ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਧਰਮ ਅਤੇ ਰਾਜਨੀਤੀ ਇਕੱਠੇ ਕਿਵੇਂ ?
ਧਰਮ ਅਤੇ ਰਾਜਨੀਤੀ ਇਕੱਠੇ ਕਿਵੇਂ ?
Page Visitors: 2547

ਧਰਮ ਅਤੇ ਰਾਜਨੀਤੀ ਇਕੱਠੇ ਕਿਵੇਂ ?
ਗੁਰਦੇਵ ਸਿੰਘ ਸੱਧੇਵਾਲੀਆ
(ਅਦਾਰਾ ਖ਼ਬਰਦਾਰ): ਸਾਨੂੰ ਹੁਣ ਤੱਕ ਇਹੀ ਪੜਾਇਆ ਜਾਂਦਾ ਹੈ ਕਿ ਸਿੱਖਾਂ ਦੇ ਧਰਮ ਅਤੇ ਰਾਜਨੀਤੀ ਇਕੱਠੇ ਹਨ। ਧਰਮ ਅਤੇ ਰਾਜਨੀਤੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਉਹ ਅਕਾਲ ਤੱਖਤ ਸਾਹਿਬ ਦੇ ਸਾਹਵੇਂ ਲੱਗੇ ਦੋ ਇਕੱਠੇ ਨਿਸ਼ਾਨ ਸਾਹਬ ਨੂੰ ਮਿਸਾਲ ਵਜੋਂ ਵਰਤਦੇ ਹਨ, ਬਿਨਾ ਇਸ ਗੱਲ ਦੀ ਤਸਦੀਕ ਕੀਤਿਆਂ ਕਿ ਉਹ ਮਹਾਰਾਜਾ ਸ਼ੇਰ ਸਿੰਘ ਨੇ ਕਿਉਂ ਲਵਾਏ ਸਨ। ਅਸੀਂ ਮੰਨ ਲੈਂਦੇ ਹਾਂ। ਮੰਨਦੇ ਆ ਰਹੇ ਹਾਂ। ਮੰਨਣ ਤੋਂ ਬਿਨਾ ਚਾਰਾ ਹੀ ਕੋਈ ਨਹੀਂ। ਪਰ ਸਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਸਾਡੀ ਰਾਜਨੀਤੀ ਕਿਹੜੀ ਹੈ, ਜਿਹੜੀ ਧਰਮ ਨਾਲੋਂ ਨਖੇੜੀ ਨਹੀਂ ਜਾ ਸਕਦੀ। ਕੀ ਰੂਪ-ਰੇਖਾ ਹੈ ਸਾਡੀ ਰਾਜਨੀਤੀ ਦੀ? ਕਿੰਝ ਦੀ ਹੈ ਸਾਡੀ ਰਾਜਨੀਤੀ ਤੇ ਕਿਉਂ ਨਹੀਂ ਧਰਮ ਨਾਲੋਂ ਅਲੱਗ ਕੀਤੀ ਜਾ ਸਕਦੀ।
ਕਿਹੜੀ ਰਾਜਨੀਤੀ ਨੂੰ ਧਰਮ ਨਾਲ ਇਕੱਠੀ ਰੱਖਣ ਬਾਰੇ ਅਸੀਂ ਸੋਚ ਰਹੇ ਹਾਂ। ਹੁਣ ਦੀ ਘੜੀ ਤਾਂ ਪੰਜਾਬ ਦੀ ਰਾਜਨੀਤੀ ਹੈ ਸਾਡੇ ਸਾਹਵੇਂ ਜਿਹੜੀ ਬਾਦਲ ਪਿਉ-ਪੁੱਤ ਕਰ ਰਹੇ ਹਨ! ਕੀ ਤੁਸੀਂ ਉਸ ਨੂੰ ਧਰਮ ਨਾਲ ਇੱਕਠੀ ਰੱਖਣਾ ਚਾਹੁੰਦੇ? ਡਰੱਗੀਆਂ ਦੀ, ਗੁੰਡਿਆਂ ਦੀ, ਕਾਤਲਾਂ ਦੀ, ਚਾਪਲੂਸਾਂ ਦੀ, ਬੇਈਮਾਨਾਂ, ਗਦਾਰਾਂ, ਟਾਊਟਾਂ ਦੀ ਰਾਜੀਨੀਤੀ? ਤੁਸੀਂ ਕੀ ਇਸ ਨੂੰ ਧਰਮ ਨਾਲੋਂ ਅਲੱਗ ਨਹੀਂ ਕਰਨਾ ਚਾਹੁੰਦੇ? ਤੁਸੀਂ ਅਜਿਹੀ ਰਾਜਨੀਤੀ ਨੂੰ ਧਰਮ ਨਾਲ ਨੱਥੀ ਰੱਖਣਾ ਚਾਹੁੰਦੇ? ਤਾਂ ਚਲੋ ਇਹ ਨਹੀਂ ਸਹੀਂ ਤਾਂ ਹੋਰ ਕਿਹੜੀ ਰਾਜਨੀਤੀ ਹੈ ਸਾਡੇ ਕੋਲੇ? ਹੋਰ ਰਾਜਨੀਤਕ ਕਿਹੜੇ ਹੈਨ ਸਿੱਖ ਕੌਮ ਕੋਲੇ ਜਿੰਨਾ ਦੀ ਰਾਜਨੀਤੀ ਨੂੰ ਧਰਮ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ?
ਜਾਂ ਕੀ ਤੁਸੀਂ ਗੁਰਦੁਆਰਿਆਂ ਦੀ ਰਾਜਨੀਤੀ ਬਾਰੇ ਕਿਤੇ ਗੱਲ ਤਾਂ ਨਹੀਂ ਕਰ ਰਹੇ? ਉਹ ਤਾਂ ਪਹਿਲਾਂ ਹੀ ਇਕੱਠੀ ਹੈ ਧਰਮ ਨਾਲ! ਉਥੇ ਤਾਂ ਪਹਿਲਾਂ ਹੀ ਕੁਝ ਅਲੱਗ ਨਹੀਂ। ਉਥੇ ਹੀ ਤੁਹਾਡਾ ਕੀਰਤਨੀਆਂ ਕੀਰਤਨ ਕਰੀ ਜਾਂਦਾ, ਭਾਈ ਅਰਦਾਸਾਂ ਕਰੀ ਜਾਂਦਾ, ਕਥਾਕਾਰ ਕਥਾ ਕਰੀ ਜਾਂਦਾ ਕਿ ਭਾਈ ਸੱਚ ਤੋਂ ਸਭ ਉਰੇ ਹੈ, ਸੱਚ ਹੀ ਜੀਵਨ ਦਾ ਅਧਾਰ ਹੈ ਤੇ ਉਥੇ ਹੀ ਸਾਰੇ ਜਹਾਨ ਦੇ ਝੂਠੇ ਰਾਜਨੀਤਕ ਅਪਣੇ ਭਾਸ਼ਣ ਝਾੜੀ ਜਾਂਦੇ? ਪ੍ਰਬੰਧਕ ਉਥੇ ਹੀ ਉਨ੍ਹਾਂ ਦੇ ਝੂਠਾਂ ਦਾ ਗੁੱਡਾ ਬੰਨੀ ਜਾਂਦੇ ਤੇ ਤੁਰਨ ਲੱਗਿਆਂ ਦੇ ਗਲ ਸਿਰੋਪਾ ਪਾ ਕੇ ਤੋਰ ਦਿੰਦੇ ਹਨ! ਨਗਰ-ਕੀਰਤਨਾ ਦੇ ਭਰਵੇਂ ਇਕੱਠਾਂ ਵਿਚ ਰਾਜਨੀਤਕਾਂ ਨੂੰ ਬੁਲਾ ਕੇ ਤੁਹਾਡੇ ਗੁਰਦੁਆਰਿਆ ਦੇ ਪ੍ਰਬੰਧਕ ਭਲਾ ਕੀ ਸਾਬਤ ਕਰਨਾ ਚਾਹੁੰਦੇ ਹੁੰਦੇ ਹਨ। ਤੁਸੀਂ ਕੀ ਇਨਾਂ ਨੂੰ ਸੁਣਨ ਜਾਂਦੇ ਹੋ? ਨਗਰ ਕੀਰਤਨ ਕੀ ਰਾਜਨੀਤਕ ਲੋਕਾਂ ਲਈ ਕੀਤੇ ਜਾਂਦੇ ਹਨ?
ਕਿਉਂ? ਕਿਉਂ ਇਸ ਝੂਠ ਨੂੰ ਸੱਚ ਦੇ ਸਾਹਵੇਂ ਸਨਮਾਨਤ ਕੀਤਾ ਜਾਂਦਾ ਹੈ। ਕਿਉਂ ਇਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਥੋਕ ਵਿਚ ਹੀ ਸਿਰੋਪੇ ਦਿੱਤੇ ਜਾਂਦੇ ਹਨ? ਆਖਰ ਕੋਈ ਕਾਰਨ ਤਾਂ ਹੋਵੇਗਾ ਹੀ। ਉਹ ਕੀ ਕਾਰਨ ਹੋ ਸਕਦੇ ਨੇ। ਚਲੋ ਅੱਜ ਇਸ ਰਾਜਨੀਤੀ ਬਾਰੇ ਥੋੜਾ ਜਾਣ ਹੀ ਲਈਏ ਕਿ ਅਸੀਂ ਕਿਉਂ ਇਸ ਨੂੰ ਧਰਮ ਨਾਲ ਨਰੜੀ ਰੱਖਣਾ ਚਾਹੁੰਦੇ।
ਪੰਜਾਬ ਦੀ ਰਾਜਨੀਤੀ ਵਿਚ ਦਿਲਚਸਪੀ ਰੱਖਣ ਵਾਲੇ ਜਾਣਦੇ ਹਨ ਕਿ ਗਿਆਨੀ ਜੈਲ ਸਿੰਘ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਅਹੁਦੇ-ਦਾਰ ਹੁੰਦਾ ਸੀ। ਉਹ ਸ਼੍ਰੋਮਣੀ ਕਮੇਟੀ ਦੀ ਧਰਮ ਦੀ ਪਉੜੀ ਵਰਤ ਕੇ ਕਾਂਗਰਸ ਦੇ ਚੁਬਾਰੇ ਜਾ ਚੜਿਆ ਜਿਥੇ ਉਹ ਇੰਦਰਾਂ ਦੀਆਂ ਚਪਲਾਂ ਝਾੜਦਾ ਰਾਸ਼ਟਰਪਤੀ ਤੱਕ ਜਾ ਪਹੁਚਿਆ ਅਤੇ ਅਖੀਰ ਰਜੀਵ-ਗਾਂਧੀ ਹੱਥੋਂ ਜਲੀਲ ਹੋ ਕੇ ਮਰ ਗਿਆ। ਪੰਜਾਬ ਦਾ ਘਾਗ ਮੁੱਖ-ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਪਹਿਲਾਂ ਸ਼੍ਰੋਮਣੀ ਕਮੇਟੀ ਵਿਚੋਂ ਹੀ ਗਿਆ ਤੇ ਧਰਮ ਵਿਚਲੀ ਰਾਜਨੀਤੀ ਨੂੰ ਵਰਤਦਿਆਂ ਕੁਰਸੀ ਤੇ ਬੈਠਾ। ਉਸ ਜੋ ਰਾਜਨੀਤੀ ਕੀਤੀ ਉਸ ਬਾਰੇ ਵਿਸਥਾਰ ਦੀ ਲੋੜ ਨਹੀਂ। ਬਲਵੰਤ ਸਿੰਘ ਰਾਮੂੰਵਾਲੀਆ ਵੀ ਅਜਿਹੀ ਹੀ ਰਾਜਨੀਤੀ ਦੀ ਦੇਣ ਹੈ। ਖੁਦ ਬਾਦਲਕੇ ਧਰਮ ਨੂੰ ਵਰਤ ਕੇ ਸਾਰੀ ਉਮਰ ਗੰਦੀ ਰਾਜਨੀਤੀ ਵਿਚ ਖਚਤ ਰਹੇ। ਗੁਰਚਰਨ ਸਿੰਘ ਟੌਹੜਾ ਨੇ ਵੀ ਵਾਹ ਪੂਰੀ ਲਾਈ ਅਤੇ ਉਸ ਦਾ ਨਿਸ਼ਾਨਾ ਵੀ ਪੰਜਾਬ ਦੀ ਰਾਜਨੀਤੀ ਸੀ ਪਰ ਉਸ ਤੋਂ ਪਉੜੀ ਚੜ ਨਹੀਂ ਹੋਈ। ‘ਸੰਤ’ ਫਤਿਹ ਸਿੰਘ ਵਰਗਿਆਂ ਕਿੱਕਰ ਸਿੰਘ ਵਰਗੇ ਅਪਣੇ ਡਰਾਈਵਰ ਹੀ ਕੁਰਸੀ ਉਪਰ ਜਾ ਬੈਠਾਏ। ਪੰਥ ਦਾ ਦਿਮਾਗ ਆਖੇ ਜਾਂਦੇ ਗਿਆਨੀ ਕਰਤਾਰ ਸਿੰਘ ਕਦੇ ਅਕਾਲੀ ਕਦੇ ਕਾਂਗਰਸੀ, ਕਦੇ ਫਿਰ ਅਕਾਲੀ, ਉਹ ਵੀ ਇੰਝ ਹੀ ਖੇਡਾਂ-ਖੇਡਦੇ ਮਰ ਗਏ ਧਰਮ ਅਤੇ ਰਾਜਨੀਤੀ ਦੀਆਂ! ਮਾਸਟਰ ਤਾਰਾ ਸਿੰਘ ਨੇ ਧਰਮ ਨੂੰ ਵਰਤ ਕੇ ਬਲਦੇਵ ਸਿੰਘ ਰਾਹੀਂ ਪੂਰੀ ਕੌਮ ਨਹਿਰੂ-ਗਾਂਧੀ ਅੱਗੇ ਲੰਮਿਆਂ ਪਾ ਦਿੱਤੀ। ਰਾਜਨੀਤਕ ਜਦ ਚਾਹੁਣ ਧਰਮ ਨੂੰ ਵਿਚ ਘਸੀਟ ਪੂਰੇ ਪੰਜਾਬ ਦੇ ਆਹੂ ਲੁਹਾ ਦਿੰਦੇ ਹਨ ਤੇ ਲੋਕਾਂ ਨੂੰ ਲਹੂ-ਲੁਹਾਨ ਛੱਡ ਅਪਣੀ ਕੁਰਸੀ ਉਪਰ ਜਾ ਬੈਠਦੇ ਹਨ। ਹੁਣ ਦੀ ਮਿਸਾਲ ਸਾਡੇ ਸਾਹਵੇਂ ਹੈ। ਬਾਦਲਕਿਆਂ ਨੂੰ ਮੁੜ ਤੋਂ ਧਾਰਾ 25 ਦੇ ਸੁਪਨੇ ਆਉਂਣ ਲੱਗੇ ਨੇ ਤੇ ਪੰਥ ਦਾ ਖਿਆਲ? ਧਰਮ ਦਾ ਵਿਚ ਲੈ-ਦੇ ਨਾ ਹੋਵੇ ਬਾਦਲਕਿਆਂ ਦੀ ਕੋਈ ਹੁਣ ਮਕਾਣ ਵੀ ਨਾ ਜਾਵੇ, ਪਰ ਭਾਈ ਸਾਡੇ ਧਰਮ ਅਤੇ ਰਾਜਨੀਤੀ ਇਕੱਠੇ ਜੂ ਹੋਏ! ਨਹੀਂ?
ਚਲੋ ਇਹ ਤਾਂ ਹੋਈਆਂ ਬੀਤੀਆਂ ਸਨ। ਅਜਿਹੀਆਂ ਹੋਰ ਵੀ ਹੋਣਗੀਆਂ। ਆਪਾਂ ਅਪਣੇ ਸ਼ਹਿਰ ਵਿਚੋਂ ਧਰਮ ਤੇ ਰਾਜਨੀਤੀ ਦੇ ਇਕੱਠ ਨੂੰ ਦੇਖਦੇ ਹਾਂ ਕਿ ਧਰਮ ਤੇ ਰਾਜਨੀਤੀ ਦਾ ਇਕੱਠ ਕੀ ਗੁੱਲ ਖਿਲਾ ਰਿਹਾ ਹੈ!
ਪਿੱਛੇ ਜਿਹੇ ਲਿਬਰਲ ਸਰਕਾਰ ਦੇ ਓਨਟਰੀਓ ਦੇ ਮੁੱਖ ਮੰਤਰੀ ਡਾਕਟਰ ਮਗਿੰਟੀ ਡਿਕਸੀ ਗੁਰਦੁਆਰੇ ਆਏ। ਉਨ੍ਹਾਂ ਨੂੰ ਸਨਮਾਨਿਆ ਗਿਆ। ਚੰਗਾ ਆਦਰ-ਭਾਅ ਕੀਤਾ ਗਿਆ। ਉਨ੍ਹਾਂ ਦੇ ਗੁੱਡੇ ਬੰਨੇ ਗਏ, ਸਿਰੋਪੇ ਦਿੱਤੇ ਗਏ ਤੇ ਹਾਲੇ ਉਹ ਗੁਰਦੁਆਰੇ ਦੀਆਂ ਪਉਂੜੀਆਂ ਹੀ ਉਤਰ ਰਹੇ ਸਨ ਕਿ ਉਸ ਸਮੇ ਦੇ ਗੁਰਦੁਆਰੇ ਦੇ ਪ੍ਰਧਾਨ ਜਸਜੀਤ ਭੁੱਲਰ ਨੇ ਲਿਲੜੀਆਂ ਕੱਢ ਕੇ ਅਪਣੀ ਕੁੜੀ ਲਈ ਜੌਬ ਲਈ ਥਾਂ ਪੱਕੀ ਕੀਤੀ? ਯਾਨੀ ਗੁਰਦੁਆਰੇ ਨੂੰ ਵਰਤਿਆ ਅਪਣੇ ਨਿਆਣਿਆਂ ਖਾਤਰ? ਉਸ ਨੂੰ ਕਹਿੰਦਾ ਮੁੱਖ ਮੰਤਰੀ ਸਾਹਬ ਆਹ ਅਪਣੀ ਗੁਡੀਆ ਹੈ ਇਸ ਲਈ ਕੋਈ ਥਾਂ? ਨਵਦੀਪ ਬੈਂਸ ਬਲਵਿੰਦਰ ਸਿੰਘ ਬੈਂਸ ਦਾ ਲੜਕਾ ਹੈ, ਜਿਸ ਦਾ ਸਿੱਧੇ ਤੌਰ 'ਤੇ ਗੁਰਦੁਆਰੇ ਵਿੱਚ ਲੰਮੇ ਸਮੇਂ ਤੋਂ ਦਖਲ ਰਿਹਾ। ਗੁਰਦੁਆਰੇ ਦੇ ਸਬੰਧਾਂ ਨੂੰ ਉਸ ਲਈ ਕੀ ਨਹੀਂ ਵਰਤਿਆ ਗਿਆ? ਸਕਾਰਬਰੋ ਦਾ ਮਿਸਟਰ ਗੁਰਵਿੰਦਰ ਰੰਧਾਵਾ ਲਿਬਰਲ ਵਲੋਂ ਅਪਾਇੰਟ ਕੀਤਾ ਹੋਇਆ ਅਹੁਦੇਦਾਰ ਹੈ। ਮਿਸਟਰ ਅਵਤਾਰ ਸਿੰਘ ਪੂਨੀਆ ਦਾ ਲੜਕਾ ਚੀਫ-ਆਫ-ਸਟਾਫ ਹੈ। ਮਾਲਟਨ ਗੁਰਦੁਆਰੇ ਨੇ ਜੇ.ਐਸ.ਗਰੇਵਾਲ ਨੂੰ ਐਂਡਰੂ-ਕੇਨੀਆਂ ਨਾਲ ਫਿੱਟ ਕੀਤਾ ਅਤੇ ਉਸ ਦੀ ਮਦਦ ਹੀ ਇਸ ਸ਼ਰਤ ਤੇ ਕੀਤੀ ਕਿ ਸਾਡੀ ਜੌਬ ਪੱਕੀ? ਯਾਨੀ ਸਾਡੇ ਗੁਰਦੁਆਰੇ ਦਾ ਧਰਮ ਤੇਰੀ ਰਾਜਨੀਤੀ ਦੀ ਮਦਦ ਇਸ ਸ਼ਰਤ 'ਤੇ ਕਰੇਗਾ? ਇਹ ਵੱਖਰੀ ਗੱਲ ਹੈ ਕਿ ਦੂਜੀ ਪਾਰਟੀ ਨੇ ਜੋਰ ਪਾ ਕੇ ਜੇ.ਐਸ.ਗਰੇਵਾਲ ਨੂੰ ਉਥੋਂ ਚਲਦਾ ਕਰ ਦਿੱਤਾ?
ਆਹ ਹੁਣ ਨਵੀਂ ਖ਼ਬਰ ਵੀ ਸੁਣਦੇ ਜਾਓ। ਡਿਕਸੀ ਗੁਰਦੁਆਰੇ ਦੇ ਕਈ ਚਿਰ ਰਹਿ ਚੁੱਕੇ ਸੈਕਟਰੀ ਅਤੇ ਹੁਣ ਤੱਕ ਉਥੇ ਦੇ ਚਲੇ ਆ ਰਹੇ ਡਾਇਰੈਕਟਰ ਮਿਸਟਰ ਹਰਬੰਸ ਸਿੰਘ ਜੰਡਾਲੀ ਦੀ ਲੜਕੀ ਅਗਲੀਆਂ ਚੋਣਾਂ ਲਈ ਤਿਆਰ ਹੈ। ਕੀ ਇਸ ਲਈ ਵੀ ਗੁਰਦੁਆਰੇ ਦੇ ਸਬੰਧਾਂ ਨੂੰ ਵਰਤਿਆ ਗਿਆ ਜਾਂ ਵਰਤਿਆ ਜਾਵੇਗਾ? ਇਹ ਕਿਹੋ ਜਿਹਾ ਧਰਮ ਚਲਾ ਰਹੇ ਨੇ ਇਹ ਲੋਕ ਕਿ ਇਨ੍ਹਾਂ ਨੂੰ ਜਾਪਦਾ ਕਿ ਅਗਲਾ ਡੰਡਾ ਹੁਣ ਨਿਆਣਿਆਂ ਨੂੰ ਰਾਜਨੀਤੀ ਦੀ ਪਉੜੀ ਚਾੜ੍ਹਨ ਦਾ ਹੈ?
ਹਰੇਕ ਚੌਧਰੀ ਦਾ ਸੁਪਨਾ ਹੈ ਐਮ.ਪੀ-ਐਮ.ਐਲ.ਏ. ਬਣਨ ਦਾ! ਜੇ ਉਹ ਆਪ ਨਹੀਂ ਬਣ ਸਕਦੇ ਤਾਂ ਨਿਆਣਿਆਂ ਅਪਣਿਆਂ ਨੂੰ ਉਤਾਰ ਦਿੰਦੇ ਹਨ। ਮਨਜੀਤ ਮਾਂਗਟ ਵਰਗੇ ਗੁਰਦੁਆਰੇ ਦੇ ਚੌਧਰੀਆਂ ਨੂੰ ਜਾਪਦਾ ਕਿ ਹੁਣ ਅਗਲਾ ਡੰਡਾ ਰਾਜਨੀਤੀ ਯਾਨੀ ਐਮ.ਪੀ ਬਣਨ ਦਾ ਹੈ ਤੇ ਉਹ ਹਰੇਕ ਚੋਣਾਂ ਵੇਲੇ ਲੰਗੋਟੇ ਕੱਸ ਲੈਂਦੇ ਹਨ। ਇਹ ਵੱਖਰੀ ਗੱਲ ਕਿ ਪਾਰਟੀ ਹਰੇਕ ਵਾਰੀ ਜਲੀਲ ਕਰਕੇ ਘਰੇ ਤੋਰ ਦਿੰਦੀ ਤੇ ਉਹ ਵਿਚਾਰਾ ਹਰੀ ਬੱਤੀ ਉਡੀਕਦਾ ਬੁੱਢਾ ਹੋ ਚਲਿਆ? ਯਾਨੀ ਗੁਰਦੁਆਰੇ ਨੂੰ ਵਰਤੋਂ ਤੇ ਰਾਜਨੀਤੀ ਦੀਆਂ ਪਉੜੀਆਂ ਚੜੋ? ਗੁਰਦੁਆਰੇ ਕੀ ਇਸੇ ਖਾਤਰ ਹਨ? ਗੁਰਦੁਆਰਿਆਂ ਦੀ ਚੌਧਰ ਕੀ ਇਸ ਕਾਰਨ ਨਹੀਂ ਛੱਡਦੇ ਇਹ ਲੋਕ? ਧੂਹ ਕੇ ਲਾਹਿਆਂ ਵੀ ਨਹੀਂ ਲੱਥਦੇ? ਜਿੰਨਾ ਦੇ ਨਿਆਣੇ ਜਾਂ ਖੁਦ ਨਹੀਂ ਹਨ ਰਾਜਨੀਤੀ ਵਿਚ, ਉਹ ਕਿਸੇ ਨਾ ਕਿਸੇ ਰਾਜਨੀਤਕ ਨੂੰ ਸਿਰੋਪੇ ਦੇਣੇ ਜਾਂ ਉਨ੍ਹਾਂ ਨਾਲ ਰਾਬਤਾ ਰੱਖਣਾ ਅਪਣਾ ਧਰਮ ਸਮਝਦੇ ਹਨ!
ਅਸੀਂ ਨਹੀਂ ਕਹਿੰਦੇ ਕਿਸੇ ਰਾਜਨੀਤਕ ਨਾਲ ਸਿੱਖ ਦੇ ਸਬੰਧ ਹੋਣ ਹੀ ਨਾ। ਨਾ ਰਾਜਨੀਤਕਾਂ ਨਾਲ ਸਾਨੂੰ ਚਿੜ ਹੈ, ਪਰ ਗੁਰਦੁਆਰਿਆਂ ਨੂੰ ਇਸ ਲਈ ਕਿਉਂ ਵਰਤਿਆ ਜਾ ਰਿਹੈ? ਲੋਕ ਕਥਾ-ਕੀਰਤਨ ਗੁਰਬਾਣੀ ਸੁਣਨ ਜਾਂਦੇ, ਪਰ ਉਥੇ ਰਾਜਨੀਤਕਾਂ ਨੂੰ ਸਟੇਜਾਂ ਤੇ ਬੁਲਾ ਉਨ੍ਹਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਅਤੇ ਮੁੜ ਅਪਣੇ ਨਿੱਜੀ ਮੁਫਾਦਾਂ ਲਈ ਵਰਤਿਆ ਜਾਂਦਾ! ਨਹੀਂ ਵਰਤਿਆ ਜਾਂਦਾ? ਇਥੇ ਤੱਕ ਕਿ ਅਪਣੇ ਵਪਾਰ ਲਈ ਵੀ ਗੁਰਦੁਆਰੇ ਦੀ ਸਟੇਜ ਨੂੰ ਵਰਤਿਆ ਜਾਂਦਾ।
ਬਹੁਤੇ ‘ਧਾਰਮਿਕ’ ਸਮਝੇ ਜਾਂਦੇ ਅਤੇ ਮੰਗਲ ਸ਼ੁਕਰਵਾਰ ਅੱਖਾਂ ਮੀਚੀ ਸਿਮਰਨ ਕਰਾਉਂਣ ਵਾਲੇ ਮਿਸਟਰ ਗਿੱਲ ਹੁਰਾਂ ਅਪਣੇ ਲੜਕੇ ਦੇ ਵੱਡੇ ਬੌਸ ਨੂੰ ਗੁਰਦੁਆਰੇ ਦੀ ਸਟੇਜ ਤੋਂ ‘ਇੰਟਰੋਡਿਊਸ’ ਕਰਵਾਇਆ। ਉਹ ਐਕਸੀਡੈਂਟਾਂ ਦੇ ਕੇਸ ਨਜਿੱਠਣ ਵਾਲੀ ਇੱਕ ਤਗੜੀ ‘ਫਰਮ’ ਹੈ ਅਤੇ ਮਿਸਟਰ ਗਿੱਲ ਹੁਰਾਂ ਦਾ ਲੜਕਾ ਤਲਵਿੰਦਰ ਉਥੇ ਪੰਜਾਬੀਆਂ ਦੇ ਕੇਸ ਲਿਆਉਂਣ ਲਈ ਕੜੀ ਹੈ। ਆਪਣੇ ਲੜਕੇ ਦੇ ਬੌਸ ਉਪਰ ਪ੍ਰਭਾਵ ਦੇਣ ਲਈ ਜਾਂ ਗੁਰਦੁਆਰੇ ਤੋਂ ਆਪਣੇ ਗਾਹਕ ਲਿਜਾਣ ਲਈ ਗੁਰਦੁਆਰੇ ਦੀ ਸਟੇਜ ਨੂੰ ਇਸਤੇਮਾਲ ਕੀਤਾ ਗਿਆ? ਇਹ ਕੀ ਹੈ। ਆਪਣੇ ਵਪਾਰਾਂ ਲਈ ਕੀ ਗੁਰੁਦਆਰਾ ਹੀ ਲੱਭਾ ਸਾਨੂੰ?
ਅਜਿਹੀ ਹੀ ਹੈ ਨਾ ਸਾਡੀ ਰਾਜਨੀਤੀ ਜਿਹੜੀ ਅਸੀਂ ਧਰਮ ਨਾਲ ਨੱਥੀ ਰੱਖਣਾ ਚਾਹੁੰਦੇ? ਅਜਿਹੀ ਰਾਜਨੀਤੀ ਦਾ ਧਰਮ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ। ਕੀ ਸਬੰਧ ਹੈ ਇਸ ਰਾਜਨੀਤੀ ਦਾ ਧਰਮ ਨਾਲ? ਇਨ੍ਹਾਂ ਦੀ ਨਿਭੱਦੀ ਹੀ ਨਹੀਂ ਇੱਕ ਦੂਜੇ ਨਾਲ। ਮੇਲ ਹੀ ਕੋਈ ਨਹੀਂ ਇਨ੍ਹਾਂ ਦਾ ਆਪਸ ਵਿਚ। ਇੱਕ ਨਿਰੋਲ ਸੱਚ ਦੀ ਗੱਲ ਆਖਦਾ ਦੂਜਾ ਕਈ ਘਾਲੇ ਮਾਲੇ ਕਰਕੇ ਕੁਰਸੀ ਤੱਕ ਉਪੜਦਾ, ਦੱਸੋ ਕੀ ਮੇਲ ਹੈ? ਨਰੜ ਹੈ, ਇਹ ਤਾਂ। ਫਿਰ ਇਨ੍ਹਾਂ ਦਾ ਕੋਈ ਤਲਾਕ ਕਿਉਂ ਨਹੀਂ ਕਰ ਦਿੰਦਾ!ਮੇਲ ਹੀ ਕੋਈ ਨਹੀਂ ਜਦ ਤਾਂ ਕਲੇਸ਼ ਨਾਲੋਂ ਤਲਾਕ ਨਹੀਂ ਚੰਗਾ?
ਪਰ ਇਹ ਧਰਮ ਅਤੇ ਰਾਜਨੀਤੀ ਕਦੇ ਅਲਹਿਦਾ ਨਹੀਂ ਹੋਣਗੇ। ਇਹ ਇੰਝ ਹੀ ਨਰੜੇ ਮਰ ਜਾਣਗੇ। ਨਾ ਤੁਹਾਡੀ ਰਾਜਨੀਤੀ ਰਹੇਗੀ, ਨਾ ਧਰਮ। ਅਜਿਹੇ ਸਵਾਰਥ ਦੇ ਦੌਰ ਵਿਚ ਰਾਜਨੀਤੀ ਨੂੰ ਧਰਮ ਨਾਲ ਰਲਗੱਡ ਕਰਨਾ ਖਤਰੇ ਤੋਂ ਖਾਲੀ ਨਹੀਂ। ਅਜਿਹੇ ਭਿਆਵਲੇ ਸਮੇਂ ਵਿਚ ਦੋਵਾਂ ਨੂੰ ਧੱਕੇ ਨਾਲ ਨੱਥੀ ਕਰੀ ਰੱਖਣਾ, ਪੂਰੀ ਕੌਮ ਲਈ ਅੱਤ ਘਾਤਕ ਹੈ। ਧਰਮ ਵਿਚ ਰਾਜਨੀਤੀ ਦਾ ਕੋਈ ਕੰਮ ਨਹੀਂ। ਧਾਰਮਿਕ ਅਸਥਾਨਾਂ ਉਪਰ ਰਾਜਨੀਤਕਾਂ ਦਾ ਮੱਤਲਬ ਹੀ ਕੋਈ ਨਹੀਂ।ਰਾਜਨੀਤੀ ਜਦ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ, ਤਾਂ ਧਰਮ ਨੂੰ ਕਿਉਂ ਭ੍ਰਸ਼ਟ ਕੀਤਾ ਜਾ ਰਿਹੈ ਇਸ ਝੂਠ ਨਾਲ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.