ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਦਸਵਾਂ) ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਦਸਵਾਂ) ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ
Page Visitors: 3001

                             (ਵਿਸ਼ਾ-ਛੇਵਾਂ, ਆਵਾ ਗਵਣ )
                                       (ਭਾਗ ਦਸਵਾਂ)      
               ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ 

                  ਸ਼ਬਦ  ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
                   ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ
॥ 1 ॥     (998)
                    ਏਕਾ ਨਿਰਭਉ ਬਾਤ ਸੁਨੀ ॥
                    ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ
॥ 1 ॥ ਰਹਾਉ ॥
                    ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
                    ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ
॥ 2 ॥
                    ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥
                    ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ
॥ 3 ॥
                    ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥
                    ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ
॥ 4 ॥   (999)

      ॥ਰਹਾਉ॥   ਏਕਾ ਨਿਰਭਉ ਬਾਤ ਸੁਨੀ ॥
                      ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥ 1 ॥ ਰਹਾਉ ॥
    ਹੇ ਭਾਈ ਅਸੀਂ ਇਕੋ ਗੱਲ ਸੁਣੀ ਅਤੇ ਸਮਝੀ ਹੈ , ਜਿਸ ਆਸਰੇ ਬੰਦਾ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਸਕਦਾ ਹੈ । ਅਤੇ ਉਹ ਗੱਲ ਇਹ ਹੈ ਕਿ ਜਿਹੜਾ ਮਨੁੱਖ ਗੁਰ , ਸ਼ਬਦ ਗੁਰੂ ਨੂੰ ਮਿਲ ਕੇ , ਉਸ ਨੂੰ ਵਿਚਾਰ ਕੇ , ਉਸ ਅਨੁਸਾਰ ਜੀਵਨ ਢਾਲ ਕੇ ,ਪਰਮਾਤਮਾ ਦੀ ਰਜ਼ਾ ਅਨੁਸਾਰ , ਖੁਸ਼ੀ ਪੂਰਵਕ ਜਿਊਣਾ ਸਿੱਖ ਲੈਂਦਾ ਹੈ , ਉਹੀ ਡਰ ਤੋਂ ਮੁਕਤ , ਸੁਖੀ ਜੀਵਨ ਵਾਲਾ ਹੈ ।
        ॥ 1 ॥    ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
                     ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ ॥ 1 ॥  (998)
    ਹੇ ਭਾਈ , ਧਰਤੀ , ਆਕਾਸ਼ , ਤਾਰੇ ਆਦਿ ਸਾਰੇ ਹੀ , ਪਰਮਾਤਮਾ ਦੇ ਕਰੜੇ , ਨਾ ਟਾਲੇ ਜਾ ਸਕਣ ਵਾਲੇ ਹੁਕਮ ਦੇ ਡਰ ਅਧੀਨ ਚਲ ਰਹੇ ਹਨ । ਇਨ੍ਹਾਂ ਵਿਚੋਂ ਕੋਈ ਵੀ , ਪ੍ਰਭੂ ਦੀ ਰਜ਼ਾ ਦੀ ਅਵਹੇਲਣਾ ਕਰਨ ਦੀ ਹਿੱਮਤ ਨਹੀਂ ਰਖਦਾ । ਏਸੇ ਕਰ ਕੇ ਲੱਖਾਂ-ਕਰੋੜਾਂ
ਸਾਲਾਂ ਤੋਂ , ਆਪਣੀ ਮਿਥੀ ਚਾਲ ਨਾਲ , ਨਿਰ ਵਿਘਨ ਚਲ ਰਹੇ ਹਨ । ਇਵੇਂ ਹੀ ਜਿਨ੍ਹਾਂ ਹਵਾ-ਪਾਣੀ , ਅੱਗ ਨੂੰ ਦੇਵਤਿਆਂ ਦੇ ਰੂਪ ਵਿਚ ਥਾਪ ਕੇ , ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ , ਉਹ ਸਾਰੇ ਹੀ ਕਰਤਾਰ ਦੇ ਡਰ ਅਧੀਨ , ਉਸ ਦੇ ਹੁਕਮ ਵਿਚ ਹੀ ਚਲ ਰਹੇ ਹਨ , ਸਾਰੇ ਦੇਵਤਿਆਂ ਦਾ ਕਿਹਾ ਜਾਂਦਾ ਰਾਜਾ , ਇੰਦਰ ਵੀ , ਉਸ ਪ੍ਰਭੂ ਦੇ ਡਰ ਅਧੀਨ ਉਸ ਦੇ ਹੁਕਮ ਵਿਚ ਹੀ ਚਲ ਰਿਹਾ ਹੈ ।
         ॥ 2 ॥   ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
                     ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ ॥ 2 ॥
    ਸਾਰੇ ਦੇਹਧਾਰੀ ਜੀਵ , ਅਤੇ ਬਿਨਾ ਦੇਹ ਦੇ ਕਹੇ ਜਾਂਦੇ ਦੇਵਤੇ ਵੀ ਉਸ ਕਰਤਾਰ ਦੇ ਡਰ ਅਧੀਨ , ਉਸ ਦੇ ਹੁਕਮ ਅਨੁਸਾਰ ਹੀ ਚਲ ਰਹੇ ਹਨ । ਸਿੱਧ , ਜੋ ਆਪਣੇ ਆਪ ਨੂੰ , ਸਾਧਨਾ ਕਰ ਕੇ , ਸਿੱਧ ਹੋ ਗਏ ਅਖਵਾਉਂਦੇ ਹਨ ਅਤੇ ਸਾਧਿਕ , ਜੋ ਸਿੱਧ ਹੋਣ ਦੀ ਪਰਕਿਰਿਆ ਵਿਚ ਅਜੇ ਸਾਧਨਾ ਕਰ ਰਹੇ ਹਨ , ਉਹ ਪ੍ਰਭੂ ਦੇ ਹੁਕਮ ਅੱਗੇ ਥਰ-ਥਰ ਕੰਬਦੇ ਹਨ । ਚੌਰਾਸੀ ਲੱਖ ( ਬੇਗਿਣਤ )  ਜੂਨਾਂ ਵਿਚਲੇ ਸਾਰੇ ਜੀਵ , ਜੋ ਉਸ ਦੀ ਰਜ਼ਾ ਦੀ ਉਲੰਘਣਾ ਕਰਦੇ ਹਨ , ਹਮੇਸ਼ਾ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ । ਪਰਮਾਤਮਾ ਦੇ ਨਿਯਮ-ਕਾਨੂਨਾਂ ਅਨੁਸਾਰ , ਅਲੱਗ-ਅਲੱਗ ਜੂਨਾਂ ਵਿਚ ਪਾਏ ਜਾਂਦੇ ਹਨ ।
         ॥ 3 ॥   ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥
                     ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥ 3 ॥
    ਹੇ ਭਾਈ , ਕਰਤਾਰ ਵਲੋਂ ਪੈਦਾ ਕੀਤੇ , ਬੇਅੰਤ ਰੂਪਾਂ-ਰੰਗਾਂ ਦੇ ਬੇਅੰਤ ਜੀਵ , ਜੋ ਮਾਇਆ ਦੇ ਤਿੰਨਾਂ ਗੁਣਾਂ , ਰਾਜਸੁ , ( ਜਿਸ ਵਿਚ ਰਜੋ-ਗੁਣ , ਰਾਜ ਕਰਨ ਦੀ ਪਰਵਿਰਤੀ ਦਾ ਵਾਧਾ ਹੋਵੇ ) ਸਾਤਕੁ , ( ਜਿਸ ਵਿਚ ਸਤੋ-ਗੁਣ , ਸਤ , ਸਚ ਨਾਲ ਜੁੜਨ ਦੀ ਪਰਵਿਰਤੀ ਅਧਿਕ ਮਾਤਰਾ ਵਿਚ ਹੋਵੇ ) ਅਤੇ ਤਾਮਸੁ , ( ਜਿਸ ਵਿਚ ਤਮੋ-ਗੁਣ , ਤਮ੍ਹਾ , ਲਾਲਚ ਦੀ ਪਰਵਿਰਤੀ ਵਾਧੂ ਹੋਵੇ ) ਦੇ ਅਧੀਨ ਚਲਦੇ ਹਨ , ਇਹ ਸਾਰੇ ਵੀ ਉਸ ਵਾਹਿਗੁਰੂ ਦੇ ਡਰ ਅੰਦਰ ਉਸ ਦੀ ਰਜ਼ਾ ਅਨੁਸਾਰ ਹੀ ਕੰਮ ਕਰਦੇ ਹਨ ।  ਜਿਸ ਲੱਛਮੀ , ਜਿਸ ਮਾਇਆ ਨੇ ਦੁਨੀਆ ਦੇ ਸਾਰੇ ਜੀਵਾਂ ਨੂੰ ਭਰਮ-ਜਾਲ ਵਿਚ ਫਸਾ ਕੇ ਛਲਿਆ ਹੋਇਆ ਹੈ , ਉਹ ਵੀ ਰੱਬ ਦੇ ਡਰ ਅਧੀਨ , ਉਸ ਦੇ ਹੁਕਮ ਵਿਚ ਹੀ ਚਲ ਰਹੀ ਹੈ । ਧਰਮ-ਰਾਜ , ਜਿਸ ਬਾਰੇ ਕਿਹਾ ਜਾਂਦਾ ਹੈ ਕਿ , ਉਹ ਜੀਵਾਂ ਦੇ ਕਰਮਾਂ ਦਾ ਲੇਖਾ , ਹਿਸਾਬ ਕਿਤਾਬ ਕਰਦਾ ਹੈ , ਉਹ ਵੀ ਪਰਮਾਤਮਾ ਦੇ ਅਟੱਲ ਨਿਯਮ-ਕਾਨੂਨਾਂ ਅੱਗੇ ਥਰ-ਥਰ ਕੰਬਦਾ ਹੈ ।           ॥ 4 ॥    ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥
                     ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥ 4 ॥   (999)
    ਦੁਨੀਆ ਦੀ ਹਰ ਚੀਜ਼ ਵਿਚ , ਹਰ ਜੀਵ ਵਿਚ , ਉਸ ਸਿਰਜਣਹਾਰ ਦਾ ਡਰ , ਵਿਆਪ ਰਿਹਾ ਹੈ । ਉਸ ਦੇ ਡਰ ਅਧੀਨ ਹੀ , ਸ੍ਰਿਸ਼ਟੀ ਦਾ ਕਣ-ਕਣ , ਉਸ ਦੇ ਨਿਯਮ-ਕਾਨੂਨ ਵਿਚ ਬੱਧਾ , ਆਪਣੀ-ਆਪਣੀ ਚਾਲ ਵਿਚ ਚਲ ਰਿਹਾ ਹੈ ।   ਇਸ ਡਰ ਤੋਂ ਰਹਤ , ਜਿਸ ਨੂੰ ਕਿਸੇ ਦਾ ਡਰ ਨਹੀਂ ਹੈ , ਜੋ ਨਿਰਭਉ ਹੈ , ਉਹ ਕੇਵਲ ਤੇ ਕੇਵਲ , ਕਰਣੇਹਾਰ , ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾ-ਪੁਰਖ ਹੀ ਹੈ ।
    ਹੇ ਨਾਨਕ ਆਖ , ਸੰਸਾਰ ਦੀ ਉਹ ਇਕੋ-ਇਕ ਨਿਰਭਉ ਹਸਤੀ ਹੀ , ਭਗਤਾਂ ਦੀ ਸੰਗੀ ਸਾਥੀ ਹੈ , ਉਨ੍ਹਾਂ ਦੀ ਰਖਵਾਲੀ ਕਰਨ ਵਾਲੀ ਹੈ । ਉਸ ਪ੍ਰਭੂ ਦੇ ਦਰਬਾਰ ਵਿਚ , ਸਿਰਫ ਭਗਤਾਂ ਨੂੰ ਹੀ ਸੋਭਾ , ਇਜ਼ਤ ਮਿਲਦੀ ਹੈ ।

                                              ਅਮਰ ਜੀਤ ਸਿੰਘ ਚੰਦੀ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.