ਗੱਲ ਉਨ੍ਹਾਂ ਬੰਦਿਆਂ ਦੀ, ਜਿਨ੍ਹਾਂ ਨੂੰ ਬ੍ਰਾਹਮਣ, ਸ਼ੂਦਰ (ਨੀਚ) ਕਹਿ ਕੇ ਭੰਡਦਾ ਹੈ !
ਸ਼ੰਬੂਕ ਅਤੇ ਏਕਲਵ ਦੀਆਂ ਦੋ ਮਿਸਾਲਾਂ ਪਤਾ ਨਹੀਂ ਕਿਵੇਂ ਇਤਿਹਾਸ ਦਾ ਸ਼ੰਗਾਰ ਬਣੀਆਂ ਰਹਿ ਗਈਆਂ ? ਅਜਿਹੀਆਂ ਘਟਨਾਵਾਂ ਤਾਂ ਹੋਰ ਵੀ ਬਹੁਤ ਵਾਪਰੀਆਂ ਹੋਣਗੀਆਂ, ਸ਼ਾਇਦ ਇਤਿਹਾਸ ਬਦਲਣ ਵੇਲੇ ਇਹ ਘਟਨਾਵਾਂ ਬ੍ਰਾਹਮਣ ਦੀ ਅੱਖੋਂ ਉਹਲੇ ਰਹਿ ਗਈਆਂ ਹੋਣਗੀਆਂ। ਅੱਜ ਦਾ ਹੀ ਹਾਲ ਵੇਖ ਲਵੋ, ਸਿੱਖਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਲੜਾਈ ਵਿਚ (2% ਹੁੰਦੇ ਹੋਏ) 80 % ਤੋਂ ਵੱਧ ਕੁਰਬਾਨੀਆਂ ਕੀਤੀਆਂ, ਪਰ ਰਾਜ ਹੱਥ ਆਉਂਦਿਆਂ ਹੀ ਪਹਿਲਾਂ ਤਾਂ ਕਾਂਗਰਸੀਆਂ ਨੇ ਆਪਣੇ ਹੀੇ ਸਾਰੇ, ਸ਼ਹੀਦਾਂ ਨੂੰ ਇਤਿਹਾਸ ਵਿਚ ਫਿੱਟ ਕੀਤਾ (ਜਦੋਂ ਕਿ ਸੰਸਕ੍ਰਿਤ ਵਿਚ ਸ਼ਹੀਦ ਦਾ ਬਦਲ ਕੋਈ ਲਫਜ਼ ਹੀ ਨਹੀਂ ਹੈ, ਉਹ ਸ਼ਹਾਦਤ ਦੇਣ ਵਾਲੇ ਹਨ ਹੀ ਨਹੀਂ) ਉਨ੍ਹਾਂ ਨੇ ਇਤਿਹਾਸ ਦਾ ਇਕ ਕੈਪਸੂਲ ਬਣਾ ਕੇ ਧਰਤੀ ਵਿਚ ਕਿਤੇ ਦੱਬਿਆ ਹੋਇਆ ਹੈ, ਕੁਝ ਸਮੇ ਮਗਰੋਂ ਉਸ ਨੂੰ ਕੱਢ ਕੇ ਨਵੇਂ ਲਿਖੇ ਇਤਿਹਾਸ ਦੀ ਪ੍ਰੋੜ੍ਹਤਾ ਕੀਤੀ ਜਾਵੇਗੀ। ਇਵੇਂ ਹੀ ਅੱਜ ਬੀ.ਜੇ.ਪੀ. ਵਾਲੇ ਇਤਿਹਾਸ ਬਦਲਣ ਲਈ ਆਪਣੇ ਸਾਰੇ ਥਿੰਕ-ਟੈਂਕ ਨੂੰ ਬੜੀ ਜ਼ੋਰ-ਸ਼ੋਰ ਨਾਲ ਲਾਇਆ ਹੋਇਆ ਹੈ, ਹੁਣ ਉਹ ਆਰ.ਐਸ.ਐਸ. ਵਿਚੋਂ ਛਾਂਟ-ਛਾਂਟ ਕੇ ਆਪਣੇ ਸ਼ਹੀਦ ਫਿੱਟ ਕਰਨਗੇ। ਆਜ਼ਾਦੀ ਮਗਰੋਂ ਦੇ ਇਤਿਹਾਸ ਵਿਚ ਸਿੱਖ ਸ਼ਹੀਦਾਂ ਦੀ ਗਿਣਤੀ ਤਾਂ 2% ਵੀ ਨਹੀਂ ਨਜ਼ਰ ਆਉਂਦੀ।
ਇਨ੍ਹਾਂ ਕਹੇ ਜਾਂਦੇ ਸ਼ੂਦਰਾਂ ਨੂੰ ਜਦੋਂ ਗੁਰੂ ਸਾਹਿਬ ਦੀ ਛਤਰ-ਛਾਇਆ ਹੇਠ ਆਜ਼ਾਦੀ ਦਾ ਸਾਹ ਲੈਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਉਹ ਕਾਰਨਾਮੇ ਕਰ ਵਿਖਾੲੈ, ਜਿਨ੍ਹਾਂ ਦਾ ਦੁਨੀਆ ਵਿਚ ਕੋਈ ਸਾਨੀ ਨਹੀਂ, ਜਿਨ੍ਹਾਂੰ ਦੇ ਕਾਰਨਾਮੇ ਸੁਣ ਕੇ ਹੀ ਲੋਕ ਦੰਦਾਂ ਥੱਲੇ ਉੰਗਲਾਂ ਦਬਾ ਲੈਂਦੇ ਹਨ, ਜਿਨ੍ਹਾਂ ਦੇ ਕਾਰਨਾਮਿਆਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ । ਆਉ ਅੱਜ ਅਜਿਹੇ ਹੀ ਇਕ ਸੂਰਬੀਰ ਦਾ ਇਤਿਹਾਸ ਫਰੋਲਣ ਦਾ ਉਪਰਾਲਾ ਕਰਦੇ ਹਾਂ।
ਕਾਸ਼ ਸਿੱਖਾਂ ਨੇ ਆਪਣਾ ਇਤਿਹਾਸ ਸੰਭਾਲਿਆ ਹੁੰਦਾ, ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਅੱਜ ਜਦੋਂ ਸਿੱਖਾਂ ਵਿਚਲੀ ਇਕ ਸ਼ੂਦਰ ਜਾਤੀ, ਦੂਸਰੀਆਂ ਸ਼ੂਦਰ ਜਾਤੀਆਂ ਨੂੰ, ਮਜ੍ਹਬੀ ਸਿੱਖ, ਚਮਾਰ ਸਿੱਖ, ਨਾਈ ਸਿੱਖ, ਝੀਊਰ ਸਿੱਖ, ਰਾਅ ਸਿੱਖ, ਗੁੱਲੀ ਘਾੜੇ ਆਦਿ ਕਹਿ ਕੇ, ਉਨ੍ਹਾਂ ਨੂੰ ਬ੍ਰਾਹਮਣ ਵਾਙ ਹੀ ਭੰਡਦੇ ਹਨ, ਗੁਰੂ ਘਰ ਦੇ ਕਹੇ ਜਾਂਦੇ ਲੰਗਰਾਂ ਵਿਚ ਨਹੀਂ ਵੜਨ ਦਿੰਦੇ, ਹੋਰ ਤਾਂ ਹੋਰ ਗੁਰੂ ਦੇ ਲੰਗਰ ਦੀਆਂ ਪੰਗਤਾਂ ਵਿਚ ਵੀ ਨਹੀਂ ਬੈਠਣ ਦਿੰਦੇ, ਜਦ ਕਿ ਉਨ੍ਹਾਂ ਵਿਚੋਂ ਸਿੱਖੀ ਵਿਚ ਅਜਿਹੇ ਹੀਰੇ ਵੀ ਹੋਏ ਹਨ, ਜਿਨ੍ਹਾਂ ਦੀ ਰੌਸ਼ਨੀ ਵਿਚ ਇਹ ਉੱਚ ਜਾਤੀਏ ਸ਼ੂਦਰ ਇਵੇਂ ਜਾਪਦੇ ਹਨ ਜਿਵੇਂ ਸੂਰਜ ਸਾਮ੍ਹਣੇ ਦੀਵੇ ।
ਭਾਈ ਜੈਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਹੀ ਉਜਾਗਰ ਹੁੰਦਾ ਹੈ, ਉਨ੍ਹਾਂ ਦੇ ਪਿਛਲੇ ਇਤਿਹਾਸ ਨੂੰ ਤਾਂ ਕਿਸੇ ਨੇ ਫੋਲਣ ਦੀ ਬਹੁਤੀ ਕੋਸ਼ਿਸ਼ ਨਹੀਂ ਕਤਿੀ। ਵੈਸੇ ਭਾਈ ਜੈਤਾ ਜੀ ਦਾ ਖਾਨਦਾਨ, ਨਾ ਸਿਰਫ ਬਾਬਾ ਬੁੱਢਾ ਜੀ ਦੇ ਪਿੰਡ ਕਥੂਨੰਗਲ ਦਾ ਸੀ ਬਲਕਿ ਕਥੂਨੰਗਲ ਨੂੰ ਵਸਾਇਆ ਵੀ ਉਨ੍ਹਾਂ ਦੇ ਵਡੇਰਿਆਂ ਨੇ ਹੀ ਸੀ , ਅਤੇ ਉਨ੍ਹਾਂ ਦਾ ਖਾਨਦਾਨ ਵੀ ਬਾਬਾ ਬੁੱਢਾ ਜੀ ਵੇਲੇ ਦਾ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਇਤਿਹਾਸਕਾਰਾਂ ਵਲੋਂ ਉਨ੍ਹਾਂ ਦੇ ਇਤਿਹਾਸ ਦੀ ਖੋਜ ਕਰਨੀ ਬਣਦੀ ਹੈ।
ਜਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤਾਂ ਹਕੂਮਤ ਦੇ ਨਸ਼ੇ ਵਿਚ ਚੂਰ, ਔਰੰਗਜ਼ੇਬ ਨੇ ਇਹ ਫੈਸਲਾ ਲਿਆ ਸੀ ਕਿ ਗੁਰੂ ਜੀ ਨੂੰ ਖਤਮ ਕਰਨ ਮਗਰੋਂ ਉਨ੍ਹਾਂ ਦੇ ਸਰੀਰ ਨੂੰ ਵੀ ਰੋਲਣਾ ਹੀ ਹੈ, ਤਾਂ ਜੋ ਸਿੱਖਾਂ ਨੂੰ ਵੀ ਨਸੀਹਤ ਹੋਵੇ। ਪਤਾ ਨਹੀਂ ਸਾਰੇ ਲੋਕ, ਸਿੱਖਾਂ ਨੂੰ ਹੀ ਕਿਉਂ ਨਸੀਹਤ ਦੇਣਾ ਲੋਚਦੇ ਹਨ ? ਚਲੋ ਔਰੰਗਜ਼ੇਬ ਨੂੰ ਤਾਂ ਇਹ ਦੁੱਖ ਸੀ ਕਿ ਗੁਰੂ ਜੀ ਨੇ ਹਿੰਦੂਆਂ ਨੂੰ ਮੁਸਲਮਾਨ ਬਣਨ ਤੋਂ ਰੋਕਿਆ ਸੀ , ਪਰ ਦੂਸਰੇ ਪਾਸੇ ਬ੍ਰਾਹਮਣ ਨੂੰ ਤਾਂ ਅਹਿਸਾਨਮੰਦ ਹੋਣਾ ਚਾਹੀਦਾ ਸੀ, ਪਰ ਅਕਿਰਤਘਣ ਕੀ ? ਤੇ ਅਹਿਸਾਨਮੰਦ ਕੀ ?
ਉਸ ਵੇਲੇ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ, ਸੀਸ ਗੰਜ ਵਿਚੋਂ, ਫੌਜ ਦੀ ਨਿਗਰਾਨੀ ਹੇਠੋਂ ਕਿਵੇਂ ਚੁਕਿਆ ਹੋਵੇਗਾ ? ਇਹ ਤਾਂ ਉਹ ਹੀ ਜਾਨਣ, ਪਰ ਉਹ ਗੁਰੂ ਜੀ ਦਾ ਸੀਸ ਲੈ ਕੇ, ਹਰਲ-ਹਰਲ ਕਰਦੀ ਫੌਜ ਵਿਚੋਂ, ਸੰਭਾਲ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਪਹੁੰਚ ਗਏ, ਅਤੇ ਗੁਰੂ ਸਾਹਿਬ ਕੋਲੋਂ “ਰੰਘਰੇਟਾ ਗੁਰੂ ਦਾ ਬੇਟਾ” ਦਾ ਖਿਤਾਬ ਹਾਸਲ ਕੀਤਾ। ਉਸ ਮਗਰੋਂ ਭਾਈ ਜੈਤਾ ਜੀ, ਆਖਰੀ ਸਾਹਾਂ ਤਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹੀ ਰਹੇ। 1699 ਵੇਲੇ ਖੰਡੇ-ਬਾਟੇ ਦੀ ਪਾਹੁਲ ਲੈਣ ਮਗਰੋਂ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਬਣ ਗਏ, ਉਸ ਮਗਰੋਂ ਦਾ ਉਨ੍ਹਾਂ ਦਾ ਇਤਿਹਾਸ ਕੁਝ-ਕੁਝ ਉਜਾਗਰ ਹੈ। ਪਰ ਜੋ ਗੱਲ ਮੈਂ ਕਰਨ ਜਾ ਰਿਹਾ ਹਾਂ, ਉਸ ਨੂੰ ਪਤਾ ਨਹੀਂ ਕਿਉਂ ਅਣਗੌਲਿਆ ਕੀਤਾ ਗਿਆ ਹੈ ?
(ਇਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਵੀ ਬਹੁਤ ਅਣਗੌਲਿਆ ਕੀਤਾ ਗਿਆ ਹੈ ? ਇਸ ਬਾਰੇ ਖੋਜ ਕਰਨ ਦਾ ਕੰਮ ਇਤਿਹਾਸਕਾਰਾਂ ਦਾ ਹੈ, ਜਿਨ੍ਹਾਂ ਨੂੰ ਇਸ ਪਾਸੇ ਵੀ ਕੁਝ ਧਿਆਨ ਦੇਣ ਦੀ ਲੋੜ ਹੈ)
ਖੈਰ ਗੱਲ ਚਲ ਰਹੀ ਹੈ ਆਨੰਦਪੁਰ ਸਾਹਿਬ ਦੇ ਜੰਗ ਦੀ। ਜਦ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ, ਉਸ ਵੇਲੇ ਵੀ ਭਾਈ ਜੀਵਨ ਸਿੰਘ ਜੀ ਗੁਰੂ ਜੀ ਦੇ ਨਾਲ ਹੀ ਸਨ, ਭਾਈ ਜੀਵਨ ਸਿੰਘ ਜੀ ਦੇ ਖਾਨਦਾਨ ਵਿਚੋਂ, ਕੁੱਲ ਕਿੰਨੇ ਸ਼ਹੀਦ ਹੋਏ ? ਇਸ ਬਾਰੇ ਤਾਂ ਕੋਈ ਵੇਰਵਾ ਉਪਲਭਧ ਨਹੀਂ, ਪਰ ਇਸ ਗੱਲ ਤੋਂ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਚਮਕੌਰ ਦੀ ਗੜ੍ਹੀ ਵਿਚ ਹੀ, ਭਾਈ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਪੰਜ ਜੀਅ ਸ਼ਹੀਦ ਹੋਏ ਸਨ। ਦੋ ਸਾਹਿਬਜ਼ਾਦਿਆਂ ਅਤੇ ਤੀਹ ਸਿੰਘਾਂ ਦੇ ਸ਼ਹੀਦ ਹੋਣ ਉਪਰਾਂਤ ਚਮਕੌਰ ਦੀ ਗੜ੍ਹੀ ਵਿਚਲੀ ਆਖਰੀ ਰਾਤ ਨੂੰ ਪੰਜਾਂ ਸਿੰਘਾਂ ਨੇ, ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਆਦੇਸ਼ ਕਰ ਦਿੱਤਾ ਕਿ ਤੁਸੀਂ ਗੜ੍ਹੀ ਛੱਡ ਜਾਵੋ, ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਗੜੀ ਛੱਡਦੇ ਹੋਏ, ਆਪਣਾ ਪੁਸ਼ਾਕਾ ਅਤੇ ਕਲਗੀ, ਭਾਈ ਜੀਵਨ ਸਿੰਘ ਜੀ ਨੂੰ ਪਵਾ ਗਏ, ਅਤੇ ਕਹਿ ਗਏ ਕਿ ਅਜਿਹੀ ਥਾਂ ਬੈਠਣਾ ਜਿੱਥੋਂ ਕਲਗੀ ਦਿਸਦੀ ਰਹੇ।
ਗੁਰੂ ਸਾਹਿਬ ਨੇ ਗੜ੍ਹੀ ਵਿਚੋਂ ਨਿਕਲਣ ਵੇਲੇ ਤਾੜੀ ਮਾਰ ਕੇ ਕਿਹਾ “ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕੋਈ ਫੜ ਸਕਦਾ ਹੈ ਤਾਂ ਫੜ ਲਵੇ ” ਇਸ ਦੇ ਨਾਲ ਹੀ ਮੁਗਲ ਫੌਜਾਂ ਵਿਚ ਭਾਜੜ ਪੈ ਗਈ, ਅਤੇ ਹਨੇਰੇ ਵਿਚ, ਆਪਸ ਵਿਚ ਹੀ ਕਟਾ-ਵੱਢੀ ਹੋ ਗਈ, ਪਰ ਜਦੋਂ ਪਹੁ-ਫੁਟਾਲੇ ਵੇਲੇ ਜੀਵਨ ਸਿੰਘ ਜੀ ਨੂੰ ਕਲਗੀ ਲਾਈ ਬੈਠੇ ਵੇਖਿਆ ਤਾਂ ਕੁਝ ਹੌਸਲਾ ਹੋਇਆ ਕਿ ਗੁਰੂ ਜੀ ਕਿਤੇ ਗਏ ਨਹੀਂ ਅੰਦਰ ਹੀ ਹਨ। ਹੌਲੀ-ਹੌਲੀ ਮੁਗਲ ਫੌਜਾਂ ਨੇ ਗੜ੍ਹੀ ਦਾ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਦਿਨ ਨਿਕਲਦੇ ਸਾਰ ਹੀ ਗੜ੍ਹੀ ਵਿਚ ਬਚੇ ਸੱਤ ਸਿੱਖ, ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਮੁਗਲਾਂ ਤੇ ਟੁੱਟ ਪਏ। ਮੁਗਲਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਨੂੰ ਜਿਊਂਦੇ ਫੜ ਲਈਏ, ਪਰ ਭਾਈ ਜੀਵਨ ਸਿੰਘ ਜੀ ਲੜਾਈ ਵਿਚ ਏਨੇ ਨਿਪੁੰਨ ਸਨ(ਇਹ ਇਕ ਅਲੱਗ ਵਿਸ਼ਾ ਹੈ ਕਿ ਭਾਈ ਜੀਵਨ ਸਿੰਘ ਜੀ ਗੁਰਬਾਣੀ ਸਿਧਾਂਤ ਵਿਚ ਕਿੰਨੇ ਨਪੁੱਨ ਸਨ? ਅਤੇ ਉਹ ਕਿੰਨੇ ਤਰ੍ਹਾਂ ਦੇ ਸ਼ਸਤ੍ਰ-ਅਸਤ੍ਰ ਚਲਾਉਣ ਵਿਚ ਕਿੰਨੇ ਪਰਬੀਨ ਸਨ ?) ਕਿ ਉਨ੍ਹਾਂ ਨੇ ਮੁਗਲ ਫੌਜ ਦਾ ਬਹੁਤ ਵੱਡਾ ਨੁਕਸਾਨ ਕਰ ਦਿਤਾ, ਅਖੀਰ ਮੁਗਲਾਂ ਨੈ ਉਨ੍ਹਾਂ ਤੇ ਤੀਰਾਂ ਅਤੇ ਬੰਦੂਕਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਅਤੇ ਬਾਕੀ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਜੀ ਵੀ ਸ਼ਹੀਦ ਹੋ ਗਏ।
ਮੁਗਲਾਂ ਨੇ ਗੁਰੂ ਸਾਹਿਬ ਦੇ ਭੁਲੇਖੇ, ਭਾਈ ਜੀਵਨ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਕਰ ਲਿਆ ਅਤੇ ਦਿੱਲੀ ਲੈ ਗਏ। (ਦਿੱਲੀ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਨਹੀਂ ਹੈ, ਉਸ ਮਗਰੋਂ ਹੀ ਫੌਜਾਂ ਨੇ ਗੁਰੂ ਸਾਹਿਬ ਦੀ ਭਾਲ ਫਿਰ ਸ਼ੁਰੂ ਕੀਤੀ )
ਗੁਰੂ ਸਾਹਿਬ ਨੇ ਬੀਬੀ ਸ਼ਰਨ ਕੌਰ ਜੀ ਦੀ ਡੀਊਟੀ, ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਨ ਤੇ ਲਾਈ। ਗੁਰੂ ਸਾਹਿਬ ਨੇ ਉਸ ਨੂੰ ਆਦੇਸ਼ ਦਿੱਤਾ ਕਿ “ਬਾਕੀ ਸਾਰੇ ਸਿੰਘਾਂ ਦਾ ਇਕੋ ਅੰਗੀਠਾ ਬਣਾਇਆ ਜਾਵੇ, ਪਰ ਮੇਰੇ ਵੱਡੇ ਬੇਟੇ ਦਾ ਅੰਗੀਠਾ ਅਲੱਗ ਬਣਾਇਆ ਜਾਵੇ”
ਬੀਬੀ ਸ਼ਰਨ ਕੌਰ ਨੇ ਪੁੱਛਿਆ “ ਗੁਰੂ ਪਿਤਾ, ਮੈਂ ਤੁਹਾਡੇ ਵੱਡੇ ਬੇਟੇ ਦੀ ਪਛਾਣ ਕਿਵੇਂ ਕਰਾਂਗੀ ?”
ਤਾਂ ਗੁਰੂ ਸਾਹਿਬ ਨੇ ਦੱਸਿਆਂ ਕਿ, “ ਉਸ ਦੇ ਧੜ ਤੇ ਸੀਸ ਨਹੀਂ ਹੋਵੇਗਾ, ਪਰ ਉਸ ਦੇ ਸਰੀਰ ਤੇ ਮੇਰਾ ਪੁਸ਼ਾਕਾ ਹੋਵੇਗਾ ”
ਇਵੇਂ ਗੁਰੂ ਨਾਨਕ ਜੀ ਨੇ ਦਸਵੇਂ ਜਾਮੇ ਵਿਚ ਆਪਣਾ ਇਹ ਬਚਨ ਪੂਰਾ ਕੀਤਾ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ (15)
ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ, ਆਪਣੇ ਸਾਹਿਬਜ਼ਾਦਿਆਂ ਅਤੇ ਸਿੱਖਾਂ ਵਿਚ ਕੋਈ ਫਰਕ ਨਾ ਕਰਨ ਦੀ ਗੱਲ ਕਹੀ ਹੀ ਨਹੀਂ , ਉਸ ਤੇ ਪੂਰਨੇ ਵੀ ਪਾ ਕੇ ਵਿਖਾਏ, ਹਰ ਕਿਸੇ ਦਾ ਮਾਣ ਸਤਿਕਾਰ ਉਸ ਦੀ ਕਰਣੀ ਅਨੁਸਾਰ ਕੀਤਾ, ਨਾ ਕਿ ਉੱਚੀ-ਨੀਵੀਂ ਜਾਤ ਦੇ ਆਧਾਰ ਤੇ । ਕੌਣ ਹੋਇਆ ਹੈ ਐਸਾ ਜਿਸ ਨੇ ਆਪਣੇ ਚੇਲਿਆਂ ਤੋਂ , ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਹੋਵੇ ? ਜਿਨ੍ਹਾਂ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਸ਼ੂਦਰਾਂ ਤੋਂ ਸਰਦਾਰ ਬਣਾ ਦਿੱਤਾ, ਉਨ੍ਹਾਂ ਸਰਦਾਰਾਂ ਨੂੰ ਸੋਚਣਾ ਬਣਦਾ ਹੈ ਕਿ ਉਨ੍ਹਾਂ ਨੇ ਮੁੜ ਸ਼ੂਦਰ ਹੀ ਬਣਨਾ ਹੈ ਜਾਂ ਸਮਾਜ ਵਲੋਂ ਬਣਾਏ ਸਾਰੇ ਸ਼ੂਦਰਾਂ ਨੂੰ ਵੀ ਸਰਦਾਰ ਬਨਾਉਣਾ ਹੈ ?
ਅਮਰ ਜੀਤ ਸਿੰਘ ਚੰਦੀ