(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਨੌਵਾਂ)
ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
ਸ਼ਬਦ ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬਸੰਤਰੁ ਗਾਜੈ ॥
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥7॥
ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥8॥
ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥9॥
ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥10॥
ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥11॥
ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥12॥ (1028)
॥7॥ ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬਸੰਤਰੁ ਗਾਜੈ ॥
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥7॥
ਪਰਮਾਤਮਾ ਇਸ ਸ੍ਰਿਸ਼ਟੀ ਨੂੰ ਪੈਦਾ ਕਰ ਕੇ , ਸਾਰੀਆਂ ਚੀਜ਼ਾਂ ਵਿਚ ਵਿਆਪਕ ਹੋ ਕੇ , ਆਪ ਹੀ ਵਰਤ ਰਿਹਾ ਹੈ । ਹਵਾ , ਪਾਣੀ , ਅੱਗ ਆਦਿ ਤੱਤਾਂ ਦ ਸੁਮੇਲ ਨਾਲ ਜੀਵਾਂ ਨੂੰ ਪੈਦਾ ਕਰ ਕੇ , ਉਹ ਆਪਣਾ ਹੀ ਪਰਗਟ ਰੂਪ ਜ਼ਾਹਰ ਕਰਦਾ ਹੈ । ਪਰ ਉਸ ਰਚਣਹਾਰ ਪ੍ਰਭੂ ਨੂੰ ਭੁੱਲ ਕੇ , ਵਿਸ਼ੇ ਵਿਕਾਰਾਂ ਦੀ ਸੰਗਤ ਵਿਚ ਫਸਿਆ ਮਨ ਭਟਕਦਾ ਹੈ , ਅਤੇ ਆਪਣੇ ਕੀਤੇ ਦਾ ਫੱਲ ਪਾਉਂਦਾ ਹੈ ।
॥8॥ ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥8॥
ਨਾਮ ਨੂੰ ਵਿਸਾਰ ਕੇ , ਪ੍ਰਭੂ ਦੀ ਰਜ਼ਾ ਦੀ ਅਵੱਗਿਆ ਕਰ ਕੇ , ਕਰਤਾਰ ਦੇ ਹੁਕਮ ਤੋਂ ਬਾਗੀ ਹੋ ਕੇ , ਦੋਖਾਂ ਵਿਚ , ਵਿਕਾਰਾਂ ਵਿਚ ਫਸ ਜਾਈਦਾ ਹੈ , ਜਿਸ ਦੇ ਫਲ ਸਰੂਪ ਦੁੱਖ ਸਹਾਰਨੇ ਪੈਂਦੇ ਹਨ । ਏਸੇ ਵਿਚ ਹੀ ਜ਼ਿੰਦਗੀ ਬੀਤ ਜਾਂਦੀ ਹੈ , ਸੰਸਾਰ ਤੋਂ ਜਾਣ ਦਾ ਹੁਕਮ ਹੋ ਜਾਂਦਾ ਹੈ , ਜਿਸ ਦੇ ਫਲ ਸਰੂਪ ਏਥੋਂ ਜਾਣਾ ਪੈ ਜਾਂਦਾ ਹੈ , ਫਿਰ ਇਸ ਸੰਸਾਰ ਵਿਚ ਕਿਵੇਂ ਰੁਕਿਆ ਜਾ ਸਕਦਾ ਹੈ ? ਭਾਵ ਨਹੀਂ ਰੁਕਿਆ ਜਾ ਸਕਾ । ਕਰਤਾਰ ਦੇ ਹੁਕਮ ਨੂੰ ਵਿਸਾਰ ਕੇ ਜੀਵ , ਨਰਕ ਰੂਪੀ ਗਰਭ ਦੇ ਖੂਹ ਵਿਚ ਇਵੇਂ ਸਮਾ ਬਿਤਾਉਂਦਾ ਹੈ , ਜਿਵੇਂ ਪਾਣੀ ਤੋਂ ਬਾਹਰ ਮਛਲੀ ਸਮਾ ਬਿਤਾਉਂਦੀ ਹੈ ।
॥9॥ ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥9॥
ਸਾਕਤ , ਸ਼ਕਤੀ ਦਾ , ਮਾਇਆ ਦਾ ਪੁਜਾਰੀ ਜੀਵ , ਚਉਰਾਸੀ ਦੇ , ਜਨਮ-ਮਰਨ ਦੇ ਗੇੜ ਰੂਪੀ ਨਰਕ ਭੋਗਦਾ ਰਹਿੰਦਾ ਹੈ , ਕੁਦਰਤ ਦਾ ਨਿਯਮ ਹੀ ਇਹ ਹੈ ਕਿ , ਜਿਹੋ-ਜਿਹਾ ਕਰਮ ਕਰੀਦਾ ਹੈ , ਵੈਸਾ ਹੀ ਫਲ ਭੋਗੀਦਾ ਹੈ । ਸਤਿਗੁਰ , ਸ਼ਬਦ ਗੁਰੂ ਦੀ ਸਰਨ ਪੈਣ ਤੋਂ ਬਗੈਰ , ਚਉਰਾਸੀ ਦੇ ਗੇੜ ਤੋਂ ਮੁਕਤੀ ਨਹੀਂ ਮਿਲਦੀ । ਆਪਣੇ ਕਰਮਾਂ ਦਾ ਬੱਧਾ ਜੀਵ , ਉਸ ਗੇੜ ਵਿਚ ਹੀ ਫਸਿਆ ਰਹਿੰਦਾ ਹੈ ।
॥10॥ ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥10॥
ਇਸ ਭਵਜਲ ਸੰਸਾਰ ਵਿਚ , ਵਿਕਾਰਾਂ ਭਰੇ ਜਗਤ ਵਿਚ , ਇੰਸਾਨੀ ਜੀਵਨ ਦਾ ਸਹੀ ਰਾਸਤਾ ਖੋਜਣ ਲਈ , ਕਿਸੇ ਸ਼ਹਿਰ ਦੀ ਬਹੁਤ ਭੀੜੀ ਗਲੀ ਵਰਗੀ ਥਾਂ ਵਿਚੋਂ ਦੀ ਲੰਘ ਕੇ ਜੀਵ ਨੇ ਵਿਕਾਰਾਂ ਤੋਂ ਦੂਰ ਜਾਣਾ ਹੈ । ਅੱਗੇ ਰਾਸਤਾ ਮਾਨੋ , ਖੰਡੇ ਦੀ ਧਾਰ ਵਰਗਾ ਤਿੱਖਾ ਹੈ , ਜਿਸ ਤੇ ਬਹੁਤ ਸੰਭਲ ਕੇ ਚਲਣਾ ਪੈਂਦਾ ਹੈ , ਜ਼ਰਾ ਜਿੰਨਾ ਥਿੜਕਣ ਨਾਲ , ਬੰਦਾ ਮੁੜ ਸੰਸਾਰਿਕ ਘੁਮਣ-ਘੇਰੀ , ਜਨਮ-ਮਰਨ ਦੇ ਗੇੜ ਵਿਚ ਡਿਗ ਪੈਂਦਾ ਹੈ ।
ਕੀਤੇ ਕਰਮਾਂ ਦਾ ਲੇਖਾ ਵੀ ਦੇਣਾ ਹੀ ਪੈਂਦਾ ਹੈ , ਜਿਵੇਂ ਤਿਲਾਂ ਨੂੰ ਪੀੜ ਕੇ ਉਨ੍ਹਾਂ ਵਿਚੋਂ ਤੇਲ ਨਿਕਲਦਾ ਹੈ , ਓਵੇਂ ਹੀ ਮਨ ਵਿਚੋਂ ਵਿਕਾਰਾਂ ਦੇ ਸੰਸਕਾਰ ਕੱਢਣ ਲਈ , ਜਨਮ-ਮਰਨ ਰੂਪੀ , ਦੁੱਖਾਂ ਦੇ ਕੋਲਹੂ ਵਿਚੋਂ ਲੰਘ ਕੇ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ , ਮਨ ਵਿਕਾਰਾਂ ਤੋਂ ਰਹਿਤ ਹੁੰਦਾ ਹੈ । ਇਸ ਸਾਰੀ ਪਰਕਿਰਿਆ ਵਿਚੋਂ ਜੀਵ ਨੂੰ ਆਪ ਹੀ ਲੰਘਣਾ ਪੈਂਦਾ ਹੈ । ਇਸ ਸਫਰ ਵਿਚ ਮਾਂ-ਬਾਪ , ਵਹੁਟੀ-ਪੁਤਰ ਕੋਈ ਵੀ ਸਹਾਈ ਨਹੀਂ ਹੋ ਸਕਦਾ , ਕੋਈ ਵੀ ਦੁੱਖ ਨਹੀਂ ਵੰਡਾ ਸਕਾ । ਇਸ ਸਫਰ ਵਿਚ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ , ਪਰਮਾਤਮਾ ਦੀ ਰਜ਼ਾ , ਪ੍ਰਭੂ ਦੇ ਹੁਕਮ ਵਿਚ , ਖੁਸ਼ੀ ਨਾਲ ਚਲਣਾ ਹੀ ਸਹਾਈ ਹੋ ਸਕਾ ਹੈ । ਇਸ ਬਾਰੇ ਹੀ ਗੁਰਬਾਣੀ ਫੁਰਮਾਨ ਹੈ ,
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਂਗਿ ਸਹਾਈ ॥ (264)
ਜਿਥੇ ਮਾਂ-ਪਿਉ , ਪੁੱਤਰ , ਮਿੱਤਰ ਅਤੇ ਭਰਾ , ਕੋਈ ਵੀ ਤੇਰੀ ਮਦਦ ਨਹੀਂ ਕਰ ਸਕਦਾ , ਹੇ ਮਨ ਓਥੇ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੁੰਦਾ ਹੈ । ਅਤੇ
ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ (264)
ਅਰਥਾਤ , ਹਉਮੈ ਨਾਲ ਮੈਲਾ ਹੋਇਆ ਮਨ ਕਦੇ ਵੀ ਆਪਣੀ ਮੈਲ ਨਹੀਂ ਧੋਂਦਾ । ਪਰ ਜਦੋਂ ਮਨ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਇਹੀ ਨਾਮ ਉਸ ਦੇ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ । ਅਤੇ
ਜਹਾ ਪੰਂਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮ ਤਹਿ ਨਾਲਿ ਪਛਾਨੂ ॥ (264)
ਹੇ ਜੀਵ , ਜਿਸ ਰਾਸਤੇ ਵਿਚ ਤੈਨੂ ਕੋਈ ਪਛਾਨਣ ਵਾਲਾ ਨਹੀਂ , ਓਥੇ ਪ੍ਰਭੂ ਦਾ ਨਾਮ , ਤੇਰੀ ਸਾਰ ਲੈਣ ਵਾਲਾ ਤੇਰਾ ਸੱਚਾ ਸਾਥੀ ਹੁੰਦਾ ਹੈ । ਅਤੇ
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ (264)
ਭਗਤ ਵਾਸਤੇ ਪ੍ਰਭੂ ਦਾ ਨਾਮ ਹੀ , ਬੰਧਨਾਂ ਤੋਂ ਛੁਟਕਾਰੇ ਦਾ ਵਸੀਲਾ ਹੈ , ਕਿਉਂਕਿ ਪ੍ਰਭੂ ਦੀ ਰਜ਼ਾ ਵਿਚ ਚੱਲਣ ਨਾਲ ਹੀ ਭਗਤ ਵਿਸ਼ੇ-ਵਿਕਾਰਾਂ ਦੇ ਭੋਗ-ਵਿਲਾਸਾਂ ਤੋਂ ਰੱਜ ਜਾਂਦੇ ਹਨ ।
॥11॥ ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥11॥
ਜਗਤ ਵਿਚ ਅਸੀਂ ਭਾਵੇਂ ਹਜ਼ਾਰਾਂ ਹੀ ਮਿਤਰ-ਸਾਥੀ ਬਣਾ ਲਈਏ , ਪਰ ਗੁਰ ( ਸ਼ਬਦ ਗੁਰੂ ) ਤੋਂ ਬਗੈਰ , ਪਰਮਾਤਮਾ ਨੂੰ ਮਿਲਣ ਦਾ ਰਾਹ ਦੱਸਣ ਵਾਲਾ ਕੋਈ ਨਹੀਂ ਹੈ , ਅਤੇ ਪਰਮਾਤਮਾ ਤੋਂ ਬਗੈਰ , ਵਿਕਾਰਾਂ ਵਿਚ ਡੁਬਦੇ ਜੀਵ ਦਾ ਕੋਈ ਸਹਾਈ ਨਹੀਂ ਹੁੰਦਾ । ਗੁਰ ਦੀ ਸੇਵਾ ( ਇਹ ਆਪਾਂ ਬਹੁਤ ਵਾਰੀ ਵਿਚਾਰਿਆ ਹੈ ਕਿ ਸ਼ਬਦ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨਾ ਹੀ ਹੈ ) ਸ਼ਬਦ ਗੁਰੂ ਦੀ ਸਿਖਿਆ ਆਸਰੇ , ਹਰ ਵੇਲੇ ਹਰੀ ਦੇ ਗੁਣਾਂ ਦੀ ਵਿਚਾਰ ਨਾਲ ਜੁੜੀਦਾ ਹੈ । ਇਹ ਹੀ ਮੁਕਤੀ ਦਾ ਵਸੀਲਾ ਹੈ ।
॥12॥ ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥12॥ (1028)
ਹੇ ਭਾਈ ਮਾਇਆ ਦਾ ਮੋਹ ਛੱਡ ਕੇ , ਸੱਚੇ (ਸਦਾ ਕਾਇਮ ਰਹਣ ਵਾਲੇ) ਨੂੰ ਮਿਲਣ ਦਾ ਉੱਦਮ ਕਰੋ । ਇਸ ਤਰ੍ਹਾਂ ਜਿਸ ਚੀਜ਼ ਦੀ ਤੁਸੀਂ ਇੱਛਾ ਕਰੋਗੇ , ਉਹੀ ਮਿਲ ਜਾਵੇਗੀ । ( ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀਆਂ ਇਛਿਆਵਾਂ-ਤ੍ਰਿਸਨਾਵਾਂ ਪੂਰੀਆਂ ਹੋ ਜਾਣਗੀਆਂ । ਹਾਲਾਂਕਿ ਪੁਜਾਰੀ , ਇਸ ਦਾ ਖੁਲਾਸਾ ਨਾ ਕਰ ਕੇ ਇਸ ਨੂੰ ਆਪਣੀ ਲੁੱਟ ਦੇ ਸਾਧਨ ਵਜੋਂ ਵਰਤਦੇ ਹਨ । ਇਸ ਦਾ ਮਤਲਬ ਹੈ ਕਿ ਤੁਹਾਨੂ ਉਨ੍ਹਾਂ ਚੀਜ਼ਾਂ , ਜਿਨ੍ਹਾਂ ਦੀਆਂ ਤੁਸੀਂ ਇਛਿਆਵਾਂ ਕਰਦੇ ਹੋ , ਉਨ੍ਹਾਂ ਦੀ ਅਸਲੀਅਤ ਦੀ ਸੋਝੀ ਹੋ ਜਾਵੇਗੀ ਅਤੇ ਤੁਹਾਨੂੰ ਤ੍ਰਿਸ਼ਨਾਵਾਂ ਤੋਂ ਮੁਕਤੀ ਮਿਲ ਜਾਵੇਗੀ । )
ਇਸ ਰਾਸ਼ੀ , ਜਮ੍ਹਾ-ਪੂੰਜੀ , ਸਚ , ਸਦਾ ਥਿਰ ਰਹਣ ਵਾਲੇ ਪ੍ਰਭੂ ਨੂੰ ਮਿਲਣ ਦਾ ਵਪਾਰ ਕਰਨ ਵਾਲੇ , ਬਹੁਤ ਵਿਰਲੇ ( ਕੋਟਨ ਮੈ ਨਾਨਕ ਕੋਊ ) (1427) ਹੀ ਹੁੰਦੇ ਹਨ । ਜਿਹੜਾ ਮਨੁੱਖ ਇਹ ਵਪਾਰ ਕਰਦਾ ਹੈ , ਉਹੀ ਇਸ ਜੀਵਨ ਦਾ ਲਾਹਾ ਖੱਟ ਕੇ , ਕਮਾਈ ਕਰ ਕੇ , ਇਸ ਸੰਸਾਰ ਤੋਂ ਜਾਂਦਾ ਹੈ ।
ਅਮਰ ਜੀਤ ਸਿੰਘ ਚੰਦੀ
10-1-2015