ਸਿੱਖ ਮੌਜੂਦਾ ਸੰਕਟ ਵਿਚੋਂ ਕਿਵੇਂ ਨਿਕਲਣ ?
ਅੱਜ ਸਿੱਖ ਅਤੇ ਸਿੱਖੀ ਇਕ ਅਜਿਹੇ ਦੌਰ ਵਿਚੋਂ ਲੰਘ ਰਹੇ ਹਨ ਜਿਸ ਨੂੰ ਵੇਖ ਕੇ ਹਰ ਪੰਥ ਹਿਤੈਸ਼ੀ ਫ਼ਿਕਰਮੰਦ ਹੋਣ ਤੋਂ ਇਲਾਵਾ ਭੈ-ਭੀਤ ਵੀ ਹੋ ਰਿਹਾ ਹੈ। ਹਾਲਾਤ ਏਨੇ ਚਿੰਤਾਜਨਕ ਹਨ ਕਿ ਕੁੱਝ ਕੁ ਪੰਥਦਰਦੀ ਤਾਂ ਇਸ ਤਰ੍ਹਾਂ ਮਹਿਸੂਸ ਕਰਨ ਲੱਗ ਪਏ ਹਨ ਕਿ ਕਿਤੇ ਸਿੱਖ ਧਰਮ ਅਪਣਾ ਅਸਲੀ ਸਰੂਪ ਹੀ ਨਾ ਗਵਾ ਬੈਠੇ। ਕੁੱਝ ਕੁ ਇਸੇ ਕਿਸਮ ਦਾ ਸੰਕਟ ਉਨੀਵੀਂ ਸਦੀ ਦੇ ਮੱਧ ਵਿਚ ਵੀ ਸਾਡੇ ਧਰਮ ਤੇ ਆਇਆ ਸੀ ਪਰ ਉਸ ਵੇਲੇ ਕੁੱਝ ਕੁ ਸੁਹਿਰਦ ਸਿੱਖ ਵਿਦਵਾਨਾਂ ਜਿਵੇਂ ਕਿ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਆਦਿ ਨੇ ਮੌਕਾ ਸੰਭਾਲ ਕੇ ਕੌਮ ਨੂੰ ਇਸ ਸੰਕਟ ਵਿਚੋਂ ਕੱਢ ਲਿਆ ਸੀ। ਕਿਸੇ ਕੌਮ ਨੂੰ ਉਸ ਉਤੇ ਹੋ ਰਹੇ ਹਮਲਿਆਂ ਤੋਂ ਕੱਢਣ ਦੇ ਦੋ ਹੀ ਰਾਹ ਹੁੰਦੇ ਹਨ। ਇਕ ਇਹ ਕਿ ਕੌਮ ਕੋਲ ਪ੍ਰਭੂਸੱਤਾ ਦਾ ਮਾਣ ਹੋਵੇ ਅਤੇ ਉਹ ਇਸ ਦੇ ਸਹਾਰੇ ਮਾੜੀਆਂ ਪ੍ਰਸਥਿਤੀਆ ਵਿਚੋਂ ਨਿਕਲ ਜਾਂਦੀ ਹੈ। ਪਰ ਜੇ ਕੌਮ ਕੋਲ ਪ੍ਰਭੂਸੱਤਾ ਦਾ ਮਾਣ ਨਾ ਹੋਵੇ ਤਾਂ ਉਸ ਕੋਲ ਬਹੁਤ ਹੀ ਸੰਵੇਦਨਸ਼ੀਲ ਲੀਡਰਸ਼ਿਪ ਹੋਵੇ ਅਤੇ ਉਹ ਪੂਰਨ ਤੌਰ ਤੇ ਅਪਣੇ ਲੋਕਾਂ ਨੂੰ ਸਮਰਪਿਤ ਹੋਣ ਤੇ ਅਪਣੀ ਕੌਮ ਨੂੰ ਇਕ ਉਮੀਦ ਦੀ ਕਿਰਨ ਵਿਖਾ ਕੇ, ਇਸ ਕਿਸਮ ਦੇ ਦੁਖਾਂਤ ਵਿਚੋਂ ਬਾਹਰ ਕੱਢ ਲੈਣ। ਪਰ ਸਿੱਖਾਂ ਵਿਚ ਇਨ੍ਹਾਂ ਦੋਹਾਂ ਦੀ ਘਾਟ ਹੈ, ਨਾ ਤਾਂ ਪ੍ਰਭੂਸੱਤਾ ਦਾ ਮਾਣ ਹੈ ਅਤੇ ਨਾ ਹੀ ਸੰਵੇਦਨਸ਼ੀਲ ਲੀਡਰਸ਼ਿਪ ਹੈ।
1947 ਤੋਂ ਪਹਿਲਾਂ ਤੋਂ ਲੈ ਕੇ ਹੁਣ ਤਕ ਦੀ ਸਿੱਖ ਲੀਡਰਸ਼ਿਪ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ 1947 ਤੋਂ ਪਹਿਲਾਂ ਦੇ ਸਿੱਖ ਲੀਡਰ ਨਾਲਾਇਕ ਸਨ ਅਤੇ ਹੁਣ ਵਾਲੇ ਨਾਲਾਇਕ ਵੀ ਹਨ ਤੇ ਬੇਈਮਾਨ ਵੀ ਹਨ। ਇਨ੍ਹਾਂ ਕਾਰਨਾਂ ਕਰ ਕੇ ਆਮ ਸਿੱਖ ਅੱਜ ਅਪਣੇ ਲੀਡਰਾਂ ਨਾਲੋਂ ਟੁਟਿਆ ਹੀ ਨਹੀਂ ਬਲਕਿ ਸਿਆਸਤ ਤੋਂ ਬੇਮੁੱਖ ਹੁੰਦਾ ਜਾ ਰਿਹਾ ਹੈ। ਇਹ ਰੁਝਾਨ ਸਿੱਖ ਕੌਮ ਨੂੰ ਐਸੇ ਨਿਘਾਰ ਵਿਚ ਲੈ ਜਾਏਗਾ ਜਿਸ ਵਿਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਵੇਗਾ। ਅੱਜ ਜ਼ਰੂਰਤ ਹੈ ਕਿ ਸਿੱਖ ਕੌਮ ਇਕ-ਜੁਟ ਹੋ ਕੇ ਸੰਘਰਸ਼ ਕਰੇ ਤਾਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਅਖੌਤੀ ਅਕਾਲੀਆਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਇਆ ਜਾ ਸਕੇ। ਇਸੇ ਤਰ੍ਹਾਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ’ਤੇ ਕਾਬਜ਼ ਜਥੇਦਾਰਾਂ ਦੇ ਕੰਟਰੋਲ ਤੋਂ ਛੁਡਵਾਇਆ ਜਾ ਸਕੇ। ਸਿੱਖ ਅਦਾਰਿਆਂ ’ਤੇ ਜੱਫਾ ਪਾਈ ਬੈਠੇ ਲੋਕਾਂ ਤੋਂ ਇਨ੍ਹਾਂ ਸੰਸਥਾਵਾਂ ਨੂੰ ਵੱਖ ਕੀਤਾ ਜਾਵੇ। ਇਸ ਸੰਧਰਭ ਵਿਚ ਇਹ ਦਸਣਾ ਬਣਦਾ ਹੈ ਕਿ ਪਿਛਲੀ ਸਦੀ ਵਿਚ ਕਾਰਲ ਮਾਰਕਸ ਨੇ ਕਿਹਾ ਸੀ ਕਿ ‘ਧਰਮ ਇਕ ਅਫ਼ੀਮ ਵਾਂਗ ਅਸਰ ਕਰਦਾ ਹੈ ਜਦੋਂ ਇਹ ਬਦਲ ਕੇ ਸੰਸਥਾਵਾਂ ਵਿਚ ਤਬਦੀਲ ਹੋ ਜਾਂਦਾ ਹੈ।’ ਇਸ ਦਲੀਲ ਨੇ ਸਾਰੀ ਦੁਨੀਆਂ ਨੂੰ ਕਾਇਲ ਕਰ ਦਿਤਾ ਅਤੇ ਇਸ ਦਾ ਸਿੱਕਾ ਕਾਫ਼ੀ ਦੇਰ ਤਕ ਕਾਇਮ ਰਿਹਾ। ਪਰ ਪ੍ਰਸਿੱਧ ਇਤਿਹਾਸਕਾਰ ਆਰਨਾਲਡ ਟਿਆਨਬੀ ਨੇ ਇਸ ਦਲੀਲ ਦਾ ਇਹ ਕਹਿ ਕੇ ਜਵਾਬ ਦਿਤਾ ਕਿ ਸੰਸਥਾਵਾਂ ਮਾੜੀਆਂ ਨਹੀਂ ਹੁੰਦੀਆਂ ਬਲਕਿ ਉੁਨ੍ਹਾਂ ਨੂੰ ਚਲਾਉਣ ਵਾਲੇ ਜਦੋਂ ਅਪਣੇ ਸੁਆਰਥਾਂ ਅਤੇ ਮੰਦੀਆਂ ਭਾਵਨਾਵਾਂ ਨਾਲ ਇਨ੍ਹਾਂ ਨੂੰ ਅਪਣੇ ਕੰਟਰੋਲ ਵਿਚ ਲੈ ਆਉਦੇ ਹਨ ਤਾਂ ਇਨ੍ਹਾਂ ਵਿਚ ਗਿਰਾਵਟਾਂ ਆ ਜਾਂਦੀਆਂ ਹਨ। ਉਪਰਲਾ ਦਿ੍ਰਸ਼ਟਾਂਤ ਦੇਣ ਦਾ ਭਾਵ ਹੈ ਕਿ ਸ਼ੋ੍ਰਮਣੀ ਅਕਾਲੀ ਦਲ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਕਾਬਜ਼ ਲੋਕਾਂ ਨੂੰ ਬਦਲਣ ਦੀ ਲੋੜ ਹੈ ਨਾਕਿ ਇਨ੍ਹਾਂ ਸੰਸਥਾਵਾਂ ਨੂੰ ਖ਼ਤਮ ਕਰਨ ਦੀ। ਸਿੱਖਾਂ ਦੀ ਤ੍ਰਾਸਦੀ ਹੈ ਕਿ ਸਾਡੀਆਂ ਸਾਰੀਆਂ ਸੰਸਥਾਵਾਂ ਉਤੇ ਇਕ ਪ੍ਰਵਾਰ ਦਾ ਕਬਜ਼ਾ ਹੋ ਚੁੱਕਾ ਹੈ। ਇਹ ਕਾਬਜ਼ ਪ੍ਰਵਾਰ ਕੋਲ ਕੋਈ ਸਵੱਛ ਅਤੇ ਸੁਚੱਜੀ ਵਿਚਾਰਧਾਰਾ ਨਹੀਂ ਬਸ ਪੈਸੇ ਅਤੇ ਸਿਆਸੀ ਹਵਸ ਹੈ।
ਤਕਰੀਬਨ ਚਾਲੀ ਸਾਲ ਹੋ ਗਏ ਹਨ, ਸਾਰੀ ਸਿੱਖਾਂ ਦੀ ਸਿਆਸਤ ਬਾਦਲ ਸਾਹਿਬ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ। ਸਾਡੀ ਕੌਮ ਦੇ ਵਿਦਵਾਨਾਂ ਨੇ ਇਸ ਸਾਰੇ ਸਮੇਂ ਦਾ ਮੁਲਾਂਕਣ ਹੀ ਨਹੀਂ ਕੀਤਾ ਕਿ ਅਸੀ ਇਨ੍ਹਾਂ ਚਾਰ ਦਹਾਕਿਆਂ ਵਿਚ ਕੀ ਪਾਇਆ ਅਤੇ ਕੀ ਗੁਆਇਆ ਹੈ? ਇਹ ਬਹੁਤ ਲੰਮਾ ਅਰਸਾ ਹੈ ਜਿਸ ਵਿਚ ਭਾਰਤ ਵਿਚ ਅਤੇ ਵਿਦੇਸ਼ਾਂ ’ਚ ਬਹੁਤ ਵੱਡੀਆਂ ਵੱਡੀਆਂ ਸਮਾਜਕ ਅਤੇ ਸਿਆਸੀ ਤਬਦੀਲੀਆਂ ਆਈਆਂ ਹਨ। ਭਾਰਤ ਦੇ ਕਿੰਨੇ ਪ੍ਰਧਾਨ ਮੰਤਰੀ ਬਦਲ ਚੁੱਕੇ ਹਨ, ਸਾਰੇ ਮੁਲਕ ਦੀਆਂ ਸਟੇਟਾਂ ਦੇ ਚੀਫ਼ ਮਨਿਸਟਰ ਬਦਲ ਗਏ। ਵਿਦੇਸ਼ਾਂ ਤੇ ਨਜ਼ਰ ਮਾਰੀਏ ਤਾਂ ਕੋਈ ਐਸਾ ਦੇਸ਼ ਨਹੀਂ ਜਿਥੇ ਸਿਆਸੀ ਲੀਡਰ ਕਈ ਵਾਰੀ ਨਾ ਬਦਲੇ ਹੋਣ। ਸਾਰੀ ਦੁਨੀਆਂ ਅਤੇ ਭਾਰਤ ਅੰਦਰ ਸਿਆਸੀ ਪਾਰਟੀਆਂ ’ਚ ਕਈ ਕਿਸਮ ਦੇ ਭੂਚਾਲ ਆਏ ਅਤੇ ਸਿਆਸਤਾਂ ਅਦਲੀਆਂ-ਬਦਲੀਆਂ ਗਈਆਂ ਹਨ। ਕੀ ਕਾਰਨ ਹੈ ਕਿ ਸਿੱਖਾਂ ਵਿਚ ਇਸ ਕਿਸਮ ਦੀ ਸਿਆਸੀ ਖੜੌਤ ਕਿਉ ਹੈ? ਉਂਜ ਤਾਂ ਸਿੱਖ ਅਪਣੇ ਆਪ ਨੂੰ ਪ੍ਰਗਤੀਸ਼ੀਲ ਅਤੇ (Progressive & Vibrant community ) ਕਹਿ ਕੇ ਫ਼ਖ਼ਰ ਮਹਿਸੂਸ ਕਰਦੇ ਹਨ।
ਉਪਰ ਦਿਤੇ ਤੱਥਾਂ ਨੂੰ ਇਕ ਪਾਸੇ ਰੱਖ ਕੇ ਇਸ ਦਾ ਦੂਜਾ ਪੱਖ ਵਿਚਾਰੀਏ ਕਿ ਇਸ ਲੰਮੇ ਸਮੇਂ ਦੌਰਾਨ ਸਿੱਖਾਂ ਨੇ ਕੀ ਪਾਇਆ ਅਤੇ ਕੀ ਗਵਾਇਆ ਹੈ? ਮੇਰੀ ਤੁੱਛ ਬੁੱਧੀ ਅਨੁਸਾਰ, ਇਸ ਸਾਰੇ ਲੰਮੇ ਸਮੇਂ ਦਾ ਲੇਖਾ ਜੋਖਾ ਕਰਨ ਉਪ੍ਰੰਤ ਸਹਿਜੇ ਹੀ ਅਸੀ ਇਕ ਨਤੀਜੇ ਤੇ ਜ਼ਰੂਰ ਪਹੁੰਚ ਜਾਵਾਂਗੇ ਕਿ ਅਸੀ ਬਹੁਤ ਕੁੱਝ ਗੁਆਇਆ ਹੈ ਅਤੇ ਪਾਇਆ ਕੁੱਝ ਵੀ ਨਹੀਂ। ਇਸ ਸਮੇਂ ਵਿਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਗਈ, ਕਿਸਾਨ ਕਰਜ਼ਿਆਂ ਦੇ ਬੋਝ ਵਿਚ ਦੱਬ ਕੇ ਖ਼ੁਦਕੁਸ਼ੀਆਂ ਦੇ ਰਾਹ ’ਤੇ ਚਲ ਪਿਆ, ਦਲਿਤ ਭਾਈਚਾਰੇ ਕੋਲ ਕੋਈ ਰੁਜ਼ਗਾਰ ਦੇ ਵਸੀਲੇ ਨਹੀਂ, ਵਿਦਿਆ ਅਤੇ ਸਿਹਤ ਸੇਵਾਵਾਂ ਦਾ ਢਾਂਚਾ ਪੂਰਨ ਤੌਰ ਤੇ ਵਿਗੜ ਗਿਆ ਹੈ, ਪੰਜਾਬ ਦੇ ਸ਼ਹਿਰਾਂ ਦੀ ਹਾਲਤ ਹਰ ਪਹਿਲੂ ਤੋਂ ਦਿਨ-ਬ-ਦਿਨ ਮੰਦੀ ਹੋ ਰਹੀ ਹੈ। ਕਾਨੂੰਨ ਵਿਵਸਥਾ ਟੁੱਟ ਚੁੱਕੀ ਹੈ, ਕਿਸੇ ਦੀ ਜਾਨ/ਮਾਲ ਮਹਿਫ਼ੂਜ ਨਹੀਂ, ਸਰਕਾਰੀ ਸ਼ੈਅ ਤੇ ਰੇਤਾ, ਬਜਰੀ, ਇਤਿਆਦਕ ਮਾਫ਼ੀਆ ਦੇ ਕੰਟਰੋਲ ਵਿਚ ਜਾ ਚੁੱਕਾ ਹੈ, ਪੰਜਾਬ ਦੀ ਟ੍ਰਾਂਸਪੋਰਟ ਅਤੇ ਮੀਡੀਆ ਇਕ ਪ੍ਰਵਾਰ ਦੀ ਜਾਇਦਾਦ ਬਣ ਚੁੱਕਾ ਹੈ। ਸਿੱਖਾਂ ਦੀ ਸਮਾਜਕ ਵਿਵਸਥਾ ਚਿੰਤਾਜਨਕ ਹੈ, ਭਰੂਣ ਹਤਿਆ, ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਿੱਖ ਸਮਾਜ ਵਿਚ ਜਾਤੀਵਾਦ, ਊਚ-ਨੀਚ ਦੀ ਵਰਣ ਵਿਵਸਥਾ ਭਾਰੂ ਹੋ ਗਈ ਹੈ। ਹਾਲਾਤ ਐਨੇ ਬਦਤਰ ਹੋ ਗਏ ਹਨ ਕਿ ਉਨ੍ਹਾਂ ਨੂੰ ਇਕ ਜਾਂ ਦੋ ਲੇਖਾਂ ਵਿਚ ਵਰਣਨ ਕਰਨਾ ਮੁਸ਼ਕਲ ਹੀ ਨਹੀਂ ਬਲਕਿ ਨਾ-ਮੁਮਕਿਨ ਵੀ ਹੈ।
ਇਹ ਸੱਭ ਕੁੱਝ ਵਰਣਨ ਕਰਨ ਉਪ੍ਰੰਤ ਇਹ ਵੇਖੀਏ ਕਿ ਇਸ ਸਥਿਤੀ ਲਈ ਕੌਣ ਜ਼ੰੁਮੇਵਾਰ ਹੈ। ਜੇ ਇਸ ਦਾ ਸਿੱਧਾ ਤੇ ਸਾਦਾ ਜਵਾਬ ਲੈਣਾ ਹੋਵੇ ਤਾਂ ਅਸੀ ਤੁਰਤ ਹੀ ਕਹਿ ਦੇਵਾਂਗੇ ਕਿ ਇਸ ਸਾਰੀ ਵਿਵਸਥਾ ਲਈ ਸਿੱਖਾਂ ਦੇ ਲੀਡਰ ਹੀ ਜ਼ਿੰਮੇਵਾਰ ਹਨ। ਇਥੇ ਸਵਾਲ ਉਠਦਾ ਹੈ ਕਿ ਇਨ੍ਹਾਂ ਲੀਡਰਾਂ ਨੂੰ ਅੱਗੇ ਲਿਆਉਣ ਵਾਲਾ ਕੌਣ ਹੈ? ਆਖ਼ਰਕਾਰ ਇਹ ਵੋਟਾਂ ਲੈ ਕੇ ਹੀ ਸਿਆਸਤ ਅਤੇ ਧਾਰਮਕ ਅਦਾਰਿਆਂ ’ਤੇ ਕਾਬਜ਼ ਹੁੰਦੇ ਹਨ। ਜੇ ਇਹ ਵੀ ਸਹੀ ਹੈ ਤਾਂ ਇਸ ਸਾਰੀ ਵਿਵਸਥਾ ਲਈ ਅਸੀ ਕੁੱਝ ਹੱਦ ਤਕ ਜ਼ਿੰਮੇਵਾਰ ਤਾਂ ਹਾਂ ਹੀ। ਸੋ, ਦੋਸ਼ ਲੀਡਰਾਂ ਦਾ ਵੀ ਹੈ ਅਤੇ ਉਸ ਦੇ ਨਾਲ ਜੋ ਲੀਡਰਾਂ ਨੂੰ ਵੋਟਾਂ ਪਾ ਕੇ ਅੱਗੇ ਲਿਆਉਦੇ ਹਨ, ਉਹ ਵੀ ਇਸ ਵਿਵਸਥਾ ਲਈ ਉਨੇ ਹੀ ਜ਼ਿੰਮੇਵਾਰ ਹਨ। ਵੋਟਰ ਅਪਣੀ ਜ਼ਮੀਰ ਦੀ ਕੀਮਤ ਪੁਆ ਕੇ ਅਪਣਾ ਈਮਾਨ ਪੈਸੇ ਨਾਲ, ਨੌਕਰੀਆਂ ਬਦਲੇ ਅਤੇ ਹੋਰ ਸਿਆਸੀ ਮੁਫ਼ਾਦਾਂ ਵਿਚ ਵੇਚ ਦੇਂਦੇ ਹਨ। ਵੋਟਰ ਛੋਟੀ ਸੋਚ ਨਾਲ ਇਹ ਸਮਝਦੇ ਹਨ ਕਿ ਕੋਈ ਗੱਲ ਨਹੀਂ ਇਹ ਕੋਈ ਕੁੰਭ ਦਾ ਮੇਲਾ ਹੈ ਕਿ ਜੋ ਲੰਮੇ ਅਰਸੇ ਮਗਰੋਂ ਆਵੇਗਾ, ਇਹ ਤਾਂ ਸਿਰਫ਼ ਪੰਜ ਸਾਲਾਂ ਦਾ ਹੀ ਸੌਦਾ ਹੈ। ਸਿੱਧੇ ਸਾਦੇ ਵੋਟਰ ਇਹ ਨਹੀਂ ਸਮਝਦੇ ਕਿ ਪੰਜਾਂ ਸਾਲਾਂ ਵਿਚ ਇਨ੍ਹਾਂ ਅਖੌਤੀ ਲੀਡਰਾਂ ਨੇ ਐਸੇ ਬੀਜ ਬੋ ਦੇਣੇ ਹਨ ਜਿਨ੍ਹਾਂ ਨੇ ਪਤਾ ਨਹੀਂ ਅੱਗੇ ਕਿੰਨਾ ਨੁਕਸਾਨ ਪਹੁੰਚਾਉਣਾ ਹੈ। ਲੋਕਤੰਤਰ ਵਿਚ ਵੋਟ ਬਹੁਤ ਹੀ ਵਡਮੁੱਲੀ ਹੈ। ਇਸ ਦਾ ਇਸਤੇਮਾਲ ਜੇ ਸੋਚ ਸਮਝ ਕੇ ਨਾ ਕੀਤਾ ਜਾਵੇ ਤਾਂ ਉਸ ਦੇ ਨਤੀਜੇ ਬਹੁਤ ਘਾਤਕ ਸਿੱਧ ਹੁੰਦੇ ਹਨ।
ਇਥੇ ਹੀ ਬਸ ਨਹੀਂ ਬਾਦਲ ਅਕਾਲੀ ਦਲ ਨੇ ਬੀਜੇਪੀ ਨਾਲ ਅਪਣੀ ਸਿਆਸੀ ਸਾਂਝ ਪਾਈ ਹੋਈ ਹੈ, ਜਿਨ੍ਹਾਂ ਦਾ ਇਸ ਦੇਸ਼ ਵਿਚ ਸੰਪਰਦਾਇਕਤਾ ਦਾ ਪਸਾਰਾ ਕਰ ਕੇ ਹਿੰਦੂਤਵਾ ਦਾ ਬੋਲਬਾਲਾ ਕਰਨਾ ਹੈ। ਇਥੇ ਹੀ ਬਸ ਨਹੀਂ ਆਰ.ਐਸ.ਐਸ. ਵਰਗੀਆਂ ਸੰਪਰਦਾਇਕ ਤਾਕਤਾਂ ਪੰਜਾਬ ਵਿਚ ਡੇਰਾਵਾਦ ਨੂੰ ਹੱਲਾਸ਼ੇਰੀ ਦੇ ਕੇ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰ ਰਹੀਆਂ ਹਨ। ਜਦਕਿ ਦੂਜੇ ਪਾਸੇ ਨਾਲ ਲਗਦੇ ਸੂਬੇ ਹਰਿਆਣੇ ਵਿਚ ਡੇਰਾਵਾਦ ਦੇ ਖ਼ਿਲਾਫ਼ ਸਰਕਾਰੀ ਜ਼ੋਰ ਜਬਰ ਨਾਲ ਖ਼ੂਨ ਖ਼ਰਾਬਾ ਕਰ ਕੇ ਉਨ੍ਹਾਂ ਨੂੰ ਉਥੋਂ ਉਖੇੜ ਰਹੀਆਂ ਹਨ।
ਇਥੇ ਖ਼ਾਸ ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਕਿਸੇ ਵਿਦੇਸ਼ੀ ਦੌਰੇ ’ਤੇ ਜਾਂਦੇ ਹਨ ਤਾਂ ਉਥੋਂ ਦੇ ਮੁਖੀਆਂ ਨੂੰ ਗੀਤਾ ਦਾ ਤੋਹਫ਼ਾ ਪੇਸ਼ ਕਰਦੇ ਹਨ। ਜੇਕਰ ਕੋਈ ਵਿਦੇਸ਼ੀ ਮੁਲਕ ਦਾ ਮੁਖੀਆ ਇਥੇ ਆਵੇ ਤਾਂ ਵੀ ਉਸ ਨੂੰ ਇਹ ਤੋਹਫ਼ਾ ਭੇਟ ਕੀਤਾ ਜਾਂਦਾ ਹੈ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹੁਣੇ ਹੁਣੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਭਾਰਤਵਰਸ਼ ਦਾ ਰਾਸ਼ਟਰੀ ਧਾਰਮਕ ਗ੍ਰੰਥ ਗੀਤਾ ਹੈ। ਇਸ ’ਤੇ ਸਵਾਲ ਪੈਦਾ ਹੁੰਦਾ ਹੈ ਕਿ ਕੋਈ ਅਧਿਆਤਮਕ () ਗ੍ਰੰਥ ਕਿਸੇ ਮੁਲਕ ਦੀਆਂ ਸੀਮਾਂ ਤਕ ਹੀ ਸੀਮਤ ਹੁੰਦਾ ਹੈ ਜਾਂ ਸਮੁੱਚੀ ਮਾਨਵਤਾ ਲਈ? ਸਿੱਖਾਂ ਨੂੰ ਇਕ ਗੱਲ ਦਾ ਫ਼ਖ਼ਰ ਹੈ ਕਿ ਉਨ੍ਹਾਂ ਦਾ ਧਾਰਮਕ ਗ੍ਰੰਥ ਦੇਸ਼ਾਂ, ਕੌਮਾਂ, ਜਾਤਾਂ ਅਤੇ ਕਬੀਲਿਆਂ ਤੋਂ ਉਪਰ ਉਠ ਕੇ ਸਾਰੀ ਦੀ ਸਾਰੀ ਮਾਨਵਤਾ ਨੂੰ ਅਪਣੇ ਕਲਾਵੇਂ ਵਿਚ ਲੈਂਦਾ ਹੈ। ਇਹ ਗ੍ਰੰਥ ਵਕਤ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਕਿਤੇ ਉਪਰ ਹੈ। (7 7 .) ਇਸ ਦੀ ਅਧਿਆਤਮਕਤਾ ਅਤੇ ਸਮਾਜਕ ਵਿਵਸਥਾ ਸੱਭ ਲਈ ਹੈ ਅਤੇ ਹਮੇਸ਼ਾ ਲਈ ਹੈ। ਇਸ ਦੀਆਂ ਕੋਈ ਸੀਮਾਵਾਂ ਨਹੀਂ। ਇਸੇ ਸੋਚ ਅਨੁਸਾਰ ਸਿੱਖ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਬੀਜੇਪੀ ਵਾਲਿਆਂ ਦੀ ਤੰਗ ਦਿਲੀ ਵਾਲੀ ਸੋਚ ਉਨ੍ਹਾਂ ਨੂੰ ਮਬਾਰਕ।
ਇਸ ਤੰਗ ਦਿਲੀ ਵਾਲੀ ਸੋਚ ਦੇ ਵਿਰੋਧ ਵਿਚ ਆਉ ਪੰਥਕ ਤਾਕਤਾਂ ਨੂੰ ਇਕੱਠੇ ਕਰ ਕੇ, ਇਕ ਲਾਮਬੰਦ ਮੁਹਿੰਮ ਚਲਾਈਏ। ਲੋਕਾਂ ਨੂੰ ਇਨ੍ਹਾਂ ਸ਼ਰਾਰਤੀ ਅਨਸਰਾਂ ਬਾਰੇ ਜਾਗਰੂਕ ਕਰੀਏ ਜੋ ਕਿ ਨਾ ਤਾਂ ਪੰਥਕ ਹਿਤਾਂ ਦੀ ਗੱਲ ਕਰਦੇ ਹਨ ਅਤੇ ਨਾ ਹੀ ਪੰਜਾਬ ਦੇ ਲੰਮੇ ਸਮੇਂ ਤੋਂ ਲਟਕ ਰਹੇ ਸਿਆਸੀ ਅਤੇ ਆਰਥਕ ਮਸਲਿਆਂ ਬਾਰੇ ਚਿੰਤਿਤ ਹਨ। ਪੰਜਾਬ ਵਿਚ ਦਿਨ-ਬ-ਦਿਨ ਵੱਧ ਰਹੀ ਗ਼ਰੀਬੀ, ਆਟਾ-ਦਾਲ ਦੀਆਂ ਸਕੀਮਾਂ ਨਾਲ ਹੱਲ ਨਹੀਂ ਹੋ ਸਕਦੀ। ਵੋਟ ਬੈਂਕ ਦੀ ਸਿਆਸਤ ਲਈ ਤਾਂ ਅਜਿਹੀਆਂ ਸਕੀਮਾਂ ਸਹੀ ਹੋ ਸਕਦੀਆਂ ਹਨ। ਸੁਆਰਥੀ ਸਿਆਸਤਦਾਨਾਂ ਦੀ ਸੋਚ ਤਾਂ ਸਿਰਫ਼ ਇਹੀ ਹੈ ਕਿ ਆਮ ਲੋਕ ਆਟਾ-ਦਾਲ ਦੀ ਮੁਢਲੀ ਲੋੜ ਤੋਂ ਉਪਰ ਨਾ ਉਠ ਸਕਣ। ਪੰਜਾਬ ਵਿਚ ਅਮੀਰੀ ਤੇ ਗ਼ਰੀਬੀ ਦਾ ਵੱਧ ਰਿਹਾ ਫ਼ਰਕ ਚਿੰਤਾਜਨਕ ਹੈ। ਸਿਆਸਤ ਦੀ ਖੇਡ ਪੈਸੇ ਦੀ ਖੇਡ ਬਣ ਗਈ ਹੈ। ਪੰਜਾਬ ਵਿਚ ਭਿ੍ਰਸ਼ਟਾਚਾਰ ਇਸ ਵੇਲੇ ਪੂਰੇ ਸਿਖ਼ਰ ਤੇ ਹੈ। ਲੀਡਰ ਅਪਣੀ ਜ਼ਮੀਰ ਨੂੰ ਵੇਚ ਚੁੱਕੇ ਹਨ। ਕੁਰਸੀ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਪੰਜਾਬ ਨੇ 1984 ਤੋਂ ਲੈ ਕੇ ਹੁਣ ਤਕ ਜੋ ਸੰਤਾਪ ਭੋਗਿਆ ਹੈ, ਉਸ ਦਾ ਕਿਸੇ ਨੂੰ ਦਰਦ ਨਹੀਂ। 1947 ਦੇ ਕਤਲੇਆਮ ਤੋਂ ਬਾਅਦ ਅੰਮਿ੍ਰਤਾ ਪ੍ਰੀਤਮ ਨੇ ਵਾਰਿਸ਼ ਸ਼ਾਹ ਨੂੰ ਯਾਦ ਕਰਦਿਆਂ ਲਿਖਿਆ ਸੀ :
‘ਓ ਦਰਦਮੰਦਾਂ ਦੇ ਦਰਦੀਆ, ਉਠ ਤਕ ਅਪਣਾ ਪੰਜਾਬ’
ਅੱਜ ਅਸੀ ਕਿਹੜੇ ਦਰਦਮੰਦ ਨੂੰ ਸੱਦਾ ਦਈਏ ਜੋ ਪੰਜਾਬ ਦੇ ਸੰਤਾਪ ਨੂੰ ਸਮਝ ਸਕੇ, ਜੋ ਪੰਥ ਦੀ ਆਵਾਜ਼ ਬਣ ਸਕੇ, ਇਸ ਦੇ ਦੁੱਖ ਦਰਦ ਅਤੇ ਨਬਜ਼ ਨੂੰ ਪਛਾਣ ਸਕੇ? ਕੀ ਅਸੀ ਬੇਬਸੀ ਵਿਚ ਹੀ ਤੜਪਦੇ ਰਹਾਂਗੇ ਜਾਂ ਸੂਝ ਤੋਂ ਕੰਮ ਲੈ ਕੇ ਇਸ ਸਿਆਸੀ ਦਲਦਲ ਵਿਚੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦਾ ਯਤਨ ਕਰਾਂਗੇ? ਸਮੇਂ ਦੀ ਵੰਗਾਰ ਹੈ। ਨਿਜ਼ਾਮ ਬਦਲਣ ਦੀ ਲੋੜ ਹੈ। ਸਮਾਂ ਨਸ਼ਟ ਕਰਨ ਨਾਲ ਸੰਤਾਪ ਹੋਰ ਵਧੇਗਾ। ਸੋ, ਜਾਗਰੂਕ ਹੋ ਜਾਉ। ਆਉ, ਅਸੀ ਹੰਭਲਾ ਮਾਰ ਕੇ ਪ੍ਰੋ. ਪੂਰਨ ਸਿੰਘ ਦੇ ਸੁਪਨਿਆਂ ਦੇ ਪੰਜਾਬ ਦਾ ਨਿਰਮਾਣ ਕਰੀਏ, ਹਸਦਾ-ਵਸਦਾ ਪੰਜਾਬ, ਗਾਉਦਾ-ਨਚਦਾ ਪੰਜਾਬ, ਪੰਜਾਬ ਜਿਹੜਾ ਜੀਊਂਦਾ ਗੁਰੂਆਂ ਦੇ ਨਾਂ ਤੇ ਹੈ। ਧਨੀ ਰਾਮ ਚਾਤਿ੍ਰਕ ਨੇ ਵੀ ਖ਼ੁਸ਼ੀਆ ਅਤੇ ਖੇੜਿਆਂ ਨਾਲ ਭਰੇ ਪੰਜਾਬ ਦੀ ਜੋ ਤਸਵੀਰ ਖਿੱਚੀ ਸੀ, ਉਸ ਨੂੰ ਵੀ ਸਾਕਾਰ ਕਰਨਾ ਜ਼ਰੂਰੀ ਹੈ ਤਾਕਿ ਪੰਜਾਬ ਦੇ ਗਗਨਾਂ ਉਤੇ ਚੜ੍ਹਨ ਵਾਲਾ ਹਰ ਸੂਰਜ ਕਾਲੇ ਬੱਦਲਾਂ ਦੇ ਘਿਰਾਉ ਨੂੰ ਤੋੜ ਕੇ ਨਵੀਂ ਰੋਸ਼ਨੀ ਪ੍ਰਦਾਨ ਕਰ ਸਕੇ।
ਅੱਜ ਦੇ ਸੰਕਟ ਦੀ ਸਥਿਤੀ ਵਿਚ ਇਕੋ ਇਕ ਆਸ ਸਿੱਖਾਂ ਦੇ ਸਵੈ ਉਦਭਵ ਤੇ ਹੈ ਜਿਸ ਦੇ ਸਹਾਰੇ ਉਹ ਕੌਮ ਦਾ ਵਿਰਸਾ ਅਤੇ ਭਵਿੱਖ ਸੁਰੱਖਿਅਤ ਕਰ ਸਕਦੇ ਹਨ। ਹਵਾ ਵਿਚ ਤਲਵਾਰਾਂ ਮਾਰਨ ਨਾਲ ਕੁੱਝ ਨਹੀਂ ਹੋਣ ਲੱਗਾ। ਕੌਮ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਹੈ ਕਿ ਸਿੱਖਾਂ ਦੀ ਰਾਜਨੀਤੀ ਕਿਹੋ ਜਹੀ ਹੈ। ਸਿੱਖ ਸਿਆਸਤ ਗੁਰੂ ਪੰਥ ਦੀ ਰਾਜਨੀਤੀ ਤੇ ਚੱਲ ਕੇ ਹੀ ਸਫ਼ਲ ਹੋ ਸਕਦੀ ਹੈ।
ਡਾ. ਗੁਰਦਰਸ਼ਨ ਸਿੰਘ ਢਿੱਲੋਂ (ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ)
ਟਿਪਣੀ (ਜ਼ਰਾ ਸੋਚਣ ਦੀ ਗਲ ਹੈ ਕਿ ਕਿਸੇ ਵਡੇ ਤੋਂ ਵਡੇ ਵਿਦਵਾਨ ਕੋਲ ਵੀ ਕੋਈ ਹਲ ਨਹੀੰ , ਇਕੋ ਢੰਗ ਹੈ , ਮਿਲ-ਬੈਠ ਕੇ ਵਿਚਾਰਿਆ ਜਾਵੇ [ ਅਮਰ ਜੀਤ ਸਿੰਘ ਚੰਦੀ)
ਗੁਰਦਰਸ਼ਨ ਸਿੰਘ ਢਿੱਲੋਂ (ਡਾ)
ਸਿੱਖ ਮੌਜੂਦਾ ਸੰਕਟ ਵਿਚੋਂ ਕਿਵੇਂ ਨਿਕਲਣ ?
Page Visitors: 2932