ਵਿਆਕਰਣ ਦੇ ਨਾਮ ਤੇ ਗੁਰਬਾਣੀ ਸਵਰੂਪ ਨਾਲ ਛੇੜਛਾੜ,
ਬਾਣੀ ਕਾਵਿ ਰੂਪ ਹੈ ਪਰ ਇਹ ਕਵਿਤਾ ਨਹੀਂ ਬਲਕਿ ਬ੍ਰਹਮ ਦੀ ਵਿਚਾਰ ਹੈ।ਇਸ ਵਿਚ ਗੁਰੂ ਸਾਹਿਬਾਨ ਦੇ ‘ਪਰਮ ਆਤਮਨ’ ਦਾ ਵਾਸ ਹੈ ਜੋ ਕਿ ਇਸ ਦੇ ਸ਼ਬਦਾਂ ਦੇ ਸਵਰੂਪ, ਸੰਯੋਜਨ, ਰਾਗ-ਧੁਨ, ਨਾਪ-ਤੋਲ ਅਤੇ ਤਾਲ ਦਾ ਆਧਾਰ ਹੈ।ਇਸ ਨਾਲ ਛੋੜਖਾਨੀ ਇਕ ਵੱਡਾ ਵਿਸ਼ਵਾਸਧਾਤ ਹੈ।
ਬਾਣੀ ਲੇਖਣ ਗੁਰੂ ਸਾਹਿਬਾਨ ਵਲੋਂ ਵਰਤੀ ਨਿਰੰਤਰਤਾ ਹੈ ਜਿਸ ਵਿਚ ਆਪਣੇ ਵੱਲੋਂ ਵਿਆਕਰਣ-ਵਿਰਾਮ ਚਿੰਨ ਲਗਾਉਣਾ ਗੁਰੂ ਸਾਹਿਬ ਦੀ ਨਿਰੰਤਰਤਾ ਨੂੰ ਭੰਗ ਕਰਨਾ ਹੈ।
ਗੁਰੂ ਸਾਹਿਬਾਨ ਨੇ ਮੁੱਖ ਤੌਰ ਤੇ ਇਕ ਵਿਰਾਮ ਚਿੰਨ ਨੂੰ ਵਰਤਿਆ ਹੈ ਅਤੇ ਉਹ ਚਿੰਨ ਹੈ ‘॥’! ਕੀ ਗੁਰੂ ਸਾਹਿਬਾਨ ਨੇ ਬਾਣੀ ਵਿਚ ਜਾਣਬੂਝ ਕੇ ਵਾਧੂ ਵਿਰਾਮ-ਵਿਆਕਰਣ ਚਿੰਨ ਲਾਗਉਣ ਦਾ ਅਧਿਕਾਰ ਕਿਸੇ ਨੂੰ ਦਿੱਤਾ ਸੀ ? ਨਿਰਸੰਦੇਹ ਨਹੀਂ! ਜੇ ਕਰ ਤਰਕ ਸਮਝਾਉਣ ਦਾ ਹੈ ਤਾਂ ਕੀ ਇਹ ਪ੍ਰਚਾਰਕ ਗੁਰੂ ਨਾਲੋਂ ਵੱਡੇ ਪ੍ਰਚਾਰਕ ਹੋ ਗਏ ?
ਵਾਧੂ ਵਿਆਕਰਣ ਵਿਰਾਮ ਚਿੰਨ ਲਗਾਉਣ ਦਾ ਮਤਲਭ ਬਾਣੀ ਦੀ ਲਿਖਤੀ ਰਵਾਨਗੀ ਨੂੰ ਖੰਡਤ ਕਰਨਾ ਹੈ।ਇਹ ਵਿਖੰਡਨ ਸਹੀ ਨਹੀਂ। ਵਾਧੁ ਵਿਰਾਮ ਚਿੰਨ ਲਗਾਉਣਾ ਗੁਰੂ ਦੇ ਕਹੇ-ਕੀਤੇ ਨੂੰ ਟੋਕਣ ਵਰਗਾ ਕਾਰਜ ਹੈ।ਗੁਰੂ ਸਾਹਿਬਾਨ ਵਲੋਂ ਉਚਰੀ ਬਾਣੀ ਵਿਚ ਇਕ ਸਦੀਵ ਆਂਤਰਿਕ ਸਥਿਰਤਾ ਹੈ, ਜਿਸ ਨੂੰ ਵਿਰਾਮ ਚਿੰਨਾਂ ਰਾਹੀਂ ਭੰਗ ਕਰਨ ਦਾ ਕੁਕਰਮ ਉਸਦੀ ਅਨੰਤਤਾ ਅਤੇ ਅਨਾਦਿ ਭਾਵ ਨੂੰ ਭੰਗ ਕਰਨਾ ਹੈ।
ਇਸ ਹੁਜਤਿ ਦਾ ਮਤਲਭ ਇਹ ਦਰਸਾਉਣਾ ਹੈ ਕਿ ਗੁਰੂ ਦਾ ਬਾਣੀ ਲੇਖਨ ਆਪਣੇ-ਆਪ ਵਿਚ ਅਨੰਤ ਨਹੀਂ ਬਲਕਿ ਕਿਸੇ ਵਿਦਵਾਨ ਨੇ ਉਸ ਨੂੰ ਸਮੇਂ ਦਾ ਹਾਣੀ ਬਨਾਉਣਾ ਹੈ, ਇਸ ਹੁਜਤਿ ਦਾ ਮਤਲਭ ਇਹ ਹੈ ਕਿ ਬਾਣੀ ਲੇਖਨ ਆਪਣੇ ਆਪ ਵਿਚ ਜੀਵੰਤ ਨਹੀਂ ਬਲਕਿ ਉਸ ਨੂੰ ਸਮੇਂ-ਸਮੇਂ ਸਿਰ ਕਿਸੇ ਵਿਆਕਰਣ ਦੇ ਵਿਦਵਾਨ ਨੇ ਜੀਵੰਤ ਰੱਖਣਾ ਹੈ ਅਤੇ ਇਸ ਹੁਜਤਿ ਦਾ ਮਤਲਭ ਇਹ ਕਿ ਬਾਣੀ ਸਵਰੂਪ ਨਿੱਤਯ ਨਹੀਂ ਬਲਕਿ ਕਿਸੇ ਵਿਦਵਾਨ ਨੇ ਇਸ ਨੂੰ ਵਿਆਕਰਣ ਵਿਸ਼੍ਰਾਮਾਂ ਰਾਹੀਂ ਨਿੱਤਯਤਾ ਅਤੇ ਨਵੀਨਤਾ ਪ੍ਰਦਾਨ ਕਰਨੀ ਹੈ, ਵਰਨਾ ਇਹ ਕਾਲਗ੍ਰਸਤ (ੌੁਟਦੳਟੲਦ) ਹੋ ਜਾਏਗਾ।ਕੀ ਗੁਰੂ ਦੀ ਬਾਣੀ ਨੂੰ ਸਮੇਂ –ਸਮੇਂ ਸਿਰ ਲੋਕਾਚਾਰ ਅਨੁਸਾਰ ਬਦਲਣਾ ਪਵੇਗਾ ? ਅਗਰ ਉੱਤਰ ਹਾਂ ਵਿਚ ਹੈ ਤਾਂ ਕਾਲਾਂਤਰ ਬੱਚੇਗਾ ਕੀ ?
ਗੁਰੂਮਤਿ ਦਾ ਭਾਵ ਬਾਣੀ ਅਨੁਸਾਰ ਜੀਵਣ ਬਦਲਣ ਦਾ ਹੈ ਨਾ ਕਿ ਸਮੇਂ ਅਨੁਸਾਰ ਬਾਣੀ ਬਦਲਣ ਦਾ, ਪਰ ਕੁੱਝ ਸੱਜਣ ਗੁਰੂ ਦੇ ਸਵਰੂਪ ਨੂੰ ਆਪਣੀ ਵਿਦਵਤਾ ਅਨੁਸਾਰ ਬਦਲਣ ਦਾ ਖੇਲ ਖੇਡ ਰਹੇ ਹਨ ਜੋ ਕਿ ਇਕ ਅਤਿ ਮੰਦੀ ਗੱਲ ਹੈ।ਸਬੰਧਤ ਸੱਜਣਾ ਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗੁਰਮਤਿ ਸਾਚੀ ਹੁਜਤਿ ਦੂਰਿ॥ਬਹੁਤੁ ਸਿਆਣਪ ਲਾਗੈ ਧੂਰਿ॥(352)
ਹਰਦੇਵ ਸਿੰਘ,ਜੰਮੂ- 24.01.2015