ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਮੂਲ ਮੰਤ੍ਰ ਦੀ ਬਨਾਵਟ ਕਿੱਥੋਂ ਤਕ ਅਤੇ ਕਿਉਂ ?
ਮੂਲ ਮੰਤ੍ਰ ਦੀ ਬਨਾਵਟ ਕਿੱਥੋਂ ਤਕ ਅਤੇ ਕਿਉਂ ?
Page Visitors: 2884

ਮੂਲ ਮੰਤ੍ਰ ਦੀ ਬਨਾਵਟ ਕਿੱਥੋਂ ਤਕ ਅਤੇ ਕਿਉਂ ?
ਗਿਆਨੀ ਅਵਤਾਰ ਸਿੰਘ
   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੂਲ ਮੰਤਰ ਦੀ ਬਣਤਰ ਚਾਰ ਪ੍ਰਕਾਰ ਨਾਲ ਦਰਜ ਕੀਤੀ ਗਈ ਮਿਲਦੀ ਹੈ
(1) ੴ ਸਤਿਗੁਰ ਪ੍ਰਸਾਦਿ॥ (524 ਵਾਰ),
(2) ੴ ਸਤਿਨਾਮੁ ਗੁਰ ਪ੍ਰਸਾਦਿ॥ (2 ਵਾਰ),
(3) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥ (9 ਵਾਰ), ਅਤੇ
(4) ਸੰਪੂਰਨ ਮੂਲ ਮੰਤ੍ਰ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (33 ਵਾਰ)
ਲਗਭਗ 540 ਸਾਲ ਪਹਿਲਾਂ ਦੀ ਲਿਖੀ ਹੋਈ ਗੁਰਬਾਣੀ ਲਿਖਤ ਦੇ ਉਕਤ ਦਰਸਾਏ ਸੰਪੂਰਨ ਮੂਲ ਮੰਤ੍ਰ ਵਿਚ 4 ਸ਼ਬਦ (ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ)
ਅਜਿਹੇ ਹਨ ਜਿਨ੍ਹਾਂ ਦੇ ਅਖੀਰ ’ਚ ਔਕੜ ਲੱਗਾ ਹੋਇਆ ਹੈ, ਤਿੰਨ ਸ਼ਬਦ (ਸਤਿ, ਮੂਰਤਿ ਅਤੇ ਪ੍ਰਸਾਦਿ) ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿਚ ਸਿਹਾਰੀ ਲੱਗੀ ਹੋਈ ਹੈ
ਅਤੇ ਦੋ ਸ਼ਬਦ (ਅਕਾਲ ਅਤੇ ਗੁਰ) ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿਚ ਔਕੁੜ ਜਾਂ ਸਿਹਾਰੀ ਵੀ ਨਹੀਂ ਲੱਗੀ ਹੋਈ ਹੈ।
ਇਹ ਭਿੰਨਤਾ ਕਿਉਂ?, ਨੂੰ ਸਮਝਣ ਲਈ ਪਹਿਲਾਂ ਪਦ ਅਰਥ ਕਰਨੇ ਜ਼ਰੂਰੀ ਹਨ।
 ਅਰਥ : ਪਰਮਾਤਮਾ (ਮਾਲਕ) ਇਕ ਹੈ, ਜੋ ਕਣ ਕਣ ਵਿਚ ਵਿਆਪਕ ਹੈ।
  ਸਤਿ ਨਾਮੁ ਉਸ ਦਾ ਨਾਮ (ਪ੍ਰਭਾਵ, ਹੁਕਮ) ਸਦੀਵ ਰਹਿਣ ਵਾਲਾ ਹੈ (‘ਸਤਿ’ ਸ਼ਬਦ ਨੂੰ ਸਿਹਾਰੀ ਇਸ ਲਈ ਲੱਗੀ ਹੈ ਕਿਉਂਕਿ ਇਹ ਸ਼ਬਦ ਪੰਜਾਬੀ ਦਾ ਨਹੀਂ
ਬਲਕਿ ਸੰਸਕ੍ਰਿਤ ਦਾ ਹੈ ਜਿਸ ਦੀ ਆਪਣੀ ਭਾਸ਼ਾ ’ਚ ਅਸਲ ਸ਼ਬਦ ‘ਸਤਯ੍’ ਹੈ। ਪੰਜਾਬੀ ਵਿਚ ਅੱਧਾ ‘ਯ੍’ ਲਿਖਣਾ ਉਚਿਤ ਨਹੀਂ ਜਿਸ ਕਾਰਨ ਅੱਧਾ ‘ਯ੍’ ਸਿਹਾਰੀ
ਵਿਚ ਬਦਲ ਜਾਂਦਾ ਹੈ। ਜਿਵੇਂ ਸ਼ਬਦ ਗਿਆਨ (ਗ੍ਯਾਨ)।
 ਕਰਤਾ (ੴ) ਸਭ ਨੂੰ ਪੈਦਾ ਕਰਨ ਵਾਲਾ ਹੈ।
  ਪੁਰਖੁ (ਉਹ) ਸਰਬ ਵਿਆਪਕ ਸ੍ਰੇਸਟ ਪੁਰਸ਼ ਹੈ।
  ਨਿਰਭਉ (ਉਹ) ਨਿਡਰ ਹੈ (ਕਿਉਂਕਿ)
  ਨਿਰਵੈਰੁ ਉਸ ਦੀ ਕਿਸੇ ਨਾਲ ਵੈਰ ਭਾਵਨਾ ਨਹੀਂ।
 ਅਕਾਲ ਮੂਰਤਿ ਉਸ ਦੀ ਹੋਂਦ (ਹਸਤੀ) ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ।
 ਅਜੂਨੀ (ਵਿਆਪਕ ਹੋਣ ਦੇ ਬਾਵਜੂਦ ਵੀ) ਜੂਨਾਂ ਵਿਚ ਨਹੀਂ ਆਉਂਦਾ।
 ਸੈਭੰ ਉਸ ਦੀ ਬਣਤਰ (ਪੈਦਾਇਸ਼) ਸ੍ਵੈਮ (ਆਪਣੇ ਆਪ ਤੋਂ) ਪੈਦਾ ਹੋਈ ਹੈ।
  ਗੁਰ ਪ੍ਰਸਾਦਿ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 ਮੂਲ ਮੰਤ੍ਰ ਦੇ ਅੰਤ ਔਕੁੜ ਵਾਲੇ ਸ਼ਬਦ ਜਿਵੇਂ ਕਿ ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ, ਆਪਣੇ ਮੂਲ ਸ੍ਰੋਤ ਸ਼ਬਦ ‘ੴ’ ਨੂੰ ਇੱਕ ਵਚਨ ਪੁਲਿੰਗ ਹੋਣ ਬਾਰੇ ਸੰਕੇਤ
ਦਿੰਦੇ ਹਨ ਪਰ ਜਿਨ੍ਹਾਂ ਸ਼ਬਦਾਂ ਦੇ ਅੰਤ ’ਚ ਕੋਈ ਮਾਤ੍ਰਾ ਨਹੀਂ ਉਹਨਾਂ ਦੇ ਅਰਥ ‘ੴ’ ਪ੍ਰਤੀ ਕਰਨ ਲੱਗਿਆਂ ਉਹਨਾਂ ਤੋਂ ਅਗਲੇ ਸ਼ਬਦ ਦੀ ਮਦਦ ਲਈ ਗਈ ਹੈ ਜਿਵੇਂ
ਕਿ ਅਕਾਲ  (ਮੂਰਤਿ) ਅਤੇ ਗੁਰ (ਪ੍ਰਸਾਦਿ)।
‘ਮੂਰਤਿ’ ਸ਼ਬਦ ਸੰਸਕ੍ਰਿਤ ਦਾ ਹੈ ਜਿੱਥੇ ‘ਮੂਰਤੀ’ ਪੜ੍ਹਿਆ ਜਾਂਦਾ ਹੈ ਜਿਵੇਂ ਕਿ ਭੂਮਿ (ਭੂਮੀ), ਮੁਨਿ (ਮੁਨੀ), ਹਰਿ (ਹਰੀ) ਆਦਿ। ਪਰ ‘ਪ੍ਰਸਾਦਿ’ ਸ਼ਬਦ ਦੀ ਸਿਹਾਰੀ
(‘ਨਾਲ, ਰਾਹੀਂ, ਦੁਆਰਾ’ ਦੇ ਅਰਥਾਂ ਲਈ) ਵਰਤੀ ਗਈ ਹੈ ਭਾਵ ਸੰਪੂਰਣ ਮੂਲ ਮੰਤ੍ਰ ਵਿਚ ‘ੴ’ ਦੇ ਗੁਣ (ਵਿਸ਼ੇਸ਼ਣ) ਦੱਸ ਕੇ ਅੰਤ ਵਿਚ ਉਸ ਦੇ ਮਿਲਣ ਦੀ ਜੁਗਤੀ
ਦੱਸੀ ਗਈ ਹੈ। ਪਰ ਕੁਝ ਵੀਰ ਗੁਰਬਾਣੀ ਦੀ ਉਕਤ ਦਰਸਾਈ ਲਿਖਣਸ਼ੈਲੀ ਨੂੰ ਨਾ ਮੰਨਦੇ ਹੋਏ ‘ਗੁਰ’ ਸ਼ਬਦ ਦੇ ਅਰਥ ਕਰਦੇ ਹਨ ਕਿ ਉਹ ਵੱਡਾ ਹੈ। ‘ਪ੍ਰਸਾਦਿ’ ਦੇ
ਅਰਥ ਕਰਦੇ ਹਨ ਕਿ ਉਹ ਦਿਆਲੂ ਹੈ, ਜਿਸ ਕਾਰਨ ਉਹਨਾਂ ਲਈ ਮੂਲ ਮੰਤ੍ਰ ਦਾ ਵਿਸਥਾਰ ‘ਗੁਰ ਪ੍ਰਸਾਦਿ’ ਤੋਂ ਵੀ ਅੱਗੇ ‘‘॥ ਜਪੁ॥ ਆਦਿ ਸਚੁ, ਜੁਗਾਦਿ ਸਚੁ॥
ਹੈ ਭੀ ਸਚੁ, ਨਾਨਕ! ਹੋਸੀ ਭੀ ਸਚੁ
॥ ੧॥’’ ਤੱਕ ਚਲਾ ਜਾਂਦਾ ਹੈ ਜਦਕਿ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਮੂਲ ਮੰਤਰ ਦੀ ਹੋਂਦ ਮੰਨਣ ਨਾਲ ਜਗਿਆਸੂ ਦੇ ਮਨ ਵਿਚ
ਹੇਠ ਲਿਖੇ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ:
 ਪ੍ਰਸ਼ਨ 1. ਮੂਲ ਮੰਤ੍ਰ ’ਚ ਦਰਜ ‘ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ’ ਸ਼ਬਦਾਂ ਦੀ ਤਰ੍ਹਾਂ ‘ਗੁਰ ਅਤੇ ਪ੍ਰਸਾਦਿ’ ਸ਼ਬਦਾਂ ਨੂੰ ‘ਗੁਰੁ ਅਤੇ ਪ੍ਰਸਾਦੁ’ ਵਾਂਗ ਕਿਉਂ ਨਹੀਂ ਲਿਖਿਆ ਗਿਆ? ਜਦਕਿ ਗੁਰਬਾਣੀ ਵਿਚ ਇਹਨਾਂ ਸ਼ਬਦਾਂ ਦੀ ਇਸ ਤਰ੍ਹਾਂ ਦੀ ਬਣਤਰ ਮੌਜੂਦ ਵੀ ਹੈ ਜਿਵੇਂ ਕਿ ਸ਼ਬਦ ‘ਗੁਰੁ’, ਗੁਰੁ ਈਸਰੁ ਗੁਰੁ ਗੋਰਖੁ ਬਰਮਾ  ਗੁਰੁ ਪਾਰਬਤੀ
ਮਾਈ॥ (ਜਪੁ) ਅਤੇ ‘ਪ੍ਰਸਾਦੁ’, ਨਾਨਕ! ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ ਗੁਰਦੇਵ॥ (ਮ:੫/੨੬੯), ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ,  ਸਤਿਸੰਗਿ ਪਤਿ ਪਾਈ॥
(ਮ:੫/੧੦੦੦), ਸੋਧਉ ਮੁਕਤਿ ਕਹਾ ਦੇਉ ਕੈਸੀ, ਕਰਿ ਪ੍ਰਸਾਦੁ ਮੋਹਿ ਪਾਈ ਹੈ। (ਕਬੀਰ/੧੧੦੪),
‘‘ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ॥’’ (ਮ:੩/੧੧੨੮) ਅਤੇ ‘‘ਗੁਰਮਖਿ ਪਾਈਐ ਨਾਮ ਪ੍ਰਸਾਦੁ’’॥ (ਮ:੩/੧੧੭੪)
  ਪ੍ਰਸ਼ਨ 2. ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤੇ ਕੁੱਲ ਮੂਲ ਮੰਤਰ 568, ਸਾਰੇ ਹੀ ‘ਗੁਰ ਪ੍ਰਸਾਦਿ’ ’ਤੇ ਸਮਾਪਤ ਹੁੰਦੇ ਹਨ ਤਾਂ ਇੱਥੇ ‘‘ਨਾਨਕ ਹੋਸੀ ਭੀ  ਸਚੁ॥’’
ਤੱਕ ਕਿਉਂ ਪੜ੍ਹਿਆ ਜਾਂਦਾ ਹੈ?
 ਪ੍ਰਸ਼ਨ 3. ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਆਦਿ ਸਿਰਲੇਖ ਜੁੜਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ  ਦਰਜ
ਨਹੀਂ ਕੀਤੇ ਗਏ ਹਨ। ਇਹ ਕੇਵਲ ਸਤਿਕਾਰ ਵਜੋਂ ਸਿੱਖ ਸੰਗਤ ਆਪਣੇ ਵਲੋਂ ਪੜ੍ਹ ਜਾਂ ਲਿਖ ਰਹੀ ਹੈ। ‘ਗੁਰ ਪ੍ਰਸਾਦਿ’ ਤੋਂ ਬਾਅਦ ਵਰਤਿਆ ਸ਼ਬਦ  ॥ ਜਪੁ॥
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਹਿਲੀ ਬਾਣ ਦਾ ਨਾਮ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ’ਤੇ ਪੰਨਾ ਨੰ. 1 ਕਰਕੇ ਦਰਸਾਇਆ ਗਿਆ ਹੈ।
ਇਸ ਸਿਰਲੇਖ ਦੇ ਦੋਵੇਂ ਪਾਸੇ ਲੱਗੇ ਡੰਡਿਆਂ (॥) ਦਾ ਚਿੰਨ੍ਹ, ਇਸ ‘ਜਪੁ’ ਬਾਣੀ ਦੇ ਨਾਮ ਦਾ ਪ੍ਰਤੱਖ ਸਬੂਤ ਹੈ, ਜਿਸ ਨੂੰ ਮੂਲ ਮੰਤਰ ਦਾ ਹਿੱਸਾ ਕਿਉਂ ਮੰਨਿਆ ਜਾ  ਰਿਹਾ ਹੈ
 ਪ੍ਰਸ਼ਨ 4. ਜੇਕਰ ਇਹਨਾਂ ਵੀਰਾਂ ਦੀ ਮੰਨ ਕੇ ਮੂਲ ਮੰਤਰ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਮੰਨ ਵੀ ਲਿਆ ਜਾਏ ਤਾਂ ਇਕ ਬਹੁਤ ਹੀ ਵੱਡਾ ਪ੍ਰਸ਼ਨ ਹੋਰ ਖੜ੍ਹਾ ਹੋ ਜਾਂਦਾ ਹੈ।
ਉਸ ਨੂੰ ਸਮਝਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਤਰਤੀਬ ਅਨੁਸਾਰ ਵਾਰਾਂ ਨਾਲ ਦਰਜ ਸਲੋਕ ਅਤੇ ਜਗ੍ਹਾ ਜਗ੍ਹਾ ਮੂਲ ਮੰਤ੍ਰ ਨੂੰ ਬਹੁਤੇ ਥਾਈਂ ਪੰਜਵੇਂ ਪਾਤਿਸ਼ਾਹ ਜੀ ਵਲੋਂ ਦਰਜ ਕੀਤਾ ਗਿਆ ਹੈ ਜਿਸ ਦਾ ਸਬੂਤ ਸਲੋਕ ਵਾਰਾਂ ਤੋਂ ਵਧੀਕ ਅਤੇ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨਾਲ ਦਰਜ
ਮੂਲ ਮੰਤਰ ਤੋਂ ਮਿਲਦਾ ਹੈ।
  ਹੁਣ, ‘ਜਪੁ, ਸੁਖਮਨੀ ਅਤੇ ਆਸਾ ਕੀ ਵਾਰ’ ਗੁਰਬਾਣੀ ਦੀ ਤਰਤੀਬ ਨਾਲੋਂ ਮੂਲ ਮੰਤ੍ਰ ਨੂੰ ਕੁਝ ਸਮੇਂ ਲਈ ਅਲੱਗ ਕਰਕੇ ਬਾਕੀ ਰਚੀ ਬਾਣੀ ਦੀ ਸ਼ੁਰੂਆਤ ਨੂੰ ਵੀਚਾਰਿਆ
ਜਾਏ ਤਾਂ ਇਉਂ ਪ੍ਰਤੀਤ ਹੋਵੇਗਾ ਕਿ ਗੁਰੂ ਜੀ ਵਲੋਂ ਕੋਈ ਵੀ ਸਿਧਾਂਤਕ ਗੱਲ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਯਾਦ ਕੀਤਾ ਹੋਇਆ ਮਿਲਦਾ ਹੈ ਜਿਵੇਂ ਕਿ ‘ਆਸਾ ਦੀ ਵਾਰ’
ਵਿਚ (ਮੂਲ ਮੰਤਰ ਤੋਂ ਬਿਨਾਂ ਸ਼ੁਰੂਆਤ) ਸਲੋਕ ਮ: ੧॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ,  ਕਰਤ ਨ ਲਾਗੀ ਵਾਰ॥
(ਮ:੧/੪੬੨), ਭਾਵ ਮੈਂ ਆਪਣੇ ਗੁਰੂ ਤੋਂ ਸੌ ਵਾਰ ਦਿਨ ਵਿਚ ਕੁਰਬਾਨ ਜਾਂਦਾ ਹਾਂ ਜਿਸ ਨੇ ਆਮ ਇਨਸਾਨ ਨੂੰ ਦੇਵਤੇ ਬਣਾ ਦਿੱਤਾ। ‘
ਸੁਖਮਨੀ’ ਬਾਣੀ ਦੀ ਤਰਤੀਬ ਨਾਲੋਂ ਮੂਲ ਮੰਤਰ ਹਟਾ ਕੇ ਪੜ੍ਹਨ ਨਾਲ ਸ਼ੁਰੂਆਤ ਇਉਂ ਹੁੰਦੀ ਹੈ ‘‘ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥ (ਮ:੫/੨੬੨) ਭਾਵ ਸ੍ਰਿਸ਼ਟੀ ਦੇ ਰਚਨ ਤੋਂ ਪਹਿਲਾਂ ਜੋ ਵੱਡਾ ਸੀ, ਨੂੰ ਮੇਰੀ ਨਮਸਕਾਰ। ਜੁਗਾਂ ਦੇ ਮੁੱਢ ਵਿਚ ਵੀ ਜੋ ਸਭ ਤੋਂ ਵੱਡਾ ਸੀ, ਨੂੰ ਨਮਸਕਾਰ।
ਸਦਾ ਥਿਰ ਰਹਿਣ ਵਾਲੇ ਵੱਡੇ ਪ੍ਰਭੂ ਜੀ ਨੂੰ ਮੇਰੀ ਨਮਸਕਾਰ। (ਜੋ ਐਸੇ ਪ੍ਰਭੂ ਜੀ ਦੇ ਦਰਸ਼ਨ ਕਰਵਾਉਂਦਾ ਹੈ, ਉਸ) ਗੁਰੂ ਜੀ ਨੂੰ ਵੀ ਨਮਸਕਾਰ।
  ਇਹੀ ਭਾਵਨਾ ‘ਜਪੁ’ ਬਾਣੀ ਦੇ ਸ਼ੁਰੂਆਤੀ ਸਲੋਕ ‘‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥’’ ਵਿਚ ਦਰਜ ਕੀਤੀ ਗਈ ਹੈ ਪਰ ਇਸ
ਮੰਗਲਾਚਰਨ ਸਲੋਕ ਨੂੰ ਮੂਲ ਮੰਤ੍ਰ ਦਾ ਹਿੱਸਾ ਮੰਨਣ ਨਾਲ ‘ਜਪੁ’ ਦੀ ਸ਼ੁਰੂਆਤ ‘‘ਸੋਚੈ ਸੋਚਿ ਨ ਹੋਵਈ॥ ਜੇ ਸੋਚੀ ਲਖ ਵਾਰ॥’’ ਤੋਂ ਹੋ ਜਾਂਦੀ ਹੈ। ਧਿਆਨ ਦੇਣ ਯੋਗ  ਗੱਲ
ਇਹ ਹੈ ਕਿ ਕੀ ਇੱਥੇ ਗੁਰੂ ਜੀ ਨੇ ਸੁਖਮਨੀ, ਆਸਾ ਕੀ ਵਾਰ ਆਦਿ ਬਾਣੀਆਂ ਦੀ ਤਰ੍ਹਾਂ ਆਪਣੇ ਇਸ਼ਟ ਨੂੰ ਯਾਦ ਨਹੀਂ ਕੀਤਾ? ਕਿਉਂਕਿ ਜਪੁ ਬਾਣੀ ਦੀ ਇਸ ਪਹਿਲੀ
ਪਉੜੀ ਦੇ ਅਰਥ ਇਉਂ ਬਣਦੇ ਹਨ ਕਿ ‘ਤੀਰਥਾਂ ’ਤੇ ਇਸ਼ਨਾਨ ਕਰਨ ਨਾਲ ਮਨ ਸਾਫ (ਸੁੱਚਾ) ਨਹੀਂ ਹੁੰਦਾ ਬੇਸ਼ੱਕ ਮੈਂ ਲੱਖਾਂ ਵਾਰ ਤੀਰਥ ਇਸ਼ਨਾਨ ਕਰਾਂ।’ ਕੀ ਗੁਰੂ
ਨਾਨਕ  ਜੀ ਇੱਥੇ ਆਪਣੇ ਇਸ਼ਟ ਨੂੰ ਯਾਦ ਕਰਨਾ ਭੁੱਲ ਗਏ?
 ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸੁਭ੍ਹਾ ਦੀਆਂ ਦੋ ਬਾਣੀਆਂ ਪੜ੍ਹਨ ਦੇ ਸਬੂਤ ਬੇਅੰਤ ਥਾਈਂ ਮਿਲਦੇ ਹਨ। ਉਹ ਦੋ ਬਾਣੀਆਂ ਹਨ ‘ਜਪੁ’ ਅਤੇ  ‘ਆਸਾ ਦੀ
ਵਾਰ’। ਦੋਵਾਂ ਦੇ ਸ਼ੁਰੂਆਤ ਵਿਚ ਮੂਲ ਮੰਤ੍ਰ ਵੀ ਸੰਪੂਰਨ ਦਰਜ ਹੈ ਜੋ ਕਿ ‘‘ੴ ਤੋਂ ਗੁਰ ਪ੍ਰਸਾਦਿ॥’’ ਤੱਕ ਇਕ ਸਮਾਨ ਹੈ। ਇਸ ਸੱਚਾਈ ਨੂੰ ਕੁਝ ਵੀਰ ਕਿਉਂ ਨਹੀਂ ਮੰਨ ਰਹੇ?
 ਪ੍ਰਸ਼ਨ 6. ‘ਆਦਿ ਸਚੁ’ ਤੋਂ ‘ਨਾਨਕ ਹੋਸੀ ਭੀ ਸਚੁ॥’ ਤੱਕ ਵਾਲਾ ਸਲੋਕ ਪੰਜਵੇਂ ਪਾਤਿਸ਼ਾਹ ਜੀ ਨੇ ਥੋੜ੍ਹੀ ਤਬਦੀਲੀ ਨਾਲ ਸੁਖਮਨੀ ਬਾਣੀ ਦੀ 16 ਵੀਂ ਅਸ਼ਟਪਦੀ ਦੇ ਅੱਗੇ
ਦਰਜ ਕੀਤਾ ਹੋਇਆ ਮਿਲਦਾ ਹੈ। ਜੇਕਰ ਇਹ ਮੂਲ ਮੰਤ੍ਰ ਦਾ ਹਿੱਸਾ ਹੈ ਤਾਂ ਪੰਜਵੇਂ ਪਾਤਿਸ਼ਾਹ ਜੀ ਨੇ ਉੱਥੇ ਅੱਧਾ ਮੂਲ ਮੰਤ੍ਰ ਕਿਉਂ ਦਰਜ ਕੀਤਾ ਜਦਕਿ ਉੱਥੇ ਉੱਪਰ ਸਿਰਲੇਖ
’ਚ ਸਲੋਕ ਸ਼ਬਦ ਵੀ ਦਰਜ ਹੈ। ਇਸੇ ਤਰ੍ਹਾਂ ‘ਜਪੁ’ ਬਾਣੀ ਦਾ ਅਖੀਰਲਾ ਸਲੋਕ ‘ਪਵਣੁ ਗੁਰੂ ਪਾਣੀ ਪਿਤਾ....॥’ ਵੀ ਕੁਝ ਸ਼ਬਦਿਕ ਅੰਤਰ ਨਾਲ  ਦੂਸਰੇ ਪਾਤਿਸ਼ਾਹ ਗੁਰੂ
ਅੰਗਦ ਦੇਵ ਜੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 146 ’ਤੇ ਦਰਜ ਹੈ। ਆਦਿ।
 ਅਸਲ ਸੱਚਾਈ ਤਾਂ ਇਹ ਹੈ ਕਿ ‘ਜਪੁ’ ਸ਼ਬਦ ਬਾਣੀ ਦਾ ਉਸ ਤਰ੍ਹਾਂ ਹੀ ਸਿਰਲੇਖ ਹੈ ਜਿਵੇਂ ਕਿ ‘ਜਾਪੁ’। ਜਿਨ੍ਹਾਂ ਦਾ ਅਰਥ ਹੈ ਪ੍ਰਭੂ ਜੀ ਦਾ ਸਿਮਰਨ ਜਾਂ ਪ੍ਰਭੂ ਜੀ ਦੇ
ਗੁਣਾਂ ਨਾਲ ਸੰਪੂਰਨ ਬਾਣੀ, ‘ਜਪੁ’ ਬਾਣੀ ਦੇ ਸ਼ੁਰੂ ਅਤੇ ਅਖੀਰ ਵਿਚ ਇਕ ਇਕ ਸਲੋਕ ਦਰਜ ਕੀਤਾ ਗਿਆ ਹੈ ਇਹਨਾਂ ਦੋਵੇਂ ਸਲੋਕਾਂ ਵਿਚਕਾਰ 38 ਪਉੜੀਆਂ ਹਨ
ਜੋ ‘ਜਪੁ’ ਸਿਰਲੇਖ ਦਾ ਵਿਸਥਾਰ ਹੈ, ਜਿਸ ਨੂੰ ਵਿਚਾਰਿਆਂ ਹੀ ‘ਜਪੁ’ ਸ਼ਬਦ ਦੇ ਅਰਥ ਸਮਝ ਵਿਚ ਆਉਂਦੇ ਹਨ।  
 ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਛਪਵਾ ਕੇ ਲੱਖਾਂ ਦੀ ਤਾਦਾਦ ਵਿਚ ਮੁਫ਼ਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿਚ ਦਰਜ‘ਅੰਮ੍ਰਿਤ ਸੰਸਕਾਰ’ ਸਿਰਲੇਖ ਦੇ (ਞ) ਕਾਲਮ ਵਿਚ ਦਰਜ ਕਿ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਤੋਂ ਪੰਜ ਪਿਆਰੇ ਮੂਲ ਮੰਤਰ ‘‘ੴ ਸਤਿਨਾਮੁ ਕਰਤਾ ਪੁਰਖੁ  ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’ ਦਾ ਜਾਪ ਰਟਨ ਕਰਵਾਉਣ। ਇੱਥੇ ਮੂਲ ਮੰਤ੍ਰ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਦਾ ਕੋਈ ਜ਼ਿਕਰ ਨਹੀਂ।
 ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ ਅਖਵਾਉਣ ਵਾਲੀ ਸਿੱਖ ਕੌਮ ਦਾ ਸ਼ਬਦ ਗੁਰੂ ਵੀ ਇਕ ਹੈ ਪਰ ਵੀਚਾਰਾਂ ਵਿਚ ਅਸਹਿਮਤੀ ਵੇਖੋ ਮੂਲ ਮੰਤਰ ਦੀ ਬਨਾਵਟ  ’ਤੇ
ਇਕਮਤ ਨਹੀਂ, ਉਚਾਰਨ ਮਹਲਾ ੧, ਮਹਲਾ ੨ ਪੜ੍ਹਨਾ ਹੈ ਜਾਂ ਮਹੱਲਾ ੧, ਮਹੱਲਾ ੨, ਗੁਰਬਾਣੀ ਦੇ ਸ਼ਬਦਾਂ ਦੇ ਉਚਾਰਨ ਲਈ ਨਾਸਕੀ ਧੁਨੀ (ਬਿੰਦੀ) ਦਾ  ਉਚਾਰਨ
ਕਰਨਾ ਹੈ ਜਾਂ ਨਹੀਂ। ਰਹਿਰਾਸ ਸਾਹਿਬ ਦਾ ਸਵਰੂਪ ਛੋਟਾ ਪੜ੍ਹਨਾ ਹੈ ਜਾਂ ਵੱਡਾ, ਸੁਭ੍ਹਾ ਨਿਤਨੇਮ ਦੀਆਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਤਿੰਨ ਹੈਂ ਜਾਂ  ਪੰਜ, ਗੁਰੂ ਨਾਨਕ
 ਜੀ ਦਾ ਜਨਮ ਕੱਤਕ ਜਾਂ ਵਿਸਾਖ ਵਿਚ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ, ਨਾਨਕਸ਼ਾਹੀ ਕੈਲੰਡਰ, ਰਾਗਮਾਲਾ
ਆਦਿ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਉੱਪਰ ਇਹ ਵਿਵੇਕੀ ਗੁਰੂ ਜੀ ਦੀ ਔਲਾਦ ਇਕਮਤ ਨਹੀਂ। ਆਖਿਰ ਐਸਾ ਕਿਉਂ ਹੋ ਰਿਹਾ ਹੈ।
ਇਸ ਦਾ ਮੁੱਢਲੇ ਤੌਰ ’ਤੇ ਇਕ ਹੀ ਕਾਰਨ ਹੈ ਕਿ ਗੁਰਬਾਣੀ ਦੀ ਵਿਆਕਰਣ (ਲਿਖਣਸ਼ੈਲੀ) ਦੀ ਸਮਝ ਦੀ ਘਾਟ। ਇਕ ਧੜਾ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਮੰਨਦਾ ਹੈ
ਜਦਕਿ ਦੂਸਰਾ ਧੜਾ ਨਹੀਂ ਮੰਨਦਾ। ਜਿਸ ਦਾ ਸਿੱਟਾ ਕੁਝ ਕੁ ਉਕਤ ਬਿਆਨ ਕੀਤੇ ਗਏ ਵਿਸ਼ਿਆਂ ’ਤੇ ਪੈ ਰਿਹਾ ਹੈ। ਉਦਾਹਰਣ ਵਜੋਂ ਮੂਲ ਮੰਤਰ ਦੇ ਸਰੂਪ ਨੂੰ ਹੀ ਲੈ
ਲਈਏ।
 ਸਿੱਖ ਸਮਾਜ ’ਚ ਕੁਝ ਸੰਸਥਾਵਾਂ ਪੰਥਕ ਏਕਤਾ ਨੂੰ ਦਰਸਾਉਂਦੀ ‘ਸਿੱਖ ਰਹਿਤ ਮਰਯਾਦਾ’ ਨਾਲ ਜੋੜਨ ਦੀ ਬਜਾਏ ਸੁਖਮਨੀ, ਦੁੱਖ ਭੰਜਨੀ, ਚੌਪਹਰਾ, ਚੌਪਈ, (ਵੱਡੀ) ਰਹਿਰਾਸ, ‘‘ਨਾਨਕ ਹੋਸੀ ਭੀ ਸਚੁ॥’’ ਤੱਕ ਮੂਲ ਮੰਤ੍ਰ ਆਦਿ ਨਾਲ ਜੋੜਨ ਲਈ ਸੰਗਤਾਂ ਨੂੰ ਪ੍ਰੇਰਤ ਕਰ ਰਹੀਆਂ ਹਨ। ਜਿਸ ਕਾਰਨ ਸਿੱਖ ਸ਼ਰਧਾਲੂਆਂ  ’ਚ ਦੁਬਿਧਾ ਪੈਦਾ
ਹੋ ਰਹੀ ਹੈ ਜਿਸ ਨੂੰ ਸਮੇਂ ਰਹਿੰਦੇ ਵੀਚਾਰਨ ਦੀ ਜ਼ਰੂਰਤ ਹੈ। ਸੰਗਤਾਂ ਨੂੰ ਵੀ ਨਿਰੀ ਸ਼ਰਧਾ ਦੀ ਬਜਾਏ ਬਿਬੇਕ (ਸ਼ਬਦ ਵੀਚਾਰ) ਤੋਂ ਕੰਮ ਲੈਣਾ ਚਾਹੀਦਾ ਹੈ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.