ਨਾਨਕ-ਸ਼ਾਹੀ ਕੈਲੰਡਰ ਵਿਵਾਦ
ਸਿੱਖ ਮਿਸ਼ਨਰੀ ਪ੍ਰਚਾਰਕ ਅਤੇ ਵਿਭਿੰਨ ਅਕਾਦਮਿਕ ਸ਼ਾਖਾਵਾਂ ਦੇ ਵਿਦਵਾਨ ਸੰਸਾਰ ਨੂੰ ਅਕਸਰ ਫਖਰ ਨਾਲ ਦਸਦੇ ਰਹਿੰਦੇ ਹਨ ਕਿ ਧਰਮਾਂ ਵਿਚੋਂ ਸਭ ਤੋਂ ਨਵੀਨਤਮ, ਆਧੁਨਿਕ ਹੋਣ ਕਾਰਨ ਅਤੇ ਗੁਰੂ ਸਾਹਿਬਾਨ ਦੀ ਬੌਧਿਕ ਰੁਚੀ ਕਾਰਨ ਸਿੱਖ ਧਰਮ ਗੁਰਮਤਿ ਦਲੀਲ ਉਪਰ ਆਧਾਰਿਤ ਵਿਗਿਆਨਕ ਧਰਮ ਹੈ| ਇਸ ਦਾਅਵੇ ਦੀ ਹਵਾ ਕਦੀ ਪੁਜਾਰੀ ਕੱਢ ਦਿੰਦੇ ਹਨ, ਕਦੀ ਸਿਆਸੀ ਨੇਤਾ| ਹੁਣ ਖਾਲਸਾ ਕੈਲੰਡਰ ਦੇ ਮੁੱਦੇ ਉਪਰ ਜੋ ਰੋਲ-ਘਚੋਲਾ ਮੱਚਿਆ ਹੈ, ਉਹ ਨਿੰਦਣਯੋਗ ਅਤੇ ਸ਼ਰਮਨਾਕ ਹੈ।
ਸ. ਪਾਲ ਸਿੰਘ ਪੁਰੇਵਾਲ ਵਲੋਂ ਮਿਹਨਤ ਨਾਲ ਤਿਆਰ ਕੀਤੇ ਵਿਗਿਆਨਕ ਕੈਲੰਡਰ ਨੂੰ ਭਲੇ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਲਾਗੂ ਕੀਤਾ ਸੀ| ਇਸ ਨਾਲ ਇੱਕ ਵਾਰ ਸਾਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਸਮਾਂ ਆ ਗਿਆ ਹੈ ਅਕਲ ਅਤੇ ਦਲੀਲ ਦੀ ਕਦਰ ਹੋਣ ਲੱਗੀ ਹੈ, ਸਾਰਥਕ ਤਰਕ ਨੂੰ ਮਾਨਤਾ ਮਿਲੀ ਹੈ| ਥੋੜ੍ਹੇ ਸਮੇਂ ਬਾਦ ਇਸ ਵਿਰੁਧ ਸੰਤ ਸਮਾਜ ਨੇ ਸੋਟੀ ਚੁਕ ਲਈ, ਇੱਕ ਵੱਡਾ ਡੈਂਟ ਪਾਉਣ ਵਿੱਚ ਕਾਮਯਾਬੀ ਮਿਲ ਗਈ| ਮਾੜੀ ਮੋਟੀ ਸਫਲਤਾ ਮਿਲਣ ਪਿਛੋਂ ਸੁਭਾਵਕ ਹੈ ਕਿ ਬਾਕੀ ਦੀ ਕਸਰ ਪੂਰੀ ਕਰਨ ਲਈ ਤਿਆਰੀ ਸ਼ੁਰੂ ਹੋ ਜਾਇਆ ਕਰਦੀ ਹੈ|
ਜਦੋਂ ਦੀ ‘ਸੰਤ ਸਮਾਜ’ ਨਾਮਕ ਜਥੇਬੰਦੀ ਸਥਾਪਤ ਹੋਈ ਹੈ, ਅਸੀਂ ਇਸ ਬਾਬਤ ਆਪਣੀ ਰਾਇ ਪੰਥ ਅੱਗੇ ਜ਼ਾਹਰ ਕਰਦੇ ਰਹੇ ਹਾਂ| ਪਹਿਲਾਂ ਵੀ ਅਤੇ ਅੱਜ ਵੀ ਸਾਡਾ ਮੱਤ ਇਹ ਸੀ ਕਿ ਕਮਜ਼ੋਰ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਹਿਤ ਯੂਨੀਅਨਾਂ ਸਥਾਪਤ ਕਰਦਾ ਹੁੰਦਾ ਹੈ| ਯੂਨੀਅਨ ਉਦੋ ਹੋਂਦ ਵਿੱਚ ਆਇਆ ਕਰਦੀ ਹੈ ਜਦੋਂ ਇੱਕਲਾ-ਦੁਕੱਲਾ ਬੰਦਾ ਕਮਜ਼ੋਰ ਹੋਣ ਕਾਰਨ ਪੂਰੀ ਤਾਕਤ ਨਹੀਂ ਜੁਟਾ ਸਕਦਾ, ਸਮੂਹ ਨੁਮਾਇਸ਼ ਉਸ ਨੂੰ ਰਾਹਤ ਦਿਵਾਉਂਦੀ ਹੈ| ਸਾਮਰਾਜ ਦੀ ਸਮਾਪਤੀ ਹੋਣ ਪਿਛੋਂ ਜਿਵੇਂ ਜਿਵੇਂ ਲੋਕਤੰਤਰ ਦਾ ਰੁਝਾਨ ਵਧਿਆ, ਸਿਆਸੀ ਪਾਰਟੀਆਂ ਦੀ ਸਥਾਪਨਾ, ਮੈਂਬਰਸ਼ਿਪ ਅਤੇ ਰਜਿਸਟਰੇਸ਼ਨ ਉਸੇ ਪ੍ਰਕਾਰ ਸ਼ੁਰੂ ਹੋ ਗਈ ਜਿਵੇਂ ਟਰੇਡ ਯੂਨੀਅਨਾਂ ਦੀ ਸੀ| ਕੀ ‘ਸੰਤ ਸਮਾਜ’ ਨਾਮਕ ਜਥੇਬੰਦੀ ਇਸ ਕਰਕੇ ਸਥਾਪਿਤ ਹੋਈ ਕਿਉਂਕਿ ਮਜ਼ਦੂਰ ਵਾਂਗ ਹਰੇਕ ਸੰਤ ਕਮਜ਼ੋਰ ਸੀ? ਜਾਂ ਕਿ ਇਸ ਪਿਛੇ ਸਿਆਸੀ ਹੀਣਤਾ ਦਾ ਅਹਿਸਾਸ ਕੰਮ ਕਰ ਰਿਹਾ ਹੈ?
ਇਕ ਪਾਸੇ ਸਮਕਾਲੀ ਸਾਧੂ ਸੰਤ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਕੇ ਮਾਣ ਹਾਸਲ ਕਰਦੇ ਹਨ, ਗੁਰਬਾਣੀ ਦੀਆਂ ਪੰਕਤੀਆਂ ਦਾ ਸਹਾਰਾ ਲੈ ਕੇ ਅਜਿਹਾ ਦਿਖਾਵਾ ਕਰਦੇ ਹਨ ਕਿ ਉਨ੍ਹਾਂ ਵਿੱਚ ਅਤੇ ਪਰਮੇਸਰ ਵਿੱਚ ਕੋਈ ਫਰਕ ਨਹੀਂ- ਨਾਨਕ ਬ੍ਰਹਮਗਿਆਨੀ ਆਪ ਪਰਮੇਸਰ| ਅਜਿਹਾ ਹੈ ਤਾਂ ‘ਸੰਤ ਸਮਾਜ’ ਜਥੇਬੰਦੀ ਕਿਸ ਕਾਰਨ ਪੈਦਾ ਹੋਈ? ਭੱਠਾ ਮਜ਼ਦੂਰ ਯੂਨੀਅਨਾਂ, ਮੰਡੀ ਦੀਆਂ ਪੱਲੇਦਾਰਾ ਯੂਨੀਅਨਾਂ ਮੌਜੂਦ ਹਨ, ਰੱਬਾਂ ਦੀਆਂ ਯੂਨੀਅਨਾਂ ਪਿਛਲੇ ਅਤੇ ਵਰਤਮਾਨ ਸਮੇਂ ਸੁਣੀਆ ਨਹੀਂ ਸਨ।
ਸਿੰਘ ਸਭਾ ਲਹਿਰ ਨੇ ਇਹ ਰੁਝਾਨ ਪੈਦਾ ਕੀਤਾ ਕਿ ਸਿੱਖ ਪੰਥ ਵਿਲੱਖਣ ਰਹਿਤ ਮਰਿਆਦਾ ਦਾ ਧਾਰਨੀ ਨਿਰਾਲਾ ਧਰਮ ਮਾਰਗ ਹੈ ਜਿਸ ਦਾ ਫਲਸਫਾ, ਇਤਿਹਾਸ, ਰਹਿਤ ਮਰਿਆਦਾ ਅਤੇ ਸਮਾਜ ਵਿਧਾਨ ਆਪਣੀ ਕਿਸਮ ਦਾ ਆਪ ਹੈ, ਸੁਤੰਤਰ ਅਤੇ ਨਿਵੇਕਲਾ ਹੈ| ਜੇ ਸਾਰਾ ਕੁੱਝ ਵਖ ਵਖ ਹੈ ਤਾਂ ਸਿੱਖਾਂ ਦੀ ਜੰਤਰੀ ਜਾਂ ਕੈਲੰਡਰ ਹਿੰਦੂਆਂ ਵਾਲਾ ਬਿਕਰਮੀ ਜਾਂ ਈਸਾਈਆਂ ਵਾਲਾ ਈਸਵੀ ਕਿਉਂ ਹੋਵੇ? ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ, ਖਾਲਸਾ ਪੰਥ ਆਪਣਾ ਕੈਲੰਡਰ ਤਿਆਰ ਕਰੇਗਾ| ਵੈਸੇ ਇਨ੍ਹਾਂ ਸਾਰੇ ਕੈਲੰਡਰਾਂ ਨੂੰ ਹਿੰਦੂ, ਈਸਾਈ ਜਾਂ ਪਾਰਸੀ ਕੈਲੰਡਰ ਕਹਿਣਾ ਉਸੇ ਤਰ੍ਹਾਂ ਵਿਅਰਥ ਹੈ ਜਿਵੇਂ ਕੋਈ ਧਰਤੀ, ਚੰਦ ਸੂਰਜ ਨੂੰ ਕਹੇ ਕਿ ਇਹ ਗ੍ਰਹਿ ਅਤੇ ਇਨ੍ਹਾਂ ਦੀਆਂ ਚਾਲਾਂ ਹਿੰਦੂ, ਸਿੱਖ ਜਾਂ ਈਸਾਈ ਚਾਲਾਂ ਹਨ| ਅਜਿਹਾ ਉਦੋਂ ਕਹਿ ਸਕਦੇ ਸਾਂ ਜੇ ਗ੍ਰਹਿ ਚਾਲਾਂ ਰਿਸ਼ੀਆਂ, ਗੁਰੂਆਂ ਜਾਂ ਪੈਗੰਬਰਾਂ ਨੇ ਨਿਸ਼ਚਿਤ ਕੀਤੀਆਂ ਹੁੰਦੀਆਂ| ਸਾਰੀ ਕੁਦਰਤ ਤੇ ਇਸ ਦੀਆਂ ਗਤੀਵਿਧੀਆਂ ਵਾਹਿਗੁਰੂ ਦੇ ਭਾਣੇ ਵਿੱਚ ਕਾਰਵਾਈ ਕਰ ਰਹੀਆਂ ਹਨ| ਇਨ੍ਹਾਂ ਦੀਆਂ ਗਤੀਆਂ ਦਾ ਵਿਗਿਆਨਕ ਅਧਿਐਨ ਕਰਦਿਆਂ ਪੁਰਾਤਨ ਤਾਰਾ-ਵਿਗਿਆਨੀਆਂ ਨੇ ਕੈਲੰਡਰ ਤਿਆਰ ਕੀਤੇ| ਇਨ੍ਹਾਂ ਕੈਲੰਡਰਾਂ ਉਪਰ ਆਧਾਰਿਤ ਕੋਈ ਵਿਵਾਦ ਛਿੜੇ ਤਾਂ ਸਿਆਣੇ ਬੰਦੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਤੇ ਹੱਲ ਕੱਢਣ| ਇਥੇ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਤਖਤ ਦੇ ਜਥੇਦਾਰ ਨੂੰ ਕੱਢਣ ਦੀਆਂ ਕਾਰਵਾਈਆਂ ਹੁੰਦੀਆਂ ਦੇਖੀਆਂ ਤਾਂ ਅਸੀਂ ਸੋਚਿਆ ਪਾਠਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੀਏ।
ਧਰਤੀ ਦੇ ਕੁੱਝ ਖਿਤੇ ਅਜਿਹੇ ਹਨ ਜਿਥੇ ਭੂਚਾਲ ਵਧੀਕ ਆਉਂਦੇ ਹਨ, ਕਿਤੇ ਸਮੁੰਦਰੀ ਤੂਫਾਨਾਂ ਦੀਆਂ, ਕਿਸੇ ਹੋਰ ਥਾਂ ਜਵਾਲਾਮੁਖੀ ਫਟਣ ਦੀਆਂ ਸੰਭਾਵਨਾਵਾਂ ਹਨ| ਕਦੀ ਪ੍ਰਾਚੀਨ ਸਮੇਂ ਅਜਿਹਾ ਹੋਇਆ ਕਰਦਾ ਸੀ ਕਿ ਇਨ੍ਹਾਂ ਆਫਤਾਂ ਤੋਂ ਬਚਣ ਲਈ ਸਥਾਨਕ ਪ੍ਰਭਾਵਿਤ ਲੋਕ ਪੁਜਾਰੀਆਂ ਦੇ ਕਹਿਣ ਅਨੁਸਾਰ ਧਾਗੇ ਤਵੀਤ ਟੂਣੇ ਕਰਦੇ ਸਨ| ਹੁਣ ਵਧੀਕ ਗਿਣਤੀ ਇਸ ਅੰਧ-ਵਿਸ਼ਵਾਸ ਤੋਂ ਮੁਕਤ ਹੋ ਚੁਕੀ ਹੈ ਬੇਸ਼ਕ ਹਾਲੇ ਵੀ ਅਜਿਹੇ ਉਜਲ ਦਿਮਾਗ ਬੰਦੇ ਮਿਲ ਜਾਂਦੇ ਹਨ ਜਿਨ੍ਹਾਂ ਅਨੁਸਾਰ ਪਟਿਆਲੇ ਦੀ ਨਦੀ ਨੱਥਭੇਟਾ ਲੈਣ ਪਿਛੋਂ ਗੁੱਸਾ ਛੱਡ ਦਿਆ ਕਰਦੀ ਹੈ|
ਜਿਸ ਤਰੀਕੇ ਸਿੱਖ ਕੈਲੰਡਰ ਦਾ ਵਿਵਾਦ ਤੂਲ ਫੜਦਾ ਜਾ ਰਿਹਾ ਹੈ, ਉਹ ਸੰਸਾਰ ਦੇ ਸਾਰੇ ਸੂਝਵਾਨ ਸਿੱਖਾਂ ਨੂੰ ਸ਼ਰਮਿੰਦਗੀ ਦੇ ਰਿਹਾ ਹੈ| ਮੰਦਰ ਦਾ ਪੁਜਾਰੀ ਗ੍ਰਹਿਣ ਲੱਗਣ ਦੀ ਤਰੀਕ ਅਤੇ ਸਹੀ ਸਮਾਂ ਦਸ ਸਕਦਾ ਹੈ ਪਰ ਉਹ ਗ੍ਰਹਿਣ ਨਾ ਅੱਗੇ ਪਿਛੇ ਪਾ ਸਕਦਾ ਹੈ ਨਾ ਰੋਕ ਸਕਦਾ ਹੈ| ਇਵੇਂ ਹੀ ਸ. ਪਾਲ ਸਿੰਘ ਪੁਰੇਵਾਲ ਰਾਹੀਂ ਤਿਆਰ ਕੀਤੇ ਕੈਲੰਡਰ ਉਪਰ ਪੁਜਾਰੀਆਂ/ ਸਿੰਘ ਸਾਹਿਬਾਨ, ਸੰਤ ਸਮਾਜ ਜਾਂ ਅਕਾਲੀ ਦਲ ਦੇ ਜਥੇਦਾਰਾਂ ਨੂੰ ਟਿਪਣੀਆਂ ਕਰਨ ਦਾ ਕਿਵੇਂ ਅਧਿਕਾਰ ਹੈ? ਇਹ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਕਿਵੇਂ ਆਉਂਦਾ ਹੈ? ਪਾਠਕਾਂ ਨੂੰ ਦੱਸ ਦਈਏ ਕਿ ਉਤਰੀ ਭਾਰਤ ਵਿੱਚ ਪ੍ਰਚੱਲਿਤ ਵੈਦਿਕ ਜੰਤਰੀ ਕੁਰਾਲੀ ਦੇ ਵਿਦਵਾਨ ਪੰਡਿਤ ਤਿਆਰ ਕਰਦੇ ਹਨ। ਇਹ ਜੰਤਰੀ ਦਹਾਕਾ ਪਹਿਲਾਂ ਤਿਆਰ ਹੋ ਜਾਂਦੀ ਹੈ, ਫਿਰ ਛਪ ਕੇ ਲੋੜਵੰਦਾਂ ਤੱਕ ਪੁਜਦੀ ਹੈ| ਇਹ ਜੰਤਰੀ ਸੂਰਜ ਅਤੇ ਚੰਦ- ਦੋਵਾਂ ਦੀਆਂ ਗਤੀਆਂ ਉਪਰ ਆਧਾਰਿਤ ਹੈ, ਫਲਸਰੂਪ ਦੋ ਜੰਤਰੀਆਂ ਹਨ ਕਿਉਂਕਿ ਦੋਵਾਂ ਦੀਆਂ ਪੁਲਾੜੀ ਚਾਲਾਂ ਭਿੰਨ ਭਿੰਨ ਹਨ| ਇਸ ਜੰਤਰੀ ਵਿੱਚ ਅਕਸਰ ਵਿਵਾਦ ਪੈਦਾ ਨਹੀਂ ਹੁੰਦਾ, ਕੋਈ ਮੁਸ਼ਕਲ ਆਵੇ ਤਾਂ ਹੱਲ ਕਰ ਲਈ ਜਾਂਦੀ ਹੈ| ਅਕਾਲੀ ਦਲ ਵਾਂਗ ਖੰਡੇ ਨਹੀਂ ਖੜਕਾਏ ਜਾਂਦੇ, ਪੁਜਾਰੀਆਂ ਨੂੰ ਨੌਕਰੀਆਂ ਤੋਂ ਬਰਤਰਫ ਨਹੀਂ ਕੀਤਾ ਜਾਂਦਾ| ਇਸ ਕੈਲੰਡਰ ਦੇ ਹੱਕ ਅਤੇ ਵਿਰੋਧ ਵਿੱਚ ਦੋ ਧਿਰਾਂ ਦਾ ਆਪਸੀ ਝਗੜਾ ਕਿਵੇਂ ਤਰਕ ਸੰਗਤ ਹੋਇਆ?
ਵਧੀਕ ਪਾਠਕਾਂ ਨੂੰ ਸ਼ਾਇਦ ਪਤਾ ਨਾ ਹੋਵੇ, ਇੱਕ ਸਦੀ ਪਹਿਲਾਂ ਮਹਾਰਾਜਾ ਫਰੀਦਕੋਟ ਨੇ ਹਰਿਮੰਦਰ ਸਾਹਿਬ ਵਿੱਚ ਬਿਜਲੀ ਫਿਟ ਕਰਵਾਉਣ ਦੀ ਸੇਵਾ ਕਰਨ ਦਾ ਫੈਸਲਾ ਕੀਤਾ| ਵੱਡਾ ਜਨਰੇਟਰ ਮੰਗਵਾ ਕੇ ਜਦੋਂ ਫਿਟਿੰਗ ਸ਼ੁਰੂ ਕਰਨ ਲੱਗੇ ਤਦ ਪੁਜਾਰੀਆਂ ਨੇ ਇਸ ਦੇ ਵਿਰੋਧ ਵਿੱਚ ਸ਼ੋਰ ਪਾਇਆ- ਬਿਜਲੀ ਦਾ ਇਥੇ ਕੀ ਕੰਮ? ਫਲਾਣੇ ਹਿੰਦੂ ਮੰਦਰ ਅਤੇ ਫਲਾਣੇ ਈਸਾਈ ਗਿਰਜੇ ਵਿੱਚ ਬਿਜਲੀ ਨਹੀਂ ਹੈ ਪਰ ਅੰਗਰੇਜ਼ ਦਰਬਾਰ ਸਾਹਿਬ ਨੂੰ ਭਿੱਟਣਾ ਚਾਹੁੰਦੇ ਹਨ, ਸੋ ਬਿਜਲੀ ਵਾਸਤੇ ਹਾਮੀ ਭਰ ਦਿੱਤੀ| ਦੂਜੀ ਦਲੀਲ, ਬਿਜਲੀ ਕਰੰਟ ਨਾਲ ਬੰਦੇ ਅਕਸਰ ਮਰਦੇ ਹਨ, ਪੰਜ ਚਾਰ ਬੰਦੇ ਮਰ ਗਏ, ਸ਼ਰਧਾਲੂ ਮੱਥਾ ਟੇਕਣ ਨਹੀਂ ਆਉਣਗੇ| ਤੀਜੀ ਦਲੀਲ, ਧਰਮ ਮਨ ਦੀ ਸ਼ਾਂਤੀ ਵਾਸਤੇ ਹੋਇਆ ਕਰਦਾ ਹੈ, ਬਿਜਲੀ ਚੰਚਲ ਹੁੰਦੀ ਹੈ| ਇਸ ਦੀ ਚੰਚਲਤਾ ਸਦਕਾ ਮਨ ਇਕਾਗਰ ਕਦੀ ਨਹੀਂ ਹੋ ਸਕੇਗਾ … ਵਗੈਰਾ … ਵਗੈਰਾ। ਹੁਣ ਅਸੀਂ ਦੇਖ ਰਹੇ ਹਾਂ ਜਲੌਅ ਦੀ ਰਾਤ ਬਿਜਲੀ ਦੀ ਕਰਾਮਾਤ ਵਰਤਦੀ ਹੈ, ਨਾ ਮੌਤਾਂ ਹੋਈਆਂ, ਨਾ ਸ਼ੁਰਧਾਲੂ ਮੱਥਾ ਟੇਕਣੋ ਹਟੇ ਤੇ ਨਾ ਮਨ ਵਿੱਚ ਚੰਚਲਤਾ ਦਾ ਵਸੇਬਾ ਹੋਇਆ| ਇਹ ਘਟਨਾ ਯਾਦ ਕਰਦੇ ਹਾਸਾ ਆ ਜਾਂਦਾ ਹੈ। ਭਵਿੱਖ ਵਿੱਚ ਇੱਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਨੂੰ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿੱਚ ਜੂਝਣ ਲੱਗ ਪਏ ਸਨ, ਇਸ ਸਦਕਾ ਜਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ| ਗੁਰੂ ਘਰਾਂ ਵਿੱਚ ਏ. ਸੀ. ਕਰੰਟ ਠੀਕ ਹੈ ਕਿ ਡੀ. ਸੀ. ਕਰੰਟ ਠੀਕ ਰਹੇ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬਾਨ? ਕੈਲੰਡਰ ਦਾ ਨਿਰਣਾ ਆਰਾਮ ਨਾਲ ਨਹੀਂ ਹੋਏਗਾ ਕਿਉਂਕਿ ਮਸਲਾ ਉਲਝਿਆ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀਂ ਰਹੇਗੀ|
ਅਰਥ-ਸ਼ਾਸਤਰ ਪੜਾਉਂਦਿਆਂ ਪ੍ਰੋ. ਹੰਸਰਾਜ ਨੇ ਸਾਡੀ ਕਲਾਸ ਨੂੰ ਦੱਸਿਆ- ਇਹ ਅਰਥ-ਸ਼ਾਸਤਰ ਬੜੀ ਗੁਣਕਾਰੀ ਵਿਦਿਆ ਹੈ ਪਰ ਦੋ ਤਰ੍ਹਾਂ ਦੇ ਵਰਗਾਂ ਉਪਰ ਲਾਗੂ ਨਹੀਂ ਹੁੰਦੀ, ਇੱਕ ਸਾਧਾਂ ਉਪਰ, ਦੂਜੇ ਪਾਗਲਾਂ ਉਪਰ ਇਸ ਦੇ ਨਿਯਮ ਪੂਰੇ ਨਹੀਂ ਉਤਰਦੇ| ਹਿੰਦੁਸਤਾਨ ਵਿੱਚ ਅੱਧੇ ਸਾਧ ਹਨ, ਅੱਧੇ ਪਾਗਲ| ਇਹ ਵਿਦਿਆ ਇਥੇ ਲਾਗੂ ਤਾਂ ਨਹੀਂ ਹੋਏਗੀ, ਤੁਹਾਨੂੰ ਨੌਕਰੀਆਂ ਜਰੂਰ ਮਿਲ ਜਾਣਗੀਆਂ।
ਪ੍ਰੋ. ਹਰਪਾਲ ਸਿੰਘ ਪੰਨੂ