ਕੈਟੇਗਰੀ

ਤੁਹਾਡੀ ਰਾਇ



ਸੁਕ੍ਰਿਤ ਕੌਰ
# - “ ਨਿਤ-ਨੇਮ ” - #
# - “ ਨਿਤ-ਨੇਮ ” - #
Page Visitors: 3057

           #  -  “ ਨਿਤ-ਨੇਮ ”  -  #
    ਨਿਤ-ਨੇਮ , ਇਕ ਸਿੱਖ ਦੀ ਜ਼ਿੰਦਗੀ ਦਾ   ਸਭ ਤੋਂ ਮਹੱਤਵ-ਪੂਰਨ ਹਿੱਸਾ ਹੈ ।
ਨਿਤ-ਨੇਮ ਹੀ   ਸਿੱਖ ਨੂੰ ਪਰਮਾਤਮਾ ਨਾਲ ਜੋੜਦਾ ਹੈ , ਜੋ ਹਰ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੈ ।      
    ਗੁਰਬਾਣੀ ਫੁਰਮਾਨ ਹੈ ,
      ਭਈ ਪਰਾਪਤਿ   ਮਾਨੁਖ ਦੇਹੁਰੀਆ ॥
       ਗੋਬਿੰਦ ਮਿਲਣ ਕੀ   ਇਹ ਤੇਰੀ ਬਰੀਆ ॥
      ਅਵਰਿ ਕਾਜ ਤੇਰੈ   ਕਿਤੈ ਨਾ ਕਾਮ ॥
       ਮਿਲੁ ਸਾਧਸੰਗਤਿ   ਭਜੁ ਕੇਵਲ ਨਾਮ
॥1॥
      ਸਰੰਜਾਮਿ ਲਾਗੁ   ਭਵਜਲ ਤਰਨ ਕੈ ॥
      ਜਨਮੁ ਬ੍ਰਿਥਾ ਜਾਤ    ਰੰਗਿ ਮਾਇਆ ਕੈ
॥1॥ਰਹਾਉ॥
     ਹੇ ਪ੍ਰਾਣੀ , ਤੈਨੂੰ ਬਹੁਤ ਚਿਰ ਪਿਛੋਂ ਇਹ ਮਨੁੱਖਾਂ ਦੇਹੀ ਮਿਲੀ ਹੈ , ਪਰਮਾਤਮਾ ਨੂੰ ਮਿਲਣ ਦੀ ਇਹੀ ਤੇਰੀ ਵਾਰੀ ਹੈ , ਯਾਨੀ ਜੀਵ ਇਸ ਮਨੁੱਖਾ ਦੇਹੀ ਵਿਚ ਹੀ ਪਰਮਾਤਮਾ ਨੂੰ ਮਿਲ ਸਕਦਾ ਹੈ । ਇਸ ਦੇਹੀ ਵਿਚ ਕੀਤੇ ਹੋਰ ਸਾਰੇ ਕੰਮ , ਇਸ ਦੇਹੀ ਨੂੰ ਪਾਲਣ ਦੇ ਸਾਧਨ ਮਾਤ੍ਰ ਹੀ ਹਨ , ਉਨ੍ਹਾਂ ਨੇ ਤੇਰੀ ਆਤਮਕ ਜ਼ਿੰਦਗੀ ਵਿਚ , ਕੋਈ ਕੰਮ ਨਹੀਂ ਦੇਣਾ , ਤੂੰ ਇਸ ਜ਼ਿੰਦਗੀ ਦੌਰਾਨ , ਸਾਧ-ਸੰਗਤ ਵਿਚ , ਸਤਸੰਗਤ ਵਿਚ ਜੁੜ ਕੇ , ਪ੍ਰਭੂ ਦੇ ਨਾਮ ਦਾ ਭਜਨ ਕਰਿਆ ਕਰ , ਉਸ ਦੇ ਗੁਣਾਂ ਦੀ ਵਿਚਾਰ ਕਰਿਆ ਕਰ ।
    ਰਹਾਉ ਦੀ ਤੁਕ ਵਿਚ ਸਮਝਾਇਆ ਹੈ ਕਿ ਤੇਰਾ ਇਹ ਦੁਰਲੱਭ ਜਨਮ , ਮਾਇਆ ਦੇ ਰੰਗਾਂ ਵਿਚ , ਬੇਕਾਰ ਦੇ ਵਿਖਾਵਿਆਂ ਵਿਚ ਹੀ , ਬੀਤਦਾ ਜਾ ਰਿਹਾ ਹੈ । ਤੂੰ ਇਸ ਭਵਜਲ ਸੰਸਾਰ ਨੂੰ ਤਰਨ ਦਾ , ਉਸ ਤੋਂ ਪਾਰ ਲੰਘਣ ਦਾ , ਕਰਤਾਰ ਨਾਲ ਜੁੜਨ ਦਾ ਢੰਗ ਕਰ ।
   ਇਹ ਕਹਣ ਵਿਚ ਵੀ ਕੋਈ ਅਤ-ਕਥਨੀ ਨਹੀਂ ਹੋਵੇਗੀ ਕਿ , ਜੋ ਬੰਦਾ ਨਿਤ-ਨੇਮ ਨਾਲ ਨਹੀਂ ਜੁੜਿਆ ਹੋਇਆ , ਉਹ ਸਿੱਖ ਨਹੀਂ ਹੋ ਸਕਦਾ ।
    ਆਪਾਂ ਏਥੇ , ਇਕ ਜ਼ਰੂਰੀ ਗੱਲ ਹੋਰ ਵਿਚਾਰ ਲਈਏ ਕਿ , ਨਿਤ-ਨੇਮ  ਹੈ ਕੀ ਚੀਜ਼ ?
    ਨਿਤ-ਨੇਮ ਦਾ ਅਰਥ ਹੈ , ਨਿਤ (ਹਰ ਰੋਜ਼) ਕੀਤਾ ਜਾਣ ਵਾਲਾ ਕੰਮ । ਕਿਉਂਕਿ ਗੁਰਬਾਣੀ ਕੋਈ ਮੰਤ੍ਰ ਨਹੀਂ ਹੈ , ਜਿਸ ਨੂੰ ਖਾਲੀ ਪੜ੍ਹਨ ਨਾਲ , ਰੱਟੇ ਲਾਉਣ ਨਾਲ (ਆਮ ਬੰਦੇ ਵਿਚ ਪਾਏ ਜਾਣ ਵਾਲੇ ਭੁਲੇਖੇ ਅਨੁਸਾਰ) ਬੰਦੇ ਦੇ ਕੰਮ ਸੌਰ ਜਾਂਦੇ ਹੋਣ ।
    ਗੁਰਬਾਣੀ ਬ੍ਰਹਮ ਦੀ ਵਿਚਾਰ ਹੈ , ਗੁਰਬਾਣੀ ਸਮਝਾਉਂਦੀ ਹੈ ,
       ਲੋਗੁ ਜਾਨੈ   ਇਹੁ ਗੀਤੁ ਹੈ    ਇਹੁ ਤਉ   ਬ੍ਰਹਮ ਬੀਚਾਰ ॥          (335)
   ਲੋਕ ਇਹ ਸਮਝਦੇ ਹਨ ਕਿ ਗੁਰਬਾਣੀ ਤਾਂ , ਇਕ ਗੀਤ ਹੀ ਹੈ , ਇਸ ਭੁਲੇਖੇ ਵਿਚ ਉਹ , ਇਸ ਨੂੰ ਗਾਈ ਹੀ ਜਾ ਰਹੇ ਹਨ , ਪਰ ਇਹ ਤਾਂ ਬ੍ਰਹਮ ਦੀ ਵਿਚਾਰ ਹੈ ।
   ਬ੍ਰਹਮ ਕੀ ਹੈ ? ਬ੍ਰਹਮੰਡ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਣ ਵਾਲਾ ਨਿਯਮ-ਕਾਨੂਨ , ਬ੍ਰਹਮ ਹੈ ।
  ਬ੍ਰਹਮੰਡ ਕੀ ਹੈ  ?  ਅੰਡੇ ਰੂਪੀ ਉਹ ਆਕਾਰ , ਜੋ ਬ੍ਰਹਮ ਰੂਪੀ ਨਿਯਮ-ਕਾਨੂਨ ਅਨੁਸਾਰ ਚਲਦਾ ਹੈ , ਉਹ ਬ੍ਰਹਮੰਡ ਹੈ ।
  ਬ੍ਰਹਮ ਬੀਚਾਰ ਕੀ ਹੈ  ? ਜਿਨ੍ਹਾਂ ਨਿਯਮਾਂ ਕਾਨੂਨਾਂ ਅਨੁਸਾਰ , ਇਹ ਸੰਸਾਰ ਚਲ ਰਿਹਾ ਹੈ , ਉਨ੍ਹਾਂ ਦੀ ਵਿਚਾਰ , ਬ੍ਰਹਮ ਬੀਚਾਰ , ਬ੍ਰਹਮ ਦੀ ਵਿਚਾਰ ਹੈ ।
  ਇਸ ਤਰ੍ਹਾਂ ਹੀ  ਅਕਾਲ-ਪੁਰਖ , ਪਾਰਬ੍ਰਹਮ ਹੈ । ਦੁਨੀਆਂ ਲਈ ਬਣੇ ਇਨ੍ਹਾਂ ਨਿਯਮ ਕਾਨੂਨਾਂ ਦੇ ਘੇਰੇ ਤੋਂ ਬਾਹਰ ਹੈ , ਉਸ ਤੇ ਇਹ ਨਿਯਮ-ਕਾਨੂਨ ਲਾਗੂ ਨਹੀਂ ਹੁੰਦੇ ।
     ਕਿਸੇ ਵੀ ਨਿਯਮ-ਕਾਨੂਨ ਨੂੰ   ਖਾਲੀ ਪੜ੍ਹ ਲੈਣ ਨਾਲ , ਕੁਝ ਨਹੀਂ ਸੌਰਦਾ , ਜਦ ਤਕ  ਅਸੀਂ ਉਨ੍ਹਾਂ ਨਿਯਮ-ਕਾਨੂਨਾਂ ਨੂੰ ਵਿਚਾਰੀਏ ਨਾ   ਅਤੇ ਉਸ ਤੋਂ ਪਿਛੋਂ ਉਨ੍ਹਾਂ ਦੀ ਪਾਲਣਾ ਨਾ ਕਰੀਏ ।
    ਸੋ ਨਿਤ-ਨੇਮ , ਗੁਰਬਾਣੀ ਦਾ ਪੜ੍ਹਨਾ (ਜਿਸ ਵਿਚ ਸ਼ੁੱਧ ਉਚਾਰਨ , ਠੀਕ ਥਾਂ ਤੇ ਵਿਸ਼੍ਰਾਮ ਅਤੇ ਅਰਧ-ਵਿਸ਼੍ਰਾਮ ਲਗਾ ਕੇ ਪੜ੍ਹਨਾ ) ਪੜ੍ਹੇ ਨੂੰ ਸੁਣਨਾ , (ਜਿਸ ਵਿਚ ਮਨ ਕਰ ਕੇ ਸੁਣਨਾ) ਉਸ ਨੂੰ ਵਿਚਾਰਨ ਅਤੇ ਵਿਚਾਰੇ ਨੂੰ ਮੰਨਣ ਦੀ ਗੱਲ ਹੈ । ਉਸ ਮੰਨੇ ਨੂੰ ਪਰੇਮ ਸਹਿਤ ਮਾਨਤਾ ਦੇਣ ਦੀ ਗੱਲ ਹੈ , ਤਾਂ ਜੋ ਸਾਡਾ ਜੀਵਨ , ਉਸ ਅਨੁਸਾਰ ਢਲ ਸਕੇ ।
    ਸੁਣਨ ਨੂੰ   ਗੁਰੂ ਸਾਹਿਬ ਬਹੁਤ ਮਾਨਤਾ ਦਿੰਦੇ ਹਨ , ਇਸ ਤੋਂ ਹੀ   ਧਾਰਮਿਕ ਜੀਵਨ ਦੀ   ਸ਼ੁਰੂਆਤ ਹੁੰਦੀ ਹੈ । ਅਕਸਰ ਹੀ ਇਹ ਗੱਲ ਹੁੰਦੀ ਹੈ ਕਿ , ਅਸੀਂ ਸਰੀਰਕ ਤੌਰ ਤੇ ਤਾਂ ਨਿਤ-ਨੇਮ ਕਰ ਰਹੇ ਹੁੰਦੇ ਹਾਂ , ਪਰ ਮਨ ਕਰ ਕੇ , ਇਸ ਨਿਤ-ਨੇਮ ਵਿਚੋਂ ਗੈਰ ਹਾਜ਼ਰ ਹੁੰਦੇ ਹਾਂ । ਕਈ ਵਾਰ ਅਸੀਂ  ਕਿਸੇ ਦੂਸਰੇ ਨਾਲ  ਗੱਲ ਕਰ ਰਹੇ ਹੁੰਦੇ ਹਾਂ, ਪਰ ਮਨ ਕਰਕੇ ਅਸੀਂ ਉਸ ਗੱਲ-ਬਾਤ ਵਿਚ ਸ਼ਾਮਲ ਨਹੀਂ ਹੁੰਦੇ , ਜਿਸ ਦੇ ਸਿੱਟੇ ਵਜੋਂ
ਕਹਣਾ ਪੈਂਦਾ ਹੈ  “ ਫਿਰ ਆਖੀਂ , ਕੀ ਆਖਿਆ ? ”
    ਸੋ   ਭਾਵੇਂ ਅਸੀਂ   ਆਪ ਪੜ੍ਹ ਰਹੇ ਹੋਈਏ (ਉਚੀ ਬੋਲ ਕੇ   ਜਾਂ ਮੂੰਹ-ਜ਼ਬਾਨੀ) ਭਾਵੇਂ  ਕਿਸੇ ਦੂਸਰੇ ਕੋਲੋਂ ਸੁਣ ਰਹੇ ਹੋਈਏ , ਸੁਣਨ ਵਿਚ   ਮਨ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ । ਇਸ ਤੋਂ ਹੀ ਆਤਮਕ ਪੰਧ ਦੀ ਸ਼ੁਰੂਆਤ ਹੁੰਦੀ ਹੈ । ਜੇ ਅਸੀਂ  ਸੁਣਨ ਤੋਂ ਹੀ ਅਵੇਸਲੇ ਰਹੇ   ਤਾਂ ਅਗਾਂਹ ਦਾ ਰਾਹ   ਕਿਸੇ ਤਰ੍ਹਾਂ ਵੀ ਨਹੀਂ ਚਲ ਸਕਦਾ । ਇਸ ਦਾ ਹੀ ਸਿੱਟਾ ਹੈ ਕਿ   50-60 ਸਾਲ ਤੋਂ ਬਿਲਾ-ਨਾਗਾ   ਨਿਤ-ਨੇਮ ਕਰਨ ਵਾਲੇ , ਸਿੱਖੀ ਦੇ ਮੁਢਲੇ ਸਿਧਾਂਤਾਂ ਤੋਂ ਵੀ   ਅਣਜਾਣ ਹਨ ।
        ਗੁਰੂ ਸਾਹਿਬ ਸੁਣਨ ਦੀ (ਬੋਲਣ ਨਾਲੋਂ ਜ਼ਿਆਦਾ) ਤਾਰੀਫ ਕਰਦੇ ਲਿਖਦੇ ਹਨ ,
            ਸੁਣਿਆ   ਮੰਨਿਆ   ਮਨਿ ਕੀਤਾ ਭਾਉ ॥
            ਅੰਤਰਗਤਿ ਤੀਰਥਿ   ਮਲਿ ਨਾਉ
॥   (4)
    ਅਰਥਾਤ ਪਹਿਲਾਂ ਮਨ ਕਰ ਕੇ ਸੁਣੋ , ਫਿਰ ਜੋ ਸੁਣਿਆ ਹੈ , ਸਮਝਿਆ ਹੈ , ਉਸ ਨੂੰ ਮਨ ਕਰ ਕੇ ਮੰਨੋ। ਤਦ ਹੀ ਮਨ , ਉਸ ਪ੍ਰਭੂ ਦੇ ਪਿਆਰ ਵਿਚ ਜੁੜੇਗਾ । ਫਿਰ ਹੀ ਅਸੀਂ ਆਪਣੇ ਅੰਦਰਲੇ ਤੀਰਥ ਤੇ , ਖੂਬ ਤਸੱਲੀ ਨਾਲ ਇਸ਼ਨਾਨ ਕਰ ਕੇ   ਮਨ ਦੀ ਮੈਲ ਤੋਂ  ਮੁਕਤੀ ਪਾ ਸਕਦੇ ਹਾਂ ।
    ਏਥੇ ਵੀ ਇਹੀ ਗੱਲ ਸਮਝਣ ਦੀ ਲੋੜ ਹੈ ਕਿ ਅਸੀਂ ਇਹ  ਨਿਤ-ਨੇਮ  ਗੁਰਬਾਣੀ ਦਾ ਕਰਦੇ ਹਾਂ , ਜਿਸ ਨੂੰ ਸੁਣ ਕੇ ਮੰਨਣ ਦੀ ਲੋੜ ਹੁੰਦੀ ਹੈ । ਪਰ ਅੱਜ-ਕਲ ਬਹੁ-ਗਿਣਤੀ ਸਿੱਖ , ਗੁਰਬਾਣੀ ਨੂੰ ਮੰਨਣ ਤੋਂ ਇਨਕਾਰੀ ਹਨ ।
             (ਰੁਕੋ , ਗੁੱਸਾ ਨਹੀਂ ਕਰੋ । ਆਪਾਂ ਹੁਣੇ ਵਿਚਾਰਦੇ ਹਾਂ)
   ਆਪਾਂ ਨਿਤ-ਨੇਮ ਕਰਦਿਆਂ , ਸਭ ਤੋਂ ਪਹਿਲਾਂ ਇਹ ਪੜ੍ਹਦੇ ਹਾਂ ,
          ਸੋਚੈ   ਸੋਚਿ ਨ ਹੋਵਈ   ਜੇ ਸੋਚੀ   ਲਖ ਵਾਰ
  ਮੋਟੇ ਲਫਜ਼ਾਂ ਵਿਚ , ਸਰੀਰਕ ਸੁੱਚਮ ਰੱਖਣ ਨਾਲ , ਮਨ ਦੀ ਸੁੱਚਮ ਨਹੀਂ ਹੋ ਸਕਦੀ , ਸਰੀਰ ਸਾਫ ਕਰਨ ਨਾਲ ਮਨ ਸਾਫ ਨਹੀਂ ਹੁੰਦਾ । (ਜਿਸ ਨੇ ਇਸ ਬਾਰੇ  ਪ੍ਰਤੱਖ ਤਜਰਬਾ ਕਰਨਾ ਹੋਵੇ , ਉਹ ਆਪਣੇ ਮਨ ਨੂੰ  ਗੁਰਬਾਣੀ ਗਿਆਨ ਅਨੁਸਾਰ , ਵਿਸ਼ੇ-ਵਿਕਾਰਾਂ ਵਲੋਂ ਰੋਕ ਕੇ ਸੁੱਚਾ ਕਰ ਲਵੇ । ਫਿਰ ਵੇਖੇ ਕਿ  “ ਕੀ ਉਸ ਨਾਲ  ਤਨ ਦੀ ਮੈਲ , ਗੰਦਗੀ ਦੂਰ ਹੋ ਗਈ ਹੈ  ?)
    ਜੇ ਇਸ ਨਾਲ ਸਰੀਰ ਦੀ ਗੰਦਗੀ ਦੂਰ ਹੋ ਜਾਂਦੀ ਹੈ , ਤਾਂ ਮੰਨ ਲਵੋ ਕਿ ਸਰੀਰ ਦੀ ਸਫਾਈ ਨਾਲ ਮਨ ਦੀ ਸਫਾਈ ਵੀ ਹੋ ਜਾਵੇਗੀ । ਜੇ ਉਸ ਨਾਲ ਤਨ ਦੀ ਸਫਾਈ ਨਹੀਂ ਹੁੰਦੀ , ਤਾਂ ਜਾਣ ਲਵੋ ਕਿ  “ ਸਰੀਰ ਦੇ ਸਾਫ ਕਰਨ ਨਾਲ , ਮਨ ਦੀ ਗੰਦਗੀ ਦੂਰ ਨਹੀਂ ਹੁੰਦੀ ”     ਕਿੰਨੀ ਵੱਡੀ ਸਚਾਈ ਹੈ  ?
  ਪਰ ਅਸੀਂ  ਪ੍ਰਤੱਖ ਵੇਖਦੇ ਹਾਂ ਕਿ , (ਖਾਸ ਕਰ ਕੇ) ਮੱਸਿਆ ਵਾਲੇ ਦਿਨ , ਦੁਨੀਆ ਦੇ ਸਾਰੇ (ਸਰੋਵਰਾਂ ਵਾਲੇ) ਗੁਰਦਵਾਰੇ , ਡੇਰੇ , ਇਸ਼ਨਾਨ ਕਰਨ ਵਾਲਿਆਂ ਦੀ ਭੀੜ ਨਾਲ ਭਰੇ ਹੁੰਦੇ ਹਨ । ਕੀ ਇਹ ਸਾਰੇ   ਉਨ੍ਹਾਂ ਥਾਵਾਂ ਤੇ ਸਰੀਰ ਦੀ ਸਫਾਈ ਕਰਨ ਜਾਂਦੇ ਹਨ ?  ਜੀ ਨਹੀਂ ਇਹ ਸਾਰੇ ਧਾਰਮਿਕ ਕਰਮ ਕਰਨ ਜਾਂਦੇ ਹਨ , ਜਿਸ ਦਾ ਸਬੰਧ ਮਨ ਨਾਲ ਹੁੰਦਾ ਹੈ ।
    ਕੀ ਇਹ ਸਾਰੇ , ਗੁਰਬਾਣੀ ਦੀ ਪਹਿਲੀ ਪੰਗਤੀ ਦੇ   ਸਿਧਾਂਤ ਦੀ ਪਾਲਣਾ ਕਰਦੇ ਹਨ ? ਉਸ ਨੂੰ ਮੰਨਣ ਤੋਂ ਇਨਕਾਰੀ ਤਾਂ ਨਹੀਂ ਹਨ  ?
                  ਨਿਤ-ਨੇਮ ਦੀ  ਦੂਜੀ ਪੰਗਤੀ ਹੈ ,
          ਚੁਪੈ   ਚੁਪ ਨ ਹੋਵਈ   ਜੇ ਲਾਇ ਰਹਾ   ਲਿਵ ਤਾਰ
  ਅਰਥਾਤ ਸਰੀਰਕ ਤੌਰ ਤੇ   ਇਕਸਾਰ ਸਮਾਧੀ ਲਾਉਣ ਨਾਲ , ਮਨ ਦੇ ਟਿਕਾਉ ਦਾ ਕੋਈ ਸਬੰਧ ਨਹੀਂ ਹੈ ।
    ਕੀ ਡੇਰਿਆਂ ਟਕਸਾਲਾਂ ਨਾਲ ਜੁੜੇ ਸਿੱਖ , ਡੇਰਿਆਂ ਟਕਸਾਲਾਂ ਵਿਚ ਬਣੇ ਭੋਰਿਆਂ (ਜਿਨ੍ਹਾਂ ਵਿਚ ਸਿਮਰਨ ਕਰਨ ਕਰ ਕੇ , ਕਹੇ ਜਾਂਦੇ ਸੰਤ-ਮਹਾਂਪੁਰਖਾਂ , ਬ੍ਰਹਮ-ਗਿਆਨੀਆਂ ਦੇ ਪਰਮਾਤਮਾ ਨਾਲ ਜੁੜਨ ਦੀਆਂ , ਅਨੇਕਾਂ ਕਹਾਣੀਆਂ ਪ੍ਰਚਲਤ ਹਨ) ਕੀ ਉਨ੍ਹਾਂ ਭੋਰਿਆਂ ਨੂੰ ਮਾਨਤਾ ਦੇਣ ਵਾਲੇ ਸਿੱਖ , ਨਿਤ-ਨੇਮ ਵਿਚਲੇ , ਗੁਰਬਾਣੀ ਦੇ ਇਸ ਸਿਧਾਂਤ ਨੂੰ ਮੰਨਦੇ ਹਨ  ? ਕਿਤੇ ਮੰਨਣ ਤੋਂ ਇਨਕਾਰੀ ਤਾਂ ਨਹੀਂ ਹਨ  ?
                    ਗੁਰਬਾਣੀ ਸਮਝਾਉਂਦੀ ਹੈ ,
          ਹੁਕਮਿ ਰਜਾਈ ਚਲਣਾ     ਨਾਨਕ ਲਿਖਿਆ ਨਾਲਿ ॥
     ਹੇ ਨਾਨਕ , ਜਦ ਤੋਂ ਸ੍ਰਿਸ਼ਟੀ ਹੋਂਦ ਵਿਚ ਆਈ ਹੈ , ਤਦ ਤੋਂ ਹੀ ਬੰਦੇ ਦੇ ਜ਼ਿਮੇ , ਇਕ ਕੰਮ ਲੱਗਾ ਹੋਇਆ ਹੈ ਕਿ , ਬੰਦੇ ਨੇ ਰਜ਼ਾ ਦੇ ਮਾਲਿਕ ਪਰਮਾਤਮਾ   ਦੇ ਹੁਕਮ , ਉਸ ਦੀ ਰਜ਼ਾ ਅਨੁਸਾਰ ਚਲਣਾ ਹੈ ।
   ਕੀ ਉਹ ਸਿੱਖ , ਜੋ ਹਰ ਰੋਜ਼ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਗੁਰਦਵਾਰੇ ਵਿਚ , ਗ੍ਰੰਥੀਆਂ ਨੂੰ ਭੇਟਾ ਦੇ ਕੇ , ਉਨ੍ਹਾਂ ਕੋਲੋਂ ਹਰ ਰੋਜ਼ ਆਪਣੀਆਂ ਤਕਲੀਫਾਂ ਦੂਰ ਕਰ ਕੇ   ਸੁਖ ਦੇਣ ਦੀਆਂ ਅਰਦਾਸਾਂ , ਪਰਮਾਤਮਾ ਅੱਗੇ ਕਰਵਾਉਂਦੇ ਹਨ । ਆਪਣੀ ਤਕਦੀਰ ਬਦਲਣ ਲਈ ,  ਸੰਤ-ਮਹਾਂਪੁਰਸ਼ਾਂ , ਬ੍ਰਹਮਗਿਆਨੀਆਂ ਕੋਲੋਂ ਅਸ਼ੀਰਵਾਦ , ਥਾਪੜੇ ਲੈਂਦੇ ਹਨ । ਦੁਨੀਆ ਭਰ ਦੇ ਧਰਮ-ਅਸਥਾਨਾਂ ਤੇ ਸੁਖਣਾ ਸੁਖਦੇ , ਪਰਮਾਤਮਾ ਨਾਲ ਲੈਣ-ਦੇਣ ਦਾ ਵਪਾਰ ਕਰਦੇ ਹਨ , ਨਿਤ-ਨੇਮ ਵਿਚਲੇ ਗੁਰਬਾਣੀ ਦੇ ਇਸ ਸਿਧਾਂਤ ਨੂੰ ਮਾਨਤਾ ਦਿੰਦੇ ਹਨ , ਕਿਤੇ ਐਸਾ ਤਾਂ ਨਹੀਂ ਕਿ ਉਹ ਇਸ ਸਿਧਾਂਤ ਨੂੰ ਮੰਨਣ ਤੋਂ ਇਨਕਾਰੀ ਹੋਣ ?
                    ਗੁਰਬਾਣੀ ਫਰਮਾਉਂਦੀ ਹੈ ,
          ਹੁਕਮੈ ਅੰਦਰਿ    ਸਭੁ ਕੋ     ਬਾਹਰਿ ਹੁਕਮ ਨ ਕੋਇ
    ਹਰ ਜੀਵ , ਹਰ ਚੀਜ਼ ਅਕਾਲਪੁਰਖ ਦੇ ਹੁਕਮ ਦੇ ਅਧੀਨ ਹੈ , ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ , ਕਿਸੇ ਨੂੰ ਵੀ ਉਸ ਦੇ ਹੁਕਮ ਤੋਂ ਛੋਟ ਨਹੀਂ ਹੈ ।
ਪਰ ਸਿੱਖਾਂ ਨੇ ਤਾਂ ਇਕ-ਦੋ ਨਹੀਂ , ਦਸ-ਵੀਹ ਨਹੀਂ , ਸੌ-ਪੰਜਾਹ ਵੀ ਨਹੀਂ , ਹਜ਼ਾਰਾਂ ਹੀ ਅਜਿਹੇ ਹੱਡ,ਚੱਮ ਦੇ ਪੁਤਲੇ    ਸਥਾਪਤ ਕਰ ਲਏ ਹੋਏ ਹਨ , ਜੋ ਉਸ ਕਰਤਾਰ ਦੇ ਹੁਕਮ ਤੋਂ ਬਾਹਰ ਹਨ , ਜਿਨ੍ਹਾਂ ਤੇ ਪ੍ਰਭੂ ਦਾ ਹੁਕਮ ਲਾਗੂ ਹੀ ਨਹੀਂ ਹੁੰਦਾ । ਹੁਕਮ ਲਾਗੂ ਹੋਣਾ ਤਾਂ ਇਕ ਪਾਸੇ , ਉਨ੍ਹਾਂ ਵਿਚ ਤਾਂ ਏਨੀ ਸ਼ਕਤੀ   ਮਿੱਥ ਦਿੱਤੀ ਹੋਈ ਹੈ ਕਿ ਉਹ ਰੱਬ ਦੇ ਹੁਕਮ ਨੂੰ ਵੀ ਬਦਲਣ ਦੇ ਸਮਰੱਥ ਹਨ ।
    ਕੀ ਉਨ੍ਹਾਂ ਨੂੰ ਮਾਨਤਾ ਦੇਣ ਵਾਲੇ , ਉਨ੍ਹਾਂ ਨੂੰ ਆਪਣਾ ਸਭ ਕੁਝ ਅਰਪਣ ਕਰਨ ਵਾਲੇ , ਨਿਤ-ਨੇਮ ਵਿਚਲੇ ਗੁਰਬਾਣੀ ਦੇ ਇਸ ਸਿਧਾਂਤ ਨੂੰ ਮਾਨਤਾ ਦਿੰਦੇ ਹਨ  ? ਕਿਤੇ ਮੰਨਣ ਤੋਂ ਇਨਕਾਰੀ ਤਾਂ ਨਹੀਂ ਹਨ  ?
    ਕਈ ਭੇਣ-ਵੀਰ , ਇਹ ਕਹਿ ਦੇਣਗੇ ਕਿ ਉਹ ਵਿਚਾਰੇ ਤਾਂ ਅਗਿਆਨੀ ਹਨ , ਅਗਿਆਨਤਾ ਵੱਸ ਹੀ ਉਹ ਇਹ ਸਾਰਾ ਕੁਝ ਕਰ ਰਹੇ ਹਨ । ਕੀ ਇਹ ਗੱਲ ਮੰਨੀ ਜਾ ਸਕਦੀ ਹੈ  ?  ਜੇ ਇਹ ਗੱਲ ਮੰਨੀ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ , ਜਿਨ੍ਹਾਂ ਕੋਲੋਂ ਉਹ ਸਿਖਿਆ ਲੈ ਰਹੇ ਹਨ , ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ , ਉਹ ਤਾਂ ਸਾਰਾ ਦਿਨ ਗੁਰਬਾਣੀ ਪੜ੍ਹਦੇ ਰਹਿੰਦੇ ਹਨ , ਉਹ ਸਾਰੇ ਵੀ ਅਗਿਆਨੀ ਹੀ ਹਨ ।
    ਇਸ ਤੋਂ ਤਾਂ ਸਾਫ ਜ਼ਾਹਿਰ ਹੈ ਕਿ ਇਨ੍ਹਾਂ ਨੇ ਆਪ ਵੀ ਸਿਰਫ ਗੁਰਬਾਣੀ ਦਾ ਰੱਟਾ ਲਾਇਆ ਹੈ ਅਤੇ ਦੂਸਰਿਆਂ ਨੂੰ ਵੀ ਰੱਟੇ ਨਾਲ ਹੀ ਜੋੜਿਆ ਹੈ , (ਗੁਰਬਾਣੀ ਦੇ ਸਿਧਾਂਤਾਂ ਨੂੰ ਸੁਣਨ , ਮੰਨਣ ਅਤੇ ਉਸ ਨਾਲ ਪਿਆਰ ਪਾਉਣ ਵੱਲ ਇਕ ਕਦਮ ਵੀ ਨਹੀਂ ਪੁਟਿਆ)  ਜਿਸ ਤੋਂ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਸੀ , ਨਾ ਹੀ ਕੁਝ ਹਾਸਿਲ ਹੋਇਆ ਹੀ ਹੈ । ਜਿਸ ਦੇ ਸਿੱਟੇ ਵਜੋਂ ਅੱਜ ਸਿੱਖ ਨਿਤ-ਨੇਮ ਦੀਆਂ ਪਹਲੀਆਂ ਦੋ ਪਉੜੀਆਂ ਵਿਚਲੇ ਸਿਧਾਂਤਾਂ ਨੂੰ ਵੀ ਮੰਨ ਕੇ ਰਾਜ਼ੀ ਨਹੀਂ ਹਨ ।
    ਆਉ ਅਸੀਂ   ਗੁਰੁ ਗ੍ਰੰਥ ਸਾਹਿਬ ਜੀ ਦੇ ਦੱਸੇ ਅਨੁਸਾਰ , ਹਰ ਰੋਜ਼ ਗੁਰਬਾਣੀ ਨੂੰ ਸਮਝਣ ਦਾ , ਨਿਤ-ਨੇਮ ਕਰਿਆ ਕਰੀਏ । ਇਸ ਤਰ੍ਹਾਂ ਹੀ ਅਸੀਂ ਬ੍ਰਹਮ ਦੀ ਵਿਚਾਰ , ਕਰ ਸਕਦੇ ਹਾਂ , ਉਸ ਨੂੰ ਸਮਝ ਕੇ ਹੀ , ਪਰਮਾਤਮਾ ਦੀ ਰਜ਼ਾ ਵਿਚ , ਰਾਜ਼ੀ ਰਹਿ ਸਕਦੇ ਹਾਂ । ਵਾਹਿਗੁਰੂ ਦੇ ਗੁਣਾਂ ਨਾਲ ਜੁੜ ਕੇ , ਉਨ੍ਹਾਂ ਨੂੰ ਆਪਣੇ ਜੀਵਨ ਦਾ , ਆਧਾਰ ਬਣਾ ਕੇ , ਆਪਣਾ ਜੀਵਨ ਸਫਲਾ ਬਣਾ ਸਕਦੇ ਹਾਂ ।
    ਜੇ ਅਣਜਾਣੇ ਵਿਚ ਕੋਈ ਭੁੱਲ ਹੋ ਗਈ ਹੋਵੇ ਤਾਂ , ਉਸ ਲਈ ਖਿਮਾ ਦੀ ਜਾਚਕ ਹਾਂ ।
   ਇਕ ਵਾਰ ਫਿਰ ਬੇਨਤੀ ਕਰਦੀ ਹਾਂ ਕਿ ਆਉ ਗੁਰੂ ਗ੍ਰੰਥ ਸਾਹਿਬ ਜੀ ਨਾਲ , ਆਪ ਜੁੜੀਏ , ਅਤੇ ਉਨ੍ਹਾਂ ਦੀ ਸਿਖਿਆ ਅਨੁਸਾਰ ਹੀ , ਜੀਵਨ ਢਾਲੀਏ । ਇਹੀ ਇਕ ਸਿੱਖ ਦੀ ਜ਼ਿੰਦਗੀ ਦਾ ਨਿਤ-ਨੇਮ ਹੈ, ਮਕਸਦ ਹੈ ।

                                      ਸੁਕ੍ਰਿਤ ਕੌਰ
                                  ਦਾ ਖਾਲਸਾ ਪਰਿਵਾਰ
                                ਸ਼ਹੀਦ ਊਧਮ ਸਿੰਘ ਨਗਰ
                                       ਉਤ੍ਰਾਖੰਡ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.