* ਮੱਧ ਦਾ ਭੋਗ, ਅਰਥ ਕਿ ਅਨੱਰਥ *
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਰ ਸਿੱਖ ਲਈ ਜ਼ਰੂਰੀ ਹੈ ਤੇ ਮੇਰੇ ਮਾਤਾ ਜੀ ਵੀ ਅਖੰਡ ਪਾਠੀ ਸਨ, ਤਾਂ ਵੀ ਮੈਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਪਾਠ ਕਰਨ ਤੋਂ ਡਰਦਾ ਹੀ ਰਿਹਾ। ਜਪੁਜੀ ਸਾਹਿਬ ਦਾ ਪਾਠ ਤਾਂ ਮੇਰਾ ਨਿਤ ਕਰਮ ਸੀ, ਪਰ ਸਾਧਾਰਨ ਜਾਂ ਅਖੰਡ ਪਾਠ ਕਰਨ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ ਸਾਂ। ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਪਾਠ ਕਰਨ ਸਮੇਂ ਹੁੰਦੀਆਂ ਸੰਭਾਵੀ ਗ਼ਲਤੀਆਂ ਤੋਂ ਥਰ ਥਰ ਕੰਬਦਾ ਸਾਂ ਅਤੇ ਦੂਸਰੇ ਸੁਣ ਸੁਣਾ ਕੇ ਇਹ ਵਿਸ਼ਵਾਸ਼ ਵੀ ਹੋ ਗਿਆ ਸੀ ਕਿ ਪੂਰਨ ਰੀਤਾਂ ਰਸਮਾਂ ਅਨੁਸਾਰ ਕੀਤਾ ਪਾਠ ਹੀ ਪ੍ਰਵਾਣ ਹੁੰਦਾ ਹੈ ਤੇ ਇਹ ਕੰਮ ਗਿਆਨੀਆਂ ਗ੍ਰੰਥੀਆਂ ਦਾ ਹੀ ਹੈ। ਨਤੀਜਾ ਇਹ ਹੋਇਆ ਕਿ 40 ਸਾਲ ਦੀ ਉਮਰ ਤੱਕ ਮੈਂ ਕਦੀ ਸਾਧਾਰਨ ਜਾਂ ਅਖੰਡ ਪਾਠ ਨਾ ਕੀਤਾ।
1965 ਵਿੱਚ ਮੈਂ ਇੰਗਲੈਂਡ ਆ ਗਿਆ ਤੇ ਮੇਰੀ ਪਹਿਲੀ ਕੁਲ-ਵਕਤੀ ਨਿਯੁਕਤੀ ਜਨਵਰੀ 1968 ਵਿੱਚ ਇੱਕ ਅਧਿਆਪਕ ਦੇ ਤੌਰ ਤੇ ਇੱਕ ਸੈਕੰਡਰੀ ਸਕੂਲ ਵਿੱਚ ਗ੍ਰੇਵਜ਼ੈਂਡ (ਕੈਂਟ) ਸ਼ਹਿਰ ਵਿਚ ਹੋ ਗਈ। ਇੱਥੇ ਸਿੱਖ ਧਰਮ ਪਰਚਾਰ ਦੀ ਘਾਟ ਨੂੰ ਪ੍ਰਤੀਤ ਕਰਦਿਆਂ ਕੁੱਝ ਹੋਰ ਸਾਥੀਆਂ ਨੂੰ ਨਾਲ ਮਿਲਾ ਕੇ ਸਿੱਖ ਮਿਸ਼ਨਰੀ ਸੋਸਾਇਟੀ ਦੀ ਨੀਂਹ ਰੱਖੀ (ਜੋ ਅੱਜ ਤੱਕ ਸੇਵਾ ਕਰ ਰਹੀ ਹੈ) ਸੋਸਾਇਟੀ ਲਈ ਮਾਇਆ ਦੀ ਅਤਯੰਤ ਲੋੜ ਸੀ। ਫੈਸਲਾ ਹੋਇਆ ਕਿ ਮੁਫਤ ਅਖੰਡ ਪਾਠ ਕਰਕੇ ਮਾਇਆ ਇਕੱਠੀ ਕੀਤੀ ਜਾਵੇ ਅਤੇ ਪਰਚਾਰ ਤੇ ਲਾਈ ਜਾਵੇ। ਦੂਸਰੇ ਦੋ ਸੱਜਣ ਤਾਂ ਪਾਠ ਕਰਨ ਲਈ ਤਿਆਰ ਹੋ ਗਏ ਪਰ ਮੈਂ ਹਿਚਕਚਾਹਟ ਵਿੱਚ ਸਾਂ। ਦੋਸਤਾਂ ਦੇ ਹੌਸਲਾ ਦੇਣ ਤੇ ਮੈਂ ਵੀ ਤਿਆਰ ਹੋ ਗਿਆ ਅਤੇ ਅਸੀਂ ਖੁੱਲ੍ਹਾ ਐਲਾਨ ਕਰ ਦਿੱਤਾ ਕਿ ਅਖੰਡ ਪਾਠ ਲਈ ਕੋਈ ਪੱਕੀ ਮਾਇਆ ਨਹੀਂ ਲਈ ਜਾਵੇਗੀ। ਆਪਣੀ ਖ਼ੁਸ਼ੀ ਨਾਲ ਜੋ ਮਾਇਆ ਕੋਈ ਦੇਵੇਗਾ ਉਸ ਦੀ ਰਸੀਦ ਦਿੱਤੀ ਜਾਵੇਗੀ ਤੇ ਸਾਰੀ ਮਾਇਆ ਪਰਚਾਰ ਲਈ ਹੀ ਵਰਤੀ ਜਾਵੇਗੀ।
ਅਸੀਂ ਤਿੰਨ ਪਾਠੀ (ਜਿਨ੍ਹਾਂ ਵਿੱਚੋਂ ਮੇਰੇ ਸਮੇਤ ਅਸੀਂ ਦੋ ਸਕੂਲ ਟੀਚਰ ਸਾਂ ) ਮਾਇਆ ਨਹੀਂ ਲੈਂਦੇ ਸਾਂ ਅਤੇ ਪਾਠ ਵਾਲੇ ਘਰ ਕੁੱਝ ਖਾਂਦੇ ਪੀਂਦੇ ਵੀ ਨਹੀਂ ਸਾਂ ਪਰ ਸਾਨੂੰ ਦੋ ਐਸੇ ਪਾਠੀ ਵੀ ਰੱਖਣੇ ਪਏ ਜੋ ਉਸ ਵੇਲੇ ਪਾਠ ਕਰਨ ਲਈ ਲੋੜੀਂਦੇ ਸਨ ਜਦੋਂ ਅਸੀਂ ਸਕੂਲ ਵਿੱਚ ਹੁੰਦੇ ਸਾਂ। ਇਹ ਪਾਠੀ ਪਾਠ ਰਖਵਾ ਦਿੰਦੇ ਸਨ ਅਤੇ "ਮੱਧ" ਆਦਿਕ ਦਾ ਭੋਗ ਲਗਵਾ ਦਿੰਦੇ ਸਨ। ਭਾਵੇਂ ਸਥਾਨਕ ਗੁਰਦਵਾਰੇ ਵਲੋਂ ਸਾਡੀ ਡਟ ਕੇ ਵਿਰੋਧਤਾ ਹੋਈ, ਪਰ ਸੰਗਤਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ। ਅਸੀਂ ਲਗ ਪਗ ਹਰ ਸਪਤਾਹ ਦੇ ਅੰਤ ਨੇੜਲੇ ਸ਼ਹਿਰਾਂ ਵਿੱਚ ਅਖੰਡ ਪਾਠ ਕਰਨ ਲਈ ਜਾਣ ਲੱਗ ਪਏ। ਅਖੰਡ ਪਾਠਾਂ ਤੋਂ ਮਿਲੀ ਮਾਇਆ ਕਾਰਨ ਧਰਮ ਪਰਚਾਰ ਦਾ ਕੰਮ ਬਹੁਤ ਸੌਖਾ ਹੋ ਗਿਆ ਤੇ ਸੋਸਾਇਟੀ ਰਜਿਸਟਰ ਕਰਵਾ ਲਈ ਗਈ।
ਇੱਕ ਅਖੰਡ ਪਾਠ ਇੱਕ ਸੁਨਿਆਰ ਪ੍ਰਵਾਰ ਦੇ ਘਰ ਰੱਖਿਆ ਗਿਆ । ਇਹ ਪਰਵਾਰ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਦਾ ਸਰਧਾਲੂ ਜ਼ਰੂਰ ਸੀ । ਪਾਠ ਦਾ ਦੂਸਰਾ ਦਿਨ ਸੀ ਜਦ ਪਾਠ "ਮਧ" ਦੇ ਨੇੜੇ ਪਹੁੰਚ ਚੁੱਕਾ ਸੀ ਅਤੇ ਮੈਂ ਆਪਣੀ ਰੌਲ ਲਾ ਕੇ ਵਿਹਲਾ ਹੋ ਗਿਆ ਸਾਂ । ਪਰਵਾਰ ਨੇ "ਮਧ" ਦੇ ਭੋਗ ਲਈ ਦੇਗ ਤਿਆਰ ਕਰ ਛੱਡੀ ਸੀ ਅਤੇ ਮੈਨੂੰ ਅਰਦਾਸ ਕਰਨ ਲਈ ਕਿਹਾ ਗਿਆ ।
ਮੈਂ ਸੰਗਤੀ ਅਰਦਾਸ ਕਰਕੇ ਬਹੁਤਾ ਖੁਸ਼ ਨਹੀਂ ਹੁੰਦਾ ਪਰ ਉਸ ਦਿਨ ਹੋਰ ਕੋਈ ਅਰਦਾਸੀਆ ਨਾ ਹੋਣ ਕਰਕੇ ਮੈਨੂੰ ਹੀ ਅਰਦਾਸ ਕਰਨੀ ਪਈ । ਅਰਦਾਸ ਉਪ੍ਰੰਤ ਘਰ ਵਾਲੇ ਨੇ 20 ਪੌਂਡ ਮੇਰੀ ਮੁੱਠੀ ਵਿੱਚ ਆ ਫੜਾਏ । ਮੈਂ ਕਿਹਾ ਕਿ ਮੈਂ ਮਾਇਆ ਨਹੀਂ ਲੈਂਦਾ । ਅਗੋਂ ਉਸ ਗੁਰਮੁਖ ਨੇ ਕਿਹਾ, "ਗਿਅਨੀ ਜੀ ਆਰੰਭ ਦੀ ਅਰਦਾਸ ਕਰਨ ਦੇ 30 ਪੌਂਡ ਲੈ ਗਏ ਸਨ ਅਤੇ ਕਹਿ ਗਏ ਸਨ ਕਿ "ਮਧ" ਦੀ ਅਰਦਾਸ ਵੇਲੇ 20 ਪੌਂਡ ਦੇਣੇ ਹੁੰਦੇ ਹਨ ਉਹ ਤਿਆਰ ਰਖਣੇ ਮੈਂ ਅਰਦਾਸ ਵੇਲੇ ਨੂੰ ਆ ਜਾਵਾਂਗਾ । ਉਹ ਤਾਂ ਕਿਸੇ ਕਾਰਨ ਆਏ ਨਹੀਂ ਹਨ ਤੁਸੀਂ ਅਰਦਾਸ ਕਰ ਦਿੱਤੀ ਹੈ ਅਤੇ ਇਸ ਲਈ ਬਣਦੇ 20 ਪੌਂਡ ਸਵੀਕਾਰ ਕਰੋ ਤਾਂ ਜੋ ਅਖੰਡ ਪਾਠ ਦੇ ਪੁੰਨ ਦਾਨ ਅਤੇ ਮਰਯਾਦਾ ਵਿੱਚ ਕੋਈ ਵਿਘਨ ਨਾ ਪਵੇ। "ਮੈਂ ਮਾਇਆ ਲੈ ਕੇ ਸਿੱਖ ਮਿਸ਼ਨਰੀ ਸੋਸਾਇਟੀ ਦੀ ਰਸੀਦ ਦੇ ਦਿੱਤੀ ਪਰ ਸੋਚਦਾ ਰਿਹਾ ਕਿ "ਮਧ" ਦਾ ਭੋਗ ਕੀ ਹੁੰਦਾ ਹੈ, ਇਸ ਦੀ ਲੋੜ ਕਿਉਂ ਪੈਂਦੀ ਹੈ ? ਕੀ ਇਹ ਜ਼ਰੂਰੀ ਹੈ ? ਕੀ ਇਹ ਸਿਖ ਰਹਿਤ ਮਰਯਾਦਾ ਦਾ ਹਿੱਸਾ ਹੈ ?
ਘਰ ਆ ਕੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਵਾਚਣ ਦਾ ਅਵਸਰ ਮਿਲਿਆ। ਇਸ ਵਿੱਚ "ਮਧ" ਦੇ ਭੋਗ ਬਾਰੇ ਇੱਕ ਸ਼ਬਦ ਤੱਕ ਨਹੀਂ ਹੈ ਪਰ ਤਾਂ ਵੀ ਦੇਖਣ ਵਿੱਚ ਆਇਆ ਹੈ ਕਿ ਹਰ ਅਖੰਡ ਪਾਠ ਵੇਲੇ ਅਦ੍ਰਿਸ਼ਟ ਅਗੋਚਰ ਸ੍ਰਿਸ਼ਠੀ ਦੇ ਪਾਲਣਹਾਰ ਦਾਤਾਰ ਪ੍ਰਭੂ ਨੂੰ "ਮਧ" ਦਾ ਭੋਗ ਜ਼ਰੂਰ ਲਵਾਇਆ ਜਾਂਦਾ ਹੈ।
ਜਾਪਦਾ ਹੈ ਕਿ ਸਾਡੇ ਗਿਆਨੀਆਂ ਗ੍ਰੰਥੀਆਂ ਜਾਂ ਸੰਤਾਂ ਨੇ ਇਹ ਰਸਮ ਉਸ ਸ਼ਬਦ ਨੂੰ ਪ੍ਰਤੀਕ ਬਣਾ ਕੇ ਚਾਲੂ ਕਰ ਲਈ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 705 ਉਂਪਰ ਸੁਭਾਇਮਾਨ ਹੈ ਅਤੇ ਜਿਸ ਵਿੱਚ ਸ਼ਬਦ "ਮਧ" ਆਉਂਦਾ ਹੈ। ਧਿਆਨ ਨਾਲ ਵਾਚਿਆਂ ਜ਼ਾਹਰ ਹੋ ਜਾਂਦਾ ਹੈ ਕਿ ਸ਼ਬਦ "ਮਧ" ਦਾ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਬਾਣੀ ਦੇ "ਮਧ" (ਅੱਧ ਜਾਂ ਸੈਂਟਰ) ਨਾਲ ਕੋਈ ਵੀ ਸਬੰਧ ਨਹੀਂ ਹੈ। ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਪੰਨੇ ਨਹੀਂ ਲਿਖੇ ਜਾਂਦੇ ਸਨ ਕੇਵਲ ਹਰ ਪੱਤਰੇ ਨੂੰ ਇੱਕ ਨੰਬਰ ਦਿੱਤਾ ਜਾਂਦਾ ਸੀ (ਯਾਣੀ ਦੋ ਸਫਿਆਂ ਦਾ ਇੱਕੋ ਨੰਬਰ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਗੁਰਦਾਸ ਵਲੋਂ ਲਿਖੀ ਬੀੜ (ਕਰਤਾਰਪੁਰੀ ਬੀੜ) ਵਿਚ ਲਿਖਿਆ ਮਿਲਦਾ ਹੈ, "ਪੋਥੀ ਲਿਖ ਪਹੁੰਚੇ ਭਾਦਰੋਂ ਵਦੀ ਏਕਮ ਸੰਮਤ 1661 ਕੁਲ ਪਤਰੇ 974" ਇਸ ਬੀੜ ਵਿਚ, ਜੋ ਸਤਿਗੁਰਾਂ ਨੇ ਆਪ ਲਿਖਵਾਈ, "ਮਧ" ਪੰਨਾ 487 ਉਂਪਰ ਆਉਂਦਾ ਹੈ, ਪਰ ਇਥੇ ਨਾਂ ਤਾਂ ਸ਼ਬਦ "ਮਧ" ਹੀ ਮਿਲਦਾ ਹੈ ਅਤੇ ਨਾ ਹੀ ਗੁਰੂ ਜੀ ਵਲੋਂ "ਮਧ" ਦਾ ਭੋਗ ਪਾਉਣ ਦਾ ਕੋਈ ਆਦੇਸ਼ ਇੱਥੇ ਹੈ।
1860 ਵਿਚ ਛਾਪਾ ਖ਼ਾਨਾ ਚਾਲੂ ਹੋਣ ਤੇ ਬੀੜਾਂ ਦੇ ਪੰਨੇ ਛਾਪੇਖ਼ਾਨਿਆਂ ਦੇ ਮਾਲਕ ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਛਾਪਦੇ ਸਨm, ਸੋ 1908 ਤੋਂ ਇਹ ਨਿਯਮ ਬਣਾਇਆ ਗਿਆ ਕਿ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਵੀ ਛੋਟੇ ਵੱਡੇ ਫੌਂਟ ਵਿੱਚ ਛਾਪਿਆ ਜਾਵੇ ਇਸ ਦੇ ਪੰਨੇ 1430 ਹੀ ਰਹਿਣਗੇ।
ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ ਅਤੇ ਸਪਸ਼ਟ ਹੈ ਕਿ ਜੇ ਕਿਧਰੇ "ਮਧ" ਲਈ ਕੋਈ ਰਸਮ ਪੂਰੀ ਕਰਨੀ ਗੁਰਮਤ ਵਿੱਚ ਪ੍ਰਵਾਣ ਹੈ ਤਾਂ ਉਹ ਪੰਨਾ 715 ਤੇ ਜਾ ਕੇ ਹੋਣੀ ਚਾਹੀਦੀ ਹੈ। ਪਰ ਅਜਿਹੀ ਕਿਸੇ ਰਸਮ ਦਾ ਵੇਰਵਾ ਸਿੱਖ ਰਹਿਤ ਮਰਯਾਦਾ ਵਿੱਚ ਨਹੀਂ ਮਿਲਦਾ। ਸ਼ਾਇਦ ਅਸੀਂ ਇਹ ਗੱਲ ਭੁੱਲ ਗਏ ਹਾਂ ਕਿ ਪਾਠ ਅਸੀਂ ਗੁਰੂ ਜੀ ਦੀ ਬਾਣੀ ਤੋਂ ਸਿਖਿਆ ਲੈਣ ਲਈ ਕਰਦੇ ਹਾਂ ਪੱਤਰੇ/ਸਫੇ ਗਿਨਣ ਲਈ ਨਹੀਂ। ਸ਼ਬਦ "ਮਧ" ਦੇ ਅਰਥ ਹੀ ਗ਼ਲਤ ਕੀਤੇ ਗਏ ਜਾਪਦੇ ਹਨ। ਅਸੀਂ ਅਧੁਨਿਕ ਬੀੜਾਂ ਦੇ ਪੰਨਾ 705 ਉਂਪਰ ਆਏ ਉਸ ਸ਼ਲੋਕ ਦੇ ਅਰਥ ਲ਼ਿਖ ਰਹੇ ਹਾਂ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ "ਮਧ" ਸਮਝਿਆ ਜਾ ਰਿਹਾ ਹੈ। ਪਾਠਕ ਖ਼ੁਦ ਹੀ ਦੇਖ ਲੈਣ ਕਿ "ਮਧ" (ਅੱਧ ਵਿਚਾਲੇ) ਦੇ ਭੋਗ ਦਾ ਇਸ ਸ਼ਬਦ ਨਾਲ ਕੀ ਰਿਸ਼ਤਾ ਹੈ।
ਜੈਤਸਰੀ ਮਹਲਾ 5 ਵਾਰ ਸਲੋਕਾ ਨਾਲਿ
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘ ਨਾਸਨ ਜਗਦੀਸੁਰਹ॥
ਅਰਥ:- ਪਰਮਾਤਮਾ ਦੇ ਭਗਤ ਉਸ ਸਰਬ-ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਜੋ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਹਰ ਥਾਂ ਮੌਜੂਦ ਰਿਹਾ ਹੈ, ਹੁਣ ਵੀ ਹੈ ਅਤੇ ਰਹਿੰਦੀ ਦੁਨੀਆਂ ਤਕ ਇਸ ਦੇ ਕਣ ਕਣ ਵਿੱਚ ਹਾਜ਼ਰ ਰਹੇਗਾ। ਜਗਤ ਦਾ ਮਾਲਕ ਪ੍ਰਭੂ ਆਪਣੇ ਭਗਤਾਂ ਦੇ ਸਭ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ।
ਜ਼ਾਹਰ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਮਧ" (ਸੈਂਟਰ) ਨਾਲ ਇਸ ਸ਼ਬਦ ਦਾ ਕੋਈ ਵੀ ਸਬੰਧ ਨਹੀਂ ਹੈ। ਅਸਲੀ "ਮਧ" ਤਾਂ ਪੰਨਾ 715 'ਤੇ ਹੀ ਹੋ ਸਕਦਾ ਹੈ। ਸਾਰਾ ਸ਼ਬਦ ਉਸ ਪ੍ਰਮਾਤਮਾ ਬਾਰੇ ਹੈ ਜੋ
"ਆਦਿ ਸਚੁ ਜੁਗਾਦਿ ਸਚੁ" ਹੈ।
ਜੇ ਕਰ ਸ਼ਬਦ "ਮਧ" ਨੂੰ ਲੈ ਕੇ ਹੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ "ਮਧ" ਸਮਝ ਲਿਆ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਹੇਠ ਲਿਖੇ ਸ਼ਬਦਾਂ 'ਤੇ ਵੀ ਭੋਗ ਪਾਉਣਾ ਚਾਹੀਦਾ ਹੈ।
1. ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥
ਅਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ॥ (ਪੰਨਾ 1017)
2. ਆਦਿ ਮਧਿ ਅੰਤਿ ਪ੍ਰਭੁ ਸੋਈ ॥
ਨਾਨਕ ਤਿਸੁ ਬਿਨੁ ਅਵਰੁ ਨ ਕੋਈ॥ (ਪੰਨਾ 760)
3. ਆਗੇ ਦਯੁ ਪਾਛੈ ਨਾਰਾਇਣ ਮਧਿ ਭਾਗਿ ਹਰਿ ਪ੍ਰੇਮ ਰਸਾਇਣ॥ (ਪੰਨਾ 1137)
4. ਜੇ ਕੋ ਅਪਨੇ ਠਾਕੁਰ ਭਾਵੈ ।ਕੋਟਿ ਮਧਿ ਏਹੁ ਕੀਰਤਨੁ ਗਾਵੈ॥ (ਪੰਨਾ 885)
ਇਹ ਵੀ ਸਮਝ ਨਹੀਂ ਆਈ ਕਿ ਜੋ ਪਾਠ ਹੀ "ਅਖੰਡ ਪਾਠ" (ਨਿਰੰਤਰ, ਇੱਕ ਰਸ) ਹੈ ਉਸ ਦਾ "ਮਧ" ਕਿਵੇਂ ਹੋ ਸਕਦਾ ਹੈ? ਭੋਗ ਦਾ ਅਰਥ ਹੈ ਸਮਾਪਤੀ ਜਾਂ ਅੰਤ । ਕੀ 705 ਪੰਨੇ ਉਂਪਰ ਭੋਗ ਪਾਉਣ ਦਾ ਅਰਥ ਅਖੰਡ ਪਾਠ ਦਾ ਅੰਤ ਸਮਝਿਆ ਜਾਵੇ ?
ਕਿਧਰੇ ਇਹ ਰਸਮ ਅਨਪੜ੍ਹ ਅਤੇ ਸ਼ਰਧਾਲੂ ਜੁਗਿਆਸੂਆਂ ਨੂੰ ਲੁੱਟਣ ਲਈ ਮਨ ਮਤ ਰਾਹੀਂ ਤਾਂ ਨਹੀਂ ਬਣਾ ਲਈ ਗਈ ?
ਆਸ ਰਖਦਾ ਹਾਂ ਕਿ ਕੋਈ ਗੁਰਮੁਖ ਪਿਆਰਾ ਇਸ ਬਾਰੇ ਸਪਸ਼ਟੀਕਰਨ ਦੇਣ ਦੀ ਖੇਚਲ ਕਰੇਗਾ ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ !
ਕਸ਼ਮੀਰਾ ਸਿੰਘ (ਪ੍ਰੋ.) U.S.A.
* ਮੱਧ ਦਾ ਭੋਗ, ਅਰਥ ਕਿ ਅਨੱਰਥ *
Page Visitors: 2747