ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਪਮਾਨਤ ਢੰਗ ਨਾਲ ਅਹੁੱਦੇ ਤੋਂ ਲਾਹ ਕੇ ਕੋਈ ਹੋਰ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਪੰਥਕ ਧਿਰਾਂ ਉਸ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੀਆਂ।
"ਕਿਰਪਾਲ ਸਿੰਘ ਬਠਿੰਡਾ" kirpalsinghbathinda@gmail.com
ਕਾਰਜਕਾਰਨੀ ਕਮੇਟੀ ਦੀ 17 ਜਨਵਰੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਵੇਖਣ ਤੋਂ ਬਾਅਦ ਪੰਥਕ ਜਥੇਬੰਦੀਆਂ ਸਾਂਝੇ ਤੌਰ ’ਤੇ ਵੱਡਾ ਇਕੱਠ ਕਰਨਗੀਆਂ ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ: ਪੰਥਕ ਜਥੇਬੰਦੀਆਂ
ਤਲਵੰਡੀ ਸਾਬੋ, 15 ਜਨਵਰੀ ( ………………… ): ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਕਾਰਜਕਾਰਨੀ ਕਮੇਟੀ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਕਰ ਸੱਚ ’ਤੇ ਪਹਿਰਾ ਦੇਣ ਵਾਲੇ ਅਤੇ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਬਚਾਉਣ ਲਈ ਅਵਾਜ਼ ਬੁਲੰਦ ਕਰ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਪਮਾਨਤ ਢੰਗ ਨਾਲ ਅਹੁੱਦੇ ਤੋਂ ਲਾਹ ਕੇ ਕੋਈ ਹੋਰ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਪੰਥਕ ਧਿਰਾਂ ਉਸ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੀਆਂ।
ਮੀਟਿੰਗ ਵਿੱਚ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਪੰਥਕ ਤਾਲਮੇਲ ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਜਗਤਾਰ ਸਿੰਘ ਜਾਚਕ ਸਾਬਕਾ ਗ੍ਰੰਥੀ ਦਰਬਾਰ ਸਾਹਿਬ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਭਾਈ ਕਿਰਪਾਲ ਸਿੰਘ, ਅਦਾਰਾ ਪਹਿਰੇਦਾਰ ਵੱਲੋਂ ਘੁਣਤਰੀ ਜਗਸੀਰ ਸਿੰਘ ਸੰਧੂ, ਉਘੇ ਸਿੱਖ ਚਿੰਤਕ ਤੇ ਲੇਖਕ ਗੁਰਿੰਦਰਪਾਲ ਸਿੰਘ ਧਨੌਲਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਤੇ ਪ੍ਰੋ: ਗੁਰਜੰਟ ਸਿੰਘ ਰੂਪੋਵਾਲੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਭਾਈ ਹਰਜੀਤ ਸਿਘ ਸੰਪਾਦਕ ਸਿੱਖ ਫੁਲਵਾੜੀ, ਸੁਰਜੀਤ ਸਿੰਘ,ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਦੇ ਪੰਚਾਇਤ ਮੈਂਬਰ ਭਾਈ ਸੁਖਦੇਵ ਸਿੰਘ ਐੱਸਐੱਮ ਬੈਟਰੀਜ਼ ਤੇ ਪਰਮਜੀਤ ਸਿੰਘ ਗੋਨਿਆਣਾ, ਅਖੰਡ ਕੀਰਤਨੀ ਜਥਿਆਂ ਦੇ ਨੁੰਮਾਇੰਦੇ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਉਪ ਪ੍ਰਧਾਨ ਧਿਆਨ ਸਿੰਘ ਮੰਡ, ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਭਾਈ ਦਲਜੀਤ ਸਿੰਘ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੰਸਥਾ ਯੂ.ਐੱਸ.ਏ., ਅਕਾਲ ਬੁੰਗਾ ਮਸਤੂਆਣਾ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਸਤਿਨਾਮ ਸਿੰਘ ਚੰਦੜ, ਕਥਾਵਾਚਕ ਜਸਵੰਤ ਸਿੰਘ ਮੌਰਜੰਡ (ਰਾਜਸਥਾਨ) ਏਕਸ ਕੇ ਬਾਰਕ ਜਥੇਬੰਦੀ ਬਠਿੰਡਾ ਇਕਾਈ ਦੇ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ, ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ, ਏਕਨੂਰ ਖ਼ਾਲਸਾ ਫੌਜ ਦੇ ਭਾਈ ਬਲਜਿੰਦਰ ਸਿੰਘ, ਭਾਈ ਬਲਜੀਤ ਸਿੰਘ ਗੰਗਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਵਿੰਦਰ ਸਿੰਘ, ਅਕਾਲ ਬੁੰਗਾ ਮਸਤੂਆਣਾ ਬਾਬਾ ਅਨੂਪ ਸਿੰਘ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਕੇਸ ਸੰਭਾਲ ਸੰਸਥਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸਰਬ ਸੰਸਾਰ ਸਿੱਖ ਸੰਗਠਨ, ਇੰਸਟੀਚੀਊਟ ਆਫ ਸਿੱਖ ਸਟੱਡੀ, ਸ਼ੁਭ ਕਰਮਨ ਸੇਵਾ ਸੁਸਾਇਟੀ, ਭਾਈ ਘੱਨਈਆ ਸੇਵਾ ਸੁਸਾਇਟੀ, ਗੁਰਮਤਿ ਪ੍ਰਚਾਰ ਟ੍ਰਸਟ, ਅਕਾਲ ਪੁਰਖ ਕੀ ਫੌਜ, ਸਿੱਖ ਵਿਰਸਾ ਫਾਉਡੈਸ਼ਨ, ਗੁਰਸਿੱਖ ਫੈਮਲੀ ਕਲੱਬ, ਭਾਈ ਘੱਨਈਆ ਸੇਵਾ ਮਿਸ਼ਨ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਗੁਰਮਤਿ ਪ੍ਰਚਾਰ ਸਭਾ, ਦਸਤਾਰ ਫੈੱਡਰੇਸ਼ਨ ਆਫ ਇੰਡੀਆ, ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲਾ, ਚੜ੍ਹਦੀ ਕਲਾ ਸਮਾਜ ਸੇਵੀ ਲਹਿਰ (ਗੁਰੂਸਰ ਮਹਿਰਾਜ), ਸ਼੍ਰੋਮਣੀ ਅਕਾਲੀ ਦਲ (1920) ਜਿਲ੍ਹਾ ਬਠਿੰਡਾ ਪ੍ਰਧਾਨ ਸੁਰਜੀਤ ਸਿੰਘ ਨੰਦਗੜ੍ਹ, ਹਰਪਾਲ ਸਿੰਘ ਮਿੱਠੂ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਠਿੰਡਾ, ਲੰਗਰ ਚਲੇ ਗੁਰਸ਼ਬਦ ਸੰਸਥਾ, ਸ਼੍ਰੋਮਣੀ ਦਸਤਾਰ ਫੈੱਡਰੇਸ਼ਨਆਫ ਇੰਡੀਆ, ਸਮੇਤ 50 ਤੋਂ ਵੱਧ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਸਨ।
ਉਘੇ ਸਿੱਖ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉਦੋਕੇ, ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲੇ ਅਤੇ ਬਾਬਾ ਰਣਜੀਤ ਸਿੰਘ ਢੱਢਰੀਆਂ ਵਾਲੇ ਆਪਣੇ ਜਰੂਰੀ ਰੁਝੇਵਿਆਂ ਕਾਰਣ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਫੋਨ ਰਾਹੀਂ ਸੂਚਿਤ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਲੲੈ ਫੈਸਲਿਆਂ ਨੂੰ ਪੂਰਾ ਪੂਰਾ ਸਮਰਥਨ ਦੇਣਗੇ। ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਨੁੰਮਾਇੰਦੇ ਭੇਜ ਕੇ ਵਿਸ਼ਵਾਸ਼ ਦਿਵਾਇਆ ਕਿ ਉਹ ਨਾਨਕਸ਼ਾਹੀ ਕੈਲੰਡਰ, ਧਾਰਾ 25 ਦੀ ਸੋਧ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਲਏ ਗਏ ਹਰ ਫੈਸਲੇ ਦਾ ਪੂਰਾ ਸਮਰਥਨ ਕਰਨਗੇ। ਮਹਿਲ ਸਿੰਘ ਢੱਢਰੀਆਂ ਅਤੇ ਮਹਿੰਦਰ ਸਿੰਘ ਧਨੌਲਾ ਜਿਹੜੇ ਪਹਿਲਾਂ ਸਿੱਖ ਸਟੂਡੈਂਟ ਫੈੱਡਰੇਸ਼ਨ ਨਾਲ ਜੁੜੇ ਹੋਏ ਸਨ ਉਨ੍ਹਾਂ ਨੇ ਮੀਟਿੰਗ ਵਿੱਚ ਪਹੁੰਚ ਕੇ ਵਿਸ਼ਵਾਸ਼ ਦਿਵਾਇਆ ਕਿ ਉਹ ਉਕਤ ਪੰਥਕ ਮੁੱਦਿਆਂ ’ਤੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਕੰਮ ਕਰਨਗੇ।
ਸਾਰੇ ਹੀ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ’ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਅਪਮਾਨਤ ਢੰਗ ਨਾਲ ਲਾਹੁਣ ਦੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੀਤੀ ਨੇ ਸਤਿਕਾਰਤ ਜਥੇਦਾਰਾਂ ਦੀ ਸਥਿਤੀ ਦਿਹਾੜੀਦਾਰ ਮਜਦੂਰਾਂ ਵਰਗੀ ਬਣਾ ਦਿੱਤੀ ਹੈ ਜਿਸ ਕਾਰਣ ਉਹ ਕੋਈ ਵੀ ਪੰਥਕ ਫੈਸਲਾ ਗੁਰੂ ਜੁਗਤੀ ਅਨੁਸਾਰ ਕਰਨ ਤੋਂ ਅਸਮਰਥ ਹਨ।
ਹੁਣ ਤੱਕ ਹੋਏ ਜਥੇਦਾਰਾਂ ’ਚੋਂ ਇੱਕੋ ਇੱਕ ਜਥੇਦਾਰ ਨੰਦਗੜ੍ਹ ਜੀ ਹੀ ਐਸੇ ਜਥੇਦਾਰ ਹਨ ਜਿਨ੍ਹਾਂ ਨੇ ਜਿਥੇ ਪੰਥਕ ਹਿੱਤਾਂ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਬਚਾਉਣ ਲਈ ਸਹੀ ਅਤੇ ਦ੍ਰਿੜ ਸਟੈਂਡ ਲਿਆ ਹੈ ਉਥੇ ਸਤਾਧਾਰੀ ਪਾਰਟੀ ਦੇ ਕਿਸੇ ਵੀ ਦਬਾਉ ਅੱਗੇ ਝੁਕ ਕੇ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਮਿਟਾਉਣ ਵਾਲੇ ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਹੈ। ਜਥੇਦਾਰ ਨੰਦਗੜ੍ਹ ਜੀ ਦੇ ਇਸ ਸਟੈਂਡ ਦੀ ਸ਼ਾਲਘਾ ਕੀਤੀ ਗਈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡ ਦੇ ਮਾਮਲੇ ’ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਇਤਿਹਾਸ ਦੀ ਰਾਖੀ ਲਈ ਮੂਲ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਹੈ ਪ੍ਰਤੀ ਸਹੀ ਜਾਣਕਾਰੀ ਦੇਣ ਲਈ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਹੋਰ ਕਿਹਾ ਕਿ ਇਸ ਸਮੇਂ ਸੁਪ੍ਰੀਮ ਕੋਰਟ ਵਿੱਚ ਕੇਸ ਚਲਦਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਮਾਨਤਾ ਵੀ ਹਾਸਲ ਨਹੀਂ ਹੈ ਅਤੇ ਸਿਰਫ ਰੋਜ਼ਮਰ੍ਹਾ ਦੇ ਕੰਮ ਕਾਰ ਚਲਾਉਣ ਲਈ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਕਾਰਜਕਾਰਨੀ ਕਮੇਟੀ ਦੇ ਕੇਵਲ 15 ਮੈਂਬਰਾਂ ਨੂੰ ਆਰਜੀ ਪ੍ਰਵਾਨਗੀ ਮਿਲੀ ਹੋਈ ਹੈ; ਇਸ ਕਾਰਨ ਕਾਨੂੰਨੀ ਤੌਰ ’ਤੇ ਵੀ ਇਹ ਕਾਰਜਕਾਰਨੀ ਕਮੇਟੀ ਕਿਸੇ ਤਖ਼ਤ ਦੇ ਜਥੇਦਾਰ ਨੂੰ ਹਟਾਉਣ ਜਾਂ ਨਿਯੁਕਤ ਕਰਨ ਵਰਗੇ ਪੰਥਕ ਅਹਿਮਤੀ ਵਾਲੇ ਕਾਰਜ ਕਰਨ ਦਾ ਅਧਿਕਾਰ ਨਹੀਂ ਰਖਦੀ।
ਏਕਨੂਰ ਖ਼ਾਲਸਾ ਫੌਜ ਦੇ ਬਲਜਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਤਿਕਾਰਤ ਜਥੇਦਾਰ ਗਿਆਨੀ ਨੰਦਗੜ੍ਹ ਦੇ ਪ੍ਰਤੀ ਜਥੇਦਾਰੀ ਦੀ ਮਾਣ ਮਰਿਆਦਾ ਅਤੇ ਪੰਥ ਵਿਰੋਧੀ ਸਰਗਰਮੀਆਂ ਵਿੱਢੀਆਂ ਹੋਈਆਂ ਹਨ, ਸਿੱਖ ਸੰਗਤਾਂ ਵੱਲੋਂ ਉਨ੍ਹਾਂ ਮੈਂਬਰਾਂ ਦਾ ਘਿਰਾਉ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਉਸਾਰੂ ਰੋਲ ਨਿਭਾਇਆ ਜਾ ਰਿਹਾ ਹੈ ਸਿੱਖ ਸੰਗਤਾਂ ਵੱਲੋਂ ਸਨਮਾਨ ਕੀਤਾ ਜਾਵੇਗਾ। ਜਥੇਦਾਰ ਨੰਦਗੜ੍ਹ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਰਐੱਸਐੱਸ ਦੇ ਏਜੰਟ ਕਹਿਣ ਵਾਲੇ ਬਿਆਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤਾਂ ਬਘਿਆੜ ਵੱਲੋਂ ਲੇਲੇ ਨੂੰ ਖਾਣ ਲਈ ਘੜੇ ਗਏ ਬਹਾਨੇ ਦੇ ਤੁਲ ਹੀ ਹੈ ਪਰ ਅਸਲ ਕਾਰਣ ਜਥੇਦਾਰ ਨੰਦਗੜ੍ਹ ਵੱਲੋਂ ਬਿਕ੍ਰਮੀ ਕੈਲੰਡਰ ਨੂੰ ਮੁੜ ਤੋਂ ਲਾਗੂ ਕਰਨ ਵਾਲੇ ਦਸਤਾਵੇਜਾਂ ’ਤੇ ਦਸਖ਼ਤ ਕਰਨ ਤੋਂ ਨਾਂਹ ਕਰਨਾ ਹੀ।
ਇਸ ਬਹਾਨੇ ਦੀ ਪੋਲ 16 ਦਸੰਬਰ ਨੂੰ ਪਹਿਲਾਂ ਹੀ ਖੁਲ੍ਹ ਚੁੱਕੀ ਹੈ ਜਦੋਂ ਸਵੇਰੇ ਪੰਜਾਬ ਸਰਕਾਰ ਦੇ ਏਲਚੀ ਜਥੇਦਾਰ ਸਾਹਿਬ ਤੋਂ ਅਸਤੀਫਾ ਲੈਣ ਆਏ ਪਰ ਉਨ੍ਹਾਂ ਵੱਲੋਂ ਨਾਂਹ ਕੀਤੇ ਜਾਣ ਤੋਂ ਬਾਅਦ ਉਸੇ ਦਿਨ ਦੁਪਹਿਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਥੇਦਾਰ ਨੂੰ ਦਿੱਤੀ ਸਕਿਉਰਟੀ ਵਾਪਸ ਲੈ ਲਈ ਗਈ ਸੀ। ਜਦੋਂ ਉਨ੍ਹਾਂ ਅਜਿਹੇ ਦਬਾਉ ਹੇਠ ਝੁਕ ਕੇ ਅਸਤੀਫਾ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਤਾਂ ਆਖਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਰਐੱਸਐੱਸ ਦੇ ਏਜੰਟ ਕਹੇ ਜਾਣ ਦਾ ਬਹਾਨਾ ਲੱਭ ਲਿਆ।
ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਸੰਮਤ 546 (2014-15) ਦਾ ਛਾਪਿਆ ਕੈਲੰਡਰ ਵਿਖਾਉਂਦੇ ਹੋਏ ਬਾਬਾ ਹਰਦੀਪ ਸਿੰਘ ਗੁਰਸਰ ਮਹਿਰਾਜ ਕਿਹਾ ਕਿ ਇਸ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 28 ਦਸੰਬਰ ਅੰਕਿਤ ਕੀਤਾ ਹੋਇਆ ਹੈ। ਇਹ ਦੋਵੇਂ ਦਿਨ ਨੇੜੇ ਨੇੜੇ ਹੋਣ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਬੇਨਤੀ ’ਤੇ ਪੰਜ ਸਿੰਘ ਸਾਹਿਬਾਨ ਨੇ ਪ੍ਰਕਾਸ਼ ਗੁਰਪੁਰਬ 7 ਜਨਵਰੀ ਨੂੰ ਮਨਾਉਣ ਦੀ ਹਦਾਇਤ ਕਰ ਦਿੱਤੀ। ਪਰ ਕਿਸੇ ਦੇ ਦਬਾਅ ਹੇਠ ਅਗਲੇ ਹੀ ਦਿਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਤੌਰ ’ਤੇ ਇਕੱਲੇ ਨੇ ਹੀ ਪ੍ਰਕਾਸ਼ ਗੁਰਪੁਰਬ 28 ਦਸੰਬਰ ਨੂੰ ਮਨਾਉਣ ਲਈ ਹਿਦਾਇਤ ਕਰ ਦਿੱਤੀ। ਸ਼੍ਰੋਮਣੀ ਕਮੇਟੀ ਨੇ ਨਾ ਹੀ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਵੇਖੀਆਂ, ਨਾ ਹੀ ਆਪਣੇ ਵੱਲੋਂ ਸੋਧੇ ਕੈਲੰਡਰ ਦੀਆਂ ਤਰੀਖਾਂ ਵੇਖੀਆਂ ਪਰ ਆਪਣੇ ਆਕਾ ਦੀ ਖੁਸ਼ੀ ਹਾਸਲ ਕਰਨ ਅਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਸ਼ਹੀਦੀ ਦਿਹਾੜਾ 26 ਦਸੰਬਰ ਦੀ ਥਾਂ 28 ਦਸੰਬਰ ਨੂੰ ਮਨਾਇਆ ਅਤੇ ਉਸੇ ਹੀ ਦਿਨ ਗੁਰਪੁਰਬ ਮਨਾਇਆ ਗਿਆ। ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਖ਼ੁਦ ਆਪਣੇ ਕੈਲੰਡਰ ਨੂੰ ਆਪ ਨਹੀਂ ਮੰਨਦੀ ਤਾਂ ਉਹ ਹੋਰ ਕਿਸੇ ਵਿਰੁੱਧ ਕਾਰਵਾਈ ਕਰਨ ਦਾ ਕੀ ਅਧਿਕਾਰ ਰਖਦੀ ਹੈ?
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਬਾਦਲ ਦਲ ਅਤੇ ਸੰਤ ਸਮਾਜ ਦੇ ਆਗੂ ਜਿੱਥੇ ਨਾਨਕਸ਼ਾਹੀ ਕੈਲੰਡਰ ਦਾ ਖਾਤਮਾ ਕਰਕੇ ਬਿਪ੍ਰਵਾਦੀ ਬਿਕ੍ਰਮੀ ਕੈਲੰਡਰ ਸਿੱਖ ਕੌਮ ਦੇ ਸਿਰ ਮੜ੍ਹਨ ’ਤੇ ਤੁਲੇ ਹੋਏ ਹਨ ਉਥੇ 25-25 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਦੀ ਰਿਹਾਈ ਅਤੇ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਕਰਵਾਉਣ ਵਰਗੇ ਅਹਿਮ ਮੁੱਦਿਆਂ ਨੂੰ ਵੀ ਲੱਗੇ ਮੋਰਚਿਆਂ ਨੂੰ ਤਾਰਪੀਡੋ ਕਰਕੇ ਖਟਾਈ ਵਿੱਚ ਪਾ ਕੇ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਨਿਭਾ ਰਹੇ ਹਨ। ਉਨ੍ਹਾਂ ਕਿਹਾ 2013 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੂੰ ਗੁੰਮਰਾਹ ਕਰਕੇ ਉਸ ਦੀ ਗੁਰੂ ਅੱਗੇ ਕੀਤੀ ਅਰਦਾਸ ਤੁੜਵਾਈ ਅਤੇ ਸੰਤ ਸਮਾਜ ਨੇ ਐਨ ਭਖਦੇ ਮੋਰਚੇ ਦੌਰਾਨ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਮੰਗ ਉਠਾ ਕੇ ਮੋਰਚੇ ਨੂੰ ਖਤਮ ਕਰਵਾਇਆ ਅਤੇ ਬਿਲਕੁਲ ਉਹੀ ਰੋਲ ਇਸ ਬਾਰ ਨਿਭਾ ਰਹੇ ਹਨ। ਉਨ੍ਹਾਂ ਕਿਹਾ ਸਿਆਸੀ-ਸੰਤ ਸਮਾਜ ਗੱਠਜੋੜ ਤੋਂ ਸਿੱਖਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਸ: ਝੀਂਡਾ ਨੇ ਕਿਹਾ ਅਕਾਲੀ-ਭਾਜਪਾ ਗੱਠਜੋੜ ’ਤੇ ਦਬਾਉ ਬਣਾਉਣ ਲਈ ਦਿੱਲੀ ਦੀਆਂ ਚੋਣਾਂ ਵਿੱਚ ਸਿੱਖ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ। ਇਸੇ ਤਰ੍ਹਾਂ ਪੰਜਾਬ ਵਿੱਚ ਜੇ ਅਕਾਲੀ-ਭਾਜਪਾ ਇਕੱਠੇ ਚੋਣਾਂ ਲੜਦੇ ਹਨ ਤਾਂ ਸਿੱਖ ਆਮ ਆਦਮੀ ਦਾ ਸਾਥ ਦੇਣ ਅਤੇ ਜੇ ਉਹ ਵੱਖੋ ਵੱਖੋ ਲੜਦੇ ਹਨ ਤਾਂ ਪੰਥਕ ਜਥੇਬੰਦੀਆਂ ਵੀ ਸਾਂਝੇ ਤੌਰ ’ਤੇ ਅਕਾਲੀ-ਭਾਜਪਾ ਦੇ ਵਿਰੋਧ ਵਿੱਚ ਵੱਖਰੇ ਤੌਰ ’ਤੇ ਚੋਣਾਂ ਲੜਨ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਾਰਜਕਾਰਨੀ ਕਮੇਟੀ ਦੀ 17 ਜਨਵਰੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਵੇਖਣ ਤੋਂ ਬਾਅਦ ਪੰਥਕ ਜਥੇਬੰਦੀਆਂ ਸਾਂਝੇ ਤੌਰ ’ਤੇ ਵੱਡਾ ਇਕੱਠ ਕਰਨਗੀਆਂ ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਕਿਰਪਾਲ ਸਿੰਘ ਬਠਿੰਡਾ
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਪਮਾਨਤ ਢੰਗ ਨਾਲ ਅਹੁੱਦੇ ਤੋਂ ਲਾਹ ਕੇ ਕੋਈ ਹੋਰ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਪੰਥਕ ਧਿਰਾਂ ਉਸ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੀਆਂ।
Page Visitors: 2629