ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦੱਸ ਕੇ ਕੀਤੀ ਜਾ ਰਹੀ ਹੈ ਧਰਮ ਦੀ ਦੁਰਵਰਤੋਂ
ਕਿਰਪਾਲ ਸਿੰਘ ਬਠਿੰਡਾ ਮੋਬ: 9855480797
ਸੁਆਰਥੀ ਆਗੂ ਜਿਨ੍ਹਾਂ ਨੇ ਰਾਜਗੱਦੀਆਂ ਪ੍ਰਾਪਤ ਕਰਨ ਲਈ ਧਰਮ ਨੂੰ ਘੋੜਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਬਹੁਤ ਜੋਰ ਸ਼ੋਰ ਨਾਲ ਪ੍ਰਚਾਰਿਆ ਹੈ ਕਿ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਹੈ। ਇਸ ਦੇ ਹੱਕ ਵਿੱਚ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ਬਰਦਸਤੀ ਮੂੰਹ ਵਿੱਚ ਪਾਈਆਂ ਜਾ ਰਹੀਆਂ ਇਹ ਪੰਕਤੀਆਂ ‘ਰਾਜ ਬਿਨਾਂ ਨਹਿ ਧਰਮ ਚਲੈ ਹੈਂ; ਧਰਮ ਬਿਨਾ ਸਭ ਦਲੈ ਮਲੈ ਹੈਂ’ ਅਤੇ ਸਮੁੱਚੇ ਪੰਥ ਵੱਲੋਂ ਰੋਜ਼ਾਨਾ ਅਰਦਾਸ ਦੇ ਅਖੀਰ ਵਿੱਚ ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’ ਦੋਹਰਾ ਪੜ੍ਹਿਆ ਜਾਣਾ ਦੱਸਦੇ ਹਨ। ਇਨ੍ਹਾਂ ਥੋਥੀਆਂ ਦਲੀਲਾਂ ਦਾ ਇਤਨਾ ਜਿਆਦਾ ਪ੍ਰਚਾਰ ਹੋਇਆ ਹੈ ਅਤੇ ਹੋ ਰਿਹਾ ਹੈ ਕਿ ਅੱਜ ਕੋਈ ਵੀ ਸਿੱਖ ਇਨ੍ਹਾਂ ਦਲੀਲਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਰੱਖਦਾ; ਬਾਵਯੂਦ ਇਸ ਦੇ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਨ ਵਾਲੇ ਬਹੁਤ ਸਾਰੇ ਸਿੱਖ ਇਹ ਜਾਣਦੇ ਹਨ ਕਿ ਸਿੱਖ ਧਰਮ ਦਾ ਜਿਨ੍ਹਾਂ ਨੁਕਸਾਨ ਧਰਮ ਨੂੰ ਘੋੜਾ ਬਣਾਉਣ ਵਾਲੀ ਰਾਜਨੀਤੀ ਕਰਨ ਵਾਲੇ ਸਿੱਖਾਂ ਨੇ ਕੀਤਾ ਹੈ ਇਤਨਾ ਹੋਰ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕਦੇ ਹਨ। ਗੁਰਬਾਣੀ ਵਿੱਚ ਕਿਧਰੇ ਨਹੀਂ ਲਿਖਿਆ ਕਿ ਧਰਮ ਚਲਾਉਣ ਲਈ ਰਾਜ ਸਤਾ ਦੀ ਲੋੜ ਹੈ। ਗੁਰਬਾਣੀ ਵਿੱਚ ਇਹ ਤਾਂ ਲਿਖਅਿਾ ਹੈ:
‘ਰਾਜੁ ਨ ਚਾਹਉ, ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥’ (ਮ: 5, ਪੰਨਾ 534)
ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ੳਮਪ; ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ।
ਅਖੌਤੀ ਧਰਮੀ ਆਗੂਆਂ ਅਤੇ ਰਾਜਿਆਂ ਨੂੰ ੳਨ੍ਹਾਂ ਦਾ ਅਸਲੀ ਧਰਮ ਸਮਝਾਉਂਦਿਆਂ ਵੀ ਬਚਨ ਕੀਤੇ ਹਨ: ‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥’ (ਮ: 1, ਪੰਨਾ 1240) ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ੳਮਪ; ਚੁਲੀ ਹੈ। ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ।
ਰਾਜ ਕੈਸਾ ਹੋਣਾ ਚਾਹੀਦਾ ਹੈ ਇਸ ਦਾ ਵਰਨਣ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ:
‘ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥1॥
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥
ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥2॥
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥3॥2॥’
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ-ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ ॥੩॥੨॥ (ਭਗਤ ਰਵਿਦਾਸ ਜੀ, ਪੰਨਾ 345)
ਭਗਤ ਰਵਿਦਾਸ ਜੀ ਨੇ ਬੇਸ਼ੱਕ ਇਸ ਸ਼ਬਦ ਵਿੱਚ ਉਸ ਆਤਮਿਕ ਮੰਡਲ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਜਿੱਥੇ ਉਹ ਰਹਿਣਾ ਚਾਹੁੰਦੇ ਹਨ ਪਰ ਕਿਉਂਕਿ ਸਿੱਖ ਧਰਮ ਕੇਵਲ ਸਵਰਗ, ਬੈਕੁੰਠ, ਬਹਿਸਤ ਵਿੱਚ ਹੂਰਾਂ ਪਰੀਆਂ ਅਤੇ ਹੋਰ ਸੁੱਖ ਸਹੂਲਤਾਂ ਮਿਲਣ ਦੇ ਲਾਰੇ ਨਹੀਂ ਲਾਉਂਦਾ ਸਗੋਂ ਲੋਕ ਪ੍ਰਲੋਕ ਨੂੰ ਜੋੜ ਕੇ ਜੀਵਨ ਜਿਊਣ ਦੀ ਜਾਂਚ ਸਿੱਖਾਉਂਦਾ ਹੈ। ਸਿੱਖ ਲਈ ਸਿਰਫ ਉਹ ਹੀ ਬੈਕੁੰਠ ਹੈ ਜਿਥੇ ਅਕਾਲ ਪੁਰਖ ਦਾ ਜਸ ਰੂਪੀ ਕੀਰਤਨ ਹੁੰਦਾ ਹੋਵੇ: ‘
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥2॥’ (ਮ: 5, ਪੰਨਾ 749)।
‘ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥
ਸਰਬ ਅਨੰਦ ਜਬ ਦਰਸਨੁ ਪਾਈਐ॥ ਰਾਮ ਗੁਣਾ ਨਿਤ ਨਿਤ ਹਰਿ ਗਾਈਐ॥’ (ਮ: 5, ਪੰਨਾ 890)
ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾਂ, ਅਕਾਲ ਤਖ਼ਤ ਦੀ ਉਸਾਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਸੁਮੇਲ ਨੂੰ ਦੋ ਧਾਰੀ ਖੰਡੇ ਵਿੱਚ ਤਬਦੀਲ ਕਰਨ ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਉਨ੍ਹਾਂ ਨੇ ਸਤਾ ਪ੍ਰਾਪਤੀ ਲਈ ਝੂਠ ਤੁਫਾਨ ਅਤੇ ਸਿਧਾਂਤਹੀਣ ਗੰਦੀ ਰਾਜਨੀਤੀ ਨੂੰ ਧਰਮ ਨਾਲ ਰਲਗੱਡ ਕਰ ਦਿੱਤਾ ਸੀ ਸਗੋਂ ਇਹ ਤਾਂ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਨ। ਭਗਤੀ ਤੇ ਸ਼ਕਤੀ ਦਾ ਸੁਮੇਲ ਸਿਰਫ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੀ ਨਹੀ ਸੀ ਕੀਤਾ ਸਗੋਂ ਇਸ ਦਾ ਮੁੱਢ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਬੰਨ੍ਹ ਦਿੱਤਾ ਸੀ। ਇਸਲਾਮ ਧਰਮ ਦੇ ਮੌਲਾਣਿਆਂ ਤੋਂ ਅਸ਼ੀਰਵਾਦ ਲੈ ਕੇ ਹਿੰਦੁਸਤਾਨ ’ਤੇ ਚੜ੍ਹਾਈ ਕਰਨ ਵਾਲੇ ਅਤੇ ਜਿੱਤਾਂ ਪ੍ਰਾਪਤ ਕਰਨ ਉਪ੍ਰੰਤ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਅੱਗੇ ਕੁਝ ਭੇਟਾਵਾਂ ਰੱਖ ਕੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥” (722);
“ਰਾਜੇ ਸੀਹ ਮੁਕਦਮ ਕੁਤੇ॥” (1288)
ਕਹਿਣਾ ਅਤੇ ਧਰਮ ਤੋਂ ਗਿਰ ਚੁੱਕੇ ਅਖੌਤੀ ਧਾਰਮਿਕ ਆਗੂਆਂ ਨੂੰ
“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥” (662)
ਕਹਿਣਾ ਭਗਤੀ ਅਤੇ ਸ਼ਕਤੀ ਦੇ ਇਕੱਠੇ ਹੋਣ ਦੇ ਹੀ ਸੂਚਕ ਹਨ। ਮੌਕੇ ਦੇ ਬਾਦਸ਼ਾਹ ਅਤੇ ਸਮਾਜ ਵਿੱਚ ਅਥਾਹ ਸ਼ਕਤੀ ਹਾਸਲ ਕਰੀ ਬੈਠੇ ਧਾਰਮਿਕ ਆਗੂਆਂ ਨੂੰ ਇਸ ਤਰ੍ਹਾਂ ਦੇ ਚੁਣੌਤੀ ਭਰੇ ਸ਼ਬਦ ਸਿਰਫ ਗੁਰੂ ਨਾਨਕ ਜੀ ਵਰਗਾ ਸੂਰਮਾ ਹੀ ਕਹਿ ਸਕਦਾ ਹੈ ਜਿਸ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨੂੰ ਆਪਣਾ ਅਦਰਸ਼ ਬਣਾਇਆ ਹੋਵੇ। ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾ, ਅਕਾਲ ਤਖ਼ਤ ਦੀ ਉਸਾਰੀ ਕਰਨੀ ਅਤੇ ਮਜ਼ਲੂਮਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਮੌਕੇ ਦੀ ਬਾਦਸ਼ਾਹਤ ਨਾਲ ਸਿੱਧੀ ਹਥਿਆਰਬੰਦ ਟੱਕਰ ਲੈਣੀ, ਗੁਰੂ ਅਰਜੁਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਸਰੀਰਕ ਤਸੀਹਿਆਂ ਦੀ ਬਿਨਾਂ ਪ੍ਰਵਾਹ ਕੀਤਿਆਂ ਸ਼ਹੀਦੀਆਂ ਦੇਣਾਂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੰਸ ਕੁਰਬਾਨ ਕਰ ਦੇਣਾਂ, ਗੁਰੂ ਸਾਹਿਬ ਜੀ ਵੱਲੋਂ ਸੀਸ ਮੰਗੇ ਜਾਣ ’ਤੇ ਪੰਜ ਪਿਆਰਿਆਂ ਵੱਲੋਂ ਤੁਰੰਤ ਸੀਸ ਭੇਟ ਕਰਨ ਲਈ ਹਾਜ਼ਰ ਹੋਣਾ, ਛੋਟੀ ਉਮਰੇ ਹੀ ਚਾਰੇ ਸਾਹਿਬਜ਼ਾਦਿਆਂ ਨੇ ਬੇਮਿਸਾਲੀ ਸ਼ਹਾਦਤਾਂ ਦੇਣੀਆਂ, ਭਾਈ ਮਤੀ ਦਾਸ ਜੀ ਵੱਲੋਂ ਆਰੇ ਨਾਲ ਚੀਰੇ ਜਾਣਾ, ਭਾਈ ਦਿਆਲਾ ਜੀ ਵੱਲੋਂ ਦੇਗੇ ਵਿੱਚ ਉਬਾਲੇ ਜਾਣਾ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਨਾਲ ਸਾੜੇ ਜਾਣਾ, ਭਾਈ ਮਨੀ ਸਿੰਘ ਜੀ ਵੱਲੋਂ ਬੰਦ ਬੰਦ ਕਟਵਾ ਕੇ ਸ਼ਹੀਦੀ ਦੇਣੀ, ਬਾਬਾ ਬੰਦਾ ਸਿੰਘ ਬਹਾਦੁਰ ਜੀ ਵੱਲੋਂ ਗਰਮ ਜਮੂੰਰਾਂ ਨਾਲ ਮਾਸ ਤੁੜਵਾਉਣਾ ਅਤੇ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਮੂੰਹ ਵਿੱਚ ਪਵਾ ਕੇ ਵੀ ਨਾ ਡੋਲਣਾਂ, ਭਾਈ ਤਾਰੂ ਸਿੰਘ ਜੀ ਵੱਲੋਂ ਕੇਸ ਕਟਾਉਣ ਦੀ ਥਾਂ ਖੋਪੜੀ ਉਤਰਵਾ ਲੈਣਾ, ਭਾਈ ਸੁਬੇਗ ਸਿੰਘ ਸਹਿਬਾਜ਼ ਸਿੰਘ ਵੱਲੋਂ ਚਰਖੜੀਆਂ ’ਤੇ ਚੜ੍ਹ ਕੇ ਸ਼ਹੀਦੀਆਂ ਦੇਣੀਆਂ, ਬਾਬਾ ਜੈ ਸਿੰਘ ਖਲਕਟ ਵੱਲੋਂ ਪੁੱਠੀ ਖੱਲ ਉਤਰਵਾ ਕੇ ਸ਼ਹੀਦੀ ਦੇਣੀ ਆਦਿਕ ਅਨੇਕਾਂ ਹੋਰ ਹੈਰਾਨੀ ਭਰੇ ਕਾਰਨਾਮੇ; ਜਿਨ੍ਹਾਂ ਨੂੰ ਦੁਸ਼ਮਣ ਵੀ ਵੇਖ ਕੇ ਦੰਗ ਹੋਏ ਬਿਨਾਂ ਨਹੀਂ ਰਹਿ ਸਕਦੇ ਇਹ ਸਿਰਫ ਐਸੇ ਸੂਰਮੇ ਯੋਧੇ ਹੀ ਕਰ ਸਕਦੇ ਹਨ ਜਿਨ੍ਹਾਂ ਨੇ ਭਗਤੀ ਅਤੇ ਸ਼ਕਤੀ ਦੇ ਸੁਮੇਲ ਹੋਣ ਦੇ ਸਿਧਾਂਤ ਨੂੰ ਆਪਣਾ ਜੀਵਨ ਆਦਰਸ਼ ਬਣਾਇਆ ਹੋਵੇ ਨਾ ਕਿ ਅੱਜ ਦੇ ਅਖੌਤੀ ਅਕਾਲੀ ਆਗੂ ਜਿਹੜੇ ਧਰਮ ਤੇ ਰਾਜਨੀਤੀ ਇਕੱਠੀ ਹੋਣ ਦਾ ਫੋਕਾ ਦਾਅਵਾ ਕਰਕੇ ਧਰਮ ਦਾ ਬੇਹਿਸਾਬਾ ਨੁਕਸਾਨ ਕਰ ਰਹੇ ਹਨ।
‘ਰਾਜ ਬਿਨਾਂ ਨਹਿ ਧਰਮ ਚਲੈ ਹੈਂ; ਧਰਮ ਬਿਨਾ ਸਭ ਦਲੈ ਮਲੈ ਹੈਂ’
ਸਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤੁਕ ਕਿਸੇ ਵੀ ਗੁਰੂ ਸਾਹਿਬ ਜੀ ਦੀ ਉਚਾਰੀ ਹੋਈ ਨਹੀਂ ਹੈ ਬਲਕਿ ਕਿਸੇ ਕਵੀ ਦੀ ਲਿਖੀ ਹੋਈ ਹੈ ਜਿਸ ਨੂੰ ਗਲਤ ਤੌਰ ’ਤੇ ਗੁਰੂ ਸਾਹਿਬ ਜੀ ਦੀ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਤੁਕ ਦੀ ਸਾਰਥਿਕਤਾ ਨੂੰ ਜੇ ਸਿੱਖ ਇਤਿਹਾਸ ਨਾਲ ਮੇਲ ਕੇ ਪੜਤਾਲਿਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਗਲਤ ਸਾਬਤ ਹੁੰਦੀ ਹੈ। ਦਸ ਗੁਰੂ ਸਾਹਿਬਾਨ ਦਾ 1469 ਤੋਂ 1708 ਈ: ਤੱਕ 239 ਸਾਲ ਦਾ ਸੰਸਾਰਕ ਜੀਵਨ ਜਿਸ ਦੌਰਾਨ ਸਿੱਖ ਸਿਧਾਂਤਾਂ ਦੀ ਘਾੜਤ ਘੜੀ ਗਈ ਅਤੇ ਸਿੱਖਾਂ ਦੀ ਹਰ ਪੱਖੋਂ ਪਰਖ ਪੜਾਤਲ ਵਿੱਚ ਪੂਰੇ ਉਤਰਨ ’ਤੇ ਖ਼ਾਲਸਾ ਪੰਥ ਦੀ ਸਾਜਨਾ ਅਤੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਅੰਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਅਤੇ 1708 ਤੋਂ ਲੈ ਕੇ 1800 ਈ: ਤੱਕ ਦੇ 92 ਸਾਲ ਜਿਸ ਸਮੇਂ ਖ਼ਾਲਸੇ ਨੇ ਧਰਮ ਅਤੇ ਸ਼ਕਤੀ ਦੇ ਸੁਮੇਲ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਨਿਮਾਣਿਆਂ, ਨਿਤਾਣਿਆਂ ਨੂੰ ਇਨਸਾਫ ਅਤੇ ਉਨਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕੀਤਾ ਪਰ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ। ਅਸਲ ਵਿੱਚ ਸਿੱਖ ਧਰਮ ਦਾ ਇਹੋ ਸੁਨਹਿਰੀ ਕਾਲ ਹੈ ਜਿਸ ’ਤੇ ਸਿੱਖ ਮਾਣ ਕਰ ਸਕਦੇ ਹਨ ਪਰ ਚੇਤੇ ਰੱਖਣ ਵਾਲੇ ਗੱਲ ਹੈ ਕਿ ਇਸ ਸਾਰੇ ਸਮੇਂ ਦੌਰਾਣ ਸਿੱਖਾਂ ਦਾ ਆਪਣਾ ਰਾਜ ਹੋਣਾ ਤਾਂ ਇੱਕ ਪਾਸੇ ਰਿਹਾ 92 ਸਾਲ ਤੱਕ ਤਾਂ ਆਪਣੇ ਘਰ ਘਾਟ ਵੀ ਨਹੀਂ ਸਨ ਪਰ ਸਿੱਖਾਂ ਦੀਆਂ ਇਸ ਸਮੇਂ ਦੌਰਾਨ ਘਾਲੀਆਂ ਘਾਲਨਾਵਾਂ ਸਦਕਾ ਵਿਸਾਖੀ ਵਾਲੇ ਦਿਨ 12 ਅਪ੍ਰੈਲ 1801 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਾਜ਼ਪੋਸ਼ੀ ਹੋਈ ਅਤੇ 1839 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਘਰੇਲੂ ਪਾਟੋਧਾੜ ਅਤੇ ਡੋਗਰਿਆਂ ਅਤੇ ਬ੍ਰਾਹਮਣਾਂ ਦੀ ਗਦਾਰੀ ਕਾਰਣ ਸਿੱਖ ਜਰਨੈਲਾਂ ਨੂੰ ਪਿੱਛੇ ਧੱਕਣਾ ਅਤੇ ਸਿਧਾਂਤਾਂ ਵਿੱਚ ਆਈ ਕਮਜੋਰੀ ਕਾਰਣ ਅੰਤ 1849 ਵਿੱਚ ਸਿੱਖ ਰਾਜ ਦਾ ਖਾਤਮਾ ਹੋ ਗਿਆ। ਇਸ 48 ਸਾਲ ਦੇ ਸਿੱਖ ਰਾਜ ਦੌਰਾਨ ਬੇਸ਼ੱਕ ਕੁਝ ਚੰਗੇ ਪੱਖ ਵੀ ਸਾਹਮਣੇ ਆਏ; ਸੁਆਰਥੀ ਬ੍ਰਾਹਮਣ ਅਤੇ ਡੋਗਰੇ ਸਿੱਖੀ ਭੇਸ ਧਾਰਨ ਕਰਕੇ ਸਿੱਖ ਧਰਮ ਵਿੱਚ ਸ਼ਾਮਲ ਹੋਣ ਕਰਕੇ ਗਿਣਤੀ ਪੱਖੋਂ ਸਿੱਖਾਂ ਦੀ ਜਨਸੰਖਿਆ ਵਿੱਚ ਵੀ ਕਾਫੀ ਵਾਧਾ ਹੋਇਆ ਪਰ ਇਨ੍ਹਾਂ ਵਿੱਚੋਂ ਤੇਜਾ ਸਿੰਘ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਾਰਣ ਜਿੱਥੇ ਸਿੱਖ ਰਾਜ ਦਾ ਬਹੁਤ ਛੇਤੀ ਅੰਤ ਹੋ ਗਿਆ ਉਥੇ ਸਿੱਖਾਂ ਵਿੱਚ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਵਿੱਚ ਰਾਜਸਤਾ ਦਾ ਸੁੱਖ ਭੋਗਣ ਕਾਰਣ ਸਿਧਾਂਤਕ ਅਤੇ ਆਚਰਣ ਪੱਖੋਂ ਵੱਡੀਆਂ ਗਿਰਾਵਟਾਂ ਆਈਆਂ ਜਿਨ੍ਹਾਂ ਵਿੱਚੋਂ
‘ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।’
ਸਿਧਾਂਤ ’ਤੇ ਪਹਿਰਾ ਦੇਣ ਦੀ ਬਜਾਏ ਮਹਾਂਰਾਜੇ ਦੇ ਮੋਰਾਂ ਨਾਚੀ ਨਾਲ ਅਨੈਤਿਕ ਸਬੰਧ ਹੋਣੇ, ਇੱਕ ਰਾਣੀ ਦੇ ਹੁੰਦਿਆਂ ਬਹੁਤੇ ਵਿਆਹ ਕਰਨੇ ਜਿਨ੍ਹਾਂ ਵਿੱਚੋਂ ਕਈਆਂ ਦੇ ਵਿਆਹ ਹਿੰਦੂ ਰੀਤਾਂ ਰਿਵਾਜਾਂ ਅਨੁਸਾਰ ਹੋਏੇ, ਮਹਾਂਰਾਜੇ ਦੀ ਮੌਤ ਉਪ੍ਰੰਤ ਕੁਝ ਰਾਣੀਆਂ ਵੱਲੋਂ ਸਤੀ ਹੋ ਕੇ ਸਿੱਖ ਸਿਧਾਂਤਾਂ ਦਾ ਮਖੌਲ ਉਡਾਉਣਾ, ਸਿੱਖ ਫੌਜੀਆਂ ਵੱਲੋਂ ਸ਼ਰਾਬ ਦੀ ਵਰਤੋਂ ਕਰਨੀ ਅਤੇ ਸਿੱਖ ਧਰਮ ਵਿੱਚ ਬਿਪ੍ਰਨ ਕੀਆਂ ਰੀਤਾਂ ਪ੍ਰਚੱਲਤ ਹੋਣੀਆਂ ਆਦਿਕ ਪ੍ਰਮੁੱਖ ਹਨ। ਸੋ ਇਸ ਸਿੱਖ ਰਾਜ ਦੌਰਾਨ ਬੇਸ਼ੱਕ ਗਿਣਤੀ ਪੱਖੋਂ ਸਿੱਖਾਂ ਦੀ ਅਬਾਦੀ ਵਿੱਚ ਵਾਧਾ ਹੋਇਆ ਪਰ ਸਿੱਖ ਸਿਧਾਂਤਾਂ ਵਿੱਚ ਵੱਡੀ ਗਿਰਾਵਟ ਵੀ ਇਸੇ ਸਮੇ ਦੌਰਾਨ ਹੋਈ।
1849 ਤੋਂ ਦੇਸ਼ ਦੀ ਅਜਾਦੀ ਭਾਵ 1947 ਤੱਕ 98 ਸਾਲ ਤੱਕ ਸਿੱਖਾਂ ਕੋਲ ਆਪਣਾ ਰਾਜ ਨਹੀਂ ਸੀ, ਗੁਰਦੁਆਰਿਆਂ ’ਤੇ ਵੀ ਨਰੈਣੂ ਵਰਗੇ ਮਹੰਤ ਕਾਬਜ਼ ਸਨ ਜਿਨ੍ਹਾਂ ਨੂੰ ਅੰਗਰੇਜ ਸਰਕਾਰ ਦੀ ਪੂਰੀ ਪੂਰੀ ਸ੍ਰਪਰਸਤੀ ਹਾਸਲ ਸੀ, ਇਸ ਲਈ ਗੁਰਦੁਆਰਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਹੋਣ ਦੀ ਬਜਾਏ ਮਨਮਤਿ ਜੋਰਾਂ ’ਤੇ ਸੀ ਇੱਥੋਂ ਤੱਕ ਕਿ ਕਈ ਗੁਰਦੁਆਰੇ ਤਾਂ ਵਿਕਾਰਾਂ ਅਤੇ ਅਯਾਸ਼ੀ ਦੇ ਅੱਡਿਆਂ ਵਿੱਚ ਤਬਦੀਲ ਹੋ ਚੁੱਕੇ ਸਨ। ਬਿਨਾਂ ਹੀ ਰਾਜ ਅਤੇ ਰਾਜ ਸਤਾ ਦੇ ਸਮਰਥਨ ਤੋਂ ਸਿੱਖਾਂ ਨੇ ਫਿਰ ਹੰਭਲੇ ਮਾਰਨੇ ਸ਼ੁਰੂ ਕੀਤੇ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਆਦਿਕ ਅਨੇਕਾਂ ਲਹਿਰਾਂ ਨੇ ਜਨਮ ਲਿਆ ਜਿਸ ਦੌਰਾਨ ਸਿੰਘਾਂ ਨੇ ਅਠਾਰਵੀਂ ਸਦੀ ਵਿੱਚ ਦਿੱਤੀਆਂ ਕੁਰਬਾਨੀਆਂ ਦੀ ਯਾਦ ਤਾਜਾ ਕਰਦਿਆਂ ਸੈਂਕੜੇ ਸ਼ਹੀਦੀਆਂ ਦਿੱਤੀਆਂ, ਪੁਲਿਸ ਦੀਆਂ ਡਾਂਗਾਂ ਖਾਧੀਆਂ, ਜੇਲ੍ਹਾਂ ਵਿੱਚ ਬੇਅੰਤ ਤਸੀਹੇ ਝੱਲ੍ਹੇ ਪਰ ਉਨ੍ਹਾਂ ਦਾ ਧਾਰਮਿਕ ਜ਼ਜ਼ਬਾ ਠੰਡਾ ਨਾ ਹੋਇਆ। ਇਨ੍ਹਾਂ ਕੁਰਬਾਨੀਆਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ ਅਤੇ ਦੇਸ਼ ਨੂੰ ਅਜਾਦੀ ਹਾਸਲ ਹੋਈ। ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਸਿੱਖ ਸਿਧਾਂਤਾਂ ਵਿੱਚ ਆਈ ਗਿਰਾਵਟ ਕਾਰਨ ਸਿੱਖੀ ਦੇ ਹੋਏ ਨੁਕਸਾਨ ਦੀ ਕਾਫੀ ਹੱਦ ਤੱਕ ਪੂਰਤੀ ਇਸ ਸਮੇਂ ਦੌਰਾਨ ਹੋਈ।
ਦੇਸ਼ ਦੀ ਅਜਾਦੀ ਤੋਂ ਪਿੱਛੋਂ ਖਾਸ ਕਰਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਉਪ੍ਰੰਤ ਸਿੱਖ ਰਾਜਨੀਤਕਾਂ ਆਗੂਆਂ ਨੂੰ ਰਾਜਸਤਾ ਦਾ ਸੁੱਖ ਮਾਨਣ ਦੇ ਮੌਕੇ ਮਿਲਣ ਕਾਰਣ ਸਿੱਖੀ ਦਾ ਫਿਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਸ ਸਮੇਂ ਵਿੱਚੋਂ ਵੀ 1997 ਤੋਂ ਹੁਣ ਤੱਕ ਦਾ ਸਮਾਂ ਜਿਸ ਨੂੰ ਬਾਦਲ ਕਾਲ ਕਿਹਾ ਜਾਂਦਾ ਹੈ ਇਸ ਵਿੱਚ ਤਾਂ ਸੁਆਰਥੀ ਹਿੱਤਾਂ ਕਾਰਣ ਧਰਮ ਨੂੰ ਜਿਸ ਤਰ੍ਹਾਂ ਰਾਜਨੀਤੀ ਦੇ ਪੈਰਾਂ ਹੇਠ ਮੋਧਲਿਆ ਜਾ ਰਿਹਾ ਹੈ ਇਸ ਦਾ ਬਿਆਨ ਕਰਨ ਦੀ ਬਹੁਤੀ ਲੋੜ ਨਹੀਂ ਰਹੀ ਕਿਉਂਕਿ ‘ਸਿੱਖ ਧਰਮ ਅਤੇ ਰਾਜਨੀਤੀ’ ਇਕੱਠੀ ਹੋਣ ਦਾ ਚਿਹਰਾ ਮੋਹਰਾ ਅਤੇ ਸਿੱਖ ਸਿਧਾਂਤਾਂ ਦੀ ਹੋ ਰਹੀ ਅਣਦੇਖੀ ਦਾ ਦਰਦ ਹੁਣ ਹਰ ਸਿੱਖ ਆਪਣੇ ਦਿਲ ਵਿੱਚ ਮਹਿਸੂਸ ਕਰ ਰਿਹਾ ਹੈ। ਪਰ ਵਿਰਲਿਆਂ ਨੂੰ ਛੱਡ ਕੇ ਬਹੁ ਗਿਣਤੀ ਸਿੱਖ ਇਸ ਵਿਰੁੱਧ ਜ਼ਬਾਨ ਖੋਲਣ ਤੋਂ ਵੀ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ‘ਸਿੱਖ ਧਰਮ ਅਤੇ ਰਾਜਨੀਤੀ’ ਨਾਪਾਕ ਗੱਠਜੋੜ ਵਿਰੁਧ ਜੇ ਕੋਈ ਵਿਰਲਾ ਮਨੁੱਖ ਬੋਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਦੀ ‘ਮੇਲੇ ਵਿੱਚ ਚੱਕੀਰਾਹੇ ਦੀ ਕੋਈ ਨਹੀਂ ਪੁੱਛਦਾ’ ਅਖਾਣ ਵਾਂਗ ਰਾਜਨੀਤੀ ਦੇ ਪ੍ਰਭਾਵ ਕਾਰਣ ਕਿਧਰੇ ਸੁਣਵਾਈ ਨਹੀਂ ਹੁੰਦੀ।
ਅਸਲ ਵਿੱਚ ਧਰਮ ਹੈ ਹੀ ਹੈ ਸੱਚ ’ਤੇ ਪਹਿਰਾ ਦੇਣਾ, ਇੱਥੋਂ ਤੱਕ ਕਿ ਧਰਮ ਦੀ ਖਾਤਰ ਸ਼ਹੀਦੀਆਂ ਤੱਕ ਦੇਣਾ; ਜਿਸ ਤਰ੍ਹਾਂ ਕਿ ਸਿੱਖ ਇਤਿਹਾਸ ਵਿੱਚ ਇੱਕ ਨਹੀਂ ਬਲਕਿ ਹਜਾਰਾਂ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਵਰਨਣ ਉਪਰ ਕੀਤਾ ਗਿਆ ਹੈ ਪਰ ਰਾਜਨੀਤੀ ਦਾ ਭਾਵ ਹੈ ਸਤਾ ਲਈ ਹਰ ਸਿਧਾਂਤ ਨੂੰ ਛਿੱਕੇ ਟੰਗ ਕੇ ਹਰ ਤਰ੍ਹਾਂ ਦੇ ਝੂਠ ਫਰੇਬ ਕਰਨ ਤੋਂ ਵੀ ਗੁਰੇਜ ਨਾ ਕਰਨਾ। ਗੁਰੂ ਤੇਗ ਬਹਾਦੁਰ ਸਾਹਿਬ ਜੀ ਵਾਂਗ ਦੂਸਰਿਆਂ ਲਈ ਕੁਰਬਾਨੀ ਕਰਨੀ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਆਪਣੇ ਸਕੇ ਬਾਪ ਅਤੇ ਭਰਾਵਾਂ ਤੱਕ ਨੂੰ ਵੀ ਕਤਲ ਕਰਨ ਤੋਂ ਗੁਰੇਜ ਨਾ ਕਰਨਾ ਜਿਵੇਂ ਕਿ ਔਰੰਗਜ਼ੇਬ ਨੇ ਕੀਤਾ ਸੀ। ਧਰਮੀ ਨੂੰ ਭਗਤ ਅਤੇ ਸਤਾ ਤੇ ਪਦਾਰਥਾਂ ਦੇ ਭੁੱਖੇ ਮਨੁੱਖ ਨੂੰ ਸੰਸਾਰੀ ਦਾ ਨਾਮ ਦੇ ਕੇ ਗੁਰੂ ਸਾਹਿਬ ਜੀ ਨੇ ਬਚਨ ਉਚਾਰਣ ਕੀਤੇ: ‘ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥’ (ਮ: 1, ਪੰਨਾ 145) ਜੋ ਧਰਮ ਅਤੇ ਸਿਰਾਂ ਦੀ ਗਿਣਤੀ ਵਾਲੇ ਗਣਤੰਤਰ ਵਿੱਚ ਰਾਜਨੀਤੀ ਦੇ ਇਕੱਠੇ ਹੋਣ ਦੀ ਪੂਰੀ ਤਰ੍ਹਾਂ ਕਾਟ ਕਰਦੇ ਹਨ ਕਿਉਂਕਿ ਸਿਆਸੀ ਮਨੁੱਖ ਦੀ ਜ਼ਮੀਰ ਇੰਨੀ ਮਰ ਚੁੱਕੀ ਹੁੰਦੀ ਹੈ ਕਿ ਉਹ ਕਦੀ ਵੀ ਸੱਚ ਬੋਲਣ ਦੀ ਜੁਰ੍ਹਤ ਕਰ ਹੀ ਨਹੀਂ ਸਕਦਾ। ਮੌਜੂਦਾ ਸਿੱਖ ਰਾਜਨੀਤੀ ਵਿੱਚ ਇਸ ਗਿਰਾਵਟ ਨੂੰ ਪ੍ਰਤੱਖ ਤੌਰ ’ਤੇ ਵੇਖਿਆ ਜਾ ਸਕਦਾ ਹੈ।
ਜਦੋਂ ਅਕਾਲੀ ਸਤਾ ਤੋਂ ਬਾਹਰ ਹੁੰਦੇ ਹਨ ਉਸ ਸਮੇਂ ਇਹ ਸਿੱਖ ਮੁੱਦੇ ਬੜੇ ਜੋਰ ਸ਼ੋਰ ਨਾਲ ਉਠਾਉਂਦੇ ਹਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਖੇਤਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਪੰਜਾਬ ਨੂੰ ਦੇਣ ਦੀ ਗੱਲ ਕਰਦੇ ਹਨ; ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਇਹ ਰੋਸ ਪ੍ਰਗਟ ਕਰਦੇ ਹਨ ਕਿ ਸਿੱਖ ਵੱਖਰੀ ਕੌਮ ਹੈ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ; 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜਾ ਦੇਣ ਦੀ ਆਵਾਜ਼ ਉਠਾਈ ਜਾਂਦੀ ਹੈ। ਪਰ ਜਦੋਂ ਹੀ ਸੱਤਾ ਦੀ ਕੁਰਸੀ ਪ੍ਰਾਪਤ ਹੋ ਜਾਂਦੀ ਹੈ ਤਾਂ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ’ਤੇ ਤੁਲੀ ਆਰਐੱਸਐੱਸ ਨੂੰ ਅਕਾਲ ਤਖ਼ਤ ਸਮੇਤ ਸ਼੍ਰੋਮਣੀ ਸਿੱਖ ਸੰਸਥਾਵਾਂ ’ਤੇ ਅਸਿੱਧੇ ਤੌਰ ’ਤੇ ਕਾਬਜ਼ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਿੱਖ ਧਰਮ ਵਿੱਚ ਫੈਲ ਚੁੱਕੀਆਂ ਬਿਪ੍ਰਨ ਕੀਆਂ ਰੀਤਾਂ ਤੋਂ ਸੁਚੇਤ ਕਰਨ ਵਾਲੇ ਗੁਰਸਿੱਖਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਰਿਹਾ ਹੈ ਜਦੋਂ ਕਿ ਬਿਪ੍ਰਨ ਕੀਆਂ ਰੀਤਾਂ ਅਪਨਾਉਣ ਅਤੇ ਪ੍ਰਚਾਰਨ ਵਾਲੇ ਸੰਤ ਸਮਾਜ ਨੂੰ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ ਸੋਧ ਦੇ ਨਾਮ ’ਤੇ ਵਿਗਾੜਿਆ ਗਿਆ ਅਤੇ ਹੁਣ ਸਿੱਖ ਵਿਦਵਾਨਾਂ ਵੱਲੋਂ ਸਾਰੀਆਂ ਅਪੀਲਾਂ ਦਲੀਲਾਂ ਅਣਸੁਣੀਆਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾਉਣ ਦੀ ਤਿਆਰੀ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱੱਚ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਸਿੱਖ ਧਰਮ ਨੂੰ ਬੁੱਧ ਮੱਤ ਤੇ ਜੈਨ ਮੱਤ ਵਾਂਗ ਨਿਗਲਣ ਲਈ ਹਮੇਸ਼ਾਂ ਯੋਜਨਾਵਾਂ ਘੜ ਰਹੀ ਆਰਐੱਸ ਦਾ ਜਨਤਕ ਤੌਰ ’ਤੇ ਵਿਰੋਧ ਕਰ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਹਿਬ ਜਿਸ ਨੂੰ ਕੁਝ ਹੀ ਸਮਾਂ ਪਹਿਲਾਂ ਸਤਿਕਾਰਯੋਗ ਸਿੰਘ ਸਾਹਿਬ ਕਰਕੇ ਸੰਬੋਧਨ ਕੀਤਾ ਜਾ ਰਿਹਾ ਸੀ ਨੂੰ ਜ਼ਲੀਲ ਕਰਨ ਲਈ ਉਸ ਦੀ ਸਕਿਊਰਟੀ ਵਾਪਸ ਲੈ ਲਈ ਗਈ ਹੈ ਅਤੇ ਉਸ ’ਤੇ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਾਂ ਸਿੱਧਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਇਸ਼ਾਰੇ ਦਿੱਤੇ ਜਾ ਰਹੇ ਹਨ।
ਇਹ ਪੂਰੀ ਸੰਭਾਵਨਾ ਹੈ ਕਿ ਜੇ ਗਿਆਨੀ ਨੰਦਗੜ੍ਹ ਜੀ ਇਹ ਇਸ਼ਾਰੇ ਨਾ ਸਮਝੇ ਤਾਂ ਉਸ ਨੂੰ ਕਿਸੇ ਵੀ ਸਮੇਂ ਭਾਈ ਰਣਜੀਤ ਸਿੰਘ, ਪ੍ਰੋ : ਮਨਜੀਤ ਸਿੰਘ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਾਂਗ ਬੇਇੱਜਤ ਕਰਕੇ ਅਹੁਦੇ ਤੋਂ ਫਾਰਗ ਕੀਤਾ ਜਾ ਸਕਦਾ ਹੈ। ਇਹ ਸਾਡੀ ਕੈਸੀ ਧਰਮ ਤੇ ਰਾਜਨੀਤੀ ਇਕੱਠੀ ਹੈ ਕਿ ਜਦੋਂ ਤੱਕ ਧਾਰਮਿਕ ਆਗੂ ਅਤੇ ਕਹੇ ਜਾਂਦੇ ਸਰਬ ਉੱਚ ਸਿੰਘ ਸਾਹਿਬਾਨ ਜੀ ਰਾਜਨੀਤਕਾਂ ਦੀ ਲੱਤ ਹੇਠਾਂ ਦੀ ਲੰਘ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਫੈਸਲੇ ਲੈਣਾਂ ਪ੍ਰਵਾਨ ਕਰਦੇ ਰਹਿਣ ਉਸ ਸਮੇਂ ਤੱਕ ਤਾਂ ਇਨ੍ਹਾਂ ਦਾ ਹਰ ਜਾਇਜ਼ ਨਜ਼ਾਇਜ਼ ਫੈਸਲਾ ਇਨ੍ਹਾਂ ਲਈ ਇਲਾਹੀ ਹੁਕਮ ਹੈ ਜਿਸ ਨੂੰ ਮੰਨਣਾ ਹਰ ਸਿੱਖ ਲਈ ਲਾਜ਼ਮੀ ਹੈ। ਉਸ ਸਮੇਂ ਤੱਕ ਇਹ ਜਥੇਦਾਰ ਲਾਲ ਬੱਤੀਆਂ, ਸਕਿਊਰਟੀ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਨਣ ਦੇ ਹੱਕਦਾਰ ਹਨ ਪਰ,
ਜਦੋਂ ਕੋਈ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸੇ ਸਮੇਂ ਅਚਾਨਕ ਸਕਿਊਰਟੀ ਵਪਸ ਲੈ ਲਈ ਜਾਂਦੀ ਹੈ ਅਤੇ ਅਸਤੀਫਾ ਦੇਣ ਜਾਂ ਨਤੀਜਾ ਭੁਗਤਣ ਦਾ ਅਲਾਰਮ ਖੜਕਾ ਦਿੱਤਾ ਜਾਂਦਾ ਹੈ। ਸਿਆਸੀ ਆਗੂ ਸਿਰਫ ਅਕਾਲ ਤਖ਼ਤ ਦੇ ਹੁਕਮਨਾਮੇ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾਂ ਕਰਦੇ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲਪੁਰਖ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਅਤੇ ਮੜ੍ਹੀਆਂ ਮਸਾਣਾਂ ਵਿੱਚ ਜਾਣਾ ਵਿਵਰਜਿਤ ਹੈ :
‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥’ (ਮ: 1, ਪੰਨਾ 634)।
ਦੇਵੀ ਦੇਵਤਿਆਂ ਦੀ ਪੂਜਾ ਵਿਵਰਜਿਤ ਹੈ: ‘
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥’ (ਮ: 1, ਪੰਨਾ 637)।
ਦੇਹਧਾਰੀ ਮਨੁਖਾਂ ’ਤੇ ਟੇਕ ਰੱਖਣ ਦੀ ਮਨਾਹੀ ਹੈ: ‘
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥
ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥
ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥’
(ਗਉੜੀ ਸੁਖਮਨੀ ਮ: 5, ਪੰਨਾ 281)।
ਅਣਮੱਤੀਆਂ ਦੇ ਧਾਰਮਿਕ ਚਿੰਨ੍ਹ- ਮੱਥੇ ’ਤੇ ਤਿਲਕ ਲਾਉਣ ਅਤੇ ਮਾਲਾ ਫੇਰਨ ਦੀ ਮਨਾਹੀ ਹੈ: ‘
ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥’
(ਭਗਤ ਕਬੀਰ ਜੀ ਪੰਨਾ 1158)।
ਹਵਨ ਅਤੇ ਤੀਰਥ ਇਸ਼ਨਾਨ ਕਰਕੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦੀ ਮਨਾਹੀ ਹੈ ਕਿਉਂਕਿ ਇਨ੍ਹਾਂ ਨਾਲ ਹਊਮੈ ਅਤੇ ਵਿਕਾਰ ਵਧਦੇ ਹਨ: ‘
ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ॥’ (ਮ: 5, ਪੰਨਾ 214)।
ਪਰ ਇਸ ਦੇ ਬਾਵਯੂਦ ਸਿੱਖਾਂ ਦਾ ਧਰਮ ਅਤੇ ਰਾਜਨੀਤੀ ਇਕੱਠੀ ਦੱਸਣ ਵਾਲੇ ਸਿੱਖ ਆਗੂ ਕੁਝ ਵੋਟਾਂ ਦੀ ਖਾਤਰ ਹਰ ਮੜੀ ਮਸਾਣ, ਮਜ਼ਾਰ ਅਤੇ ਸ਼ਬਦ ਗੁਰੂ ਦੇ ਸਿਧਾਂਤ ਦੇ ਸਿੱਧੇ ਵਿਰੋਧ ਵਿੱਚ ਖੜ੍ਹੇ ਦੇਹਧਾਰੀ ਗੁਰੂਡੰਮਾਂ ਦੇ ਡੇਰਿਆਂ ’ਤੇ ਨਤਮਸਤਕ ਹੋ ਕੇ ਬੜੀ ਬੇਸ਼ਰਮੀ ਨਾਲ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜਿਨੀ ਸ਼ਾਂਤੀ ਉਨ੍ਹਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਕੇ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲਦੀ! ਮੱਥੇ ’ਤੇ ਟਿੱਕੇ ਲਾ ਕੇ ਹਵਨ ਕਰਦੇ ਅਤੇ ਮਾਤਾ ਦੀਆਂ ਭੇਟਾਵਾਂ ਗਾਉਂਦੇ ਵਿਖਾਈ ਦਿੰਦੇ ਹਨ। ਰਾਜਨੀਤੀ ਨੇ ਸਾਡੇ ਧਾਰਮਿਕ ਆਗੂਆਂ ਦੀ ਜ਼ਮੀਰ ਤਾਂ ਖਤਮ ਕੀਤੀ ਹੀ ਹੈ ਧਾਰਮਿਕ ਆਗੂਆਂ ਦੀ ਜ਼ਮੀਰ ਵੀ ਇਨੀ ਗੁਲਾਮੀ ਵਿੱਚ ਲੈ ਆਂਦੀ ਹੈ ਕਿ ਇਨ੍ਹਾਂ ਆਗੂਆਂ ਨੂੰ ਗੁਰਮਤਿ ਸਮਝਾਉਣ ਦੀ ਜੁਰ੍ਹਤ ਤਾਂ ਕੀ ਕਰਨੀ ਸੀ ਸਗੋਂ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਦੇ ਗੁਰਮਤਿ ਵਿਰੋਧੀ ਕਾਰਨਾਮਿਆਂ ’ਤੇ ਮੋਹਰ ਲਾਉਂਦੇ ਹੋਏ ਕਹਿ ਦਿੰਦੇ ਹਨ ਕਿ ਸਿਆਸੀ ਆਗੂਆਂ ਨੇ ਤਾਂ ਹਰ ਥਾਂ ਜਾਣਾ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਕੋਈ ਆਦੇਸ਼ ਨਹੀਂ ਦਿੱਤਾ ਜਾ ਸਕਦਾ। ਕੀ ਸਿੱਖਾਂ ਦੀ ਇਹੀ ਧਰਮ ਤੇ ਰਾਜਨੀਤੀ ਇਕੱਠੀ ਹੈ ਜਿਹੜੀ ਉਨ੍ਹਾਂ ਦੇ ਸਿਰਮੌਰ ਆਗੂਆਂ ਨੂੰ ਧਰਮ ਵਿਰੋਧੀ ਕਾਰਜ ਕਰਨ ਦਾ ਲਾਇਸੰਸ ਪ੍ਰਦਾਨ ਕਰਦੀ ਹੈ?
ਹੋਰ ਸਿਤਮ ਦੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਮੌਜੂਦਾ ਸ੍ਰਪਰਸਤ ਅਤੇ ਮੁੱਖ ਮੰਤਰੀ ਨੇ 1982 ਵਿੱਚ ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਸਿੱਖ ਇੱਕ ਵੱਖਰੀ ਕੌਮ ਦੀ ਮੰਗ ਕੀਤੀ। ਉਸ ਉਪ੍ਰੰਤ ਉਹ ਤਿੰਨ ਵਾਰ ਮੁੱਖ ਮੰਤਰੀ ਬਣੇ ਅਤੇ ਹੁਣ ਵੀ ਹਨ ਪਰ ਸਿੱਖ ਵੱਖਰੀ ਕੌਮ ਸਬੰਧੀ ਪੁੱਛੇ ਗਏ ਸਵਾਲਾਂ ਪ੍ਰਤੀ ਪੂਰੀ ਤਰ੍ਹਾਂ ਅਪਰਾਧਕ ਕਿਸਮ ਦਾ ਮੌਨ ਧਾਰਨ ਕਰੀ ਰੱਖਿਆ ਅਤੇ ਨਾ ਹੀ ਧਾਰਾ 25 ਦੀ ਸੋਧ ਲਈ ਕੋਈ ਯਤਨ ਕੀਤਾ। ਪਿਛਲੀਆਂ ਚੋਣਾਂ ਮੌਕੇ ਤਾਂ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੰਵਿਧਾਨ ਦੀ ਧਾਰਾ 25 ਸਾੜਨ ਦੇ ਉਹ ਹੱਕ ਵਿੱਚ ਨਹੀਂ ਸਨ ਪਰ ਪਾਰਟੀ ਦਾ ਹੁਕਮ ਮੰਨਣ ਕਾਰਣ ਉਨ੍ਹਾਂ ਨੂੰ ਇਹ ਗਲਤੀ ਕਰਨੀ ਪਈ ਸੀ। ਕਾਰਣ ਇੱਕੋ ਸੀ ਕਿ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸੀ ਜਿਹੜੀ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਲਈ ਕਿਸੇ ਵੀ ਕੀਮਤ ’ਤੇ ਤਿਆਰ ਨਹੀਂ ਹੈ।
ਪਰ ਹੁਣ ਕਿਉਂਕਿ ਹਰਿਆਣਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਚੌਟਾਲਾ ਦੇ ਲੋਕ ਦਲ ਨੂੰ ਹਮਾਇਤ ਦਿੱਤੇ ਜਾਣ ਸਦਕਾ ਭਾਜਪਾ ਨਾਲ ਵਿਗੜੇ ਸਬੰਧਾਂ ਕਾਰਣ ਜਦੋਂ ਅਕਾਲੀ-ਭਾਜਪਾ ਗੱਠਜੋੜ ਟੁੱਟਣ ਵੱਲ ਵਧ ਰਿਹਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਫਿਰ ਸਿੱਖ ਵੱਖਰੀ ਕੌਮ ਦਾ ਰਾਗ ਅਲਾਪ ਕੇ ਜਿੱਥੇ ਸਿੱਖਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ; ਜਿਨ੍ਹਾਂ ਦੇ ਸਹਿਯੋਗ ਨਾਲ ਉਹ ਭਾਜਪਾ ਨੂੰ ਠਿੱਬੀ ਲਾਉਣ ਦੀ ਸੋਚ ਰਿਹਾ ਹੈ। ਸਿੱਖ ਕਦੋਂ ਤੱਕ ਇਸ ਤਰ੍ਹਾਂ ਦੇ ਮੌਕਾ ਪ੍ਰਸਤ ਬਿਆਨਾਂ ਤੋਂ ਗੁੰਮਰਾਹ ਹੁੰਦੇ ਰਹਿਣਗੇ ਅਤੇ ਧਰਮ ਦੀ ਰਾਜਨੀਤੀ ਲਈ ਹੋ ਰਹੀ ਬੇਅਦਬੀ ਅਤੇ ਨੁਕਸਾਨ ਨੂੰ ਚੁੱਪ ਚਾਪ ਸਹਿਣ ਕਰਦੇ ਰਹਿਣਗੇ? ਕੀ ਸਿੱਖ ਇਸ ਦੋਗਲੇ ਕਿਸਮ ਦੇ ਆਗੂ ਨੂੰ ਪੁੱਛਣ ਦੀ ਜੁਰ੍ਹਤ ਕਰਨਗੇ ਕਿ ਜੇ ਤੁਸੀਂ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਦੇ ਹੋ ਤਾਂ 32 ਸਾਲ ਤੱਕ ਇਸ ਅਹਿਮ ਮੰਗ ਸਬੰਧੀ ਚੁੱਪ ਕਿਉਂ ਧਾਰੀ ਰੱਖੀ? 1982 ਵਿੱਚ ਕੀਤੀ ਇਸੇ ਮੰਗ ਨੂੰ ਆਪਣੀ ਗਲਤੀ ਸਵੀਕਾਰਣ ਦੇ ਬਾਵਯੂਦ ਹੁਣ ਦੂਸਰੀ ਵਾਰ ਇਹ ਗਲਤੀ ਕਿਸ ਮਜਬੂਰੀ ਵਿੱਚ ਕਰ ਰਹੇ ਹੋ? ਅਤੇ ਜੇ ਕਰ ਕੱਲ੍ਹ ਨੂੰ ਤੁਹਾਡੇ ਭਾਜਪਾ ਨਾਲ ਸਬੰਧ ਫਿਰ ਸੁਧਰ ਗਏ ਤਾਂ ਕੀ ਤੁਸੀਂ ਅੱਜ ਦੇ ਇਸ ਬਿਆਨ ਦੀ ਫਿਰ ਗਲਤੀ ਸਵੀਕਾਰ ਕਰਕੇ ਮੁਆਫੀ ਮੰਗੋਗੇ?
ਕਿਰਪਾਲ ਸਿੰਘ ਬਠਿੰਡਾ
ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦੱਸ ਕੇ ਕੀਤੀ ਜਾ ਰਹੀ ਹੈ ਧਰਮ ਦੀ ਦੁਰਵਰਤੋਂ
Page Visitors: 2650