ ਆਰੰਭ ਹੁੰਦੀ ਹੋਵੇ। ਉਥੇ ਕੋਈ ਮੁਫਾਦ ਹੀ ਨਹੀਂ ਬਚਦਾ ਜੇ ਬਚਦਾ ਹੈ ਤਾਂ ਮਨੁੱਖ ਦੇ ਮੌਲਿਕ ਅਤੇ ਮੁੱਢਲੇ ਅਧਿਕਾਰਾਂ ਦਾ ਮਾਮਲਾ ਬਚਦਾ ਹੈ। ਮਨੁੱਖੀ ਹੱਕਾਂ ਦਾ ਹਨਨ ਬੇਸ਼ੱਕ ਸਮਾਜਿਕ ਜਾਂ ਧਾਰਮਿਕ ਤੌਰ 'ਤੇ ਹੋਵੇ। ਉਥੇ ਗੁਰੂ ਨਾਨਕ ਦੱਬੇ, ਕੁਚਲੇ, ਸਤਾਏ ਅਤੇ ਪਿਛਾੜੇ ਲੋਕਾਂ ਦੀ ਤਰਜਮਾਨੀ ਕਰਦਾ ਹੋਇਆ ਮਨੁੱਖੀ ਏਕਤਾ ਅਤੇ ਬਰਾਬਰੀ ਦਾ ਅਲੰਬਰਦਾਰ ਬਣਦਾ ਹੈ, ਅਤੇ ਸਭ ਨੂੰ ਇੱਕ ਰੱਬ ਦੀ ਔਲਾਦ ਅਤੇ ਬਰਾਬਰ ਦੇ ਹੱਕਦਾਰ ਆਖਕੇ ਵਰਨਵਾਦ ਅਤੇ ਮਨੂੰ ਸਿਮਰਤੀ ਨੂੰ ਰੱਦ ਕਰਦਾ ਹੈ। ਲੇਕਿਨ ਇਸਦਾ ਮਤਲਬ ਇਹ ਕਤਈ ਨਹੀਂ ਕਿ ਸਾਨੂੰ ਕਿਸੇ ਧਰਮ ਨਾਲ ਨਫਰਤ ਹੈ। ਪਰ ਸਾਡਾ ਵਿਸ਼ਵਾਸ਼ ਤੇ ਭਰੋਸਾ ਆਪਣੇ ਗੁਰੂ ਦੀ ਬਾਣੀ ਅਤੇ ਸਿਰਫ ਇੱਕ ਅਕਾਲ ਪੁਰਖ ਵਿਚ ਹੈ ਹੋਰ ਕਿਸੇ ਨੂੰ ਮੰਨਣਾ ਸਾਡੇ ਵਾਸਤੇ ਮਨਾਹੀ ਹੈ। ਪਰ ਸਮਾਜ ਵਿਚ ਰਹਿੰਦੇ ਨਫਰਤ ਨਹੀਂ ਪਿਆਰ ਵੰਡਣਾ ਸਾਨੂੰ ਗੁਰੂ ਸਾਹਿਬ ਦਾ ਆਦੇਸ਼ ਹੈ। ਲੇਕਿਨ ਇਸ ਸੰਸਾਰ ਵਿੱਚ ਗੁਲਾਮ ਪ੍ਰਥਾ ਨੂੰ ਜਾਰੀ ਰੱਖਣ ਦੇ ਚਾਹਵਾਨ ਇਸਨੂੰ ਬਰਦਾਸ਼ਤ ਨਹੀਂ ਕਰਦੇ।
ਗੁਰੂ ਨਾਨਕ ਤੋਂ ਲੈਕੇ ਦਸ ਗੁਰੂ ਸਰੀਰਾਂ, ਗੁਰੂ ਪਰਿਵਾਰਾਂ ਨਾਲ ਲੜਕੇ ਵੇਖ ਲਿਆ, ਹਾਰ ਦੀ ਨਮੋਸ਼ੀ ਤੋਂ ਪਰੇਸ਼ਾਨ ਹੋਕੇ ਬਾਬੇ ਨਾਨਕ ਦੇ ਸੰਯੁਕਤ ਪਰਿਵਾਰ ਖਾਸਲਾ ਪੰਥ ਦਾ ਖ਼ੁਰਾ ਖੋਜ਼ ਇਸ ਧਰਤੀ ਤੋਂ ਮਿਟਾਉਣ ਦੇ ਮਨਸੂਬੇ ਮਨ ਵਿੱਚ ਲੈਕੇ ਸ਼ਤਰੰਜੀ ਖੇਡਦਾ ਵਰਨਵਾਦ ਕਦੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲਿੰਜ ਕਰਨ ਦੇ ਪਾਪੜ ਵੇਲਦਾ ਹੈ, ਕਦੇ ਆਪਣੇ ਬਿਪਰਵਾਦੀ ਵਿਚਾਰ ਵਿੱਚ ਫਸਾਉਣ ਦਾ ਯਤਨ ਕਰਦਾ ਹੈ, ਹੁਣ ਸਿੱਖੀ ਦੇ ਵਿਚਾਰ ਦੀ ਰੱਸੀ ਨਾਲ ਸਿੱਖ ਡੇਰੇਦਾਰਾਂ ਰਾਹੀ ਸਿੱਖ ਦੇ ਹੱਥ ਬੰਨ੍ਹਣਾ ਚਾਹੁੰਦਾ ਹੈ ਅਤੇ ਅੱਜ ਕਿਸੇ ਹੱਦ ਤੱਕ ਕਾਮਯਾਬ ਵੀ ਹੋ ਗਿਆ ਦਿੱਸਦਾ ਹੈ।
ਸੋ ਅੱਜ ਲੜਾਈ ਬਾਬੇ ਨਾਨਕ ਦੀ ਵਿਚਾਰਧਾਰਾ ਅਤੇ ਵਰਨਵਾਦ ਵਿੱਚ ਹੈ। ਵਰਨਵਾਦ ਡਰਪੋਕ ਅਤੇ ਸ਼ਾਤਰ ਬਿਰਤੀ ਦਾ ਮਾਲਿਕ ਹੈ। ਸਿੱਖੀ ਭਰੋਸੇ ਅਤੇ ਹਿੰਮਤ ਦੀ ਪਗ ਡੰਡੀ 'ਤੇ ਤੁਰਦੀ ਹੈ। ਇਸ ਵਾਸਤੇ ਖੁਦ ਇਸਦਾ ਰਸਤਾ ਰੋਕਣ ਦੀ ਬਜਾਇ ਵਰਨਵਾਦ ਅਤੇ ਮਨੁੰਵਾਦ ਨੇ ਸਿੱਖਾਂ ਨੂੰ ਘੇਰਣ ਵਾਸਤੇ ਕਈ ਤਰਾਂ ਦੀਆਂ ਡੇਰੇ ਰੂਪੀ ਫੰਦੀਆਂ ਲਾਈਆਂ ਹਨ, ਜਿਸਦਾ ਸਿੱਖਾਂ ਨੂੰ ਹੁਣ ਧਿਆਨ ਕਰਨ ਦੀ ਲੋੜ ਹੈ, ਨਹੀਂ ਤਾਂ ਇਸ ਵੇਲੇ ਡੇਰੇਦਾਰ ਨੇ ਬਾਹਰੋਂ ਅਤੇ ਅੰਦਰੋਂ ਦੋਹੇਂ ਪਾਸਿਓ ਜਬਰਦਸਤ ਘੇਰਾ ਘੱਤ ਲਿਆ ਹੈ।
ਸਿੱਖੋ ਇੱਕ ਗੱਲ ਕੰਨ ਖੋਲ੍ਹਕੇ ਕੇ ਸੁਣ ਲਵੋ, ਕਿ ਪਿਛਲੇ ਸਮੇਂ ਵਿੱਚ ਮਨੂੰਵਾਦ ਖੁਦ ਗੁਲਾਮ ਸੀ ਅਤੇ ਰਾਜ ਸ਼ਕਤੀ ਤੋਂ ਵਿਹੂਣਾ ਸੀ ਅਤੇ ਸਮੇਂ ਦੀ ਹਕੂਮਤ ਦਾ ਸਹਾਰਾ ਲੈਕੇ ਆਪਣੀ ਇਜ਼ਤ ਤੱਕ ਦਾਅ ਤੇ ਲਾ ਕੇ ਸਾਡੇ ਤੇ ਵਾਰ ਕਰਵਾਉਂਦਾ ਸੀ, ਲੇਕਿਨ ਅੱਜ ਇਹ ਵਰਨਵਾਦ ਜਾਂ ਮਨੂੰਵਾਦ ਰਾਜ ਤਖਤ ਦਾ ਸਿੱਧਾ ਮਾਲਿਕ ਬਣਕੇ ਆਇਆ ਹੈ ਅਤੇ ਅੱਗੇ ਤੋਂ ਵਧੇਰੇ ਸ਼ਕਤੀਸ਼ਾਲੀ ਅਤੇ ਸ਼ਾਤਰ ਹੈ।
ਹੁਣ ਸ਼ਾਮ, ਦਾਮ, ਦੰਡ, ਭੇਦ ਸਭ ਵਰਤਕੇ ਸਿੱਖੀ ਦੀ ਨਿਰਮਲ ਵਿਚਾਰਧਾਰਾ ਨੂੰ ਗੰਧਲਾਉਣ ਦਾ ਯਤਨ ਕਰੇਗਾ। ਇਸ ਵਾਸਤੇ ਸਾਵਧਾਨ ਹੋਵੋ ਮਨੂੰਵਾਦ ਵਲੋਂ ਸਦੀਆਂ ਤੋਂ ਪੀੜਤ ਚਲੇ ਆ ਰਹੇ ਦਲਿਤ ਅਤੇ ਪਛੜੇ ਵਰਗ ਨੂੰ ਗਲ ਨਾਲ ਲਾਓ ਅਤੇ ਮਨੂੰਵਾਦ ਤੇ ਵਰਨਵਾਦ ਦੇ ਟਾਕਰੇ ਵਾਸਤੇ ਇੱਕ ਜੁੱਟ ਹੋਵੋ ਇਸ ਵਿੱਚੋਂ ਨਿਕਲਣ ਦਾ ਇੱਕ ਹੀ ਤਰੀਕਾ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਉਤੇ ਭਰੋਸਾ ਅਤੇ ਹਰ ਤਰ੍ਹਾਂ ਦੇ ਡੇਰੇਦਾਰ ਨੂੰ, ਬੇਸ਼ੱਕ ਓਹ ਸਿੱਖ ਹੀ ਕਿਉਂ ਨਾ ਹੋਵੇ ਰੱਦ ਕਰਨਾ ਹੋਵੇਗਾ ਅਤੇ ਗੁਰੂ ਸਾਹਿਬ ਦੇ ਤੀਰ ਨਾਲ ਸਿਜਦਾ ਕਰਨ ਦੀ ਘਟਨਾਂ ਨੂੰ ਅਧਾਰ ਬਣਾਕੇ ਆਪਣੇ ਆਪ ਨੂੰ ਅਨਮੱਤੀ ਡੇਰਿਆਂ ਦੇ ਨਾਲ ਨਾਲ ਸਿੱਖ ਡੇਰਦਾਰਾਂ ਦੇ ਚੁੰਗਲ ਵਿਚੋਂ ਵੀ ਕੱਢਣਾ ਹੋਵੇਗਾ।
ਫਿਰ ਗੁਰੂ ਦੀ ਨਦਰ ਸਾਡੇ 'ਤੇ ਹੋਵੇਗੀ ਨਾ ਤੱਤੀ ਤਵੀ ਅਤੇ ਨਾ ਸਰਹਿੰਦ ਦੀਆਂ ਦੀਵਾਰਾਂ ਸਾਨੂੰ ਸਾਡੇ ਅਕੀਦਿਆਂ ਤੋਂ ਥਿੜਕਾ ਸਕਣਗੀਆਂ ਤੇ ਅਸੀਂ ਫਤਹਿ ਦਾ ਮੁਕਾਮ ਹਾਸਿਲ ਕਰਾਂਗੇ।
Gurinderpal Singh Dhanoula
ਸਿੱਖ ਡੇਰਿਆਂ ‘ਤੇ ਭਟਕਦਾ ਕਿਉਂ ਫਿਰਦਾ ਹੈ! ਅਤੇ ਹਰ ਕਿਸੇ ਦਾ ਸਿੱਖੀ ਨੂੰ ਮਿਟਾਉਣ ‘ਤੇ ਜ਼ੋਰ ਕਿਉਂ ਲੱਗ ਰਿਹਾ ਹੈ…?
Page Visitors: 2674