ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਅਠਵਾਂ) ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਅਠਵਾਂ) ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥
Page Visitors: 2967

                                              (ਵਿਸ਼ਾ-ਛੇਵਾਂ, ਆਵਾ ਗਵਣ )
                                                    (ਭਾਗ ਅਠvW)      
                        ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ

                  ਸ਼ਬਦ ,      ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ
                            ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ
1
                            ਸੋ ਪ੍ਰਭੁ ਜਾਣੀਐ ਸਦ ਸੰਗਿ
                            ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ
1 ਰਹਾਉ
                            ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ
                            ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ
2
                            ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ
                            ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ
3
                            ਏਕ ਟੇਕ ਆਧਾਰ ਏਕੋ ਏਕ ਕਾ ਮਨਿ ਜੋਰੁ
                            ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ
4   (405)

               ਰਹਾਉ॥     ਸੋ ਪ੍ਰਭੁ ਜਾਣੀਐ ਸਦ ਸੰਗਿ
                             ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ 1 ਰਹਾਉ
      ਹੇ ਭਾਈ , ਜੇ ਤੂੰ ਚਾਹੁੰਦਾ ਹੈਂ ਕਿ ਤੇਰਾ ਇਸ ਸੰਸਾਰ ਵਿਚ ਆਉਣਾ ਸਫਲ ਹੋ ਜਾਵੇ , ਤੇਰੀ ਜੀਵਨ-ਖੇਡ ਸਫਲਤਾ ਸਹਿਤ ਸੰਪੂਰਨ ਹੋ ਜਾਵੇ , ਤੂੰ ਪਰਮਾਤਮਾ ਨੂੰ ਮਿਲ ਕੇ , ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਵੇਂ , ਤਾਂ ਤੈਨੂੰ ਇਹ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਅਕਾਲਪੁਰਖ ਹਮੇਸ਼ਾ ਤੇਰੇ ਅੰਗ-ਸੰਗ ਹੈ , ਤੇਰੇ ਨਾਲ ਹੈ ਤਾਂ ਜੋ  ਤੂੰ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚੇਂ , ਜਿਸ ਦੇ ਕਰਨ ਨਾਲ , ਪਰਮਾਤਮਾ ਨਾਲੋਂ ਤੇਰੀ ਦੂਰੀ ਵਧਣ ਦੀ ਸੰਭਾਵਨਾ ਹੋਵੇ ਪਰ ਇਹ ਸਮਝ ਵੀ ਤਦ ਹੀ ਆ ਸਕਦੀ ਹੈ , ਜੇ ਸ਼ਬਦ ਗੁਰੂ ਦੀ ਕਿਰਪਾ ਸਦਕਾ , ਸ਼ਬਦ ਦੇ ਵਿਚਾਰ ਆਸਰੇ , ਪ੍ਰਭੂ ਦੇ ਪਿਆਰ ਰੰਗ ਵਿਚ ਰੰਗੇ ਜਾਈਏ ਉਸ ਦੇ ਪਿਆਰ ਵਿਚ ਹੀ ਟਿਕੇ ਰਹੀਏ

                       1  ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ
                             ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ 1
     ਜੇ ਤੂੰ ਚਾਹੁੰਦਾ ਹੈਂ ਕਿ ਤੈਨੂੰ ਪਰਮਾਤਮਾ ਵਲੋਂ ਮਿਲਿਆ ਮਨੁੱਖਾ ਸਰੀਰ , ਇਸ ਸੰਸਾਰ ਤੋਂ ਬਾਜ਼ੀ ਜਿੱਤ ਕੇ ਜਾਏ , ਤਾਂ ਆਪਣੀਆਂ ਸਾਰੀਆਂ ਚੁਸਤੀਆਂ-ਚਤਰਾਈਆਂ ਨੂੰ ਤਿਆਗ ਕੇ , ਇਕ ਅਬੋਧ ਬਾਲਕ ਵਾਙ , ਉਸ ਪਰਮਾਤਮਾ ਦੀ ਭਗਤੀ ਕਰ , ਜਿਸ ਦਾ ਕੋਈ ਆਕਾਰ ਨਹੀਂ ਹੈ ਕਿੰਨਾ ਸਪੱਸ਼ਟ ਆਦੇਸ਼ ਹੈ ਕਿ ਸੰਸਾਰ ਵਿਚ ਦਿਸਦੇ ਸਾਰੇ ਆਕਾਰ , ਜੋ ਭਾਵੇਂ ਬੀਤੇ ਸਮੇ ਵਿਚ ਹੋਏ ਹਨ , ਜਾਂ ਮੌਜੂਦਾ ਸਮੇ ਵਿਚ ਵਿਚਰ ਰਹੇ ਹਨ , ਜਾਂ ਆਉਣ ਵਾਲੇ ਸਮੇ ਵਿਚ ਹੋਣਗੇ , ਉਹ ਤੇਰਾ ਕੁਝ ਨਹੀਂ ਸਵਾਰ ਸਕਦੇ , ਉਹ ਤਾਂ ਆਪ ਹੀ ਕਾਲ ਦੇ , ਸਮੇ ਦੇ ਖਾਜੇ ਹਨ , ਉਹ ਤੈਨੂੰ ਕਿਵੇਂ ਕਾਲ ਦੀ ਮਾਰ ਤੋਂ ਬਚਾਅ ਲੈਣਗੇ ?
ਇਕ ਅਕਾਲ ਪੁਰਖ ਹੀ ਅਜਿਹੀ ਹਸਤੀ ਹੈ , ਜਿਸ ਨਾਲ ਜੁੜਿਆਂ , ਜਿਸ ਨਾਲ ਇਕ-ਮਿਕ ਹੋਇਆਂ , ਬੰਦਾ ਕਦੀ ਵੀ ਕਾਲ ਦੀ ਗ੍ਰਾਹੀ ਨਹੀਂ ਬਣ ਸਕਦਾ
     ਏਥੇ ਇਹ ਵੀ ਸਮਝਣ ਦੀ ਗੱਲ ਹੈ ਕਿ ਕਾਲ ਦੇ ਪਰਭਾਵ ਤੋਂ ਬਚਣ ਦਾ ਇਕੋ-ਇਕ  ਢੰਗ ਹੈ , ਅਤੇ ਉਹ ਇਹ ਹੈ ਕਿ ਜੀਵ ਜਨਮ ਹੀ ਨਾ ਲਵੇ , ਕਿਉਂਕਿ ਜੋ ਜਨਮ ਲਵੇਗਾ , ਉਹ ਤਾਂ ਸਮੇ ਦੇ ਨਾਲ ਜਵਾਨ ਵੀ ਹੋਵੇਗਾ , ਬੁੱਢਾ ਵੀ ਹੋਵੇਗਾ ਅਤੇ ਕਾਲ ਵੱਸ ਵੀ ਹੋਵੇਗਾ ਜਨਮ ਲੈਣ ਤੋਂ ਬਚਣ ਦਾ ਇਕੋ-ਇਕ ਸਾਧਨ ਹੈ , ਪਰਮਾਤਮਾ ਦੀ ਭਗਤੀ ਕਰ ਕੇ , ਉਸ ਦੇ ਹੁਕਮ ਵਿਚ ਰਾਜ਼ੀ ਰਹਿ ਕੇ ਚੱਲਣ ਆਸਰੇ ਪ੍ਰਭੂ ਨਾਲ ਏਵੇਂ ਇਕ-ਮਿਕ ਹੋ ਜਾਵੇ ਜਿਵੇਂ ਪਾਣੀ ਵਿਚ ਰਲ ਕੇ ਪਾਣੀ ਦੁਬਾਰਾ ਵੱਖ ਨਹੀਂ ਹੋ ਸਕਦਾ ਇਸ ਤਰ੍ਹਾਂ ਹੀ ਤੂੰ ਰੱਬ ਦਾ ਰੂਪ ਹੋ ਕੇ , ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਸਕਦਾ ਹੈਂ ਉਸ ਦੇ ਹੁਕਮ ਵਿਚ ਖੁਸ਼ੀ ਪੂਰਵਕ ਚੱਲਣ ਤੋਂ ਬਗੈਰ , ਉਸ ਨੂੰ ਮਿਲਣ ਦੇ ਹੋਰ ਸਾਰੇ ਸਾਧਨ , ਧੂੜ ਸਮਾਨ  , ਵਿਅਰਥ ਹਨ

                       ॥2   ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ
                            ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ 2
     ਹੇ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਾਅ ਸਕਣ ਦੇ ਸਮਰੱਥ , ਸਿਰਫ ਇਕ ਪ੍ਰਭੂ ਦਾ ਆਸਰਾ ਹੀ ਹੈ , ਉਸ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ ਹੈ , ਇਸ ਲਈ ਤੂੰ ਹਮੇਸ਼ਾ ਪ੍ਰਭੂ ਦੇ ਗੁਣ ਗਾਉਂਦਾ ਰਹੁ , ਤਾਂ ਹੀ ਇਸ ਦੁਤਰ , ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਂਘਿਆ ਜਾ ਸਕੇਗਾ
     (ਏਥੇ ਇਹ ਵੀ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ , ਗੁਣ ਗਾਉਣਾ ਕੀ ਚੀਜ਼ ਹੈ ? ਕਿਉਂਕਿ ਇਸ ਨੂੰ ਜਾਣੇ ਬਗੈਰ ਬੰਦਾ ਸਾਰੀ ਉਮਰ ਕਰਮ-ਕਾਂਡਾਂ ਵਿਚ ਫਸਿਆ ਵਿਅਰਥ ਕੰਮ ਹੀ ਕਰਦਾ ਰਹਿੰਦਾ ਹੈ , ਰੱਟੇ ਹੀ ਲਾਉਂਦਾ ਰਹਿੰਦਾ ਹੈ, ਇਹੀ ਸਿੱਖੀ ਦੀ ਤ੍ਰਾਸਦੀ ਹੈ      ਆਪ ਅਗਿਆਨੀ , ਪੁਜਾਰੀ ਲਾਣਾ ਕਦੀ ਵੀ ਸਿੱਖਾਂ ਨੂੰ ਇਹ ਨਹੀਂ ਸਮਝਾਉਂਦਾ ਕਿ ਨਾਮ ਕੀ ਹੈ ? ਜਪ ਕੀ ਹੈ ? ਸਿਮਰਨ ਕੀ ਹੈ ? ਕੀਰਤਨ ਕੀ ਹੈ ? ਗੁਣ ਕੀ ਹਨ ? ਉਹ ਗਾਉਣੇ ਕਿਵੇਂ ਹਨ ? ਆਦਿ ਆਦਿ ਪੁਜਾਰੀ ਸਿੱਖਾਂ ਨੂੰ ਸਿਰਫ ਕਰਮ-ਕਾਂਡਾਂ ਨਾਲ ਜੋੜਦੇ ਹਨ , ਜੇ ਕੋਈ ਜਗਿਆਸਾ ਵੱਸ , ਕੁਝ ਪੁੱਛ ਲਵੇ ਤਾਂ ਬੜੇ ਤਪਾਕ ਨਾਲ ਜਵਾਬ ਦਿੰਦੇ ਹਨ ਕਿ ਮਹਾਂ ਪੁਰਖਾਂ ਨੂੰ ਸਵਾਲ ਨਹੀਂ ਪੁਛੀਦੇ , ਇਸ ਨਾਲ ਉਨਾਂ ਦੀ ਪਰਮਾਤਮਾ ਨਾਲੋਂ ਲਿਵ ਟੁੱਟਦੀ ਹੈ
     ( ਪਰ ਬਾਬਾ ਨਾਨਕ ਜੀ ਤਾਂ ਸਾਰੀ ਉਮਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ , ਉਨ੍ਹਾਂ ਦੀ ਲਿਵ ਤਾਂ ਕਦੇ ਨਹੀਂ ਟੁੱਟੀ ਅਜਿਹੇ ਪਖੰਡੀਆਂ ਤੋਂ ਬਚਣ ਦੀ ਲੋੜ ਹੈ )
     ਪਰਮਾਤਮਾ ਦੇ ਗੁਣ ਗਾਉਣੇ ਜਾਂ ਸੁਣਨੇ ਤਦ ਹੀ ਸਾਰਥਿਕ ਹੋ ਸਕਦੇ ਹਨ , ਜੇ ੳਨ੍ਹਾਂ ਬਾਰੇ ਵਿਚਾਰ ਕਰ ਕੇ , ਉਨ੍ਹਾਂ ਨੂੰ ਸਮਝ ਕੇ , ਉਨ੍ਹਾਂ ਨੂੰ ਜੀਵਨ ਵਿਚ ਢਾਲਣ ਦਾ ਉਪਰਾਲਾ ਕੀਤਾ ਜਾਵੇ , ਵਰਨਾ ਸਭ ਵਿਅਰਥ ਹੈ ਅਤੇ ਇਹ ਕੰਮ ਮਨ ਦਾ ਹੈ , ਜੀਭ ਦਾ ਨਹੀਂ , ਮੂੰਹ ਨਾਲ ਉਚਾਰਿਆ ਜਾਂ ਕੰਨਾਂ ਨਾਲ ਸੁਣਿਆ , ਤਦ ਹੀ ਸਫਲ ਹੁੰਦਾ ਹੈ ਜੇ ਉਸ ਨੂੰ ਮਨ ਵੀ ਭਲੀ-ਭਾਂਤ ਮੰਨ ਲਵੇ

                      3॥   ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ
                            ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ 3
     ਜੇ ਇਹ ਜਾਣ ਲਈਏ ਕਿ ਪਰਮਾਤਮਾ ਹਮੇਸ਼ਾ ਅੰਗ-ਸੰਗ ਹੈ ਤਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ , ਜਮਾਂ ਦੀ ਪੁਰੀ ਵਿਚ , ਆਵਾ-ਗਵਣ ਵਿਚ ਨਿਵਾਸ ਨਹੀਂ ਮਿਲਦਾ , ਕੋਈ ਦੁੱਖ ਨੇੜੇ ਨਹੀਂ ਆਉਂਦਾ ਪਰ ਇਹ ਨਾਮ ਦਾ ਖਜ਼ਾਨਾ , ਕਰਤਾਰ ਦੇ ਹੁਕਮ ਵਿਚ ਚੱਲਣ ਦੀ ਤੌਫੀਕ , ਉਸ ਨੂੰ ਹੀ ਪਰਾਪਤ ਹੁੰਦੀ ਹੈ , ਜਿਸ ਤੇ ਪ੍ਰਭੂ ਕਿਰਪਾ ਕਰ ਕੇ ਉਸ ਨੂੰ ਆਪ ਹੀ ਆਪਣੇ ਨਾਲ ਇਕ-ਮਿਕ ਕਰ ਲਵੇ ਸਿੱਖੀ ਦੂਸਰੇ ਧਰਮਾਂ ਵਾਙ ਕੋਈ ਲਾਰਾ ਨਹੀਂ ਲਾਉਂਦੀ ਕਿ ਇਹ ਕੰਮ ਕਰਨ ਦਾ ਇਹ ਫੱਲ ਮਿਲੇਗਾ
     ( ਸਿੱਖੀ ਵਿਚ  ਇਹ ਪਰਚਾਰਨ ਵਾਲੀਆਂ ਕਾਂ-ਘਿਆਰੀਆਂ  ( ਕਿ ਇਹ ਕੰਮ ਕਰਨ ਦਾ ਇਹ ਫੱਲ ਮਿਲੇਗਾ , ਏਨੀ ਵਾਰੀ ਕਰਨ ਦਾ ਇਹ ਫੱਲ ਮਿਲੇਗਾ , ਇਸ ਪਾਸੇ ਮੂੰਹ ਕਰ ਕੇ ਕਰਨ ਨਾਲ ਇਹ ਫੱਲ ਮਿਲੇਗਾ , ਪਾਣੀ ਵਿਚ ਖੜੇ ਹੋ ਕੇ ਕਰਨ ਨਾਲ ਇਹ ਫੱਲ ਮਿਲੇਗਾ ਆਦਿ ) ਦੀਆਂ ਜੜ੍ਹਾਂ ਵੀ ਬ੍ਰਾਹਮਣਵਾਦ ਵਿਚ ਹੀ ਹਨ , ਸਿੱਖਾਂ ਨੂੰ , ਇਸ ਨੂੰ ਸਮਝਣ ਅਤੇ ਉਨ੍ਹਾਂ ਤੋਂ ਬਚਣ ਦੀ ਲੋੜ ਹੈ )
     ਸਿੱਖੀ ਤਾਂ ਪੈਰ-ਪੈਰ ਤੇ ਇਹੀ ਉਪਦੇਸ਼ ਦਿੰਦੀ ਹੈ ਕਿ ਅਕਾਲਪੁਰਖ ਨਾਲ ਨਿਸ਼ਕਾਮ ਪਿਆਰ ਪਾਉ , ਤਾਂ ਜੋ ਪ੍ਰਭੂ ਦਿਆਲ ਹੋ ਕੇ , ਤੁਹਾਡੇ ਤੇ ਬਖਸ਼ਿਸ਼ ਕਰਦਿਆਂ , ਤੁਹਾਨੂੰ ਆਪਣੇ ਨਾਲ ਇਕ-ਮਿਕ ਕਰ ਕੇ ਜਨਮ-ਮਰਨ ਦੇ ਗੇੜ ਤੋਂ ਮੁਕਤ ਕਰ ਦੇਵੇ , ਜੋ ਮਨੁੱਖਾ ਜਨਮ ਦਾ ਮਨੋਰਥ ਹੈ

                      4॥   ਏਕ ਟੇਕ ਆਧਾਰ ਏਕੋ ਏਕ ਕਾ ਮਨਿ ਜੋਰੁ
                            ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ 4   (405)
     ਹੇ ਭਾਈ , ਇਕ ਪਰਮਾਤਮਾ ਦਾ ਹੀ ਤੱਕਿਆ ਆਸਰਾ , ਇਕ ਪਰਭੂ ਤੇ ਰੱਖੀ ਟੇਕ , ਮਨ ਵਿਚ ਇਕ ਵਾਹਿਗੁਰੂ ਦੇ ਤਾਣ ਤੇ ਹੀ ਭਰੋਸਾ ਹੋਣਾ , ਉਸ ਇਕ ਨੂੰ ਹੀ ਹਰ ਚੀਜ਼ ਦਾ ਆਧਾਰ ਮੰਨਣਾ , ਜਮ-ਪੁਰੀ , ਜਨਮ-ਮਰਨ ਦੇ ਗੇੜ ਤੋਂ ਬਚਾ ਸਕਦਾ ਹੈ ਹੇ ਨਾਨਕ , ਸਾਧ ਸੰਗਤ ਵਿਚ ਜੁੜ ਕੇ , ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ
      ( ਨਾਮ ਕਿਵੇਂ ਸਿਮਰ ਹੁੰਦਾ ਹੈ ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1079 ਤੇ ਬੜੇ ਵਿਸਤਾਰ ਨਾਲ ਸਮਝਾਇਆ ਹੈ , ਜਿਸ ਵਿਚ ਦੱਸਿਆ ਹੈ ਕਿ ਅੱਗ , ਪਾਣੀ , ਹਵਾ , ਚੰਦ , ਸੂਰਜ , ਤਾਰੇ ਅਤੇ ਹੋਰ ਸਾਰੀਆਂ ਚੀਜ਼ਾਂ , ਅਕਾਲ ਪੁਰਖ ਨੂੰ ਕਿਵੇਂ , ਬਿਨਾ ਚਿਮਟੇ ਉਲਾਰੇ , ਬਿਨਾ ਢੋਲਕੀਆਂ ਕੁਟਿਆਂ , ਬਿਨਾ ਹਾਰਮੋਨੀਅਮ ਅਤੇ ਤਬਲੇ ਦੀਆਂ ਸੁਰਾਂ ਕੱਢਿਆਂ , ਬਿਨਾ ਲਾਊਡ ਸਪੀਕਰਾਂ ਦਾ ਰੌਲ਼ਾ ਪਾਇਆਂ , ਬਿਨਾ ਹਨੇਰੇ ਦੇ , ਝੁੰਬਲ ਮਾਟੇ ਮਾਰੇ ਬਗੈਰ ਹੀ , ਵਾਹਿਗੁਰੂ ਦੀਆਂ ਅਲੱਗ-ਅਲੱਗ ਉਚਾਰਨਾਂ ਦਾ ਪਾਖੰਡ ਕੀਤਿਆਂ ਬਗੈਰ ਹੀ ਸਿਮਰ ਰਹੇ ਹਨ ? )
    ਉਸ ਪ੍ਰਭੂ ਤੋਂ ਬਗੈਰ , ਹੋਰ ਕੋਈ ਏਨਾ ਸਮਰੱਥ ਨਹੀਂ ਹੈ , ਜੋ ਜਮ ਦੀ ਪੁਰੀ ਤੋਂ , ਆਵਾ-ਗਵਣ ਤੋਂ ਬਚਾਅ ਸਕੇ

                                                 ਅਮਰ ਜੀਤ ਸਿੰਘ ਚੰਦੀ
                                                      3-1-2015   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.