ਖਾਲਸਈ ਰਾਜਨੀਤੀ ਦੇ ਉੱਜਲੇ ਭਵਿੱਖ ਦਾ ਜ਼ਾਮਨ ਸੀ – ਭਾਈ ਹਰਮਿੰਦਰ ਸਿੰਘ ਸੰਧੂ
ਸਿਧਾਂਤ, ਅਸੂਲਾਂ ਤੇ ਵਿਚਾਰਧਾਰਾ ਨੂੰ ਸਮਰਪਿਤ, ਆਪਣੇ ਅਕੀਦੇ ਦੇ ਪੱਕੇ ਤੇ ਇਸ ਲਈ ਜੂਝਦਿਆਂ ਜਿੰਦਗੀ ਦਾਅ ‘ਤੇ ਲਾਉਣ ਵਾਲੇ ਵਿਅਕਤੀਆਂ ਦੀ ਸ਼ਖ਼ਸੀਅਤ ਦਾ ਅੰਤ ਉਨ੍ਹਾਂ ਦੀ ਚਿਖਾ ਬਲ਼ਣ ਨਾਲ ਹੀ ਨਹੀਂ ਹੋ ਜਾਂਦਾ। ਅਜਿਹੇ ਸ਼ਖ਼ਸ ਆਪਣੇ ਆਲੇ-ਦੁਆਲੇ ਵਿੱਚ ਅਜਿਹੇ ਅਮਿਟ ਪ੍ਰਭਾਵ ਛੱਡ ਜਾਂਦੇ ਹਨ, ਜੋ ਉਨ੍ਹਾਂ ਦੀ ਸ਼ਖ਼ਸੀਅਤ ਤੇ ਉਜਿਆਰੇ ਪੱਖ ਨੂੰ ਜੱਗ ਸਾਹਮਣੇ ਪ੍ਰਗਟਾਉਣ ਲਈ ਉਕਸਾਉਂਦੇ ਰਹਿੰਦੇ ਹਨ। ਫੁੱਲਾਂ ਦੀ ਸੁਗੰਧੀ ਵਾਂਗ ਉਨ੍ਹਾਂ ਦੀ ਸ਼ਖ਼ਸੀਅਤ ਸਾਡੇ ਅੰਤਰ-ਮਨ ਵਿੱਚ ਯਾਦਗਾਰ ਬਣ ਕੇ ਹਰਦਮ ਤਾਜ਼ਾ ਰਹਿੰਦੀ ਹੈ। ਜਿਨ੍ਹਾਂ ਵਿਅਕਤੀਆਂ ਦੀ ਅਣਹੋਂਦ ਕਿਸੇ ਕਿਸੇ ਵਿਸ਼ੇਸ਼ ਸਮਾਜਕ, ਧਾਰਮਿਕ ਜਾਂ ਰਾਜਸੀ ਖੇਤਰ ਦੇ ਸੰਦਰਭ ਵਿੱਚ ਨਾਸੂਰ ਬਣ ਕੇ ਰੜਕਣ ਲੱਗੇ ਤਾਂ ਉਹ ਮਨੁੱਖ ਲਾਜ਼ਮੀ ਤੌਰ ‘ਤੇ ਕਿਸੇ ਵਿਸ਼ੇਸ਼ ਪ੍ਰਤਿਭਾ ਅਤੇ ਵਿਲੱਖਣ ਗੁਣਾਂ ਦੇ ਲਖਾਇਕ ਹੁੰਦੇ ਹਨ ਅਤੇ ਆਪਣੀ ਨਿਰਾਲੀ ਅਤੇ ਲਾਮਿਸਾਲ ਕਾਰਜਸ਼ੈਲੀ ਦੇ ਬਲਬੂਤੇ ਉਹ ਹਮੇਸ਼ਾ ਸਾਡੀ ਯਾਦ ਦੇ ਪਾਤਰ ਬਣੇ ਰਹਿੰਦੇ ਹਨ।
ਅਜਿਹੇ ਮਹਾਨ ਗੁਣਾਂ ਵਾਲੇ ਉੱਚ ਕੋਟੀ ਦੇ ਵਿਅਕਤੀਆਂ ਵਿੱਚ ਹੀ ਨਾਂ-ਸ਼ੁਮਾਰ ਹੁੰਦਾ ਹੈ ਸਿੱਖ ਸੰਘਰਸ਼ ਦੇ ਵੱਡਮੁੱਲੇ ਨਾਇਕ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਰੂਹੇ-ਰਵਾਂ, ਇਸ ਦੇ ਸਾਬਕਾ ਜਨਰਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਦਾ।
ਅੱਜ ਤਾਂ ਹਵਾ ਵੀ ਵਗਦੀ ਹੈ ਤੋਹਮਤਾਂ ਵਰਗੀ
ਤੂੰ ਹੀ ਜ਼ਰਾ ਹਾਦਸੇ ਤੋਂ ਫ਼ਰਕ ‘ਤੇ ਖਲੋਣਾ ਸੀ
ਉਸ ਦੇ ਨਾਂ ਨਾਲ ਕਿੰਨੇ ਹੀ ਵਿਸ਼ੇਸ਼ਣ ਲਾ ਲਏ ਜਾਣ ਤੇ ਉਸ ਦੇ ਗੁਣਾਂ ਦਾ ਉਲੱਥ ਭਾਵੇਂ ਕਿੰਨਾ ਹੀ ਕਰ ਲਿਆ ਜਾਵੇ, ਪਰ ਉਹ ਆਪਣੀ ਮਿਸਾਲ ਆਪ ਹੀ ਸੀ। ਉਹ ਕੇਵਲ ਇੱਕ ਸਰੀਰ ਨਹੀਂ ਸੀ, ਸਗੋਂ ਸਿੱਖ ਸੰਘਰਸ਼ ਦੇ ਮਹਾਂਨਾਇਕ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਰੂਪਮਾਨ ਕੀਤੀ ਗੁਰਮਤਿ ਦੇ ਰਾਜਸੀ ਅਤੇ ਸਮਾਜਿਕ ਫ਼ਲਸਫ਼ੇ ਦੀ ਮੁੱਖ-ਧਾਰਾ ਦਾ ਮਹਾਨ ਪ੍ਰਤੀਕ ਸੀ। ਭਾਵੇਂ ਉਹ ਸੰਤਾਂ ਵਾਂਗ ਰੂਹਾਨੀ ਵਿਅਕਤੀਤਵ ਦਾ ਮਾਲਕ ਨਹੀਂ ਸੀ, ਪਰ ਉਹ ਸਿੱਖ ਕੌਮ ਦੇ ਉਸ ਜਰਨੈਲ ਦਾ ਰਾਜਸੀ ਪੱਧਰ ‘ਤੇ ਸਭ ਤੋਂ ਵੱਧ ਸਮਰੱਥਾਵਾਨ ਤੇ ਯੋਗਤਾ ਭਰਪੂਰ ਵਾਰਿਸ ਸੀ। ਕੁਦਰਤ ਨੇ ਬਹੁਪੱਖੀ ਸ਼ਖ਼ਸੀਅਤਾਂ ਵਾਲੇ ਕਰੀਬ ਸਾਰੇ ਹੀ ਉੱਤਮ ਗੁਣ ਇਕੱਤਰ ਕਰ ਕੇ ਉਸ ਦੇ ਮਸਤਕ ਦਾ ਸ਼ਿੰਗਾਰ ਬਣਾ ਦਿੱਤੇ ਸਨ। ਉਸ ਵਿੱਚ ਇੱਕ ਦੂਰ-ਅੰਦੇਸ਼ ਅਤੇ ਨੀਤੀ-ਨਿਪੁੰਨ ਨੇਤਾ ਵਾਲੇ ਸਾਰੇ ਗੁਣ ਮੌਜੂਦ ਸਨ। ਉਸ ਦੇ ਬੋਲਾਂ ਵਿੱਚ ਸੁਹਜ, ਵਿਚਾਰਾਂ ਵਿੱਚ ਗੁਹਜ ਅਤੇ ਕਾਰਜਸ਼ੈਲੀ ਵਿੱਚ ਅਨੇਕਾਂ ਸੰਭਾਵਨਾਵਾਂ ਸਨ।
ਆਪਣੇ ਕਾਲਜ ਦੇ ਵਿਦਿਆਰਥੀ ਜੀਵਨ ਦੌਰਾਨ ਸ਼ਹੀਦ ਭਾਈ ਅਮਰੀਕ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜਿਸ ਢੰਗ ਨਾਲ ਉਸ ਨੇ ਨੌਜਵਾਨਾਂ ਅੰਦਰ ਸਿੱਖ ਚੇਤਨਾ ਪੈਦਾ ਕੀਤੀ ਅਤੇ ਜਿਸ ਢੰਗ ਨਾਲ ਫ਼ੈਡਰੇਸ਼ਨ ਨੂੰ ਮਜ਼ਬੂਤ ਕੀਤਾ, ਉਸ ਦੀ ਇਸ ਜਥੇਬੰਦਕ ਯੋਗਤਾ ਤੋਂ ਭਾਈ ਅਮਰੀਕ ਸਿੰਘ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਇਸੇ ਲਈ ਹੀ ਉਨ੍ਹਾਂ ਸੰਧੂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਯੁਨਿਟ ਤੋਂ ਉਤਾਂਹ ਚੁੱਕ ਕੇ ਸਿੱਧਾ ਫ਼ੈਡਰੇਸ਼ਨ ਦੇ ਕੇਂਦਰੀ ਢਾਂਚੇ ਵਿੱਚ ਜਨਰਲ ਸਕੱਤਰ ਬਣਾਇਆ। ਇਹ ਸੰਧੂ ਦੀ ਜਥੇਬੰਦਕ ਅਤੇ ਸਿਆਸੀ ਯੋਗਤਾ ਦੀ ਹੀ ਕਰਾਮਾਤ ਸੀ ਕਿ ਫ਼ੈਡਰੇਸ਼ਨ ਨੂੰ ਸਿੱਖਾਂ ਦੇ ਰਾਜਸੀ ਖੇਤਰ ਵਿੱਚ ਪੰਥ ਦੀ ਮੁਹਰੈਲ ਜਥੇਬੰਦੀ ਵਜੋਂ ਸਥਾਪਿਤ ਹੁੰਦਿਆਂ ਦੇਰ ਨਾ ਲੱਗੀ।
ਜਦੋਂ ਕੋਈ ਕੌਮ ਆਪਣੀ ਸਮਕਾਲੀ ਰਾਜਨੀਤਕ ਸਥਾਪਿਤੀ ਵਿਰੁੱਧ ਸੰਘਰਸ਼ ਕਰ ਰਹੀ ਹੋਵੇ ਅਤੇ ਅਜਿਹੇ ਵਿਅਕਤੀ ਵਿਸ਼ੇਸ਼ ਆਪਣਿਆਂ ਦੀਆਂ ਹੀ ਗੋਲੀਆਂ ਦਾ ਸ਼ਿਕਾਰ ਹੋ ਜਾਣ ਤਾਂ ਉਨ੍ਹਾਂ ਦੀ ਮੌਤ ਕੌਮ ਦੀ ਬਦਕਿਸਮਤੀ ਹੋ ਨਿੱਬੜਦੀ ਹੈ। ਇਹ ਬਦਕਿਸਮਤੀ ਪ੍ਰਤੱਖ ਰੂਪ ਵਿੱਚ ਅਜੋਕੀ ਸਿੱਖ ਰਾਜਨੀਤੀ ਦੇ ਦੌਰ ਵਿੱਚ ਹੰਢਾਉਣੀ ਵੀ ਪੈ ਰਹੀ ਹੈ।
ਸੰਨ ੧੯੭੮ ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸੰਧੂ ਨੇ ਨੌਜਵਾਨਾਂ ਨੂੰ ਇਕੱਤਰ ਕਰ ਕੇ ਨਿਰੰਕਾਰੀ ਕਾਂਡ ਦੇ ਘਟਨਾ ਸਥਾਨ ‘ਤੇ ਰਾਤੋ-ਰਾਤ ਕਬਜ਼ਾ ਕਰ ਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ। ਉਸ ਨੂੰ ਫ਼ੌਜੀ ਅਤੇ ਸਿਵਲ ਪ੍ਰਸ਼ਾਸਨ ਦਾ ਵਿਰੋਧ ਵੀ ਸਹਿਣਾ ਪਿਆ, ਪਰ ਉਸ ਨੇ ਝੁਕਣ ਤੋਂ ਇਨਕਾਰ ਕੀਤਾ। ਉਸ ਜਗ੍ਹਾ ਹੀ ਹੁਣ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ।
ਨਸ਼ਿਆਂ ਵਿਰੁੱਧ ਫ਼ੈਡਰੇਸ਼ਨ ਵੱਲੋਂ ਚਲਾਈ ਮੁਹਿੰਮ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ਉੱਪਰ ਹੀ ਸੀ। ਪੁਲੀਸ ਵੱਲੋਂ ਅਨੇਕਾਂ ਵਾਰ ਉਸ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਇੱਕ-ਦੋ ਵਾਰ ਉਹਨੂੰ ਐਨ.ਐਸ.ਏ. ਅਧੀਨ ਵੀ ਨਜ਼ਰਬੰਦ ਕੀਤਾ ਗਿਆ। ਸੰਤਾਂ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਭਰ ਵਿੱਚ ਹੋਈਆਂ ਘਟਨਾਵਾਂ ਲਈ ਭਾਈ ਸੰਧੂ ਨੂੰ ਦੋਸ਼ੀ ਗਰਦਾਨਿਆ ਗਿਆ ਅਤੇ ਉਹਨੂੰ ਬੇਤਹਾਸ਼ਾ ਤਸ਼ੱਦਦ ਸਹਿਣਾ ਪਿਆ। ਉਸ ਨੂੰ ਇਸ ਸਮੇਂ ਦੌਰਾਨ ਕਈ ਵਾਰ ਗੁਪਤਵਾਸ ਵਿੱਚ ਵੀ ਰਹਿਣਾ ਪਿਆ।
ਤੂੰ ਤਾਂ ਹਮਰਾਹੀ ਸੀ ਜਰਨੈਲਾਂ ਦੇ ਜਰਨੈਲ ਦਾ,
ਤੇਰੀ ਕਦਮਾਂ ਦੀ ਪੈੜ ਹੀ ਨਾ ਸਾਥੋਂ ਸਾਂਭ ਹੋਈ
੧੯੮੨ ਵਿੱਚ ਸੰਤ ਜੀ ਵੱਲੋਂ ‘ਧਰਮ ਯੁੱਧ ਮੋਰਚਾ’ ਅਰੰਭ ਦਿੱਤਾ ਗਿਆ। ਇੱਥੋਂ ਹੀ ਭਾਈ ਹਰਮਿੰਦਰ ਸਿੰਘ ਸੰਧੂ ਦੀ ਰਾਜਸੀ ਸਿਖ਼ਰ ਵੱਲ ਚੜ੍ਹਾਈ ਦਾ ਦੌਰ ਸ਼ੁਰੂ ਹੋਇਆ, ਜਿਸ ਤੋਂ ਘਬਰਾਹਟ ਵਿੱਚ ਆ ਕੇ ਸਰਕਾਰੀ ਏਜੰਸੀਆਂ ਤੇ ਉਨ੍ਹਾਂ ਦੇ ਅਕਾਲੀ ਭੇਸ ਵਾਲੇ ਏਜੰਟਾਂ ਨੇ ਸਰਕਾਰੀ ਸ਼ਹਿ ‘ਤੇ ਉਸ ਵਿਰੁੱਧ ਸਾਜ਼ਿਸ਼ਾਂ ਅਰੰਭ ਦਿੱਤੀਆਂ। ਇਨ੍ਹਾਂ ਹੀ ਦਿਨਾਂ ਵਿੱਚ ਕਾਲਜਾਂ-ਸਕੂਲਾਂ ਦੇ ਮਾਹੌਲ ਵਿੱਚ ਵੇਖਣਯੋਗ ਤਬਦੀਲੀ ਆਉਣੀ ਸ਼ੁਰੂ ਹੋਈ ਅਤੇ ਨਸ਼ਈ ਬਣ ਰਹੀ ਸਿੱਖ ਨੌਜਵਾਨੀ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀਆਂ ਕਾਰਜ ਨੀਤੀਆਂ ਸਦਕਾ ਆਪਣੇ ਹੱਕ-ਹਕੂਕਾਂ ਪ੍ਰਤੀ ਜਾਗਰੂਕ ਹੋ ਕੇ ਸਿੱਖ ਇਨਕਲਾਬ ਵੱਲ ਵਧਣ ਲੱਗੀ। ਇਨ੍ਹਾਂ ਸੰਸਥਾਵਾਂ ਤੋਂ ਸਿੱਖ ਵਿਰੋਧੀ ਅਨਸਰਾਂ ਦੀ ਪਕੜ ਟੁੱਟਣ ਲੱਗੀ, ਪਰ ਇਸ ਦੇ ਨਾਲ ਹੀ ਸੰਧੂ ਵਿਰੋਧੀ ਸਾਜ਼ਿਸ਼ਾਂ ਵੀ ਜ਼ੋਰ ਫੜਨ ਲੱਗੀਆਂ। ਇਨ੍ਹਾਂ ਸਾਜ਼ਿਸ਼ਾਂ ਤਹਿਤ ਅੰਦਰਖ਼ਾਤੇ ਸਰਕਾਰੀ ਏਜੰਸੀਆਂ ਤੇ ਕੁਝ ਨੀਚ ਅਕਾਲੀ ਨੇਤਾਵਾਂ ਦੀ ਮਿਲੀ-ਭੁਗਤ ਨਾਲ ਘਟੀਆ ਦੋਸ਼ ਲਾ ਕੇ ਸੰਧੂ ਨੂੰ ਬਦਨਾਮ ਕਰਨਾ ਅਤੇ ਉਸ ਨੂੰ ਸੰਤਾਂ ਨਾਲੋਂ ਅਲੱਗ ਕਰਨ ਦੀਆਂ ਸਾਜ਼ਸ਼ਾਂ ਸ਼ਾਮਿਲ ਸਨ, ਪਰ ਸੰਤਾਂ ਨੇ ਅਜਿਹੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਦੀਆਂ ਤਕਰੀਰਾਂ ਅੱਜ ਵੀ ਇਸ ਦਾ ਠੋਸ ਸਬੂਤ ਹਨ। ਸੰਤਾਂ ਨੂੰ ਸੰਧੂ ਵਿਚਲੇ ਹੀਰੇ ਦੀ ਕਦਰ-ਕੀਮਤ ਦਾ ਅਹਿਸਾਸ ਸੀ। ਮਾਰਕ ਟੱਲੀ ਵੱਲੋਂ ਆਪਣੀ ਪੁਸਤਕ ਵਿੱਚ ਸੰਧੂ ਸੰਬੰਧੀ ਅਜਿਹੀਆਂ ਊਲ-ਜਲੂਲ ਗੱਲਾਂ ਬਾਰੇ ਸੰਤਾਂ ਵੱਲੋਂ ਦਿੱਤਾ ਜਵਾਬ ਵੀ ਧਿਆਨ ਦੀ ਮੰਗ ਕਰਦਾ ਹੈ।
ਇੱਕ ਨੁਕਤਾ-ਨਿਗਾਹ ਤੋਂ ਵੇਖੀਏ ਤਾਂ ਕਾਤਲ ਧੜੇ(ਪੰਜਵੜ ਦਾ ਟੋਲਾ) ਦੀ ਮਾਨਸਿਕ ਅਤੇ ਬੌਧਿਕ ਕੰਗਾਲੀ ਦੀ ਹੀ ਨੁਮਾਇਸ਼ ਹੈ ਕਿ ਉਹ ਮਾਰਕ ਟੱਲੀ ਵੱਲੋਂ ਸੰਧੂ ਬਾਰੇ ਆਪਣੇ ਤੌਰ ‘ਤੇ ਪ੍ਰਗਟਾਏ ਮਹਿਜ ਸ਼ੰਕਿਆਂ ਨੂੰ ਤਾਂ ਸੱਚਾਈ ਮੰਨਦੇ ਹਨ, ਪਰ ਸੰਧੂ ਵਿਰੋਧੀ ਟਿੱਪਣੀ ਬਾਰੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪ੍ਰਤੀਕਰਮ ਦੀ ਮਾਰਕ ਟੱਲੀ ਦੀ ਚਮਸ਼ਦੀਦ ਗਵਾਹੀ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ।
ਬਚਪਨ ਤੋਂ ਹੀ ਜ਼ਹੀਨ ਬੁੱਧੀ ਦੇ ਮਾਲਕ ਸੰਧੂ ਦੇ ਮਾਨਸਿਕ ਪੱਧਰ ਵਿੱਚ ਜੋਧਪੁਰ ਜੇਲ੍ਹ ਦੇ ਸਮੇਂ ਦੌਰਾਨ ਇੱਕ ਵਿਸ਼ੇਸ਼ ਨਿਖਾਰ ਆਇਆ। ਸਿੱਖਣਾ ਤਾਂ ਉਸ ਦੇ ਸੁਭਾਅ ਵਿੱਚ ਨਿਹਿਤ ਸੀ। ਇਸੇ ਲਈ ਜੇਲ੍ਹ ਦੇ ਨਾਸਾਜ਼ ਹਾਲਾਤਾਂ ਦੌਰਾਨ ਵੀ ਉਸ ਨੇ ਇਸ ਪੱਖ ਨੂੰ ਭਰਪੂਰ ਵਿਕਸਤ ਕੀਤਾ ਅਤੇ ਕਈ ਵਾਰ ਸਾਰੀ-ਸਾਰੀ ਰਾਤ ਭਰ ਵੀ ਕਿਤਾਬਾਂ ਜਾਂ ਹੋਰ ਲਿਖਤੀ ਸਮੱਗਰੀ ਨਾਲ ਇੱਕਮਿਕ ਹੋਇਆ ਰਹਿੰਦਾ। ਉਸ ਦਾ ਤਹੱਈਆ ਸੀ ਕਿ ਸੱਚ ‘ਤੇ ਆਧਾਰਿਤ ਇਸ ਜੱਦੋ-ਜਹਿਦ ਸੰਬੰਧੀ ਕਿਸੇ ਤੋਂ ਦਲੀਲ ਵਿੱਚ ਪਿੱਠ ਨਹੀਂ ਲੁਆਉਣੀ। ਉਹ ਮਹਿਜ਼ ਨਾਹਰਿਆਂ ਨਾਲ ਰਾਜਸੀ ਰੁਮਾਂਸ ਸਿਰਜਣ ਵਾਲਾ ਸ਼ੋਸ਼ੇਬਾਜ਼ ਨੇਤਾ ਨਹੀਂ ਸੀ, ਸੰਘਰਸ਼ ਦੇ ਹਰ ਨੁਕਤੇ ਅਤੇ ਵਿਚਾਰ ਸੰਬੰਧੀ ਉਸ ਕੋਲ ਦਲੀਲਾਂ ਦੀ ਭਰਮਾਰ ਸੀ।
ਸੰਧੂ ਦੇ ਵਿਅਕਤੀਤਵ ਦਾ ਸਭ ਤੋਂ ਉੱਭਰਵਾਂ ਪੱਖ ਇਹ ਸੀ ਕਿ ਉਹ ਇੱਕੋ ਸਮੇਂ ਹੀ ਇੱਕ ਨੀਤੀਵੇਤਾ, ਇੱਕ ਰਾਜਸੀ ਨੇਤਾ ਅਤੇ ਇੱਕ ਫ਼ਿਲਾਸਫ਼ਰ ਨੁਮਾ ਵਿਅਕਤੀਆਂ ਦਾ ਸੁਮੇਲ ਸੀ। ਉਸ ਦੀ ਸੋਚਣੀ, ਕਹਿਣੀ ਤੇ ਕਰਨੀ ਵਿੱਚ ਪੂਰਨ ਸਮਤੋਲ ਸੀ। ਉਸ ਨੇ ਵਿਸ਼ਵ ਪੱਧਰ ਦੇ ਮਹੱਤਵਪੂਰਨ ਨੇਤਾਵਾਂ, ਫ਼ਿਲਾਸਫ਼ਰਾਂ ਅਤੇ ਰਾਜਸੀ ਪ੍ਰਬੰਧਾਂ ਨੂੰ ਪੜ੍ਹਿਆ ਤੇ ਸਿੱਖ ਨੁਕਤਾ ਨਿਗਾਹ ਪੱਖੋਂ ਇਨ੍ਹਾਂ ਦਾ ਨਿਰੀਖਣ ਕੀਤਾ। ਕੋਈ ਅਜਿਹਾ ਵਿਸ਼ਾ ਨਹੀਂ ਸੀ, ਜਿਸ ਸੰਬੰਧੀ ਸੰਧੂ ਨੂੰ ਵਿਸ਼ਾਲ ਜਾਣਕਾਰੀ ਨਹੀਂ ਸੀ। ਉਸ ਨੇ ਆਪਣੇ ਕੰਪਿਊਟਰ ਨੁਮਾ ਦਿਮਾਗ ਵਿੱਚ ਏਨਾ ਕੁਝ ਫੀਡ ਕਰ ਲਿਆ ਸੀ ਕਿ ਜੇਲ੍ਹ ‘ਚੋਂ ਰਿਹਾਈ ਉਪਰੰਤ ਹਰ ਉਸ ਪੱਤਰਕਾਰ ਅਤੇ ਬੁੱਧੀਜੀਵੀ, ਜਿਸ ਨੇ ਉਸ ਨਾਲ ਵਿਚਾਰ-ਵਟਾਂਦਰਾ ਕੀਤਾ, ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਚੱਲ ਰਹੀਆਂ ਰਾਜਸੀ ਲਹਿਰਾਂ ਪ੍ਰਤੀ ਉਸ ਦੀ ਜਾਣਕਾਰੀ ਏਨੀ ਡੂੰਘੀ ਸੀ ਕਿ ਉਹ ਨੈਲਸਨ ਮੰਡੇਲਾ ਵਾਂਗ ਹਿੰਸਾ ਦੇ ਸੰਕਲਪ ਨੂੰ ਇੱਕਤਰਫ਼ਾ ਤੌਰ ‘ਤੇ ਰੱਦ ਕਰਨ ਤੋਂ ਇਨਕਾਰੀ ਸੀ, ਕਿਉਂਕਿ ਇਸ ਸੰਬੰਧੀ ਉਹ ਸਰਕਾਰ ਦੀ ਦੋਗਲੀ ਪਹੁੰਚ ਤੋਂ ਵੀ ਬਾਖ਼ੂਬੀ ਜਾਣੂ ਸੀ ਅਤੇ ਸਿੱਖ ਸਿਧਾਂਤਾਂ ਦੀ ਵੀ ਉਹਨੂੰ ਭਲੀ-ਭਾਂਤ ਸਮਝ ਸੀ।
ਰਿਹਾਈ ਉਪਰੰਤ ਉਸ ਦੇ ਮਨ ਵਿੱਚ ਪਹਿਲਾਂ ਤੋਂ ਹੀ ਵਿਓਂਤੀ ਯੋਜਨਾ ਅਨੁਸਾਰ ਸੰਘਰਸ਼ ਨੂੰ ਨਵਾਂ ਮੁਹਾਂਦਰਾ ਦੇਣ ਅਤੇ ਨਿੱਗਰ ਲੀਹਾਂ ‘ਤੇ ਲਿਆ ਕੇ, ਬੇਤਹਾਸ਼ਾ ਕਾਰਵਾਈਆਂ ਕਰਨ ਵਾਲਿਆਂ ਕਾਰਨ ਲੋਕਾਂ ਵਿੱਚ ਅਲੋਪ ਹੋ ਰਹੀ ਜੱਦੋ-ਜਹਿਦ ਨੂੰ ਲੋਕ-ਲਹਿਰ ਵਿੱਚ ਤਬਦੀਲ ਕਰਨ ਲਈ ਵਿਆਪਕ ਯੋਜਨਾ ਸੀ। ਉਹ ਲਹਿਰ ਨੂੰ ਯੋਜਨਾਬੱਧ ਤਰੀਕੇ ਰਾਹੀਂ ਪਿੰਡ ਪੱਧਰ ਤਕ ਮਜ਼ਬੂਤ ਕਰਨਾ ਲੋੜਦਾ ਸੀ ਅਤੇ ਇਸ ਨੂੰ ਕੌਮਾਂਤਰੀ ਪੱਧਰ ਉੱਤੇ ਵਿਸ਼ਵ ਦੇ ਹੋਰ ਇਨਸਾਫ਼ਪਸੰਦ ਲੋਕਾਂ ਦੀ ਅਵਾਜ਼ ਬਣਾਉਣਾ ਲੋਚਦਾ ਸੀ।
‘ਨੁਕਸਾਨ ਘੱਟ ਤੇ ਪ੍ਰਾਪਤੀ ਜ਼ਿਆਦਾ’ ਉਸ ਦਾ ਮਾਟੋ ਸੀ। ਉਹ ਲੋਹੜੇ ਦੀ ਰਾਜਸੀ ਅਨੁਭਵ ਸ਼ਕਤੀ ਅਤੇ ਦੂਰ ਦ੍ਰਿਸ਼ਟੀ ਦਾ ਮਾਲਕ ਸੀ। ਇਸ ਲਈ ਉਸ ਨੇ ਆਪਣੀ ਯੋਜਨਾ ਨੂੰ ਫ਼ਲ਼ੀਭੂਤ ਕਰਨ ਹਿਤ ਕੇਂਦਰ ਦੀ ਵੀ.ਪੀ. ਸਿੰਘ ਸਰਕਾਰ ਦੀ ਕਮਜ਼ੋਰ ਸਥਿਤੀ ਨੂੰ ਭਾਂਪਦੇ ਹੋਏ ਤੇ ਉਸ ਦੀਆਂ ਰਾਜਸੀ ਮਜ਼ਬੂਰੀਆਂ ਦਾ ਸਿੱਖਾਂ ਦੇ ਹੱਕ ਵਿੱਚ ਲਾਭ ਉਠਾਉਂਦੇ ਹੋਏ ਸਿੱਖ ਨਿਸ਼ਾਨੇ ਦਾ ਖੁੱਲ੍ਹੇਆਮ ਪ੍ਰਗਟਾਵਾ ਕੀਤਾ ਅਤੇ ਖ਼ਾਲਸਾ ਪੰਚਾਇਤਾਂ ਦੀ ਸਥਾਪਨਾ ਦਾ ਨਵਾਂ ਸੰਕਲਪ ਲਿਆ ਕੇ ਜ਼ੋਰਦਾਰ ਸਰਗਰਮੀ ਅਰੰਭੀ। ਉਸ ਦੇ ਮੂੰਹੋਂ ਨਿਕਲੇ ਹਰ ਸ਼ਬਦ ਨੂੰ ਸਰਕਾਰ ਅਤੇ ਵਿਰੋਧੀ ਧਿਰ ਵਿਚਲੀਆਂ ਸਿੱਖ ਵਿਰੋਧੀ ਤਾਕਤਾਂ ਵਿਸਫੋਟਕ ਸਮੱਗਰੀ ਵਾਂਗ ਅਨੁਭਵ ਕਰ ਰਹੀਆਂ ਸਨ। ਇਸ ਸੰਬੰਧੀ ਪਾਰਲੀਮੈਂਟ ਅੰਦਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਹੋਰਨਾਂ ਵੱਲੋਂ ਪਾਏ ਗਏ ਰੌਲੇ-ਰੱਪੇ ਦਾ ਸਬੂਤ ਅੱਜ ਵੀ ਉਨ੍ਹਾਂ ਦਿਨਾਂ ਦੀਆਂ ਅਖ਼ਬਾਰਾਂ ਵਿੱਚ ਵੇਖਿਆ ਜਾ ਸਕਦਾ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਸੀ ਕਿਉਂਕਿ ਇੰਟੈਰੋਗੇਸ਼ਨ ਅਤੇ ਹੋਰ ਵੱਖ-ਵੱਖ ਮੌਕਿਆਂ ‘ਤੇ ਸਰਕਾਰੀ ਏਜੰਸੀਆਂ ਦੇ ਆਹਲਾ ਅਫ਼ਸਰਾਂ ਨਾਲ ਸੰਧੂ ਦੀ ਹੋਈ ਬਹਿਸ ਵਿੱਚ ਉਨ੍ਹਾਂ ਦੀ ਲਾਜਵਾਬੀ ਕਾਰਨ ਉਹ ਸੰਧੂ ਦੀ ਕਾਬਲੀਅਤ ਜਾਣਦੇ ਸਨ।
ਸੰਧੂ ਨੂੰ ਆਪਣੇ ਹੱਥੀਂ ਰਾਜਸੀ ਜੋਬਨ ਅਵਸਥਾ ਤਕ ਲਿਆਂਦੀ ਫ਼ੈਡਰੇਸ਼ਨ ਨਾਲ ਇੰਨਾ ਮੋਹ ਸੀ ਕਿ ਉਹ ਇਸ ਦੀ ਫੁੱਟ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਉਂਝ ਵੀ ਉਹ ਬਹੁਤ ਵਿਸ਼ਾਲ ਹਿਰਦੇ ਦਾ ਮਾਲਕ ਸੀ। ਇਸੇ ਲਈ ਉਹ ਈਰਖਾ ‘ਚੋਂ ਉਪਜੇ ਛੋਟੇ-ਮੋਟੇ ਤਕਰਾਰਾਂ ਨੂੰ ਬੜੀ ਫ਼ਰਾਖ਼ਦਿਲੀ ਨਾਲ ਨਜ਼ਰ-ਅੰਦਾਜ਼ ਕਰ ਦਿੰਦਾ ਅਤੇ ਕੁਝ ਖ਼ਾਸ ਮਜ਼ਬੂਰੀਆਂ ਕਾਰਨ ਫ਼ੈਡਰੇਸ਼ਨ ਦੀਆਂ ਸਫ਼ਾਂ ਵਿਚਲੇ ਸੁਆਰਥੀ ਤੱਤਾਂ(ਮਨਜੀਤ ਸਿੰਘ ਤੇ ਹਰਮਿੰਦਰ ਗਿੱਲ) ਨਾਲ ਮੁੜ ਘਿਓ-ਖਿਚੜੀ ਹੋ ਜਾਂਦਾ, ਪਰ ਉਹ ਗੁਰਮਤਿ ਸਿਧਾਂਤ ਦੇ ਪਰਿਵਾਰਵਾਦ ਪ੍ਰਤੀ ਨੁਕਤਾ-ਨਿਗਾਹ ਤੋਂ ਅਣਭਿੱਜ ਨਹੀਂ ਸੀ ਅਤੇ ਇਸ ਲਈ ਉਹ ਕਿਸੇ ਕੱਚ-ਘਰੜ ਵਿਅਕਤੀ ਨੂੰ ਸਿਧਾਂਤਕ ਕਮਜ਼ੋਰੀ ਵਿਖਾਉਣ ‘ਤੇ ਇਸ ਦਾ ਡਟਵਾਂ ਵਿਰੋਧ ਕਰਦਾ। ਅਜਿਹੇ ਲੋਕਾਂ ਨੇ ਹੀ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝ ਕੇ ਪਾਸੇ ਹਟਾਉਣ ਲਈ ਸਰਕਾਰ ਵੱਲੋਂ ਸੰਧੂ ਖ਼ਿਲਾਫ਼ ਮੁੱਢੋਂ ਹੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਆਪਣਾ ਹਥਿਆਰ ਬਣਾਇਆ ਅਤੇ ਇਸ ਭੰਡੀ-ਪ੍ਰਚਾਰ ਵਿੱਚ ਹੋਰ ਮਨਘੜਤ ਵਾਧਾ ਕਰ ਕੇ ਹਵਾ ਦਿੱਤੀ।
ਅਸੀਂ ਕਦੇ ਵੀ ਉਸ ਦੀ ਪਿੱਠ ‘ਤੇ ਬੁਰਾਈ ਕਰਨ ਵਾਲੇ ਅਜਿਹੇ ਲੋਕਾਂ ਨੂੰ ਉਸ ਦੇ ਸਾਹਮਣੇ ਅੱਖ ਉੱਚੀ ਕਰਦੇ ਨਹੀਂ ਵੇਖਿਆ। ਕਈ ਵਾਰ ਇਉਂ ਮਹਿਸੂਸ ਹੁੰਦਾ ਹੈ ਕਿ ਸੰਧੂ ਨੂੰ ਜਥੇਬੰਦੀ ਅੰਦਰਲੇ ਇਨ੍ਹਾਂ ਸਿਧਾਂਤਹੀਣ ਤੇ ਸੁਆਰਥੀ ਤੱਤਾਂ ਨੂੰ ਬੇਕਿਰਕੀ ਨਾਲ ਫ਼ੈਡਰੇਸ਼ਨ ਦੇ ਪਲੇਟਫਾਰਮ ਤੋਂ ਛਾਂਗ ਦੇਣਾ ਚਾਹੀਦਾ ਸੀ। ਕਾਸ਼! ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਫ਼ੈਡਰੇਸ਼ਨ ਅਤੇ ਸੰਘਰਸ਼ ਦੀ ਨੁਹਾਰ ਹੀ ਬਦਲ ਜਾਂਦੀ ਅਤੇ ਖ਼ੁਦਗਰਜ਼ ਲੋਕਾਂ ਦਾ ਟੋਲਾ, ਜੋ ਬਾਅਦ ਵਿੱਚ ਸਿੱਖ ਜਗਤ ਦੇ ਸਾਹਵੇਂ ਆਪਣੇ ਕਰਤਬੀਂ ਨਸ਼ਰ ਹੋਇਆ, ਕੁਝ ਸਮਾਂ ਬੀਤਣ ਉਪਰੰਤ ਅਲੱਗ-ਥਲੱਗ ਪੈ ਜਾਂਦਾ ਅਤੇ
ਸ਼ਾਇਦ ਉਸ ਦੇ ਕਤਲ ਬੀਜ-ਬੀਜਣ ਵਿੱਚ ਵੀ ਅਸਫ਼ਲ ਰਹਿੰਦਾ ਅਤੇ ਨਾ ਹੀ ਨਕਾਰਾ ਹੋਈ ਅਕਾਲੀ ਲੀਡਰਸ਼ਿਪ ਦੀ ਚੁੰਗਲ ‘ਚੋਂ ਕੱਢ ਕੇ ਬੁਲੰਦੀ ‘ਤੇ ਲਿਆਂਦੀ ਫ਼ੈਡਰੇਸ਼ਨ ਮੁੜ ਕੇ ਬਾਦਲਾਂ ਤੇ ਟੌਹੜਿਆਂ ਦਾ ਹੱਥ-ਠੋਕਾ ਬਣਦੀ।
ਸੰਧੂ ਆਮ ਰਵਾਇਤੀ ਰਾਜਸੀ ਨੇਤਾਵਾਂ ਵਾਂਗ ਅਹੁਦੇ ਦੀ ਪਕੜ ਅਤੇ ਆਪਣੀ ਪੁਜ਼ੀਸ਼ਨ ਦਾ ਨਿੱਜੀ ਰਾਜਸੀ ਲਾਭ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲਾ ਸ਼ਖ਼ਸ ਵੀ ਨਹੀਂ ਸੀ। ਉਸ ਨੂੰ ਇਹ ਵੀ ਅਨੁਭਵ ਸੀ ਕਿ ਸਰਕਾਰ ਉਸ ਨੂੰ ਜ਼ਿਆਦਾ ਸਮਾਂ ਖੁੱਲ੍ਹਮ-ਖੁੱਲ੍ਹਾ ਨਹੀਂ ਵਿਚਰਨ ਦੇਵੇਗੀ। ਉਪਰੋਕਤ ਸਥਿਤੀ ਦੇ ਮੱਦੇਨਜ਼ਰ ਉਸ ਦਾ ਕਾਰਜ ਭਾਰ ਸੰਭਾਲ ਸਕਣ ਦੇ ਸਮਰੱਥ ਕਿਸੇ ਵਾਰਸ ਦੀ ਉਸ ਨੂੰ ਤੀਬਰਤਾ ਨਾਲ ਤਲਾਸ਼ ਸੀ, ਜੋ ਉਸ ਦੇ ਮਾਨਸਕ ਪੱਧਰ ਦਾ ਹਾਣੀ ਹੋ ਸਕੇ। ਇਸ ਪੱਖੋਂ ਉਸ ਨੇ ਤਜ਼ਰਬਾ ਵੀ ਕੀਤਾ, ਪਰ ਅਖੀਰ ਅਸਫ਼ਲਤਾ ਨਾਲ ਹੀ ਸਾਹਮਣਾ ਹੋਇਆ ਅਤੇ ਇਸ ਪੱਖੋਂ ਉਹ ਡੂੰਘੀ ਨਿਰਾਸ਼ਾ ਵਿੱਚ ਰਿਹਾ।
ਉਸ ਦੀ ਨਿਰਾਸ਼ਤਾ ਦਾ ਕਾਰਨ ਵੀ ਠੀਕ ਸਮਝ ਪੈ ਸਕਦਾ ਹੈ, ਕਿਉਂਕਿ ਉਸ ਦੀ ਰੁਖ਼ਸਤ ਨੂੰ ਪੂਰੇ 23 ਸਾਲ ਬੀਤ ਜਾਣ ਉਪਰੰਤ ਨੌਜਵਾਨ ਵਰਗ ਵਿੱਚੋਂ ਕੋਈ ਇੱਕ ਵੀ ‘ਆਪਣੀ ਉਮਰੋਂ ਵੱਧ ਸਿਆਣੇ’ ਸੰਧੂ ਦਾ ਸਾਨੀ ਨਹੀਂ ਹੋ ਸਕਿਆ, ਜੋ ਸਿੱਖ ਰਾਜਨੀਤਕ ਹਲਕਿਆਂ ਵਿੱਚ ਕੇਂਦਰ-ਬਿੰਦੂ ਵਜੋਂ ਉੱਭਰ ਸਕੇ।
ਸੰਧੂ ਦੀ ਰੁਖ਼ਸਤ ਨੇ ਸਿੱਖ ਪੰਥ ਨੂੰ ਕਈ ਪਹਿਲੂਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਫ਼ੈਡਰੇਸ਼ਨ ਦਾ ਕੇਡਰ ਬੁਰੀ ਤਰ੍ਹਾਂ ਨਿਰਾਸ਼ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਮਰਪਿਤ ਸਿੱਖ ਨੌਜਵਾਨ ਜਾਂ ਵਿਦੇਸ਼ਾਂ ਨੂੰ ਹੋ ਤੁਰੇ ਜਾਂ ਅਲੱਗ-ਥਲੱਗ ਹੋਏ ਘਰੀਂ ਬੈਠ ਗਏ। ਉਨ੍ਹਾਂ ਦੇ ਮਨ ਵਿਚਲੀ ਕਿਸੇ ਯੋਗ ਆਗੂ ਨਾਲ ਕੰਮ ਕਰਨ ਦੀ ਰੀਝ ਜ਼ਿਹਨ ਦੇ ਅੰਦਰ ਹੀ ਦਮ ਤੋੜ ਗਈ। ਤੀਖਣ ਬੁੱਧੀ ਦੇ ਮਾਲਕ ਬੁੱਧੀਜੀਵੀ ਵਰਗ ਨੂੰ ਵੀ ਇਸ ਘਟਨਾ ਨੇ ਨਿਰਾਸ਼ਾ ਅਤੇ ਚਿੰਤਾ ਦੀ ਡੂੰਘੀ ਖਾਈ ਵਿੱਚ ਧਕੇਲਿਆ।
ਰਾਜਨੀਤੀ ਅਤੇ ਸੰਧੂ ਪ੍ਰਤੀ ਡੂੰਘੀ ਜਾਣਕਾਰੀ ਦੇ ਮਾਲਕ ਬੁੱਧੀਮਾਨਾਂ, ਜਿਨ੍ਹਾਂ ਵਿੱਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਪ੍ਰਮੁੱਖ ਹਨ, ਨੇ ਇਸ ਘਟਨਾ ਨੂੰ ‘ਸਿੱਖ ਸੋਚ ਦਾ ਸਿਰ ਵੱਢਿਆ ਗਿਆ’ ਜਿਹੇ ਅਰਥ ਦਿੱਤੇ। ‘ਹਿੰਦੁਸਤਾਨ ਟਾਈਮਜ਼’ ਦੇ ਦਿੱਲੀ ਸਥਿਤ ਇੱਕ ਜਰਨਲਿਸਟ ਨੇ ਇੱਕ ਮੁਲਾਕਾਤ ਦੌਰਾਨ ਇੱਥੋਂ ਤਕ ਕਿਹਾ ਕਿ, “ਮੈਂ ੨੪ ਜਨਵਰੀ ੧੯੯੦ ਨੂੰ (ਸੰਧੂ ਦੇ ਕਤਲ ਦੇ ਦਿਨ) ਆਪਣੀ ਡਾਇਰੀ ਵਿੱਚ ਟਿੱਪਣੀ ਲਿਖ ਦਿੱਤੀ ਸੀ ਕਿ ਮਿਲੀਟੈਂਸੀ (ਸਿੱਖ ਖਾੜਕੂ ਲਹਿਰ) ਦਾ ਹੁਣ ਵਿਨਾਸ਼ ਹੋ ਗਿਆ ਹੈ…।”ਆਪਣੇ ਜੀਵਨ ਦਾ ਸਿਖ਼ਰ ਸਮਾਂ ਜੇਲ੍ਹਾਂ ਅਤੇ ਗੁਪਤਵਾਸ ਵਿੱਚ ਬਿਤਾ ਕੇ ਅਤੇ ਆਪਣੇ ਨਿੱਜੀ ਕੈਰੀਅਰ ਨੂੰ ਦਾਅ ‘ਤੇ ਲਾਉਣ ਵਾਲੇ ਸੰਧੂ ਨੂੰ ਇਸ ਵਡਮੁੱਲੇ ਯੋਗਦਾਨ ਬਦਲੇ ਗੋਲਡ ਮੈਡਲ ਦੇ ਰੂਪ ਵਿੱਚ ਉਸ ਨੂੰ ਬਾਰੂਦੀ ਸਿੱਕਾ ਅਤੇ ਸਨਮਾਨ ਪੱਤਰ ਵਜੋਂ ਮਨਘੜਤ ਦੋਸ਼ਾਂ ਦੀ ਲੰਬੀ ਲਿਸਟ ਨਾਲ ਨਿਵਾਜਣ ਵਾਲੇ ਕਾਤਲਾਂ (ਪਰਮਜੀਤ ਪੰਜਵੜ ਦਾ ਟੋਲਾ) ਦੀ ਅਕਲ ‘ਤੇ ਤਰਸ ਹੀ ਆਉਂਦਾ ਹੈ। ਉਹ ਤਾਂ ਆਪਣੇ ਜੀਵਨ ਦੇ ਸੁਖ ਤਿਆਗ ਕੇ ਸੰਤ ਬਾਬੇ ਦੀ ਯਾਦ ਵਿੱਚ ਅਹਿਰਨ ਵਾਂਗ ਆਪਣੀ ਛਾਤੀ ਡਾਹ ਕੇ ਕੌਮ ਦੀ ਹੋਣੀ ਘੜਨ ਦਾ ਇਛੁੱਕ ਸੀ; ਪਰ ਉਸ ਦੇ ਅੰਦਰਲੇ ਭਾਵਾਂ ਅਤੇ ਇੱਛਾਵਾਂ ਦੀ ਹਾਲਤ ਉਸ ਮਸੂਮ ‘ਤੇ ਸੰਭਾਵੀ ਮਹਾਨ ਬੱਚੇ ਵਾਂਗ ਹੋਈ ਹੈ, ਜਿਸ ਦੀ ਮੌਤ ਇੱਕ ਗਰਭਵਤੀ ਮਾਂ ਦੇ ਕਤਲ ਨਾਲ ਉਸ ਦੇ ਗਰਭ ਵਿੱਚ ਹੀ ਹੋ ਜਾਂਦੀ ਹੈ ਅਤੇ ਉਸ ਦੇ ਕੌਤਕ ਦਿਖਾਉਣ ਦਾ ਮੌਕਾ ਹੀ ਉਸ ਨੂੰ ਨਹੀਂ ਮਿਲਦਾ। ਅਜਿਹੇ ਗ਼ੁਨਾਹ ਤੋਂ ਕਿਵੇਂ ਸੁਰਖਰੂ ਹੋਇਆ ਜਾ ਸਕਦਾ ਹੈ? ਇਹ ਕਤਲ ਗ਼ੁਨਾਹ ਦੀ ਇਸੇ ਵੰਨਗੀ ਵਿੱਚ ਸ਼ਾਮਲ ਹੁੰਦਾ ਹੈ। ਉਨ੍ਹਾਂ ਅੱਲੜਾਂ ਨੂੰ ਸ਼ਾਇਦ ਇਹ ਭਿਣਕ ਤਕ ਵੀ ਨਹੀਂ ਸੀ ਕਿ ਸਾਡੇ ਮੋਢਿਆਂ ‘ਤੇ ਰੱਖ ਕੇ ਬੰਦੂਕ ਕਿੱਥੋਂ ਤੀ ਕੀਹਦੇ ਵੱਲੋਂ ਚਲਾਈ ਜਾ ਰਹੀ ਹੈ ਅਤੇ ਇਸ ਦੇ ਬੀਜ ਕਿੱਥੇ ਹਨ। ਸਿੱਖਾਂ ਦਾ ਆਲਮ ਹੀ ਨਿਰਾਲਾ ਹੈ, ਇਹ ਸੱਚ ਪਛਾਣੇ ਬਿਨਾਂ ਹੀ ਬੁਰਛਾਗਰਦੀ ਦੇ ਪਾਤਰ ਬਣ ਜਾਂਦੇ ਹਨ ਅਤੇ ਵਿਰੋਧੀਆਂ ਤੇ ਦੁਸ਼ਮਣਾਂ ਦੇ ਹੱਥਾਂ ਵਿੱਚ ਖੇਡ ਜਾਂਦੇ ਹਨ।
ਨਿਰਸੰਦੇਹ, ਸੰਧੂ ਸਿੱਖਾਂ ਦੀ ਖ਼ਾਲਸਈ ਰਾਜਨੀਤੀ ਦੇ ਉੱਜਲੇ ਭਵਿੱਖ ਦਾ ਜ਼ਾਮਨ ਸੀ। ਅਸੀਂ ਉਸ ਦੀ ਪੇਸ਼ ਕੀਤੀ ਗਈ ਸਰਾਸਰ ਝੂਠੀ ਛਵੀ ਦਾ ਦੂਜਾ ਰੌਸ਼ਨ ਪੱਖ, ਸਿੱਖ-ਜਗਤ ਦੇ ਸਾਹਮਣੇ ਪ੍ਰਗਟ ਕਰਾਂਗੇ ਅਤੇ ਨਾਲ ਹੀ ਇਹ ਵਚਨਬੱਧਤਾ ਵੀ ਪ੍ਰਗਟਾਉਂਦੇ ਹਾਂ ਕਿ ਅਸੀਂ ਡੋਗਰਾ-ਇਤਿਹਾਸ ਦੇ ਉਨ੍ਹਾਂ ਵਾਰਸਾਂ ਨੂੰ ਵੀ ਸਿੱਖ-ਸੰਸਾਰ ਅੱਗੇ ਨਸ਼ਰ ਕਰਾਂਗੇ, ਜਿਨ੍ਹਾਂ ਇਸ ਮਹਾਨ ਰਾਜਸੀ ਜਰਨੈਲ ਨੂੰ ਆਪਣਿਆਂ ਹੱਥੋਂ ਖੋਹਿਆ। ਉਂਝ ਵੀ ਬਤੌਰ ਸਿੱਖ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਆਉਣ ਵਾਲੀਆਂ ਸਿੱਖ ਨਸਲਾਂ ਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਰਾਜਨੀਤੀ ਦੇ ਖੇਤਰ ਵਿੱਚ ਚਿਰੋਕਣੀ ਪ੍ਰਵੇਸ਼ ਕੀਤੀ ਹੋਈ ਡੋਗਰਾ-ਬਿਰਤੀ ਪ੍ਰਤੀ ਸੁਚੇਤ ਕਰੀਏ ਤਾਂ ਕਿ ਉਹ ਸੱਚ-ਝੂਠ ਦਾ ਨਿਖੇੜਾ ਕਰਨ ਵਾਲੀ ਡੂੰਘੀ ਖ਼ੋਜ
ਬਿਰਤੀ ਦੇ ਮਾਲਕ ਬਣ ਸਕਣ।
ਅੰਤ ਵਿੱਚ ਮੈਂ ਪੰਜਾਬੀ ਕਵੀ ਸੁਰਜੀਤ ਪਾਤਰ ਦੀਆਂ ਦੋ ਲਾਈਨਾਂ ਨਾਲ ਸਿੱਖਾਂ ਨੂੰ ਉਪਰੋਕਤ ਬਿਆਨੀ ਗਈ ਚੇਤਨਾ ਦਾ ਧਾਰਨੀ ਹੋਣ ਦਾ ਸੱਦਾ ਦਿੰਦਿਆਂ ਭਾਈ ਸੰਧੂ ਨੂੰ ਨਤਮਸਤਕ ਹੁੰਦਾ ਹਾਂ ਕਿ:
ਮੈਂ ਕਦ ਕਹਿਨਾਂ ਇਨਸਾਫ਼ ਨਾ ਮੰਗ
ਜਾਂ ਹੱਕ ਦੇ ਲਈ ਛੇੜ ਨਾ ਜੰਗ
ਪਰ ਦੁਸ਼ਮਣ ਦੀ ਪਛਾਣ ਤਾਂ
ਐਵੇਂ ਨਾ ਕੱਟ ਆਪਣੇ ਹੀ ਅੰਗ।
ਪ੍ਰੋਫੈਸਰ ਕੁਲਬੀਰ ਸਿੰਘ
SIKH24 EDITORS
ਕੁਲਬੀਰ ਸਿੰਘ (ਪ੍ਰੋ.(
ਖਾਲਸਈ ਰਾਜਨੀਤੀ ਦੇ ਉੱਜਲੇ ਭਵਿੱਖ ਦਾ ਜ਼ਾਮਨ ਸੀ – ਭਾਈ ਹਰਮਿੰਦਰ ਸਿੰਘ ਸੰਧੂ
Page Visitors: 4305