ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ਸੇਖ ਫਰੀਦ/488॥
ਹੇ ਫ਼ਰੀਦ! ਇਸ ਗੱਲ ਦੇ ਜ਼ਮੀਨ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਏਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।
ਆਪਣੇ ਆਪ ਨੂੰ ਵੱਡੇ ਅਖਵਾਉਂਣ ਵਾਲਿਆਂ ਦੀਆਂ ਕਈ ਕਿਸਮਾਂ ਹਨ। ਇਕ ਉਹ ਵੱਡੇ ਹਨ ਜੋ ਰਾਜ ਭਾਗ ਦੇ ਮਾਲਕ ਹਨ, ਦੂਜੇ ਉਹ ਜੋ ਜ਼ਮੀਨ ਜਾਇਦਾਦ ਦੇ ਮਾਲਕ ਹਨ, ਤੀਜੇ ਉਹ ਜੋ ਸਿਆਸੀ / ਧਾਰਮਿਕ ਆਗੂ ਹਨ। ਇਸ ਤੋਂ ਇਲਾਵਾ ਹੋਰ ਵੀ ਛੁਟਕਲ ਫੁਟਕਲ ਬਹੁਤੇਰੇ ਹਨ ਜੋ ਆਪਣੇ ਆਪ ਨੂੰ ਵੱਡੇ / ਆਗੂ ਗਿਣਦੇ ਹਨ। ਕੀ ਵੱਡਪਣ ਇਹੋ ਹੈ ਜਿਸਦਾ ਜ਼ਿਕਰ ਮੈਂ ਊਪਰ ਕੀਤਾ ਹੈ? ਨਹੀਂ। ਜਿਸ ਨੇ ਮਨੁੱਖਤਾ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਬਲਕਿ ਮਨੁੱਖਤਾ ਅਤੇ ਸਭਿਆਚਾਰ ਦੀ ਬਰਬਾਦੀ ਦਾ ਕਸੀਦਾ (Panegyric) ਕੱਢਿਆ ਹੈ, ਜਿਸ ਨੇ ਮਜ਼ਲੂਮਾਂ ਦੀ ਰੱਖਿਆ ਲਈ ਬੀੜਾ ਨਹੀਂ ਚੁਕਿਆ, ਕੁਰਬਾਨੀ ਨਹੀਂ ਦਿੱਤੀ, ਉਹ ਕਾਹਦਾ ਵੱਡਾ / ਕਾਹਦਾ ਆਗੂ?
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ॥ ਭਗਤ ਕਬੀਰ/1105॥
ਊਹੀ ਸੂਰਮਾ ਹੈ, ਉਹੀ ਵੱਡਾ ਹੈ ਜੋ ਮਜ਼ਲੂਮਾ ਦੀ ਬਾਂਹ ਫੜਦਾ ਹੈ, ਮਜ਼ਲੂਮਾਂ ਲਈ ਲੜਦਾ ਹੈ, ਟੋਟੇ-ਟੋਟੇ ਹੋ ਜਾਂਦਾ ਹੈ ਪਰ ਗਰੀਬਾਂ ਦੀ ਫੜੀ ਬਾਂਹ ਨਹੀਂ ਛੱਡਦਾ, ਮੈਦਾਨੇ ਜੰਗ ਨਹੀਂ ਛੱਡਦਾ। ਸ਼ੇਖ ਫ਼ਰੀਦ ਜੀ ਆਖਦੇ ਹਨ ਕਿ ਆਪਣੇ ਆਪ ਨੂੰ ਵੱਡੇ / ਆਗੂ ਅਖਵਾਉਂਣ ਵਾਲੇ ਏਥੋਂ ਚਲੇ ਜਾਂਦੇ ਹਨ ਬਿਨਾ ਮਨੁੱਖਤਾ ਦਾ ਕੁਝ ਸਵਾਰੇ ਅਤੇ ਕੋਈ ਛਾਪ ਵੀ ਨਹੀਂ ਛੱਡਦੇ ਪਿੱਛੇ ਮਨੁੱਖਤਾ ਦੀ ਰਹਿਨੁਮਾਈ ਵਾਸਤੇ । ਮੁਹੱਮਦ ਇਕਬਾਲ ਦਾ ਸ਼ੇਅਰ ਹੈ:-
ਦਾਗੇ ਸਜੂਦ ਤੇਰੀ ਪੈਸ਼ਾਨੀ ਪਰ ਹੂਆ ਤੋ ਕਿਆ,
ਕੋਈ ਐਸਾ ਸਜਦਾ ਭੀ ਕਰ ਕਿ ਜ਼ਮੀਨ ਪਰ ਨਿਸ਼ਾਨ ਰਹੇ।
(ਦਾਗੇ ਸਜੂਦ= ਮੱਥਾ ਟੇਕ-ਟੇਕ ਕੇ ਪਏ ਮੱਥੇ ਤੇ ਨਿਸ਼ਾਨ। ਸਜਦਾ= ਮੱਥਾ ਟੇਕਨਾ। ਪੈਸ਼ਾਨੀ= ਮੱਥਾ)। ਅੱਜ ਕਲ ਦੇ ਕੁਝ ਸਿੱਖ ਲੀਡਰਾਂ / ਆਗੂਆਂ ਦਾ ਇਹੋ ਕੰਮ ਹੈ। ਸੰਗਤ ਦਰਸ਼ਨ ਦੇ ਡਰਾਮੇਂ, ਵਿਖਾਵੇ ਲਈ ਗੁਰੂ ਘਰ ਮੱਥੇ ਟੇਕਣੇ (ਮੀਡੀਏ ਵਾਲੇ ਨਾਲ ਰੱਖਣੇ ਪਬਲਿਸਿਟੀੇ ਲਈ ਤਸਵੀਰਾਂ ਖਿੱਚਣ ਲਈ)। ਸਦਕੇ ਜਾਈਏ ਇਨ੍ਹਾਂ ਤੋਂ, ਕਿੰਨੇ ਢੰਗ ਹਨ ਇਨ੍ਹਾਂ ਕੋਲ ਬੇਵਕੂਫ ਬਣਾਉਂਣ ਦੇ। ਸਿੱਖੀ ਦੀ ਰਾਖੀ ਦੇ ਮਸਲੇ ਵਲੋਂ ਕੀ ਇਹ ਅਵੇਸਲੇ ਹਨ ਜਾਂ ਨੀਂਦ ਵਿੱਚ ਹਨ? ਸਿੱਖ ਵੀ ਏਨੇ ਭੋਲੇ ਹਨ ਕਿ ਇਨ੍ਹਾਂ ਸੁਤਿਆਂ ਨੂੰ ਜਗਾਉਂਦੇ ਨਹੀਂ।
“ ਸੋਨੇੋ ਦੋ ਅਗਰ ਵੁਹ ਸੋ ਰਹੇ ਹੈਂ ਗੁਲਾਮੀ ਕੀ ਨੀਂਦ ਮੇਂ,
ਹੋ ਸਕਤਾ ਹੈ ਵੁਹ ਖਵਾਬ ਅਜ਼ਾਦੀ ਕਾ ਦੇਖ ਰਹੇ ਹੋਂ”।(ਮੁਹੱਮਦ ਇਕਬਾਲ)।
ਸਾਡੇ ਜਠੇਰਿਆਂ (Ancestors) ਨੇ ਸਿੱਖੀ ਨੂੰ ਸੁਰਜੀਤ ਰੱਖਣ ਲਈ ਜਾਨਾਂ ਵਾਰੀਆਂ ਹਨ। ਸਿੱਖੀ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ ਉਠਾਏ ਕਦਮਾਂ ਦੇ ਨਿਸ਼ਾਨ ਸਾਡੇ ਲਈ ਛੱਡੇ ਹਨ। ਪਤਾ ਨਹੀਂ ਕੀ ਮਾਰ ਵੱਗ ਗਈ ਹੈ ਸਾਨੂੰ? ਅਸੀਂ ਉਨ੍ਹਾਂ ਮਰਜੀਵੜਿਆਂ ਦੇ ਪਾਈ ਪੈੜ ਤੇ ਚਲਦੇ ਕਿਉਂ ਨਹੀਂ? ਮੇਰੀ ਬੇਨਤੀ ਹੈ ਕਿ ਸਿੱਖੀ ਦੀ ਭਲਾਈ ਵਲੋਂ ਸੁਤਿਆਂ ਆਗੂਆਂ / ਬਾਬਿਆਂ / ਲੀਡਰਾਂ ਦੇ ਪਿੱਛੇ ਤੁਰਨਾ ਛੱਡੋ। ਇਸ ਵਕਤ ਲੋੜ ਹੈ ਸਾਨੂੰ ਉਨ੍ਹਾਂ ਦੀ ਜੋ ਸਿੱਖੀ ਦੀ ਭਲਾਈ ਲਈ ਕੰਮ ਕਰਨ।
ਸੁਰਜਨ ਸਿੰਘ-9041409041, ਮੋਹਾਲੀ