ਬੀਤਦਾ ਸਮਾ, ਸਾਡੇ ਸੰਘਰਸ਼ ਅਤੇ ਸਾਡੀ ਦਸ਼ਾ !
(ਭਾਗ ਦੂਜਾ)
ਸਿੱਖਾਂ ਵਿਚ ਜੋ ਦੂਸਰਾ ਮਸਲ੍ਹਾ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਹ ਹੈ ਨਾਨਕ-ਸ਼ਾਹੀ ਕੈਲੰਡਰ ਦਾ, ਜੋ ਅੱਜ-ਕਲ ਜਥੇਦਾਰ ਬਲਵੰਤ ਸਿੰਘ ਜੀ ਨੰਦ ਗੜ੍ਹ ਨਾਲ ਜੁੜ ਗਿਆ ਹੋਇਆ ਹੈ। ਨੰਦ ਗੜ੍ਹ ਜੀ ਦਾ ਟੀਚਾ ਕੀ ਹੈ ? ਮੈਂ ਇਹ ਵੀ ਨਹੀਂ ਜਾਣਦਾ। ਜੇ ਇਹ ਮੰਨਿਆ ਜਾਵੇ ਕਿ ਨੰਦ ਗੜ੍ਹ ਜੀ ਦਾ ਮਸਲ੍ਹਾ ਨਾਨਕ-ਸ਼ਾਹੀ ਕੈਲੰਡਰ ਦੀ ਸੋਧ-ਸੁਧਾਈ ਹੈ ਤਾਂ ਇਸ ਨਾਲ ਸਹਿਮਤ ਹੋਣਾ ਮੁਸ਼ਕਿਲ ਹੈ (ਨਾਨਕ-ਸ਼ਾਹੀ ਕੈਲੰਡਰ ਦਾ ਮਸਲ੍ਹਾ ਤਾਂ ਉਸ ਵੇਲੇ ਦਾ ਸੁਰਖੀਆਂ ਵਿਚ ਹੈ, ਜਦ ਇਹ ਭਿਣਕ ਲੱਗੀ ਸੀ ਕਿ ਭਾਈ ਪਾਲ ਸਿੰਘ ਜੀ ਪੁਰੇਵਾਲ ਨਾਨਕ-ਸ਼ਾਹੀ ਕੈਲੰਡਰ ਤੇ ਕੰਮ ਕਰ ਰਹੇ ਹਨ) ਕਿਉਂਕਿ ਨਾ ਤਾਂ ਭਾਈ ਨੰਦਗੜ੍ਹ ਜੀ ਕੈਲੰਡਰ ਵਿਗਿਆਨ ਦੇ ਮਾਹਰ ਹਨ, ਨਾ ਹੀ ਉਨ੍ਹਾਂ ਦਾ ਕੋਈ ਠੋਸ ਕੰਮ ਅੱਜਤਕ ਸਾਮ੍ਹਣੇ ਆਇਆ ਹੈ । ਉਹ ਪੰਜਾਂ ਤਖਤਾਂ ਦੇ ਜਥੇਦਾਰਾਂ ਦਾ ਹੀ ਹਿੱਸਾ ਹਨ, ਜੋ ਮੀਟਿੰਗਾਂ ਕਰ ਕੇ, ਉਲਟੇ-ਸਿੱਧੇ ਫੈਸਲੇ ਲੈ ਕੇ ਪੰਥ ਵਿਚ ਭੰਬਲ-ਭੂਸਾ ਪਾਉਂਦੇ ਆ ਰਹੇ ਹਨ। ਹਾਂ ਉਨ੍ਹਾਂ ਵਿਚ ਇਕ ਫਰਕ ਜ਼ਰੂਰ ਹੈ ਕਿ ਉਹ ਕਦੇ-ਕਦੇ, ਕਿਸੇ-ਨਾ-ਕਿਸੇ ਮੁੱਦੇ ਤੇ ਨਾਲ ਵਾਲੇ ਜਥੇਦਾਰਾਂ ਦੀ ਆਲੋਚਨਾ ਜ਼ਰੂਰ ਕਰਦੇ ਰਹਿੰਦੇ ਹਨ, ਮੈਨੂੰ ਨਹੀਂ ਜਾਪਦਾ ਕਿ ਇਨ੍ਹਾਂ ਜਥੇਦਾਰਾਂ ਦੀਆਂ ਮੀਟਿੰਗਾਂ ਦੇ ਕਾਰਵਾਈ ਰਜਿਸਟਰ ਵਿਚ ਉਨ੍ਹਾਂ ਦਾ ਕਿਤੇ ਕੋਈ ਵਿਰੋਧ ਦਰਜ ਹੋਵੇ । ਫਿਰ ਉਨ੍ਹਾਂ ਦਾ ਅਸਲ ਮਕਸਦ ਕੀ ਹੈ ਇਹ ਤਾਂ ਆਮ ਸਿੱਖਾਂ ਵਾਙ ਮੈਂ ਵੀ ਨਹੀਂ ਜਾਣਦਾ।
ਕੈਲੰਡਰ ਦਾ ਮਸਲ੍ਹਾ ਕੀ ਹੈ ?
ਪਾਲ ਸਿੰਘ ਜੀ ਪੁਰੇਵਾਲ ਨੇ ਸੂਰਜੀ ਕੈਲੰਡਰ ਵਿਗਿਆਨ ਅਨੁਸਾਰ, ਮੌਸਮੀ ਸਾਲ ਨਾਲ ਵੱਧ-ਤੋਂ-ਵੱਧ ਮੇਲ ਖਾਂਦਾ ਕੈਲੰਡਰ ਤਿਆਰ ਕੀਤਾ, ਜੇ ਇਵੇਂ ਕਹਿ ਲਵਾਂ ਕਿ ਉਨ੍ਹਾਂ ਨੇ ਪਹਿਲਾਂ ਤੋਂ ਮੌਜੂਦ ਗ੍ਰੇਗੇਰੀਅਨ ਕੈਲੰਡਰ ਵਿਚ ਮਹੀਨਿਆਂ ਦੇ ਨਾਂ ਬਦਲ ਕੇ, ਮਹੀਨਿਆਂ ਦੇ ਦਿਨਾਂ ਵਿਚ ਕੁਝ ਅਦਲਾ-ਬਦਲੀ ਕਰ ਕੇ, ਉਸ ਦਾ ਨਾਮ ਨਾਨਕ-ਸ਼ਾਹੀ ਰੱਖ ਦਿੱਤਾ ਹੈ।(ਇਸ ਵਿਚ ਕੁਝ ਵੀ ਬੁਰਾਈ ਵਾਲੀ ਗੱਲ ਨਹੀਂ ਹੈ, ਕਿਉਂਕਿ ਵਿਗਿਆਨ ਦੀਆਂ ਸਾਰੀਆਂ ਖੋਜਾਂ ਇਵੇਂ ਹੀ ਸਿਰੇ ਚੜ੍ਹਦੀਆਂ ਹਨ, ਹੁਣ ਜੇ ਮਹੀਨਿਆਂ ਦੇ ਨਾਮ ਬਦਲਣ ਦੀ ਜਾਂ ਮਹੀਨਿਆਂ ਦੇ ਦਿਨਾਂ ਵਿਚ ਕੁਝ ਅਦਲਾ-ਬਦਲੀ ਕਰਨ ਦੀ ਜ਼ਿੱਦ ਨਾ ਕੀਤੀ ਜਾਵੇ ਤਾਂ ਇਹ ਕੈਲੰਡਰ ਹਜਾਰਾਂ ਵਰ੍ਹੇ ਸਿੱਖਾਂ ਦਾ ਕੰਮ ਨਿਰ-ਵਿਘਨ ਚਲਾ ਸਕਦਾ ਹੈ, ਪਾਲ ਸਿੰਘ ਜੀ ਪੁਰੇਵਾਲ ਤਾਂ ਏਨਾ ਹੀ ਕਰਕੇ ਪਾਸੇ ਹੋ ਜਾਂਦੇ ਤਾਂ ਬੜੇ ਚੰਗੇ ਰਹਿੰਦੇ ਅਤੇ ਪੰਥ ਦਾ ਵੀ ਕੁਝ ਭਲਾ ਹੋ ਜਾਂਦਾ) ਇਸ ਮਗਰੋਂ ਉਸ ਕੈਲੰਡਰ ਵਿਚ ਗੁਰ-ਪੁਰਬਾਂ ਅਤੇ ਹੋਰ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਫਿੱਟ ਕਰਨ ਦਾ ਕੰਮ ਰਹਿ ਜਾਂਦਾ ਹੈ, ਜੋ ਇਤਿਹਾਸਕਾਰਾਂ ਦਾ ਕੰਮ ਹੈ, ਨਾ ਇਹ ਕੰਮ ਪੁਰੇਵਾਲ ਜੀ ਦੇ ਵੱਸ ਦਾ ਹੈ ਅਤੇ ਨਾ ਹੀ ਨੰਦਗੜ੍ਹ ਜੀ ਦੇ ਵੱਸ ਦਾ। (ਸਿੱਖ ਪਤਾ ਨਹੀਂ ਕਿਉਂ ਅੱਖਾਂ ਬੰਦ ਕਰ ਕੇ ਇਸ ਦਾ ਸਿਹਰਾ ਵੀ ਇਨ੍ਹਾਂ ਦੋਹਾਂ ਵਿਚੋਂ ਕਿਸੇ ਦੇ ਸਿਰ ਬੰਨ੍ਹਣਾ ਚਾਹੁੰਦੇ ਹਨ ?) ਜਦ ਕਿ ਇਸ ਦਾ ਯੋਗ ਹੱਲ ਇਹੀ ਹੈ ਕਿ ਇਤਿਹਾਸਕਾਰਾਂ ਦੀ ਇਕ ਟੀਮ ਬਣਾ ਕੇ, ਇਹ ਕੰਮ ਉਨ੍ਹਾਂ ਦੇ ਹਵਾਲੇ ਕਰ ਦਿਤਾ ਜਾਵੇ ।
ਸਾਡੀ ਦਸ਼ਾ ਕੀ ਹੈ ?
ਸਿੱਖਾਂ ਦੀ ਹਾਲਤ ਬਾਰੇ ਕੀ ਕਿਹਾ ਜਾ ਸਕਦਾ ਹੈ ? ਪੰਥ ਪਰਚਾਰਕਾਂ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ, ਜਿਸ ਵਿਚ ਕੋਈ ਗੁੰਜਾਇਸ਼ ਹੀ ਨਹੀਂ ਹੈ, ਜਦ ਕਿ ਗੁਰੂ ਸਾਹਿਬ ਸਿੱਖਾਂ ਨੂੰ ਅਕਲ ਦੀ ਵਰਤੋਂ ਕਰਨ ਦੀ ਗੱਲ ਕਰਦੇ ਹਨ। ਪਰਚਾਰਕਾਂ ਅਨੁਸਾਰ ਜੇ ਗੁਰੂ ਨਾਨਕ ਜੀ ਨੇ ਸਿੱਖੀ ਦੀ ਜ਼ਿੱਮੇਵਾਰੀ ਸੌਂਪਣ ਲਈ ਭਾਈ ਲਹਿਣਾ ਜੀ ਦੀ ਪਰਖ ਕਰਨੀ ਸੀ ਤਾਂ ਗੁਰਮਤਿ ਸਮਝਣ ਦੀ ਕੋਈ ਗੱਲ ਨਹੀਂ, ਸਿੱਖੀ ਦੇ ਭਵਿੱਖ ਬਾਰੇ ਵਿਚਾਰਾਂ ਦੀ ਕੋਈ ਗੱਲ ਨਹੀਂ, ਗੱਲ ਹੈ ਤਾਂ ਮੁਰਦਾ ਖਾਣ ਦੀ, ਬਾਬਾ ਨਾਨਕ ਜੀ ਨੇ ਕਿਹਾ
‘ਭਾਈ ਲਹਣਿਆ, ਮੁਰਦਾ ਖਾਹ’ ਭਾਈ ਲਹਿਣਾ ਜੀ ਨੇ ਪੁੱਛਿਆ,
‘ਬਾਬਾ ਜੀ ਕਿਧਰੋਂ ਖਾਵਾਂ’ ਬੱਸ ਏਨੇ ਨਾਲ ਫੈਸਲਾ ਹੋ ਗਿਆ ਕਿ ਭਾਈ ਲਹਿਣਾ ਜੀ ਗੁਰਿਆਈ ਦੇ ਕਾਇਕ ਹਨ ।
ਜੇ (ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਜੀ ਕੋਲੋਂ ਗੁਰਮਤਿ ਸਿੱਖਣ ਲਈ, ਗੁਰੂ ਅੰਗਦ ਜੀ ਦੀ ਸੇਵਾ ਕਰਨੀ ਸੀ ਤਾਂ ਸਭ ਤੋਂ ਵਧੀਆ ਸੇਵਾ ਇਹੀ ਸੀ ਕਿ ਪਿੰਡ ਦੇ ਖੂਹ ਦਾ ਪਾਣੀ ਛੱਡ ਕੇ 8/10 ਕੋਹ ਤੇ ਵਗਦੇ ਦਰਿਆ ਤੋਂ ਪਾਣੀ ਲਿਆ ਕੇ ਗੁਰੂ ਅੰਗਦ ਜੀ ਦਾ ਇਸ਼ਨਾਨ ਕਰਵਾਉਣਾ । (ਜਿਵੇਂ ਸਿੱਖੀ ਨੂੰ ਮੱਲ-ਅਖਾੜਿਆਂ ਨਾਲ ਜੋੜਨ ਵਾਲੇ ਗੁਰੂ ਅੰਗਦ ਜੀ ਆਪ ਏਨੇ ਜੋਗੇ ਵੀ ਨਹੀਂ ਸਨ ਕਿ ਉਹ ਆਪ ਇਸ਼ਨਾਨ ਹੀ ਕਰ ਲੈਣ) ਅਤੇ ਪਾਣੀ ਲੈਣ ਵੀ ਪੁੱਠੇ ਪੈਰੀਂ ਜਾਣਾ ਹੈ, ਤਾਂ ਜੋ ਗੁਰੂ ਸਾਹਿਬ ਵੱਲ ਪਿੱਠ ਨਾ ਹੋ ਜਾਵੇ। (ਜੇ ਅਜਿਹੀਆਂ ਕਹਾਣੀਆਂ ਨਾ ਘੜੀਆਂ ਜਾਂਦੀਆਂ ਤਾਂ ਪਰਚਾਰਕਾਂ ਨੂੰ ਸਤਿਕਾਰ ਯੋਗ ਗੁਰੂ ਜੀ ਨੂੰ ‘ਅਮਰੂ-ਨਥਾਵਾਂ’ ਕਹਣ ਦਾ ਅਵਸਰ ਕਿਵੇਂ ਮਿਲਦਾ ? ਅਤੇ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਕੇ, ਉਨ੍ਹਾਂ ਕੋਲੋਂ ਵਰ ਮੰਗ ਕੇ, ਬੀਬੀ ਭਾਨੀ ਜੀ ਨੂੰ ਆਪਣੇ ਪਤੀ (ਗੁਰੂ) ਰਾਮਦਾਸ ਜੀ ਨੂੰ ਗੁਰੂ ਬਨਾਉਣ ਦਾ ਮੌਕਾ ਕਿਵੇਂ ਮਿਲਦਾ ? (ਸਾਡੇ ਪਰਚਾਰਕਾਂ ਨੇ ਹੀ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ)
ਇਵੇਂ ਹੀ ਅਕਲ ਨੂੰ ਤਾਲੇ ਲਾ ਕੇ ਹੋਰ ਵੀ ਬਹੁਤ ਕੁਝ, ਜਿਸ ਦਾ ਫੱਲ ਅੱਜ ਪੰਥ ਨੂੰ ਭੁਗਤਣਾ ਪੈ ਰਿਹਾ ਹੈ, ਜਿਵੇਂ;-
ਬਚਿਤ੍ਰ ਨਾਟਕ ਬਾਰੇ ਫੈਸਲਾ ਕਰਨ ਲਈ ਮਿੱਥ ਲਿਆ ਕਿ ਜੇ ‘ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਜੀ ਮੱਸੇ ਰੰਗੜ੍ਹ ਦਾ ਸਿਰ ਵੱਢ ਲਿਆਉਣ ਤਾਂ, ਬਚਿੱਤ੍ਰ -ਨਾਟਕ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਦਸਮ-ਗ੍ਰੰਥ’ ਜੇ ਨਾ ਵੱਢ ਸਕਣ ਤਾਂ ਇਹ ਬਚਿੱਤ੍ਰ-ਨਾਟਕ । ਜੇ ਤੱਤ-ਖਾਲਸਾ ਅਤੇ ਬੰਦਈ ਖਾਲਸਾ ਬਾਰੇ ਫੈਸਲਾ ਕਰਨਾ ਹੈ ਕਿ ਅਸਲੀ ਖਾਲਸਾ ਕਿਹੜਾ ਹੈ ਤਾਂ ਪਰਚੀ ਪਾ ਕੇ ਫੈਸਲਾ ਕਰ ਲਵੋ । ਜੇ ਦਰਿਆ ਪਾਰ ਕਰਨਾ ਹੈ ਤਾਂ ਕਰਤਾਰ ਅੱਗੇ ਅਰਦਾਸ ਕਰੋ, ਉਹ ਦਰਿਆ ਦੇ ਅਗਲੇ ਪਾਣੀ ਨੂੰ ਅੱਗੇ ਅਤੇ ਪਿਛਲੇ ਪਾਣੀ ਨੂੰ ਪਿੱਛੇ ਰੋਕ ਕੇ ਨਿਕਲਣ ਲਈ ਰਾਸਤਾ ਬਣਾ ਦੇਵੇਗਾ।
ਏਦਾਂ ਹੀ ਬਹੁਤ ਕੁਝ ਹੁੰਦਾ ਰਿਹਾ ਹੈ, ਹੁਣ ਤਾਂ ਬੱਸ ਕਰੋ, ਰੱਬ ਵਲੋਂ ਮਿਲੀ ਅਕਲ ਨੂੰ ਵਰਤ ਕੇ ਫੈਸਲੇ ਲੈਣੇ ਸ਼ੁਰੂ ਕਰੋ। ਸਿੱਖਾਂ ਵਿਚ ਜਿਸ ਵਿਸ਼ੇ ਸਬੰਧੀ ਵੀ ਉਲਝਣਾਂ ਹਨ, ਉਸ ਵਿਸ਼ੇ ਦੇ ਮਾਹਰਾਂ ਦੀਆਂ ਕਮੇਟੀਆਂ ਬਣਾ ਕੈ , ਉਨ੍ਹਾਂ ਨੂੰ ਉਹ ਉਲਝਣਾਂ ਦੂਰ ਕਰਨ ਦਾ ਕੰਮ ਸੌਂਪ ਦੇਵੋ, ਉਹ ਆਪ ਹੀ ਹੱਲ ਲੱਭ ਲੈਣਗੇ। ਕਿਸੇ ਨੂੰ ਵੀ ਸੰਕਟ-ਮੋਚਨ ਬਨਾਉਣਾ ਛੱਡ ਦੇਵੋ, ਅਜਿਹਾ ਕੋਈ ਬੰਦਾ ਨਹੀਂ ਪੈਦਾ ਹੋਇਆ ਜੋ ਸਭ ਪੱਖਾਂ ਦਾ ਮਾਹਰ ਹੋਵੇ। ਅਜਿਹਾ ਕਰਨ ਨਾਲ ਹੀ ਸਿੱਖਾਂ ਦੀਆਂ ਔਕੜਾਂ ਦੂਰ ਹੋਣੀਆਂ ਸ਼ੁਰੂ ਹੋਣਗੀਆਂ। ਨਹੀਂ ਤਾਂ ਹਕੂਮਤ ਵਲੋਂ ਸਥਾਪਤ ਤੁਹਾਡੇ ਲੀਡਰ, ਤੁਹਾਡਾ ਮਾਸ, ਤੁਹਾਡੀ ਖੱਲ ਸਮੇਤ ਹੀ ਗਾਇਬ ਕਰ ਦੇਣਗੇ।
ਜਿਹੜੇ ਵੀਰ/ਭੈਣ ਕੁਝ ਸਮਰੱਥ ਹਨ, ਖਾਸ ਕਰ ਕੇ ਵੀਰ ਗੁਰਤੇਜ ਸਿੰਘ ਜੀ ਅਤੇ ਡਾ, ਗੁਰਦਰਸ਼ਨ ਸਿੰਘ ਜੀ ਢਿਲੋਂ, ਅੱਗੇ ਜੋਦੜੀ !
ਇਕ-ਇਕ ਪਲ ਕਰਕੇ 47 ਨੂੰ 68 ਸਾਲ ਬੀਤ ਗਏ ਹਨ , ਇਕ-ਇਕ ਪਲ ਕਰ ਕੇ 84 ਨੂੰ 31 ਸਾਲ ਬੀਤ ਗਏ ਹਨ, ਤੁਸੀਂ ਨੌਜਵਾਨੀ ਤੋਂ ਬੁਢਾਪੇ ਦੇ ਅੰਤ ਤਕ ਪਹੁੰਚ ਗਏ ਹੋ, ਹੋਰ ਕੁਝ ਸਾਲਾਂ ਪਿੱਛੋਂ ਇਹ ‘ਮੈਂ’ ਵੀ ਮੁੱਕ ਜਾਣੀ ਹੈ, ਜੋ ਵਿਚਾਰਕਾਂ ਨੂੰ ਇਕੱਠੇ ਹੋ ਕੇ ਬੈਠਣ ਨਹੀਂ ਦਿੰਦੀ. ਕਿਰਪਾ ਕਰੋ ਉਮਰ ਰਹਿੰਦੇ ਹੀ ਇਸ ‘ਮੈਂ’ ਨੂੰ ਛੱਡ ਦੇਵੋ ਅਤੇ ਪੰਥ ਲਈ ਕੁਝ ਕਰ ਜਾਵੋ, ਨਹੀਂ ਤਾਂ ਤੁਹਾਡੇ ਬਾਰੇ, ਇਤਿਹਾਸ ਜੋ ਕੁਝ ਕਹੇਗਾ, ਤੁਸੀਂ ਉਸ ਬਾਰੇ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ। ਉੱਠੋ, ਵੀਰ ਗੁਰਤੇਜ ਸਿੰਘ ਜੀ, ਡਾ. ਗੁਰਦਰਸ਼ਨ ਸਿੰਘ ਢਿਲੋਂ ਜੀ ਵਰਗੇ ਹੋਰ ਵੀ ਬਥੇਰੇ ਵਿਚਾਰਕ ਹਨ, ਉਨ੍ਹਾਂ ਨੂੰ ਨਾਲ ਲੈ ਕੇ ਪੰਥ ਦੇ ਭਵਿੱਖ ਬਾਰੇ ਕੋਈ ਯੋਜਨਾ ਬਣਾਉ ਅਤੇ ਉਸ ਅਨੁਸਾਰ ਕੰਮ ਕਰੋ, ਇਹ ਨਾ ਸੋਚੋ ਕ ਤੁਹਾਡੇ ਕੋਲੋਂ ਕੁਝ ਗਲਤ ਹੋ ਗਿਆ ਤਾਂ ਕੀ ਹੋਵੇਗਾ ? ਗਲਤੀ ਵੀ ਉਸ ਕੋਲੋਂ ਹੀ ਹੋਵੇਗੀ, ਜੋ ਕੁਝ ਕਰੇਗਾ । ਮੇਰੇ ਵਰਗੇ ਬਹੁਤ ਸਾਰੇ ਹਰ ਪਲ ਤੁਹਾਡਾ ਸਾਥ ਦੇਣ ਲਈ ਤਿਆਰ ਹਨ, ਬੱਸ ਸ਼ੁਰੂਆਤ ਕਰਨ ਦੀ ਢਿੱਲ ਹੈ।
ਅਮਰ ਜੀਤ ਸਿੰਘ ਚੰਦੀ