ਜਥੇਦਾਰ ਟੌਹੜਾ ਦੇ ਜੀਵਨ ਤੋਂ ਸਿੱਖਾਂ ਨੂੰ ਸਬਕ ਸਿੱਖਣ ਦੀ ਲੋੜ
ਬਲਬੀਰ ਸਿੰਘ ਸੂਚ, ਐਡਵੋਕੇਟ-ਲੁਧਿਆਣਾ
ਜਥੇਦਾਰ ਗੁਰਚਰਨ ਸਿੰਘ ਟੌਹੜਾ ਜੋ 6 ਜਨਵਰੀ 1973 ਤੋਂ 27 ਵਾਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਛੇਵੀਂ ਵਾਰ ਮਾਰਚ, 2004 ਵਿਚ ਰਾਜ ਸਭਾ ਦੇ ਮੈਂਬਰ ਬਣੇ । ਉਹ 1977 ਤੋਂ 1979 ਤੱਕ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਤੇ ਹੋਰ ਅਹੁਦਿਆਂ ‘ਤੇ ਬਿਰਾਜਮਾਨ ਰਹੇ। ਜੱਥੇਦਾਰ ਟੌਹੜਾ ਦਾ ਜਨਮ 24 ਸਤੰਬਰ, 1924 ਨੂੰ ਹੋਇਆ। ੳਨ੍ਹਾਂ ਦਾ ਧਾਰਮਕ ਤੇ ਸਿਆਸੀ ਜੀਵਨ ਦਾ ਅਰੰਭ 1948 ਤੋਂ ਹੋਇਆ। ਉਨ੍ਹਾਂ ਦੇ ਜੀਵਨ ਨੂੰ ਉਨ੍ਹਾਂ ਦਾ ਹੀ ਆਪਣਾ ਨਿੱਜੀ ਜੀਵਨ ਸਮਝ ਲੈਣਾ ਗਲਤੀ ਹੋਵੇਗੀ। ਜੱਥੇਦਾਰ ਟੌਹੜਾ ਦਾ ਜੀਵਨ ਸਿੱਖਾਂ ਦੇ ਨਫ਼ੇ-ਨੁਕਸਾਨ ਦਾ ਇਤਿਹਾਸ ਹੈ। ਉਨ੍ਹਾਂ ਦੇ ਨਿੰਦਕ ਜੇਕਰ ਟੌਹੜਾ ਜੀ ਨੂੰ ਭਲਾਉਣ ਦੀ ਸਲਾਹ ਦੇਣ ਤਾਂ ਉਹ ਤੁਹਾਡੇ ਨਾਲ ਬੇਇਨਸਾਫੀ ਤਾਂ ਕਰ ਹੀ ਰਹੇ ਹੋਣਗੇ ਸਗੋਂ ਉਹ ਆਪਣੇ ਆਪ ਨੂੰ ਟੌਹੜਾ ਤੇ ਉਸ ਦੇ ਸਾਥੀਆਂ ਦੀ ਸ਼੍ਰੈਣੀ ਚੋਂ ਬਾਹਰ ਰੱਖ ਕੇ ਭੁਲੇਖਾ ਜਰੂਰ ਪਾਉਣ ਦਾ ਯਤਨ ਕਰਨਗੇ। ਸਾਵਧਾਨ! ਅੱਜ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਭਾਰਤ ਸਰਕਾਰ ਨਾਲ ਮਿਲ ਕੇ ਆਪਣਾ ਸੰਤੁਸ਼ਟੀ ਭਰਿਆ ਜੀਵਨ ਹੰਢਾਇਆ, ਉਸ ਭਾਅ ਜੀਵਨ ਬਿਤਾਉਣ ਲਈ ਕਿਹੜਾ ਸਿੱਖ ਤਿਆਰ ਨਹੀਂ ਹੋਵੇਗਾ? ਸਵਾਲ ਦਾ ਜਵਾਬ ਲੱਭਣ ਦੀ ਲੋੜ ਹੈ।
ਇਸੇ ਸਵਾਲ ਨੂੰ ਦਿਮਾਗ ਵਿਚ ਰੱਖ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੀਵਨ ‘ਤੇ ਝਾਤ ਮਾਰਨ ਦੀ ਲੋੜ ਹੈ। ਉਨ੍ਹਾਂ ਦੇ ਜੀਵਨ ਦਾ ਖੁਲਾਸਾ ਕਰਨ ਤੋਂ ਬਾਅਦ ਇਕ ਦਮ ਮੂੰਹੋਂ ਨਿਕਲੇਗਾ ਕਿ ਤਿਆਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹਾਣ ਦੀਆਂ ਸ਼ਖਸੀਅਤਾਂ ਨੂੰ ਕਿੱਥੋਂ ਲੈ ਕੇ ਆਈਏ ਜਾਂ ਲੱਭੀਏ?
ਜਥੇਦਾਰ ਗੁਰਚਰਨ ਸਿੰਘ ਟੌਹੜਾ 1 ਅਪ੍ਰੈਲ 2004 ਨੂੰ ਸਵੇਰੇ 12.41 ਮਿੰਟ ’ਤੇ ਅਕਾਲ ਚਲਾਣਾ ਕਰ ਗਏ, ਪਰ ਜਥੇਦਾਰ ਟੌਹੜਾ ਦੇ ਇਕ ਨਜ਼ਦੀਕੀ ਸਾਥੀ ਅਕਾਲੀ ਆਗੂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਕਿ ਜਥੇਦਾਰ ਟੌਹੜਾ ਦੀ ਮੌਤ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾਂਦਿਆਂ ਰਸਤੇ ਵਿਚ ਹੀ ਹੋ ਗਈ ਸੀ । ਜੱਥੇਦਾਰ ਟੌਹੜਾ ਨੇ 20 ਮਾਰਚ 2004, ਦਿਨ ਸਨਿਚਰਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫਿਰ ਧਰਮੀ ਸ਼ਹੀਦ ਗਰਦਾਨਦਿਆਂ ਤੇ ਦਲੇਰੀ ਨਾਲ ਕਿਹਾ ਕਿ ‘ਖਲਿਸਤਾਨ ਦੀ ਇੱਛਾ ਡੂੰਘਾ ਘਰ ਕਰ ਗਈ ਹੈ’। ਖਲਿਸਤਾਨ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਜਾਣ ’ਤੇ ਟੌਹੜਾ ਨੇ ਕਿਹਾ, “ ਹੁਣ ਦੇ ਅਕਾਲੀਆਂ ਨੇ ਕਦੀ ਅਲੱਗ ‘ਸਿੱਖ ਸਟੇਟ’ ਨਹੀਂ ਚਾਹੀ ਪਰ ਮੇਰਾ ਵਿਚਾਰ ਹੈ ਖਾਲਿਸਤਾਨ ਦੀ ਨੀਂਹ 1984 ਵਿਚ ਦਰਬਾਰ ਸਾਹਿਬ ( ਗੋਲਡਨ ਟੈਂਪਲ) ’ਤੇ ਹਮਲਾ ਹੋਣ ਸਮੇਂ ਰੱਖੀ ਜਾ ਚੁੱਕੀ ਹੈ। ਪਰ ਅਜਿਹੀਆਂ ਇੱਛਾਵਾਂ ਅਜੇ ਦਿਲ ਅੰਦਰ ਡੂੰਘੀਆਂ ਛੁਪਾ ਕੇ ਰੱਖਣੀਆਂ ਹਨ”।
ਸੰਤ ਭਿੰਡਰਾਂਵਾਲਿਆਂ ਨੂੰ ਧਰਮੀ ਸ਼ਹੀਦ ਕਹਿੰਦਿਆਂ ਟੌਹੜਾ ਨੇ ਇਕਬਾਲ ਕੀਤਾ ਕਿ “ਹੁਣ ਦੇ ਅਕਾਲੀ ਉਸ (ਸੰਤ ਭਿੰਡਰਾਂਵਾਲਿਆਂ) ਦਾ ਨਾਂ ਤਕ ਲੈਣ ਤੋਂ ਡਰਦੇ ਹਨ ਪਰ ਵੋਟਰਾਂ ਨੂੰ ਭਰਮਾਉਣ ਲਈ ਚੋਣਾਂ ਸਮੇਂ ਜਰੂਰ ਉਸ ਦਾ ਨਾਂ ਵਰਤਦੇ ਹਨ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਚੋਣ ਗੱਠ-ਜੋੜ ਹੋਣ ਨਾਲ ਸਿਆਸੀ ਪਿੜ ਵਿਚ ਤਬਦੀਲੀ, ਭਿੰਡਰਾਂਵਾਲਿਆਂ ਦਾ ਨਾਂ ਵਰਤਣ ਦੀ ਆਗਿਆ ਨਹੀਂ ਦਿੰਦੀ । ਵੋਟਾਂ ਖਾਤਰ ਅਜਿਹੇ ਮਹਾਨ ਸ਼ਹੀਦ ਦਾ ਹੁਣ ਨਾਂਉ ਨਹੀਂ ਲਿਆ ਜਾ ਸਕਦਾ। ਸੰਤ ਭਿੰਡਰਾਂਵਾਲਿਆਂ ਨੇ ਤਾਂ ਸ਼੍ਰੋਮਣੀ ਅਕਾਲੀ ਦੀ ਵਿਚਾਰਧਾਰਾ ਨੂੰ ਹੀ ਪ੍ਰਚਾਰਿਆ ਤੇ ਉਸ ਦੀ ਹੀ ਹਮਾਇਤ ਕੀਤੀ। ਸੰਤਾਂ ਦਾ ਕੋਈ ਅਲੱਗ ਏਜੰਡਾ ਨਹੀਂ ਸੀ”।
ਜੱਥੇਦਾਰ ਟੌਹੜਾ, ਜੱਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸ. ਪ੍ਰਕਾਸ਼ ਸਿੰਘ ਬਾਦਲ ਸਿੱਖ ਸਿਆਸਤ ਵਿਚ ਅਜਿਹੇ ਮੋਹਰੇ ਹਨ ਜਿਨ੍ਹਾਂ ਦੀ ਕਾਰਜਸ਼ੈਲੀ ਤੋਂ ਸਿੱਖਾਂ ਦੀ ਧੁੰਦਲੀ ਦਿਖ ਉਜਾਗਰ ਕੀਤੀ ਨਜ਼ਰ ਸਪਸ਼ਟ ਆਉਂਦੀ ਹੈ। ਇਨ੍ਹਾਂ ਨੂੰ ਇਹਨਾਂ ਦੇ ਪ੍ਰਭੂਆਂ ਜੋ ਕੰਮ ਸੌਂਪਿਆ ਗਿਆ ਉਹ ਇਨ੍ਹਾਂ ਨੇ ਬਾਖ਼ੂਬੀ ਕੀਤਾ ਭਾਵੇਂ ਸਿੱਖਾਂ ਨੂੰ ਭਾਰੀ ਨੁਕਸਾਨ ਹੀ ਹੋਇਆ । ਸ. ਪ੍ਰਕਾਸ਼ ਸਿੰਘ ਬਾਦਲ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਆਪਣੇ ਅਧਿਕਾਰ ਖੇਤਰ ਵਿੱਚ ਨੰਗੇ-ਚਿੱਟੇ ਹਨ। ਉਨ੍ਹਾਂ ਦੋਨਾਂ ਨੂੰ ਸਮਝਣਾ ਹੁਣ ਮਸ਼ਕਲ ਨਹੀਂ ਰਹਿ ਗਿਆ ਹੈ। ਪਰ ਜੱਥੇਦਾਰ ਟੌਹੜਾ ਸੰਬੰਧੀ ਅਜੇ ਖੋਜ ਅਧੂਰੀ ਹੈ ਭਾਵੇਂ ਉਹ ਕੂਚ ਕਰ ਗਏ ਹਨ। ਜੇ ਇਸ ’ਤੇ ਪਰਦਾ ਪਿਆ ਰਹਿ ਗਿਆ ਤਾਂ ਸਮਝੋ ਸਿੱਖ ਅੱਗੋਂ ਹੋਰ ਧੋਖਾ ਖਾਂਦੇ ਰਹਿਣਗੇ। ਇਹ ਤਿੰਨੇ ਬੋਹਲ ਦੇ ਕੁੱਝ ਦਾਣਿਆਂ ਵਾਂਗ ਤੇ ਇੱਕ ਸ਼ੀਸ਼ੇ ਵਜੋਂ ਬਾਕੀ ਅਕਾਲੀਆਂ ਨੂੰ ਸਮਝਣ ਤੇ ਦੇਖਣ ਲਈ ਕਾਫੀ ਹਨ।
ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਗਾਲੀ-ਗਲੋਚ ਕਰਨ ਤੇ ਬਿਨਾ ਗੰਭੀਰਤਾ ਤੇ ਵਿਚਾਰਸ਼ੀਲਤਾ ਤੋਂ ਬੋਲਣ ਵਾਲਾ,ਸਿੱਖਾਂ ਦੀ ਸਭਿਅਤਾ ਦਾ ਮਾੜਾ ਪੱਖ ਦਰਸਾਉਣ ਦਾ ਮਾਹਿਰ, ਲੋਕਾਂ ਨਾਲੋਂ ਟੁੱਟਿਆ, ਪੁਰਾਣੇ ਟਕਸਾਲੀ ਸਿੱਖਾਂ ਪ੍ਰਤੀ ਬੁਰਾ ਪ੍ਰਭਾਵ ਛੱਡਣ ਵਾਲਾ ਅਕਾਲੀ ਹੀ ਕਿਹਾ ਜਾ ਸਕਦਾ ਹੈ। ਜਦੋਂ ਕਿ ਸਾਬਕਾ ਮੁੱਖ ਮੰਤਰੀ, ਪੰਜਾਬ, ਸ. ਪ੍ਰਕਾਸ਼ ਸਿੰਘ ਬਾਦਲ ਸ਼ਾਂਤ-ਚਿੱਤ, ਬਦਲਾਖ਼ੋਰ, ਧਰਮ ਤੋਂ ਕੂਹਾਂ ਦੂਰ, ਪਰਿਵਾਰ ਸਮੇਤ ਭ੍ਰਿਸ਼ਟ ਤੇ ਭ੍ਰਿਸ਼ਟਾਚਾਰ ਦਾ ਹਾਮੀ ਹੈ।
ਇਸ ਦੇ ਉਲਟ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਘਰ ਲਈ ਭ੍ਰਿਸ਼ਟ ਨਹੀਂ ਹੋਇਆ ਪਰ ਉਸ ਨੇ ਆਪਣੀੇ ਸ਼ਕਤੀ ਕੇਂਦਰਤ ਕਰਨ ਲਈ ਗੁਰੂ ਦੀ ਗੋਲਕ ਰਾਹੀਂ ਦੂਸਰਿਆਂ ਨੂੰ ਭ੍ਰਿਸ਼ਟ ਬਣਾਉਣ ਲਈ ਭ੍ਰਿਸ਼ਟਾਚਾਰ ਦਾ ਪੂਰਾ ਆਸਰਾ ਲਿਆ।ਜੋ ਜੱਥੇਦਾਰ ਟੌਹੜਾ ਨੂੰ ਨੇੜੇ ਤੋਂ ਜਾਣਦੇ ਹਨ ੳਹ ਦਸ ਸਕਦੇ ਹਨ ਕਿ ਉਸ ਦੇ ਹਰ ਚਹੇਤੇ ਦਾ ਘਰ ਉਸ ਦੀ ਗੋਲਕ ਹੀ ਸੀ। ਇਸੇ ਕਾਰਨ ਹੀ ਜੱਥੇਦਾਰ ਟੌਹੜਾ ਨੇ 27 ਵਾਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਤੇ ਛੇਵੀਂ ਵਾਰ ਮਾਰਚ, 2004 ਵਿਚ ਰਾਜ ਸਭਾ ਦੇ ਮੈਂਬਰ ਬਣਨ ਦਾ ਰਿਕਾਰਡ ਕਾਇਮ ਕੀਤਾ ਜੋ ਇਮਾਨਦਾਰ ਰਹਿ ਕੇ ਭਾਰਤੀ ਭ੍ਰਿਸ਼ਟ ਢਾਂਚੇ ਵਿਚ ਸੌਖੀ ਗੱਲ ਨਹੀਂ ਹੈ। ਭਾਰਤ ਸਰਕਾਰ ਨੂੰ ਭਾਵੇਂ ਕੋਈ ਵੀ ਹੋਵੇ, ਸਿੱਖਾਂ ’ਤੇ ਅਜਿਹੇ ਆਗੂ ਥੋਪਣੇ / ਠੋਸਣੇ ਰਾਸ ਆਉਂਦੇ ਹਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਹੁਣ ਭਾਵੇਂ ਮਰਨ ਕਿਨਾਰੇ ਸੀ ਪਰ ਉਸ ਨੇ ਛੇਵੀਂ ਵਾਰ ਮਾਰਚ, 2004 ਵਿਚ ਰਾਜ ਸਭਾ ਦੇ ਮੈਂਬਰ ਬਣਨ ਲਈ ਆਪਣੇ ਸਾਥੀਆਂ ਦੇ ਮੁਕਾਬਲੇ ਖੁਦ ਆਪਣੇ ਆਪ ਨੂੰ ਹੀ ਯੋਗ ਸਮਝਿਆ। ਅੱਜ ਦੂਸਰਾ ਝਟਕਾ ਉਹ ਆਪਣੇ ਚਹੇਤਿਆਂ ਨੂੰ ਆਪਣੀ ਮੌਤ ਨਾਲ ਦੇ ਗਿਆ ਕਿਉਂਕਿ ਉਹ ਅੱਜ ਨਾ ਘਰ ਤੇ ਨਾ ਘਾਟ ਦੇ ਰਹੇ । ਉਨ੍ਹਾਂ ਕੋਲ ਸਵਾਏ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪੁੱਤਰ ਸੁਖਬੀਰ ਪਾਸ ਜਾ ਕੇ ਨੱਕ ਰਗੜਣ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਰਿਹਾ। ੳਨ੍ਹਾਂ ਦਾ ਨਾਹਰਾ ‘ ਟੌਹੜਾ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’(“Tohra, we will follow your ideals”) ਵੀ ਹੁਣ ਸਾਰਥਕ ਨਹੀਂ ਹੈ ਪਰ ਬਾਕੀ ‘ਬੋਲੇ ਸੋ ਨਿਹਾਲ’ (Bole So Nihal) ਠੀਕ ਹੈ। ਹੁਣ ਤਾਂ ਖੋਜ ਵਾਲੀ ਗੱਲ ਇਹ ਰਹਿ ਗਈ ਕਿ ਕੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਦੇ ਨਾਲ ਨਾਲ ਜੱਥੇਦਾਰ ਟੌਹੜਾ ਦਾ ਰਾਜ ਸਭਾ ਦੇ ਮੈਂਬਰ ਰਹਿਣਾ ( ਦਿੱਲੀ ਨਾਲ ਸਾਂਝ) ਇੱਕ ਮਜ਼ਬੂਰੀ ਸੀ ? ਜੇ ਹਾਂ ਤਾਂ ਕਿਉਂ?
ਸ. ਸਿਮਰਨਜੀਤ ਸਿੰਘ ਮਾਨ ਨੇ ਬਤੌਰ ਮੈਂਬਰ ਪਾਰਲੀਮੈਂਟ ਭਾਰਤ ਅੰਦਰ ਗੁਰਦੁਆਰਿਆਂ ਤੋਂ ਹੋ ਰਹੀ ਆਮਦਨ ਤੇ ਉਹ ਕਿੱਥੇ ਖਰਚੀ ਜਾਂਦੀ ਦੀ ਜਾਣਕਾਰੀ ਲੈਣ ਲਈ, ਵਿੱਤ ਮੰਤਰੀ ਤੋਂ ਸਵਾਲ ਨੰ: 7893 ਪਾਰਲੀਮੈਂਟ ਵਿਚ ਪੁੱਛਿਆ ਸੀ ਕਿ ਹਰ ਪ੍ਰਾਂਤ(ਸਟੇਟ) ਦੇ ਗੁਰਦੁਆਰਿਆਂ ਦੀ ਆਮਦਨ ਤੋਂ ਕਿਤਨਾ ਕਰ/ਟੈਕਸ ਇਕੱਠਾ ਕੀਤਾ ਜਾਂਦਾ ਹੈ?
ਜਵਾਬ: ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਹਾਊਸ ਵਿਚ ਦੇ ਦਿੱਤੀ ਜਾਵੇਗੀ ਜੋ ਬਾਅਦ ਵਿਚ ਵੀ ਨਹੀਂ ਦਿੱਤੀ ਗਈ। ਹੋ ਸਕਦਾ ਹੈ ਇਹ ਮਾਮਲਾ ਵੀ ਭਾਰਤ ਸਰਕਾਰ ਤੇ ਉਸ ਦੇ ਵਿਸ਼ਵਾਸ ਪਾਤਰ ਜੱਥੇਦਾਰ ਟੌਹੜਾ ਦਾ ਆਪਸੀ ਹੀ ਹੋਵੇ? ਕੌਣ ਜਾਣੇ?
ਜੱਥੇਦਾਰ ਟੌਹੜਾ ਜੀ ਨੂੰ ਇਮਾਨਦਾਰ ਦੱਸਣ ਲਈ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬਾਅਦ ਨਿੱਜੀ ਚੋਣ ਖਰਚੇ ’ਚੋਂ ਬਚੇ 1300 ਰੁਪਏ ਮਾਸਟਰ ਤਾਰਾ ਸਿੰਘ ਜੀ ਨੂੰ ਵਾਪਸ ਕਰਨ ਅਤੇ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੱਤਰ ਗਿਆਨੀ ਅਜਮੇਰ ਸਿੰਘ ਵੱਲੋ ਫਿਰ ਉਨ੍ਹਾਂ ਨੂੰ ਇਹ ਕਹਿਣਾ, “ ਤੁਸੀਂ ਇੱਕ ਅਕਾਲੀ ਨਹੀਂ ਬਣ ਸਕਦੇ” ਭਾਵ ਅਕਾਲੀ ਇਮਾਨਦਾਰ ਹੋ ਹੀ ਨਹੀਂ ਸਕਦਾ। ਅਸਲ ਵਿਚ ਇਹ ਕਿੱਸਾ ਟੌਹੜਾ ਜੀ ਨਾਲ ਸਬੰਧਤ ਨਹੀਂ ਸਗੋਂ ਪਰਪੱਕ ਤੇ ਸਿਰੜੀ ਸਿੱਖ ਗਿਆਨੀ ਹਰਭਗਤ ਸਿੰਘ ਜੀ ਵਾਸੀ ਪਿੰਡ ਨੌਰੰਗਵਾਲ(ਲੁਧਿਆਣਾ) ਵੱਲੋਂ ਦਿਖਾਈ ਇਮਾਨਦਾਰੀ ਦਾ ਸੱਚਾ ਕਿੱਸਾ ਹੈ। ਇਹ ਗੱਲ ਖੁਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਗਿਆਨੀ ਹਰਭਗਤ ਸਿੰਘ ਜੀ ਵਾਸੀ ਨੌਰੰਗਵਾਲ(ਲੁਧਿਆਣਾ) ਦੀ ਅੰਤਿਮ ਭੋਗ ਰਸਮ ਵੇਲੇ ਗਿਆਨੀ ਜੀ ਦੀ ਇਮਾਨਦਾਰੀ ਬਾਰੇ ਖੁਦ ਭਰੇ ਪੰਡਾਲ ਵਿਚ ਦੱਸੀ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬਾਅਦ ਗਿਆਨੀ ਜੀ ਨੇ ਆਪਣੇ ਚੋਣ ਖਰਚੇ 2000 ਰੁਪਏ ਵਿਚੋਂ ਬਚੇ 800 ਰੁਪਏ ਮਾਸਟਰ ਤਾਰਾ ਸਿੰਘ ਜੀ ਨੂੰ ਖੁਦ ਵਾਪਸ ਕੀਤੇ ਸਨ, ਵਾਕਿਆ ਹੀ ਗੱਲ ਸੱਚ ਹੋਈ ਤੇ ਗਿਆਨੀ ਜੀ ਅਕਾਲੀ ਨਹੀਂ ਬਣ ਸਕੇ । ਗਿਆਨੀ ਜੀ ਦੇ ਅੰਤਿਮ ਭੋਗ ਰਸਮ ਵੇਲੇ ਇਹ ਸੱਚਾ ਕਿੱਸਾ ਸਰਦਾਰ ਤੇਜਵੰਤ ਸਿੰਘ ਗਰੇਵਾਲ ( ਲੁਧਿਆਣਾ) ਨੇ ਜੱਥੇਦਾਰ ਟੌਹੜਾ ਦੇ ਮੂੰਹੋਂ ਖੁਦ ਸੁਣਿਆ ਸੀ।
ਕਿਸੇ ਹੱਦ ਤਕ ਹਰ ਇੱਕ ਵਿਕਾਊ ਹੈ, ਜੇ ਖਰੀਦਾਰ ਹੋਵੇ। ਜੱਥੇਦਾਰ ਟੌਹੜਾ ਪਾਰਖੂ ਤੇ ਸਫਲ ਖਰੀਦਾਰ ਸੀ। ਜਦੋਂ ਜੱਥੇਦਾਰ ਟੌਹੜਾ ਸਾਲ 1985 ਵਿਚ ਜੋਧਪੁਰ ਜੇਲ੍ਹ ’ਚੋਂ ਬਾਹਰ ਆਇਆ ਤਾਂ ਉਸ ਦੇ ਕਹਿਣ ਮੁਤਾਬਕ: “ਉਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕੌਮੀ ਪਰਿਵਾਰ ਬਾਰੇ ਖਬਰ ਲੈਣੀ ਉਚਿਤ ਸਮਝੀ ਤੇ ਉਹ ਪਿੰਡ ਰੋਡੇ ਕੱਚੇ-ਢੱਠੇ ਮਕਾਨ ’ਚ ਜਾ ਕੇ ਬੀਬੀ ਪ੍ਰੀਤਮ ਕੌਰ ਸਪੁਤਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਿਆ ਤੇ 10,000/-ਰੁਪਏ (ਦਸ ਹਜਾਰ ਰੁਪਏ) ਦੇਣ ਲਈ ਨਾਲ ਲੈ ਗਿਆ ਸੀ। ਪਰਦੇ ਨਾਲ ਬੀਬੀ ਪ੍ਰੀਤਮ ਕੌਰ ਨੂੰ ਇਹ ਪੈਸਾ ਦੇਣ ਦਾ ਯਤਨ ਕੀਤਾ ਪਰ ਬੀਬੀ ਪ੍ਰੀਤਮ ਕੌਰ ਨੇ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਪੰਥ ਦਾ ਪੈਸਾ ਤੇ ਨਾ ਹੀ ਕਿਸੇ ਵਿਅਕਤੀ ਤੋਂ ਕੋਈ ਪੈਸਾ ਲੈ ਕੇ ਕਦੀ ਘਰ ਵਿਚ ਲਾਉਣਾ ਹੈ। ਜੱਥੇਦਾਰ ਟੌਹੜਾ ਪੈਸੇ ਦੇਣ ਵਿਚ ਉਸ ਵੇਲੇ ਅਸਫਲ ਰਿਹਾ, ਪਰ ਜੱਥੇਦਾਰ ਟੌਹੜਾ ਨੇ ਬੀਬੀ ਦੇ ਕਹੇ ਬੋਲਾਂ ਨੂੰ ਕਦੀ ਨਾ ਭੁਲਾਇਆ।
ਸੰਤਾਂ ਦੇ ਵੱਡੇ ਲੜਕੇ ਭਾਈ ਈਸ਼ਰ ਸਿੰਘ ਦਾ ਵਿਆਹ ਸਾਦਗੀ ਨਾਲ ਪਰ ਛੋਟੇ ਲੜਕੇ ਭਾਈ ਇੰਦਰਜੀਤ ਸਿੰਘ ਦਾ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ । ਕੁਝ ਸਾਲ ਪਹਿਲਾਂ ਸੰਤਾਂ ਦੇ ਪਰਿਵਾਰ ਦੀ ਰਹਾਇਸ਼ ਆਪਣੀ ਨਿੱਜੀ ਇੱਕ ਸ਼ਾਨਦਾਰ ਕੋਠੀ ਵਿਚ ਸੀ। ਉਨ੍ਹਾਂ ਪਾਸ ਆਪਣੀ ਨਵੀ ਕਾਰ ਸੀ। ਵਿਆਹ ਦਾ ਜਸ਼ਨ ਮਨਾਉਣ ਲਈ ਸੈਂਕੜੇ ਮਹਿਮਾਨਾ ਨੂੰ ਸੱਦਾ-ਪੱਤਰ ਦਿੱਤਾ ਹੋਇਆ ਸੀ। ਦੇਸੀ ਘਿਉ ਨਾਲ ਤਿਆਰ ਮਿਠਾਈਆਂ ਤੇ ਸ਼ਾਹੀ ਖਾਣੇ ਦਾ ਪ੍ਰਬੰਧ ਸੀ। ਵੱਡਾ ਸਜਿਆ ਪੰਡਾਲ ਵੀ ਪਰਿਵਾਰ ਦੀ ਪਰਿਵਾਰਕ ਸਾਧਨਾ ਤੋਂ ਇਲਾਵਾ ਮਦਦ ਹੋਣ ਦੀ ਗਵਾਹੀ ਭਰਦਾ ਸੀ। ਸ਼ਗਨ ਦੇਣ ਵਾਲਿਆਂ ਦੀ ਭਰਮਾਰ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਵੇਂ ਵਿਆਹੁਤਾ ਜੋੜੇ ਨਾਲ ਸੰਤਾਂ ਦੇ ਪਰਿਵਾਰ ਦੀ ਕੋਠੀ ਨੂੰ ਛੱਡ ਕੇ ਇੱਕ ਆਈ.ਟੀ.ੳ ਦੀ ਕੋਠੀ ਅੰਦਰ ਫੋਟੋਆਂ ਖਿਚਵਾ ਤੇ ਫ਼ਿਲਮ ਤਿਆਰ ਕਰਵਾ ਰਹੇ ਸਨ ਜਿੱਥੇ ਜੱਥੇਦਾਰ ਟੌਹੜਾ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਸੀ। ਇਹ ਸੱਤਰਾਂ ਦਾ ਲੇਖਕ ਤੇ ‘ਜਾਂਬਾਜ਼ ਰਾਖ਼ਾ’( ਸੰਤ ਜਰਨੈਲ ਸਿੰਘ ਭਿੰਡਰਾਂਵਾਲਾ) ਪੁਸਤਕ- ਦਾ ਲਿਖਾਰੀ ਸ੍ਰੀ ਏ.ਆਰ.ਦਰਸ਼ੀ ਸਾਬਕਾ ਪੀ.ਸੀ .ਐੱਸ. ਅਫਸਰ ਉਸ ਕੋਠੀ ਵਿਚ ਬਿਨਾ ਬੁਲਾਏ ਮਹਿਮਾਨ ਪਹੁੰਚ ਗਏ। ਸ੍ਰੀ ਏ.ਆਰ.ਦਰਸ਼ੀ ਨੂੰ ਜੱਥੇਦਾਰ ਟੌਹੜਾ ਨੇ ਆਪਣੇ ਖੱਬੇ ਹੱਥ ਕੁਰਸੀ ’ਤੇ ਬਿਠਾ ਲਿਆ। ਦਾਸ ਨੂੰ ਵੀ ਜੱਥੇਦਾਰ ਟੌਹੜਾ ਦੇ ਸੱਜੇ ਹੱਥ ਕੁਰਸੀ ਖਾਲੀ ਕਰਵਾ ਕੇ ਬੈਠਣ ਦਾ ਇਸ਼ਾਰਾ ਮਿਲਿਆ ਪਰ ਦਾਸ ਨੇ ਬਣੇ ਫਾਸਲੇ ਤੋਂ ਹੀ ਜੱਥੇਦਾਰ ਟੌਹੜਾ ਦੀਆਂ ਬਾਜ਼ ਚੀਰਵੀਂ ਦਿਖ ਤੇ ਰਾਜਸੀ ਵਲ੍ਹੇਟਾ ਪਾਊ ਅੱਖਾਂ ਨੂੰ ਪੜ੍ਹਨ ਦਾ ਯਤਨ ਕੀਤਾ ਪਰ ਬਹੁਤੀ ਸਫਲਤਾ ਨਹੀਂ ਮਿਲੀ ਕਿਉਂਕਿ ਉਹ ਵੀ ਤਾੜ ਰਿਹਾ ਸੀ। ਉਸ ਸਥਿਤੀ ਵਿਚ ਉਸ ਵੱਲ ਵੇਖਣਾ ਕੋਈ ਸੌਖੀ ਗੱਲ ਨਹੀਂ ਸੀ। ਜੱਥੇਦਾਰ ਟੌਹੜਾ ਇੱਕ ਦਰਵੇਸ਼ ਸਿਆਸਤਦਾਨ ਨਹੀਂ ਸੀ।
ਬਾਹਰ ਪੰਡਾਲ ਵਿਚ ਸੰਗਤ ਹਾਜ਼ਰ ਸੀ।ਅਰਦਾਸ ਦੀ ਰਸਮ ਬਾਕੀ ਸੀ। ਜੱਥੇਦਾਰ ਟੌਹੜਾ ਅਰਦਾਸ ਤੋਂ ਬਾਅਦ ਭਾਸ਼ਨ ਦੇਣ ਉਠਿਆ ਤੇ ਕਹਿਣ ਲੱਗਿਆ ਉਏ ਕਲਮਾਂ ਦੇ ਧਨੀਉ, ਧਿਆਨ ਨਾਲ ਸੁਣੋ, ਮੇਰੀ ਇਹ ਦੱਸੀ ਗੱਲ ਤੁਹਾਡੇ ਕੰਮ ਆਉ, ਧਿਆਨ ਦਿਉ : ਇਸ ਮੌਕੇ ਜੱਥੇਦਾਰ ਟੌਹੜਾ ਜਿਵੇਂ ਬਹੁਤ ਸਮੇਂ ਤੋਂ ਛੁਪਾਇਆ ਭੇਦ ਸ੍ਰੀ ਗੁਰੂ ਗ੍ਰੰਥ ਸਹਿਬ ਤੇ ਬੀਬੀ ਪ੍ਰੀਤਮ ਕੌਰ ਦੀ ਹਾਜ਼ਰੀ ਵਿਚ ਹੀ ਸੰਗਤ ਨੂੰ ਦੱਸਣ ਲਈ ਬਹੁਤ ਜ਼ਰੂਰੀ ਸਮਝ ਰਿਹਾ ਸੀੇ। ਵੱਸ ਫਿਰ ਚੁਸਕੀਆਂ ਲੈ ਲੈ ਕੇ ਉਪਰੋਕਤ ਦਸ ਹਜ਼ਾਰ ਰੁਪਏ ਦੇਣ ਦੀ ਅਸਫਲ ਕਹਾਣੀ ਦੱਸੀ ਤੇ ਬੀਬੀ ਨੂੰ ਯਾਦ ਕਰਵਾਉਂਦਿਆਂ ਤੇ ਸੰਕੇਤ ਕਰਦਿਆਂ ਕਹਿ ਰਿਹਾ ਸੀ ਕਿ “ਖੁਦ ਦੇਖ ਲਉ !!! ਪਰਿਵਾਰ ਅਜੇ ਵੀ ਆਪਣੇ ਦਿੱਤੇ ਵਚਨ ’ਤੇ ਕਾਇਮ ਹੈ………ਖੁਦ ਦੇਖ ਲਉ!!!……… ਖੁਦ ਦੇਖ ਲਉ, ਵਾਰ ਵਾਰ ਕਹਿ ਰਿਹਾ ਸੀ”। ਸਾਰੀ ਸੰਗਤ ਸਮਝ ਰਹੀ ਸੀ ਕਿ ਬੀਬੀ ਨੂੰ ਉਨ੍ਹਾਂ ਦੇ ਦਿੱਤੇ ਪੁਰਾਣੇ ਵਚਨ ਯਾਦ ਕਰਵਾ ਕੇ ਹਨੋਰੇ ’ਤੇ ਹਨੋਰਾ ਤੇ ਮਿਹਣੇ ’ਤੇ ਮਿਹਣਾ ਮਾਰ ਰਿਹਾ ਹੈ। ਜੱਥੇਦਾਰ ਟੌਹੜਾ ਦੇ ਸੇਵਕ ਭਾਈ ਕਲਾਇਣ ਸਿੰਘ, ਪਟਨਾਸਾਹਿਬ ਵਾਲੇ ਨੇ 2-3 ਦਿਨ ਛੋਟੇ ਲੜਕੇ ਦੇ ਵਿਆਹ ਸਮੇਂ ਉਥੇ ਹਾਜ਼ਰ ਰਹਿ ਕੇ ਸੇਵਾ ਕੀਤੀ ਸੀ।
ਮਿਤੀ: 20 ਮਾਰਚ, 2004 ਨੂੰ ਹੀ ਜੱਥੇਦਾਰ ਟੌਹੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਅਕਾਲੀਆਂ ਦੇ ਵਿਰੁੱਧ ਠੋਸਿਆ ਸੀ ਪਰ ਉਹ ਗਿਆਨੀ ਦੇ ਕਾਬੂ ਵਿਚ ਨਹੀਂ ਰਿਹਾ ਤੇ ਸਿੱਖ ਮਿਸ਼ਨਰੀ ਬਣ ਕੇ ਉਸ ਨੇ ਅਕਾਲੀਆਂ ਦਾ ਵਿਰੋਧ ਕਰਨ ਦੀ ਬਜਾਏ ਸਿੱਖ ਧਰਮ ਦੇ ਵਿਕਾਸ ਲਈ ਕੰਮ ਕੀਤਾ।
ਇਸ ਗੱਲ ਨੂੰ ਹਕੀਕਤ ਮੰਨ ਕੇ ਵੀ ਸਿੱਟਾ ਇਹੀ ਨਿਕਲਦਾ ਹੈ ਕਿ ਸਿੱਖਾਂ ’ਤੇ ਆਗੂ ਠੋਸੇ ਜਾਂਦੇ ਹਨ ਚਾਹੇ ਉਸ ਦਾ ਪ੍ਰਭੂ ਕੋਈ ਵੀ ਕਿਉਂ ਨਾ ਹੋਵੇ । ਖੁਦ ਕੋਈ ਬਤੌਰ ਸਿੱਖਾਂ ਦਾ ਲੀਡਰ ਆਪਣੇ ਆਪ ਉਭਰ ਨਹੀਂ ਸਕਦਾ। ਇਸ ਦਾ ਮਤਲਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਨੌਖਾ ਹੀ ਨਿਕਲਿਆ ਬਾਕੀ ਤਾਂ ਸਿੱਖਾਂ ’ਤੇ ਇਸ ਤਰ੍ਹਾਂ ਠੋਸੇ ਅਤੇ ਕਾਬੂ ਕੀਤੇ ਆਗੂ ਸਿੱਖੀ ਦੇ ਵਿਕਾਸ ਦੇ ਉਲਟ ਕੰਮ ਕਰਦੇ ਆ ਰਹੇ ਹਨ। ਇਨ੍ਹਾਂ ਤੋਂ ਸਿੱਖਾਂ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ?
ਅੱਜ ਜਦੋਂ ਜੱਥੇਦਾਰ ਟੌਹੜਾ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਸਿੱਖ ਮਿਸ਼ਨਰੀ ਢਾਂਚਾ ਖਤਮ ਹੋ ਚੁੱਕਾ ਹੈ।ਉਹ ਇਹ ਤਾਂ ਇਕਬਾਲ ਕਰ ਗਏ ਕਿ “ਉਹ ਨਾ ਅਖੌਤੀ ਬਾਬਿਆਂ,ਸੰਤਾਂ ਆਦਿ ਦੀ ਸਿੱਖ ਧਰਮ ਅੰਦਰ ਵਧਦੀ ਨਸਲ ਨੂੰ ਰੋਕ ਸਕੇ ਤੇ ਨਾ ਹੀ ਇਤਿਹਾਸਕ ਗੁਰਦੁਆਰਿਆਂ ਤੇ ਯਾਦਾਂ ਦੀ ਸੰਭਾਲ ਕਰ ਸਕੇ”। ਸਗੋਂ ਉਨ੍ਹਾਂ ਨੂੰ ਢਾਹ ਕੇ ਇੱਕ ਸਾਰ ਪੱਥਰ ਥੰਮ੍ਹ ਕਿਸਮ ਦੇ ਗੁਰਦੁਆਰਿਆਂ ਵਿੱਚ ਬਦਲਣ ਲਈ ਸਹਾਈ ਹੋਏ। ਇਸ ਤੋਂ ਸਪਸ਼ਟ ਹੈ ਕਿ ਅੰਤ ਸਮੇਂ ਜੱਥੇਦਾਰ ਟੌਹੜਾ ਦੀ ਆਂਤਰਿਕ ਆਤਮਾ ਇਸ ਕੁਕਰਮ ਲਈ ਮੋਹਰਾ ਬਣਨ ਵਜੋਂ ਉਸ ਨੂੰ ਫਿਟਕਾਰ ਜ਼ਰੂਰ ਪਾ ਰਹੀ ਸੀ।
ਸਾਲ 1978 ਦੀ ਵਿਸਾਖੀ ਸਮੇਂ ਨਿਰੰਕਾਰੀਆਂ ਵੱਲੋਂ 13 ਸਿੱਖ ਸ਼ਹੀਦ ਕਰਨ ਦੇ ਖੂਨੀ ਸਾਕੇ ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭੜਕਾਉਣ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਹੀ ਨਜ਼ਰ ਆਉਂਦੀ ਹੈ ਕਿਉਂਕਿ ਪੰਜਾਬ ਵਿਚ ਸਰਕਾਰ ਉਸ ਵੇਲੇ ਅਕਾਲੀਆਂ ਦੀ ਹੀ ਸੀ । ਜੱਥੇਦਾਰ ਟੌਹੜਾ ਨੇ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਅਤੇ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਬਾਰੇ ਹੁਕਮਨਾਮਾ ਜਾਰੀ ਕਰਵਾਉਣ ਲਈ ਮੁੱਖ ਭੂਮਿਕਾ ਨਿਭਾਈ ਸੀ।
ਫਿਰ ਉਹੀ ਜੱਥੇਦਾਰ ਟੌਹੜਾ ਨੂੰ ਨਿਰੰਕਾਰੀਆਂ ਨਾਲ ਸਾਂਝ ਰੱਖਣ ਤੇ ਵੋਟਾਂ ਮੰਗਣ ਕਾਰਨ ਹੁਕਮਨਾਮਾ ਦੀ ਉਲੰਘਣਾ ਦੇ ਦੋਸ਼ੀ ਹੋਣ ਸਬੰਧੀ ਅੱਜ ਦੇ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਨੇ ਹੀ ਨੰਗਾ ਕੀਤਾ ਸੀ। ਇਹ ਗੱਲ ਵੱਖਰੀ ਹੈ ਕਿ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ, ਭਾਈ ਰਣਜੀਤ ਸਿੰਘ ਨੇ ਕਿਸੇ ਉਪਰੋਂ ਮਿਲੀ ਹਦਾਇਤ ਤਹਿਤ ਤੇ ਆਪਣੇ ਨਿਜੀ ਲੋਭ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦੋਸ਼ ਮੁਕਤ ਕਰ ਦਿੱਤਾ ਸੀ। ਭਾਈ ਰਣਜੀਤ ਸਿੰਘ ਇਸ ਕਸੂਰ ਲਈ ਸਜ਼ਾ ਅਜੇ ਵੀ ਭੁਗਤਦਾ ਆ ਰਿਹਾ ਹੈ। ਜਦੋਂ ਵੀ ਕਦੀ ਸੱਚ ਸਾਹਮਣੇ ਆਇਆ ਤਾਂ ਪਤਾ ਲੱਗੂ ਕਿ ਕਿਵੇਂ ਇਹ ਠੋਸੇ ਹੋਏ ਸਿੱਖ ਆਗੂਆਂ ਦੇ ਕੁਕਰਮਾਂ ਕਾਰਨ ਸਿੱਖਾਂ ਦੀ ਆਜ਼ਾਦ ਭਾਰਤ ਅੰਦਰ ਨਸਲਕੁਸ਼ੀ ਹੋਈ ਤੇ ਦੁਖਾਂਤ ਭੁਗਤਣਾ ਪਿਆ?
ਆੳ ਹੁਣ ਜੱਥੇਦਾਰ ਟੌਹੜਾ ਦੇ ਅੰਤ ਸਮੇਂ ਵੱਲ ਮੋੜਾ ਕਰੀਏ ਕਿਉਂਕਿ ਜੱਥੇਦਾਰ ਟੌਹੜਾ ਵੱਲੋਂ 20 ਮਾਰਚ, 2004, ਦਿਨ ਸਨਿਚਰਵਾਰ ਨੂੰ ਬੀ.ਬੀ.ਸੀ. ਰੇਡੀਉ ਤੇ ਹਿੰਦੁਸਤਾਨ ਟਾਈਮਜ਼ ਦੇ ਰਿਪੋਰਟਰ ਨਾਲ ਉਕਤ ਦੱਸੀ ਮੁਲਾਕਾਤ ਕਾਰਨ, ਕਮਜ਼ੋਰ ਹੋ ਚੁੱਕੇ ਜੱਥੇਦਾਰ ਟੌਹੜਾ ਨੂੰ ਉਸ ’ਤੇ ਨਜ਼ਰ ਰੱਖਣ ਵਾਲੀ ਟੋਲੀ ਦੇ ਘੇਰੇ ਵਿਚ ਰਹਿ ਕੇ ਹੀ ਇੱਕ ਖ਼ਾਸ ਦਬਾ ਹੇਠ ਦਿਨ ਗੁਜ਼ਾਰਨੇ ਪਏ। ਜੇ ਜ਼ੁਡੀਸ਼ਅਲ ਜਾਂਚ ਹੋ ਗਈ ਤਾਂ ਇਸ ਟੋਲੀ ਤੋਂ ਜੱਥੇਦਾਰ ਟੌਹੜਾ ਦੀ ਮੌਤ ਵਿਚ ਲਿਆਂਦੀ ਤੇਜ਼ੀ ਦੇ ਕਾਰਨਾ ਦੀ ਬਹੁਤ ਜਾਣਕਾਰੀ ਮਿਲ ਸਕਦੀ ਹੈ। ਜਿਨ੍ਹਾ ਚਹੇਤਿਆਂ ਨੂੰ ਜੱਥੇਦਾਰ ਟੌਹੜਾ ਦੇ ਇਹਨਾਂ ਦਿਨਾਂ ਦਰਮਿਆਨ ਸੰਪਰਕ ਵਿਚ ਨਹੀਂ ਆਉਣ ਦਿੱਤਾ ਗਿਆ ਤੇ ਕਿਉਂ? ਦੇ ਬਿਆਨ ਵੀ ਘੱਟ ਅਹਿਮੀਅਤ ਨਹੀਂ ਰਖਦੇ। ਹਸਪਤਾਲ ਦਾ ਸਟਾਫ ਤੇ ਦਿਲ ਦੇ ਮਹਿਰ ਉਥੇ ਹਾਜ਼ਰ ਡਾਕਟਰਾਂ ਦੇ ਬਿਆਨਾ ਦੀ ਮਹੱਤਤਾ ਤਾਂ ਹੈ ਹੀ। ਸਭ ਤੋਂ ਬਾਅਦ ਸਾਬਕਾ ਮੁੱਖ ਮੰਤਰੀ, ਪੰਜਾਬ, ਸ. ਪ੍ਰਕਾਸ਼ ਸਿੰਘ ਬਾਦਲ, ਉਸ ਦੇ ਲੜਕੇ ਸੁਖਬੀਰ ਬਾਦਲ, ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ, ਸਿਹਤ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਅਤੇ ਇਸ ਮੌਕੇ ਸਬੰਧੀ ਜਿਸ ਕਿਸੇ ਨੇ ਵੀ ਹੋਰ ਕੁਝ ਦੱਸਣਾ ਹੈ ਦੇ ਵੀ ਬਿਆਨ ਲੈਣੇ ਬਹੁਤ ਹੀ ਜ਼ਰੂਰੀ ਹਨ। ਫਿਰ ਜੱਥੇਦਾਰ ਟੌਹੜਾ ਦੀ ਮੌਤ ਵਿਚ ਲਿਆਂਦੀ ਤੇਜ਼ੀ ਦੇ ਕਾਰਨਾ ਦਾ ਸਹੀ ਪਤਾ ਲਾਉਣਾ ਔਖਾ ਨਹੀਂ ਹੈ। ਅਜਿਹੀ ਜਾਂਚ ਕਰਵਾਉਣ ਤੇ ਅਸਲੀਅਤ ਕੱਢਣ ਲਈ ਬਹੁਤ ਦਲੇਰੀ ਤੇ ਹਿੰਮਤ ਦੀ ਲੋੜ ਹੈ। ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਲਈ ਇਹ ਇੱਕ ਚਣੌਤੀ ਹੈ ਕਿਉਂਕਿ ਕਾਨੂੰਨੀ ਪੱਖ ਤੋਂ ਮਾਮਲਾ ਬਹੁਤ ਗੰਭੀਰ ਹੈ।
ਇਹ ਗੱਲ ਰਿਕਾਰਡ ’ਤੇ ਆ ਚੁੱਕੀ ਹੈ ਕਿ ਜੱਥੇਦਾਰ ਟੌਹੜਾ 25 ਮਾਰਚ 2004 ਨੂੰ ਕਾਰ-ਸੇਵਾ ਲਈ ਨਹੀਂ ਜਾਣਾ ਚਾਹੁੰਦੇ ਸਨ ਉਸ ਨੂੰ ਧੱਕੇ ਨਾਲ ਲਿਜਾਇਆ ਗਿਆ ਸੀ ਕਿਉਂਕਿ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਨਾਲ ਫਿਰਦੀ ਟੋਲੀ ਉਸ ਨੂੰ ਕਿਧਰ ਲਈ ਜਾ ਰਹੀ ਹੈ ਤੇ ਨਾ ਹੀ ਉਹ ਪੂਰੀ ਹੋਸ਼ ਵਿਚ ਹੀ ਸੀ ਨਹੀਂ ਤਾਂ ਜੱਥੇਦਾਰ ਟੌਹੜਾ ਇਸ ਤਰ੍ਹਾਂ ਨਾ ਕਹਿੰਦੇ, “ਮੈਨੂੰ ਏਨੀ ਭੀੜ ਵਾਲੀ ਜਗ੍ਹਾ ਵਿਚ ਲੈਜਾਈ ਜਾਂਦੇ ਹੋ”। -ਇੰਡੀਅਨ ਐਕਸਪ੍ਰੈਸ, ਚੰਡੀਗੜ੍ਹ, ਬੁੱਧਵਾਰ, 31 ਮਾਰਚ, 2004
(It is important to note that due to his weak health, he was reluctant to do kar sewa on March 25. He had reportedly said, “Mainu aini bheed wali jagah wich lejayi jande ho.” The Indian Express, Chandigarh, Wednesday, 31 Marh, 2004)
ਜੱਥੇਦਾਰ ਟੌਹੜਾ ਨੂੰ ਕਾਰ-ਸੇਵਾ ਕਰਨ ਵਿਚ ਕੋਈ ਸ਼ਰਧਾ ਨਹੀਂ ਸੀ ਤੇ ਨਾ ਹੀ ਉਸ ਨੇ ਅਜਿਹਾ ਕਰਨ ਦੀ ਇੱਛਾ ਹੀ ਪ੍ਰਗਟਾਈ ਸੀ। ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਜਿੱਥੇ ਉਸ ਨੂੰ ਨਾਲ ਫਿਰਦੀ ਟੋਲੀ ਲੈ ਕੇ ਆਈ ਹੈ ਉਹ ‘ਦਰਬਾਰ ਸਾਹਿਬ’ ਦੀ ਕਾਰ-ਸੇਵਾ ਵਾਲੀ ਜਗ੍ਹਾ ਹੈ – ਨਹੀਂ ਤਾਂ ਜੱਥੇਦਾਰ ਟੌਹੜਾ ਇਹ ਨਾ ਕਹਿੰਦੇ, “ਮੈਨੂੰ ਏਨੀ ਭੀੜ ਵਾਲੀ ਜਗ੍ਹਾ ਵਿਚ ਲੈਜਾਈ ਜਾਂਦੇ ਹੋ”। ਜਦੋਂ ਜੱਥੇਦਾਰ ਟੌਹੜਾ ਦੀ ਇਹ ਸਥਿਤੀ ਬਣੀ ਹੋਈ ਸੀ ਤਾਂ ਜੱਥੇਦਾਰ ਟੌਹੜਾ ਵੱਲੋਂ ਆਪਣੇ ਆਪ ਕਾਰ-ਸੇਵਾ ਵਾਲੀ ਥਾਂ ਤੋਂ ਆਪਣੇ ਮੂੰਹ ਉੱਤੇ ਗਾਰ (ਚਿੱਕੜ) ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੱਥੇਦਾਰ ਟੌਹੜਾ ਦੇ ਮੂੰਹ ਉੱਤੇ ਗਾਰ (ਚਿੱਕੜ) ਲੱਗੇ ਹੋਣ ਦੀਆਂ ਫੋਟੋਆਂ ਐਡੀਟਰ “ਸੰਤ ਸਿਪਾਹੀ” ਪਾਸ ਮੌਜੂਦ ਹਨ ਜੋ ਜੱਥੇਦਾਰ ਟੌਹੜਾ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ 25 ਮਾਰਚ, 2004 ਨੂੰ ਦੁਪਿਹਰ ਇੱਕ ਬਜੇ ਖਿੱਚੀਆਂ ਗਈਆਂ ਸਨ।
ਜੱਥੇਦਾਰ ਟੌਹੜਾ ਦੀ ਇਹ ਹਾਲਤ ਕਿਸ ਨੇ ਬਣਾਈ? ਕਿਉਂ ਬਣਾਈ? ਇਸ ਵਿਚ ਕੀ ਕੋਈ ਰਾਜਨੀਤੀ ਸੀ ਜਾਂ ਕੋਈ ਕਿੜ ਕੱਢਣਾ ਹੀ ਸੀ ਜਾਂ ਕੋਈ ਭੇਦ ਛਪਾਉਣ ਲਈ ਇਹ ਸਭ ਕੁੱਝ ਜਲਦਬਾਜ਼ੀ ਵਿਚ ਕੀਤਾ ਗਿਆ? ਲੋਕ ਬਹੁਤ ਸਵਾਲਾਂ ਦੇ ਜਵਾਬ ਮੰਗਦੇ ਹਨ। ਜਿੰਨੀ ਜਲਦੀ ਜਵਾਬ ਢੂੰਡਣ ਲਈ ਕੋਈ ਰਾਹ ਅਖਤਿਆਰ ਕੀਤਾ ਜਾਵੇ ਅੱਛਾ ਹੈ ਨਹੀਂ ਤਾਂ ਲੋਕਾਂ ਵਿਚ ਇਸ ਲੋਕਰਾਜ ਪ੍ਰਤੀ ਹੋਰ ਬੇਵਿਸਾਹੀ ਵਧਦੀ ਜਾਵੇਗੀ।
ਇਹ ਮਾਮਲਾ ਹੋਰ ਵੀ ਗੁੰਝਲਦਾਰ ਹੈ ਕਿਉਂਕਿ ਸੁਖਬੀਰ ਬਾਦਲ ਤੇ ਜੱਥੇਦਾਰ ਟੌਹੜਾ ਦੀ ਆਪਸੀ ਦੂਰੀ ਹੀ ਰਹੀ ਹੈ ਤੇ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਲਈ ਹਮੇਸ਼ਾ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ। ਜੱਥੇਦਾਰ ਟੌਹੜਾ ਦੇ ਇਹ ਸਾਰੇ ਦੁਖਾਂਤ ਦੀ ਜੜ੍ਹ ਕਿਧਰੇ ਇਥੋਂ ਹੀ ਤਾਂ ਸ਼ੁਰੂ ਨਹੀਂ ਹੁੰਦੀ?
ਮੁੱਕਦੀ ਦੀ ਗੱਲ ਤਾਂ ਇਹ ਹੈ ਕਿ ਜੱਥੇਦਾਰ ਟੌਹੜਾ ਸਾਰੀ ਉਮਰ ਲੋਕਾਂ ਨਾਲ ਰਾਜਨੀਤੀ ਖੇਡਦੇ ਰਹੇ ਅੱਜ ਜਾਂਦੇ ਦੀ ਉਸ ਦੇ ਆਪਣਿਆਂ ਨੇ ਹੀ ਦੁਰ-ਦਸ਼ਾ ਕਰ ਦਿੱਤੀ ਜਿਸ ਨੂੰ ਦੇਖ ਕੇ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਰੋਏ ਬਿਨਾ ਨਹੀਂ ਰਹਿ ਸਕੇ। ਸਚਾਈ ਪਤਾ ਨਹੀਂ ਸਾਹਮਣੇ ਆਵੇਗੀ ਕਿ ਨਹੀਂ ਪਰ ਸਿੱਖਾਂ ਨੂੰ ਅਜਿਹੀ ਰਾਜਨੀਤੀ ਤੋਂ ਜ਼ਰੂਰ ਸਬਕ ਸਿੱਖਣਾ ਚਾਹੀਦਾ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਜੱਥੇਦਾਰ ਟੌਹੜਾ ਦੀ ਵਿਧਵਾ ਮਾਤਾ ਜੋਗਿੰਦਰ ਕੌਰ ਨੂੰ ਸਹੂਲਤਾਂ ਦੇਣ ਦਾ ਤੁਰੰਤ ਐਲਾਨ ਕੀਤਾ ਤੇ ਉਸ ਦਾ ਇਸ ਦੁੱਖ ਦੇ ਸਮੇਂ ਸਾਥ ਦਿੱਤਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਾਗਰੂਕ ਤੇ ਸੂਝਵਾਨ ਸਿੱਖ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਹੀ ਅਸਲ ਅਕਾਲੀ ਹੋਣ ਦਾ ਖਿਤਾਬ ਦੇਣ ਲੱਗ ਪਏ ਹਨ। ਪਿਛੋਕੜ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪੰਥਕ ਹੈ। ਆਸ ਹੈ ਕਿ ਉਹ ਜ਼ਰੂਰ ਲੋਕਾਂ ਦੀਆਂ ਉਮੀਦਾਂ ’ਤੇ ਪੂਰੇ ਉਤਰਨਗੇ।
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ
ਮਨੁੱਖੀ ਅਧਿਕਾਰਾਂ ਲਈ ਸਰਗਰਮ।
Balbir Singh Sooch M.A;LL.B; Advocate
House # 12333/1, Street#12, Vishvakarma Colony Behind Sangeet Cinema
Ludhiana-141003;Punjab; (INDIA)
Tel:0161-2531029 Mobile: 98143-34544
Email: balbirsooch50@rediffmail.com
imqI: 05-4-2004