ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਕਰਮ (2) :- (ਗੁਰਮਤਿ ਦਾ ਕਰਮ ਸਿਧਾਂਤ-1)
-: ਕਰਮ (2) :- (ਗੁਰਮਤਿ ਦਾ ਕਰਮ ਸਿਧਾਂਤ-1)
Page Visitors: 3026

                                -: ਕਰਮ (2) :-
       (ਗੁਰਮਤਿ ਦਾ ਕਰਮ ਸਿਧਾਂਤ-1)

ਆਤਮਾ ਦਾ ਅਸਲੀ (ਵਾਸਤਵਿਕ) ਸੁਭਾਵ ਪ੍ਰੇਮ ਕਰਨਾ ਹੈ।ਦੇਹ ਵਿੱਚ ਆਉਣ ਤੋਂ ਪਹਿਲਾਂ ਜਦ ਇਸ ਦਾ ਵਾਸਾ ਅਫੁਰ ਨਿਰੰਕਾਰ ਵਿੱਚ ਸੀ, ਉਸ ਵੇਲੇ ਵੀ ਵੈਰਾਗੀ ਸੀ-
 “ਜਾ ਇਹ ਹਿਰਦਾ ਦੇਹ ਨ ਹੋਤੀ ਤਉ ਮਨੁ ਕੈ ਠੈ ਰਹਿਤਾ
(ਉੱਤਰ)- ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨ ਰਹੈ ਬੈਰਾਗੀ॥” (ਪੰਨਾ-945)
ਗੁਰੂ ਅਮਰ ਦਾਸ ਜੀ ਵੀ ਇਸ ਦਾ ਸਦੀਵੀ ਸੁਭਾਵ ਬੈਰਾਗੀ ਹੀ ਦੱਸਦੇ ਹਨ।ਗੁਰੂ ਸਾਹਿਬ ਕਹਿੰਦੇ ਹਨ, ਜਿਸ ਨੇ ਇਸਦੇ ਅਸਲ ਸੁਭਾਵ ਨੂੰ ਲਖਕੇ ਸਾਰੀ ਥਾਂ ਇਸ ਅਨੁਰਾਗੀ (ਪ੍ਰੇਮੀ) ਨੂੰ ਭਰਪੂਰ ਵੇਖਿਆ ਹੈ, ਉਸਦਾ ਆਪਾ-ਭਾਵ ਮਿਟ ਗਿਆ।ਸੱਚ ਜਾਣੋ ਉਹ ਅਭੇਦਤਾ ਦੀ ਪਦਵੀ ਪ੍ਰਾਪਤ ਕਰ ਚੁੱਕਾ-
ਮਨ ਕਾ ਸੁਭਾਉ ਸਦਾ ਬੈਰਾਗੀ॥ਸਭ ਮਹਿ ਵਸੈ ਅਤੀਤ ਅਨਰਾਗੀ
ਕਹਤੁ ਨਾਨਕੁ ਜੋ ਜਾਣੈ ਭੇਉ॥ਆਦਿ ਪੁਰਖ ਨਿਰੰਜਨ ਦੇਉ॥” (ਪੰਨਾ-1128-1129)
ਸ੍ਰੀ ਗੁਰੂ ਨਾਨਕ ਜੀ ਫੁਰਮਾਉੰਦੇ ਹਨ, ਦੇਹ-ਵਾਸ ਲੈਣ ਮਗ਼ਰੋਂ ਇਹ ਵੈਰਾਗੀ ਮਨ ਹਉਮੈ ਅਧੀਨ ਦਵੈਤ ਵਿੱਚ ਆ ਜਾਂਦਾ ਹੈ।ਇਹ ਦਵੈਤ-ਭਾਵ ਇਸ ਵਿੱਚ ਈਰਖਾ ਤੇ ਸਾੜਾ ਉਪਜਾ ਦੇਂਦੇ ਹਨ, ਤੇ ਇਹ ਦੁਬਿਧਾ ਵਿੱਚ ਪੈ ਜਾਂਦਾ ਹੈ:
ਮਨ ਬੈਰਾਗੀ ਹਉਮੈ ਤਿਆਗੀ॥
ਘਟਿ ਘਟਿ ਮਨਸਾ ਦੁਬਿਧਾ ਲਾਗੀ
॥” (ਪੰਨਾ-415)
ਇਹ ਹਉਮੈ ਕਿੱਥੋਂ ਉਪਜੀ? ਇਹ ਮਮਤਾ ਕਿਸ ਨੇ ਲਾਈ? ਸਤਿਗੁਰੂ ਫੁਰਮਾਉੰਦੇ ਹਨ, ਇਹ ਤਾਂ ਕਰਤਾਰੀ ਉਪਜ ਹੈ:
ਮੂਲ ਮੋਹ ਕਰਿ ਕਰਤੇ ਜਗਤ ਉਪਾਇਆ॥
ਮਮਤਾ ਲਾਇ ਭਰਮ ਭੁਲਾਇਆ
॥” (ਪੰਨਾ-1128)
ਇਹ ਮੂਲ ਮੋਹ ਹੀ ਮਾਇਆ ਹੈ।ਇਹ ਮਾਇਆ ਹੀ ਹਉਮੈ ਹੈ।ਇਹ ਹਉਮੈ ਹੀ ਕਰਮ-ਕਰਤਾ ਹੈ।ਇਹ ਹਉਂ ਦੇ ਬੰਧਨ ਹੀ ਦੁਖ ਸੁਖ ਉਪਜਾਂਦੇ ਹਨ।ਦੂਜੇ ਸ਼ਬਦਾਂ ਵਿੱਚ ਮਾਇਆ ਦਾ ਵਾਸਤਵਿਕ ਸਰੂਪ ਹੀ ਇਹੋ ਹੈ ਕਿ ਮਨੁੱਖਾ ਸਰੀਰ ਦੁਖਾਂ ਸੁਖਾਂ ਦੇ ਬੰਧਨਾਂ ਵਿੱਚ ਪੈ ਕੇ, ਹਉਮੈ ਵਿੱਚ ਕਰਮ ਕਮਾਂਦਾ ਹੈ:
ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਇਹ ਜੀਉ ਬਧੁ ਹੈ ਹਉਮੈ ਕਰਮ ਕਮਾਇ॥
ਬਿਨੁ ਸਬਦੈ ਭਰਮ ਨ ਚੁਕਈ ਨ ਵਿਚਹੁ ਹਉਮੈ ਜਾਇ
॥” (ਪੰਨਾ-67)
ਆਤਮਾ ਮਨੁੱਖੀ ਸਰੀਰ ਦਾ ਚੇਤੰਨ ਭਾਗ ਹੈ।ਇਹ ਚੇਤੰਨਤਾ ਨਿਰੰਕਾਰ, ਜਿਸ ਨੇ ਇਸ ਨੂੰ ਸਾਜਿਆ ਹੈ, ਜੋ ਉਸਨੇ ਆਪ ਇਹ ਜੋਤਿ ਇਸ ਦੇ ਅੰਦਰ ਰੱਖੀ ਹੈ ਤੇ ਇਹ ਚੇਤੰਨਤਾ ਇਸ ਦੇ ਅੰਦਰ ਉਸ ਜੋਤਿ ਦੇ ਹੀ ਸਦਕੇ ਹੈ।
ਜਿਸ ਤਰ੍ਹਾਂ ਹਵਾ ਦੇ ਮੇਲ ਨਾਮ ਸਮੁੰਦਰ ਵਿੱਚ ਇਕ ਬੁਲਬੁਲਾ ਉੱਠ ਪੈਂਦਾ ਹੈ, ਜੋ ਥੋੜ੍ਹੇ ਸਮੇਂ ਲਈ ਆਪਣੀ ਵੱਖਰੀ ਹੋਂਦ ਕਾਇਮ ਕਰ ਲੈਂਦਾ ਹੈ, ਇਸੇ ਤਰ੍ਹਾਂ ਚੇਤੰਨਤਾ ਤੇ ਸੱਤਾ ਦੇ ਇਸ ਸਮੁੰਦਰ ਵਿੱਚ ਨਿਰੰਕਾਰੀ ਹੁਕਮ ਦੇ ਅਧੀਨ ਇੱਕ ਬੁਦਬੁਦਾ ਉਪਜਿਆ ਹੈ, ਜਿਸ ਦੇ ਚੌਗਰਦੇ ਹਉਮੈ ਦੀ ਇਕ ਕਰੜੀ ਕੰਧ ਹੈ।ਬੱਸ ਇਸ ਹਉਮੈ ਦੀ ਕੰਧ ਨੇ ਹੀ ਸ਼ਖਸੀਅਤ (ੀਨਦਵਿਦਿੁੳਲਟਿੇ) ਦੀ ਇਕ ਹੱਦ ਕਾਇਮ ਕਰ ਦਿੱਤੀ ਹੈ।ਇਸ ਹਉਮੈ ਸਹਿਤ ਚੇਤੰਨਤਾ ਤੇ ਸੱਤਾ ਨੂੰ ਸ਼ਾਸਤ੍ਰੀ ਬੋਲੀ ਵਿੱਚ ‘ਮਨੁੱਖੀ ਜੀਵਾਤਮਾ’ ਕਿਹਾ ਜਾਂਦਾ ਹੈ।ਇਹ ਹਉਮੈ, ਹੁਕਮ ਤੋਂ ਕੇਵਲ ਉਪਜੀ ਹੀ ਨਹੀਂ, ਸਗੋਂ ਇਸਨੂੰ ਪਰੀਪੂਰਨ ਜੋਤਿ ਤੋਂ ਨਿਖੇੜ ਵੀ ਦਿੱਤਾ ਹੈ:
ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ (ਪੰਨਾ-1263)
ਅੰਤਰਿ ਅਲਖੁ ਨ ਜਾਈ ਲਖਿਆ ਵਿਚ ਪੜਦਾ ਹਉਮੈ ਪਾਈ॥
ਮਾਇਆ ਮੋਹ ਸਭੋ ਜਗੁ ਸੋਇਆ ਇਹ ਭਰਮੁ ਕਹਹੁ ਕਿਉਂ ਜਾਈ॥
ਏਕਾ ਸੰਗਤਿ ਇਕਤੁ ਗ੍ਰਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥
ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ
॥” (ਪੰਨਾ-205)
ਜਿਉਂ ਜਿਉਂ ਜੀਵ ਹਉਮੈ ਆਸ਼ਰਿਤ ਕਰਮ ਕਰਦਾ ਹੈ ਤਉਂ ਤਿਉਂ ਹੀ ਸ਼ਖਸੀਅਤ ਦਾ ਖਿਲਾਰਾ ਹੋਰ ਪਕੇਰਾ ਹੁੰਦਾ ਜਾਂਦਾ ਹੈ।ਇਹ ਸ਼ਖਸੀਅਤ ਦਾ ਖਿਆਲ ਆਪਣਾ ਪ੍ਰਗਟਾ ਮਮਤਾ ਦੇ ਰੂਪ ਵਿੱਚ ਕਰਨ ਲੱਗ ਪੈਂਦਾ ਹੈ।ਮਮਤਾ ਦੇ ਸੰਖੇਪ ਜਿਹੇ ਅਰਥ ਹਨ, ਮੈਨੂੰ, ਮੇਰਾ, ਮੇਰੀ ਦਾ ਰੂਪ ਦੇਣਾ।ਭਾਵ ਹਰ ਆਪਣੇ ਤੋਂ ਛੁੱਟ ਹੋਰ ਚੀਜ਼ ਨੂੰ ਅਪਨਾਉਣ ਦਾ ਯਤਨ ਕਰਨਾ ਅਤੇ ‘ਮੇਰੀ ਹੈ’ ਵਿੱਚ ਤਬਦੀਲ ਕਰਨਾ।ਇਹੋ ਕਬਜ਼ੇ ਦਾ ਖਿਆਲ ਜਾਂ ਮਮਤਾ ਜੀਵ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿੱਚ ਪ੍ਰਵਿਰਤ ਕਰ ਦਿੰਦਾ ਹੈ ਅਤੇ ਆਹਿਸਤਾ ਆਹਿਸਤਾ ਇਹ ਔਗੁਣ ਅਜਿਹੇ ਬੰਧਨ ਹੋ ਨਿਬੜਦੇ ਹਨ ਕਿ ਇਨ੍ਹਾਂ ਤੋਂ ਛੁਟਕਾਰਾ ਪਾਣਾ ਅਸੰਭਵ ਹੋ ਜਾਂਦਾ ਹੈ ਤੇ ਜੀਵ ਇਨ੍ਹਾਂ ਦੇ ਪੂਰਨ ਅਧੀਨ ਹੋ ਕਠਪੁਤਲੀ ਬਣ ਕਰਮ ਕਰਦਾ ਹੈ।ਇਹੀ ਕਰਮ ਇਸ ਦੇ ਦੁਖ ਦਾ ਕਾਰਨ ਹਨ।ਸਤਿਗੁਰੂ ਉਪਰੋਕਤ ਖਿਆਲਾਂ ਨੂੰ ਇਸ ਪ੍ਰਕਾਰ ਦ੍ਰਿੜਾਉਂਦੇ ਹਨ-
ਮਤਿ ਪੰਖੇਰੂ ਕਿਰਤੁ ਸਾਥਿ ਕਬੁ ਉਤਮ ਕਬੁ ਨੀਚ॥
ਕਬਿ ਚੰਦਨੁ ਕਬਿ ਆਕ ਡਾਲਿ ਕਬ ਊਚੀ ਪਰੀਤਿ॥
ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤਿ
॥” (ਪੰਨਾ-147)
ਜੇਹੇ ਕਰਮ ਕਮਾਇ ਤੇਹਾ ਹੋਇਸੀ॥” (ਪੰਨਾ-730)
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਰਾਏ॥
ਜਮਣੁ ਮਰਣੁ ਸਿਰ ਉਪਰਿ ਉਭਉ ਗਰਭ ਜੋਨਿ ਦੁਖੁ ਪਾਏ॥
ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚ ਪਤਿ ਖੋਈ॥
ਗੁਰਮਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ॥
ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ॥
ਨਾਨਕ ਰਾਮ ਨਾਮਿ ਨਿਸਤਾਰਾ ਸਬਦੈ ਹਉਮੈ ਖੋਈ
॥” (ਪੰਨਾ-604)
ਉਪਰੋਕਤ ਵਿਚਾਰਾਂ ਤੋਂ ਹੇਠ ਲਿਖੇ ਸਿੱਟੇ ਨਿਕਲਦੇ ਹਨ-
ੳ- ਮਾਇਆ ਤ੍ਰੈ ਗੁਣੀ ਹੈ ਤੇ ਇਹ ਨਿਰੰਕਾਰੀ ਉਪਜ ਹੈ।
ਅ- ਮਾਇਆ ਦੇ ਪ੍ਰਭਾਵ ਹੇਠਾਂ ਜੀਵ ਹਉਮੈ ਆਸ਼੍ਰਿਤ ਕਰਮ ਕਰਦਾ ਹੈ, ਜੋ ਸ਼ਖਸੀਅਤ ਦਾ ਖਿਆਲ ਪਕੇਰਾ ਕਰਦੇ ਹਨ ਤੇ ਮਮਤਾ ਦੇ ਰੂਪ ਵਿੱਚ ਪ੍ਰਗਟ ਹੋ ਕੇ ਜੀਵ ਲਈ ਕਰੜੇ ਬੰਧਨ ਬਣ ਜਾਂਦੇ ਹਨ ਅਤੇ ਦੁਖ ਦਾ ਮੂਲ ਹਨ।
ੲ- ਮਾਇਆ ਤ੍ਰੈ-ਗੁਣੀ ਹੈ ਇਸ ਲਈ ਇਸ ਦੇ ਅਸਰ ਹੇਠਾਂ ਕੀਤੇ ਗਏ ਕਰਮ ਤਿੰਨ ਪ੍ਰਕਾਰ ਦੇ ਹਨ-
1- ਸਾਤਵਿਕ         2- ਰੱਜਸ ਜਾਂ ਰਜੋ ਗੁਣੀ     3- ਤਾਮਸ ਅਰਥਾਤ ਤਮੋ ਗੁਣੀ
ਸਾਤਵਿਕ ਕਰਮ-  ਸਾਤਵਿਕ ਕਰਮ ਉਹ ਹਨ ਜੋ ਕਿਸੇ ਮਰਯਾਦਾ ਦੇ ਅਨੁਕੂਲ ਹੋਣ।
ਰਜੋ ਗੁਣੀ-  ਰਜੋ ਗੁਣੀ ਕਰਮ ਮਰਯਾਦਾ ਤੇ ਬੇ-ਮਰਯਾਦਾ ਦੋਹਾਂ ਦਾ ਮਿਸ਼੍ਰਤ ਹਨ।
ਤਮੋ ਗੁਣੀ ਕਰਮ- ਤਮੋ ਗੁਣੀ ਕਰਮ ਉਹ ਹਨ ਜੋ ਉੱਕੇ ਹੀ ਮਰਯਾਦਾ ਦੇ ਪ੍ਰਤੀਕੂਲ ਹੋਣ।ਜੀਵ ਇਸ ਤ੍ਰੈ-ਗੁਣੀ ਮਾਇਆ ਦੇ ਸ਼ਕੰਜੇ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਬਿਨਾ ਸਤਿਗੁਰੂ ਦੀ ਕ੍ਰਿਪਾ-ਦ੍ਰਿਸ਼ਟੀ ਦੇ ਇਸ ਦਾ ਛੁਟਕਾਰਾ ਅਸੰਭਵ ਹੈ।ਇਸ ਲਈ ਇਕ ਕਠਪੁਤਲੀ ਵਾਂਗ ਇਸਦਾ ਨਚਾਇਆ ਨੱਚਦਾ ਤ੍ਰੈ-ਗੁਣੀ ਕਰਮਾਂ ਦੇ ਬੰਧਨ ਵਿੱਚ ਦਿਨੋ-ਦਿਨ ਜਕੜਿਆ ਜਾ ਰਿਹਾ ਹੈ।
ਸ- ਇਹ ਤ੍ਰੈਗੁਣੀ ਕਰਮ ਕਰਾਣ ਲਈ ਮਾਇਆ ਨਮਿਤ ਕਾਰਣ (Instrumental Cause) ਹੈ।ਤੇ ਉਪਾਦਾਨ ਕਾਰਨ ਜਾਂ ਅਸਬਾਬੀ ਕਾਰਣ (Material Cause) ਜੀਵ ਦੇ ਉਹ ਸੰਚਿਤ ਕਰਮ ਹਨ ਜੋ ਉਸਨੇ ਪੂਰਬਲੇ ਜਨਮਾਂ ਵਿੱਚ ਤ੍ਰੈ-ਗੁਣੀ ਮਾਇਆ ਦੇ ਅਸਰ ਹੇਠਾਂ ਕਮਾਏ ਸਨ।ਮੂਲ ਕਾਰਨ (Efficient Cause) ਨਿਰੰਕਾਰ ਦਾ ਆਪਣਾ ਭਾਣਾ ਜਾਂ ਹੁਕਮ ਹੈ, ਜਿਸਨੇ ਇਸ ਤ੍ਰੈ-ਗੁਣੀ ਮਾਇਆ ਨੂੰ ਉਪਜਾਇਆ ਤੇ ਇਸ ਅਨੁਸਾਰ ਜਗਤ ਨੂੰ ਧੰਦੇ ਲਾਇਆ ਹੈ।
ਸਤਿਗੁਰੂ ਨੇ ਉਪਰੋਕਤ ਖਿਆਲ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ।ਕਾਇਆ ਕਾਗਦ ਉੱਤੇ ਲਿਖੇ ਕਰਮ ਮਨ ਰੂਪੀ ਪ੍ਰਵਾਨਾ ਤਿਆਰ ਕਰਦੇ ਹਨ।ਰੱਬੀ ਹੁਕਮ ਨਾਲ ਪ੍ਰਵਾਨੇ ਦੇ ਲੇਖ ਕਰਮਾਂ ਅਨੁਸਾਰ ਲਿਖੇ ਜਾਂਦੇ ਹਨ:
ਕਾਇਆ ਕਾਗਦ ਮਨ ਪਰਵਾਨਾ॥ਸਿਰ ਕੇ ਲੇਖ ਨ ਪੜੇ ਇਆਣਾ॥
ਦਰਗਹ ਘੜੀਅਹਿ ਤੀਨੇ ਲੇਖ॥ਖੋਟਾ ਕਾਮਿ ਨਾ ਆਵੈ ਵੇਖ॥
ਨਾਨਕ ਜੇ ਵਿਚ ਰੂਪਾ ਹੋਇ॥ਖਰਾ ਖਰਾ ਆਖੈ ਸਭੁ ਕੋਇ
॥” (ਪੰਨਾ-662)
ਉੱਪਰ ਲਿਖੀ ਵਿਚਾਰ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ-
ੳ- ਨਿਰੰਕਾਰੀ ਹੁਕਮ ਅਨੁਸਾਰ ਸ਼ਖਸੀਅਤ ਦਾ ਇਕ ਕੇਂਦਰ ਉਪਜਦਾ ਹੈ ਤੇ ਇਹ ਸ਼ਖਸੀਅਤ ਦਾ ਖਿਆਲ ਹੀ ਜੀਵ ਪਾਸੋਂ ਉਸਦੇ ਆਪਣੇ ਹਾਲਾਤ  ਮੂਜਬ ਹੀ ਕਿਰਿਆ (Acturty) ਅਰੰਭ ਕਰਵਾਂਦਾ ਹੈ।
ਅ- ਉਹ ਕਿਰਿਆ ਉਸਦਾ ਤਜਰਬਾ ਬਣਾਂਦੀ ਹੈ।ਜਿਸ ਦੁਆਰਾ ਉਸਦਾ ਸੁਭਾਵ ਉਸਰਦਾ ਜਾਂਦਾ ਹੈ ਤੇ ਫੇਰ ਇਸ ਦੇ ਮਗ਼ਰੋਂ ਉਹ ਜੋ ਵੀ ਕਰਮ ਕਰਦਾ ਹੈ, ਪਿਛਲੇ ਕਰਮਾਂ ਅਨੁਸਾਰ ਉਸਰੇ ਸੰਚਿਤ ਸੁਭਾਓ, ਜਿਸ ਨੂੰ ਗੁਰਬਾਣੀ ਦੀ ਬੋਲੀ ਵਿੱਚ ‘ਕਿਰਤ’ ਆਖਿਆ ਜਾਂਦਾ ਹੈ, ਦੇ ਆਸਰੇ ਹੀ ਕਰਦਾ ਹੈ।
ੲ- ਸ਼ਖਸ਼ੀਅਤ ਦੇ ਖਿਆਲ ਦੀ ਦ੍ਰਿੜਤਾ ਦਵੈਤ-ਭਾਵ ਉਪਜਾਂਦੀ ਹੈ ਤੇ ਇਹ ਦਵੈਤ-ਭਾਵ ਆਪਣੀ ਹੋਂਦ ਦੀ ਥਿਰਤਾ ਲਈ ਪ੍ਰਯਤਨ (Struggle for Existence) ਆਰੰਭ ਦਿੰਦੀ ਹੈ।
ਸ- ਦਵੈਤ-ਭਾਵ ਦੇ ਆਸਰੇ ਆਪਣੀ ਹੋਂਦ ਦੀ ਥਿਰਤਾ ਲਈ ਕੀਤੇ ਗਏ ਪ੍ਰਯਤਨ ਮਮਤਾ ਨੂੰ ਜਨਮ ਦਿੰਦੇ ਹਨ।ਜਿਸ ਕਰਕੇ ਆਪਣੇ ਪਰਾਏ ਦਾ ਖਿਆਲ ਜੀਵ ਦਾ ਸੁਤੰਤਰ ਜੀਵਨ ਖਤਮ ਕਰਕੇ ਜੰਜਾਲਾਂ ਵਿੱਚ ਫਸ ਜਾਂਦਾ ਹੈ ਤੇ ਇਹੋ ਜੰਜਾਲ ਇਸਦੇ ਦੁਖ ਦਾ ਕਾਰਨ ਬਣ ਜਾਂਦੇ ਹਨ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਦੁਖ ਦੀ ਜੜ੍ਹ ਇਹ ਕਿਸੇ ਹੋਰ ਨੂੰ ਸਮਝੀ ਬੈਠਾ ਹੈ, ਵਾਸਤਵ ਵਿੱਚ ਇਸਦੇ ਆਪਣੇ ਕੀਤੇ ਦਾ ਹੀ ਫਲ਼ ਹੈ-
ਦਦੈ ਦੋਸ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ
॥” (ਪੰਨਾ- 433)
ਦੋਸੁ ਨ ਦੀਜੈ ਕਾਹੂ ਲੋਗ॥ਜੋ ਕਮਾਵਨ ਸੋਈ ਭੋਗ॥
ਆਪਨ ਕਰਮ ਆਪੇ ਹੀ ਬੰਧ॥ਆਵਨੁ ਜਾਵਨੁ ਮਾਇਆ ਧੰਧ
॥” (ਪੰਨਾ-888)
ਹਉ ਹਉ ਕਰਮ ਕਮਾਣੇ॥ਤੇ ਤੇ ਬੰਧ ਗਲਾਣੇ॥
ਮੇਰੀ ਮੇਰੀ ਧਾਰੀ॥ਓਹਾ ਪੈਰਿ ਲੁਹਾਰੀ
॥” (ਪੰਨਾ- 1004)
ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥” (ਪੰਨਾ-705)
ਲਬ ਅੰਧੇਰਾ ਬੰਦੀਖਾਨਾ ਅਉਗੁਣ ਪੈਰਿ ਲੋਹਾਰੀ॥” (ਪੰਨਾ-1191)
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ॥” (ਪੰਨਾ-702)
ਨਾਨਕ ਅਉਗਣ ਜੇਤੜੇ ਤੇਤੇ ਗਲੀ ਜਜੀਰ॥” (ਪੰਨਾ- 595)
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥” (ਪੰਨਾ- 78)

ਚੱਲਦਾ-
ਜਸਬੀਰ ਸਿੰਘ ਵਿਰਦੀ                      29-12-2014

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.