ਬੀਤਦਾ ਸਮਾ, ਸਾਡੇ ਸੰਘਰਸ਼ ਅਤੇ ਸਾਡੀ ਦਸ਼ਾ !
ਸਮਾ ਬੀਤਦਾ ਜਾ ਰਿਹਾ ਹੈ, ਇਸ ਨੇ ਬੀਤਦੇ ਹੀ ਰਹਿਣਾ ਹੈ, ਨਾ ਕੋਈ ਇਸ ਨੂੰ ਰੋਕ ਸਕਿਆ ਹੈ , ਨਾ ਕੋਈ ਇਸ ਨੂੰ ਰੋਕ ਸਕਦਾ ਹੈ । ਜਿਹੜੇ ਸਮੇ ਦੀ ਕੀਮਤ ਜਾਣਦੇ ਹਨ ਉਹ ਸੰਘਰਸ਼ ਕਰਦੇ ਹਨ, ਜੋ ਸੰਘਰਸ਼ ਕਰਦੇ ਹਨ, ਉਨ੍ਹਾਂ ਦੀਆਂ ਕੁਝ ਪ੍ਰਾਪਤੀਆਂ ਵੀ ਹੁੰਦੀਆਂ ਹਨ । ਕੀ ਸਾਨੂੰ ਸਮੇ ਦੀ ਕੁਝ ਕਦਰ ਹੈ ?
ਵੈਸੇ ਤਾਂ ਸੰਘਰਸ਼ ਸਾਰੇ ਹੀ ਕਰਦੇ ਹਨ, ਹਰ ਕਿਸੇ ਦਾ ਆਪਣਾ ਕੁਝ ਮੰਤਵ ਹੁੰਦਾ ਹੈ, ਜਿਸ ਲਈ ਉਹ ਸੰਘਰਸ਼ ਕਰਦਾ ਹੈ । ਸਿੱਖਾਂ ਵਿਚ ਵੀ ਦੋ ਸੰਘਰਸ਼ ਚਲਦੇ ਸਨ, ਜਿਨ੍ਹਾਂ ਵਿਚੋਂ ਇਕ ਤਾਂ ਖਤਮ ਹੋ ਗਿਆ ਹੈ, ਪਹਿਲਾਂ ਇਸ ਬਾਰੇ ਹੀ ਥੋੜਾ ਜ਼ਿਕਰ ਕਰ ਲੈਣਾ ਚੰਗਾ ਹੈ । ਇਹ ਸੰਘਰਸ਼ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਵਲੋਂ ਸੀ, ਜਿਸ ਦਾ ਮਕਸਦ ਉਨ੍ਹਾਂ ਸਿੰਘਾਂ ਦੀ ਰਹਾਈ ਕਰਾਉਣਾ ਦੱਸਿਆ ਜਾਂਦਾ ਹੈ, ਜਿਨ੍ਹਾਂ ਦੀ ਸਜ਼ਾ ਦੀ ਮਿਆਦ ਪੁੱਗ ਚੁੱਕੀ ਹੈ । ਉਨ੍ਹਾਂ ਨੇ ਇਸ ਸੰਘਰਸ਼ ਨੂੰ ਪਹਿਲਾਂ ਵੀ ਇਕ ਵਾਰ ਵਿਢਿਆ ਸੀ, ਪਰ ਕੁਝ ਕਾਰਨਾ ਕਰ ਕੇ ਉਨ੍ਹਾਂ ਨੁੰ ਉਹ ਸੰਘਰਸ਼ ਵਿਚੋਂ ਹੀ ਛੱਡਣਾ ਪਿਆ ਸੀ । ਇਸ ਵਾਰ ਵੀ ਇਹ ਸੰਘਰਸ਼ ਵਿਚੇ ਹੀ ਰਹਿ ਗਿਆ ਹੈ । ਦੇਸ਼ਾਂ-ਵਿਦੇਸ਼ਾਂ ਵਿਚੋਂ ਇਸ ਸੰਘਰਸ਼ ਦੀ ਬਹੁਤ ਹਮਾਇਤ ਕੀਤੀ ਗਈ ਸੀ, ਸਿੱਖਾਂ ਨੇ ਉਨ੍ਹਾਂ ਦੀ ਹਮਾਇਤ ਵਿਚ ਜਲੂਸ ਕੱਢ ਕੇ, ਜਲਸੇ ਕਰ ਕੇ ਭਾਰਤ ਦੇ ਪ੍ਰਧਾਨ-ਮੰਤ੍ਰੀ ਲਈ ਵਿਗਆਪਨ ਦਿੱਤੇ ਸਨ । ਮੈਨੂੰ ਭਾਈ ਜੀ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਹੈ, ਨਾ ਹੀ ਮੈਨੂੰ ਸ਼ੱਕ ਕਰਨ ਦਾ ਕੋਈ ਹੱਕ ਹੀ ਹੈ, ਕਿਉਂਕਿ ਸਾਰੀ ਦੁਨੀਆ ਦੇ ਸਿੱਖਾਂ ਵਾਙ ਮੈਨੂੰ ਵੀ ਉਨ੍ਹਾਂ ਦੇ ਅਸਲ ਮੰਤਵ ਬਾਰੇ ਕੁਝ ਨਹੀਂ ਪਤਾ ।
ਪਰ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਦਾ ਸਿੱਧਾ ਪ੍ਰਭਾਵ ਮੇਰੇ ਤੇ ਹੀ ਨਹੀਂ, ਦੁਨੀਆ ਦੇ ਸਾਰੇ ਸਿੱਖਾਂ ਤੇ ਵੀ ਪਿਆ ਹੈ। ਇਕ ਤਾਂ ਇਹ ਕਿ ਉਂਨ੍ਹਾਂ ਦੀ ਹਮਾਇਤ ਵਿਚ ਜਿਨ੍ਹਾਂ ਨੇ ਜਲਸੇ ਜਲੂਸ ਤੇ ਸਮਾ ਅਤੇ ਪੈਸੇ ਖਰਚ ਕੀਤੇ ਹਨ, ਉਹ ਪੈਸਾ ਅਤੇ ਸਮਾ, ਪੰਥ ਦੇ ਕਿਸੇ ਉਸਾਰੂ ਕੰਮ ਤੇ ਲਾਇਆ ਜਾ ਸਕਦਾ ਸੀ । ਦੂਸਰਾ ਹਰ ਉਸ ਸੰਘਰਸ਼ ਮਗਰੋਂ, ਜਿਸ ਵਿਚ ਅਸਫਲਤਾ ਮਿਲਦੀ ਹੈ, ਪੰਥ ਨੂੰ ਸਮਰਪਿਤ ਸਿੱਖਾਂ ਵਿਚ ਕੁਝ ਨਿਰਾਸਤਾ ਹੋਰ ਵੱਧਦੀ ਹੈ। ਅੱਜ ਤਕ ਕੋਈ ਵੀ ਸਫਲਤਾ ਨਾ ਮਿਲਣ ਕਾਰਨ, ਨਿਰਾਸਤਾ ਉਸ ਹੱਦ ਤਕ ਪਹੁੰਚ ਚੁੱਕੀ ਹੈ ਕਿ ਜੇ ਇਵੇਂ ਚੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇ ਵਿਚ ਸੰਘਰਸ਼ ਜੋਗਾ ਕੋਈ ਟਾਂਵਾਂ ਹੀ ਸਿੱਖ ਬਚੇਗਾ । ਇਕ ਵਾਰ ਅਜਿਹਾ ਹੀ ਕੁਝ ਬੀਤਣ ਨਾਲ ਸ. ਹਰਦੇਵ ਸਿੰਘ ਜੰਮੂ ਤੇ ਕੁਝ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਦਾ ਹਫਤਾ-ਦੱਸ ਦਿਨ ਕੁਝ ਲਿਖਣ ਨੂੰ ਮਨ ਹੀ ਨਹੀਂ ਕੀਤਾ । ਇਕ ਦਿਨ ਮੈਨੂੰ ਵੀ ਸਵੇਰੇ ਤੋਂ ਸ਼ਾਮ ਤਕ, ਪਹਿਲਾਂ ਗੁਰਦਵਾਰੇ ਦੀ ਹਾਲਤ ਨਿਰਾਸ਼ਾ-ਜਨਕ ਲੱਗੀ, ਫਿਰ ਸ਼ਹਿਰ ਵਿਚ ਵੀ ਅਜਿਹੀ ਹੀ ਘਟਨਾ ਵਾਪਰੀ, ਜੋ ਨਿਰਾਸ਼ਾ ਦੇ ਗਈ, ਫਿਰ ਕੰਪਊਿਟਰ ਤੋਂ ਪੰਜਾਬ, ਭਾਰਤ ਅਤੇ ਦੁਨੀਆ ਦੀਆਂ ਕੁਝ ਅਜਿਹੀਆਂ ਹੀ ਖਬਰਾਂ ਮਿਲੀਆਂ ਕਿ ਮੈਂ ਪ੍ਰੈਕਟੀਕਲੀ ਇਹ ਜਾਣਿਆ ਕਿ ਡਿਪ੍ਰੈਸ਼ਨ ਕੀ ਹੁੰਦਾ ਹੈ । ਉਹ ਤਾਂ ਭਲਾ ਹੋਵੇ ਗੁਰਬਾਣੀ ਦਾ, ਜਿਸ ਆਸਰੇ ਮੈਂ ਪੰਜ-ਛੇ ਘੰਟੇ ਮਗਰੋਂ ਡਿਪ੍ਰੈਸ਼ਨ ਵਿਚੋਂ ਨਿਕਲ ਸਕਿਆ ।
ਅਜਿਹੀਆਂ ਨਿਰਾਸਤਾ ਵਾਲੀਆਂ ਘਟਨਾਵਾਂ ਤੋਂ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ, ਇਸ ਦਾ ਇਕ ਹੀ ਢੰਗ ਹੈ ਕਿ ਕੋਈ ਵੀ ਸੰਘਰਸ਼ ਆਪ-ਹੁਦਰਾ ਨਾ ਸ਼ੁਰੂ ਕੀਤਾ ਜਾਵੇ, ਹਰ ਸੰਘਰਸ਼ ਸੋਚ-ਸਮਝ ਕੇ , ਸਾਰੇ ਪੱਖ ਵਿਚਾਰ ਕੇ ਸ਼ੁਰੂ ਕੀਤਾ ਜਾਵੇ, ਤਾਂ ਜੋ ਅਸਫਲਤਾ ਤੋਂ ਬਚਿਆ ਜਾ ਸਕੇ, ਇਸ ਲਈ ਵੀ ਸਾਰਿਆਂ ਨੂੰ ਮਿਲ ਕੇ ਇਕ ਅਜਿਹੀ ਕਮੇਟੀ ਬਨਾਉਣੀ ਚਾਹੀਦੀ ਹੈ, ਜਿਸ ਦੀ ਸਹਿਮਤੀ ਤੋਂ ਬਗੈਰ ਕੋਈ ਸੰਘਰਸ਼ ਨਾ ਵਿਢਿਆ ਜਾਵੇ। ਜੋ ਵੀ ਉਸ ਕਮੇਟੀ ਦੀ ਸਹਿਮਤੀ ਤੋਂ ਬਗੈਰ ਕੋਈ ਸੰਘ੍ਰਸ਼ ਵਿਢਦਾ ਹੈ, ਉਸ ਦੀ ਹਮਾਇਤ ਕਰ ਕੇ ਪੰਥ ਆਪਣਾ ਪੈਸਾ ਅਤੇ ਸਮਾ ਬਰਬਾਦ ਨਾ ਕਰੇ ।
ਜਦ ਕਿ ਸਿੱਖਾਂ ਦੀ ਰਹਾਈ ਦਾ ਮਸਲ੍ਹਾ ਨਰੋਲ ਵਿਧਾਨਿਕ ਅਤੇ ਕਾਨੂਨੀ ਹੈ, (ਵਿਧਾਨ ਵਿਚ ਜਾਂ ਕਾਨੂਨ ਵਿਚ ਕਿਤੇ ਵੀ ਕੋਈ ਅਜਿਹਾ ਜ਼ਿਕਰ ਨਹੀਂ ਹੈ ਕਿ ਇਹ ਮਸਲ੍ਹਾ ਭੁੱਖ-ਹੜਤਾਲ ਨਾਲ ਵੀ ਹੱਲ ਹੋ ਸਕਦਾ ਹੈ, ਜੇ ਕੋਈ ਵੀਰ/ ਭੈਣ ਇਸ ਨਾਲ ਸਹਿਮਤ ਨਾ ਹੋਵੇ ਤਾਂ ਉਹ ਮੇਰੇ ਨਾਲ ਵਿਚਾਰ-ਵਿਮਰਸ਼ ਕਰ ਸਕਦਾ ਹੈ) ਤਰਸ ਤਾ ਉਨ੍ਹਾਂ ਤੇ ਆਉਂਦਾ ਹੈ ਜਿਨ੍ਹਾਂ ਨੇ ਭੁੱਖ-ਹੜਤਾਲ ਨੂੰ ਵੀ ਅਖੰਡ-ਪਾਠ ਵਾਙ ਸੰਕਟ-ਮੋਚਨ ਬਣਾ ਧਰਿਆ ਹੈ । ਉਨ੍ਹਾਂ ਦਾ ਇਹ ਕਹਿਣਾ ਵੀ ਕਿ ਉਨ੍ਹਾਂ ਬੰਦੀਆਂ ਦੀਆਂ ਸਜ਼ਾਵਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਠੀਕ ਨਹੀਂ ਹੈ । ਉਨ੍ਹਾਂ ਨੂੰ ਉਮਰ-ਕੈਦ ਦੀ ਸਜ਼ਾ ਹੋਈ ਹੈ, ਦਸ, ਪੰਦਰਾਂ ਜਾਂ ਵੀਹ ਸਾਲ ਦੀ ਨਹੀਂ ਹੋਈ, ਜਿਸ ਦੀ ਮਿਆਦ ਮੁੱਕ ਗਈ ਹੋਵੇ। ਉਮਰ-ਕੈਦ ਦੀ ਸਜ਼ਾ ਵਿਚੋਂ ਛੋਟ ਦੇ ਵੀ ਕੁਝ ਪ੍ਰਾਵਧਾਨ ਹਨ, ਅਤੇ ਇਹ ਛੋਟ ਵੀ ਕਾਨੂਨ ਅਨੁਸਾਰ ਹੀ ਮਿਲਦੀ ਹੈ, ਭੁੱਖ-ਹੜਤਾਲ ਆਸਰੇ ਨਹੀਂ। ਸਿੱਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਵਿਚ ਸਿੱਖਾਂ ਅਤੇ ਹਿੰਦੂਆਂ ਲਈ ਅਲ਼ੱਗ-ਅਲੱਗ ਕਾਨੂਨ ਹਨ । ਇਸ ਲਈ ਚੰਗਾ ਇਹੀ ਹੈ ਕਿ ਸਿੱਖ ਵਕੀਲਾਂ ਦੀ ਇਕ ਕਮੇਟੀ ਬਣਾ ਕੇ, ਇਹ ਸਾਰੇ ਮੁਆਮਲੇ ਉਸ ਨੂੰ ਸੌਂਪ ਦਿੱਤੇ ਜਾਣ । ਤਾਂ ਜੋ ਘੱਟੋ-ਘੱਟ ਇਸ ਮਾਮਲੇ ਵਿਚ ਦੁਬਾਰਾ ਨਿਰਾਸਤਾ ਨਾ ਮਿਲੇ ।
(ਚਲਦਾ) ਅਮਰ ਜੀਤ ਸਿੰਘ ਚੰਦੀ