ਸਿੱਖਾਂ ਨੂੰ ਸਮਰੱਥ ਲੀਡਰਸ਼ਿਪ ਦੀ ਤੁਰੰਤ ਲੋੜ….?
ਭਾਵੇਂ ਕਿ ਸਿੱਖ ਲੀਡਰਸ਼ਿਪ ਦੇ ਖ਼ਾਲੀ ਵਿਹੜੇ ਕਾਰਣ ਸਿੱਖੀ ਅਤੇ ਸਿੱਖ ਸਿਆਸਤ ’ਚ ਨਿਘਾਰ ਨਿਰੰਤਰ ਜਾਰੀ ਹੈ, ਪ੍ਰੰਤੂ ਵਰਤਮਾਨ ਵਿਧਾਨ ਸਭਾ ਚੋਣਾਂ ’ਚ ਸਿੱਖ ਮੁੱਦਿਆਂ ਦੇ ਪੂਰੀ ਤਰਾਂ ਮਨਫ਼ੀ ਹੋ ਜਾਣ ਤੇ, ਪੰਥ ਦਰਦੀਆਂ ਦੇ ਮਨਾਂ ’ਚ ਸਿੱਖ ਲੀਡਰਸ਼ਿਪ ਦੇ ਖ਼ਲਾਅ ਨੂੰ ਲੈ ਕੇ ਭਾਰੀ ਚਿੰਤਾ ਹੈ ਅਤੇ ਇਸਦੀ ਪੂਰਤੀ ਲਈ ਵਿਚਾਰ-ਚਰਚਾ ਸ਼ੁਰੂ ਹੋ ਗਈ ਹੈ। ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ, ਇਸ ਵਿਹੜੇ ’ਚ ਸਿੱਖੀ ਸੱਭਿਆਚਾਰ ਨੂੰ ਖੋਰਾ ਲੱਗਣਾ ਅਤੇ ਸਿੱਖ ਸਿਧਾਤਾਂ ਦੀ ਅਣਦੇਖੀ ਹੋਣੀ, ਸਿੱਖੀ ਨਿਘਾਰ ਦੇ ਵੱਡੇ ਲੱਛਣ ਹਨ। ਸਿੱਖੀ ਜਿਸਦੇ ਮੁੱਖ ਤੱਤ ’ਚ ਚੰਗੀ ਸਿਹਤ, ਕੁਦਰਤ ਦਾ ਨੇੜ, ਕਿਸੇ ਕਿਸਮ ਦੀ ਵੀ ਗੁਲਾਮੀ ਕਬੂਲਣ ਤੋਂ ਇਨਕਾਰ, ਬੇਇਨਸਾਫ਼ੀ, ਧੱਕਾ, ਲੁੱਟ, ਬੇਇਜ਼ਤੀ ਅਤੇ ਅਣਖ਼ ਨੂੰ ਵੰਗਾਰਣ ਵਾਲੇ ਹਰ ਪੈਂਤੜੇ ਸਾਹਮਣੇ ਡੱਟਣਾ, ਦਸਾਂ ਨੁੰਹਾਂ ਦੀ ਕਿਰਤ ਕਮਾਈ ਕਰਕੇ ਜੀਵਨ ਨਿਰਵਾਹ ਕਰਨਾ ਅਤੇ ਪ੍ਰਮਾਤਮਾ ਦੇ ਭਾਣੇ ’ਚ ਰਹਿੰਦਿਆਂ ਸਬਰ ਸੰਤੋਖ ਆਪਣੇ ਲੜ ਬੰਨਣਾ, ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ, ਗੁੰਡਿਆਂ ਦਾ ਵਿਰੋਧ, ਸ਼ਰਾਬੀਆਂ-ਕਬਾਬੀਆਂ ਤੇ ਚੋਰ ਉੱਚਕਿਆ ਨੂੰ ਦੁਤਕਾਰਣਾ, ਪੰਚਾਇਤੀ ਭਾਈਚਾਰੇ ’ਚ ਪੂਰਨ ਭਰੋਸਾ, ਇਕ ਵਧੀਆ ਇਨਸਾਨ ਵਜੋਂ ਅਨੁਸ਼ਾਸਨ ’ਚ ਬੱਝੇ ਰਹਿਣ ਲਈ ਅੰਮਿ੍ਰਤਧਾਰੀ ਹੋ ਕੇ ਸੱਚ ਦਾ ਪਹਿਰੇਦਾਰ ਬਣਨਾ ਆਦਿ ਗੁਣ ਸ਼ਾਮਲ ਹਨ। ਸਿੱਖੀ ਇਕ ਆਮ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ, ਪ੍ਰੰਤੂ ਗੁਰੂ ਸਾਹਿਬਾਨ ਵੱਲੋਂ ਬਖ਼ਸੀ ਅੰਮਿ੍ਰਤ ਦੀ ਦਾਤ ਨੂੰ ਛੱਡ ਕੇ ਕੌਮ, ਸੁਆਰਥ ਤੇ ਪਦਾਰਥ ਰੂਪੀ ਜ਼ਹਿਰ ਦੇ ਪਿਆਲੇ ਦੀ ਦੀਵਾਨੀ ਹੋ ਗਈ, ਜਿਸ ਕਾਰਣ ਪੰਜਾਬ ’ਚੋਂ ਸਿੱਖੀ, ਸਿੱਖ ਸੱਭਿਆਚਾਰ ਤੇ ਸਿੱਖ ਸਿਧਾਂਤ ਅਲੋਪ ਹੋਣ ਲੱਗੇ ਹਨ।
ਸਿੱਖੀ ’ਚ ਮੀਰੀ-ਪੀਰੀ ਦਾ ਸਿਧਾਂਤ, ਸਿੱਖੀ ਦੀ ਅਧਿਆਤਮਕ ਅਤੇ ਦੁਨਿਆਵੀ ਸ਼ਕਤੀ ਲਈ ਗੁਰੂ ਸਾਹਿਬਾਨ ਨੇ ਦਿੱਤਾ, ਜਿਸਦੀ ਪਾਲਣਾ ਕਰਨ ਤੋਂ ਸਿੱਖ ਆਗੂ ਅਸਮਰੱਥ ਰਹੇ ਅਤੇ ਜਦੋਂ ਉਨਾਂ ਸਿੱਖਾਂ ਦੀ ਰਾਜਸੀ ਸ਼ਕਤੀ ਦੀ ਬੁਨਿਆਦ ਨੂੰ ਹੀ ਛੱਡ ਦਿੱਤਾ, ਉਹ ਵੀ ਸਿੱਖਾਂ ਦੇ ਆਗੂ ਨਹੀਂ ਰਹੇ। ਪ੍ਰੰਤੂ ਅੱਜ ਜਦੋਂ ਕੌਮ ਨਵੇਂ ਯੁੱਗ ਦੀਆਂ ਨਵੀਆਂ ਚੁਣੌਤੀਆਂ ਦੇ ਸਨਮੁੱਖ ਖੜੀ ਹੈ ਤਾਂ ਕੌਮ ਨੂੰ ਉਸ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਹਉਮੈਵਾਦੀ, ਲੋਭੀ, ਦੰਭੀ, ਕਪਟੀ, ਸੁਆਰਥੀ ਤੇ ਮਨਮੱਤੀ ਨਾ ਹੋਵੇ, ਸਗੋਂ ਸੇਵਾ ਭਾਵ ਤੇ ਕੌਮ ਦੀ ਚੜਦੀ ਕਲਾ ਨੂੰ ਸਮਰਪਿਤ ਹੋਵੇ। ਸਮਰੱਥ ਲੀਡਰਸ਼ਿਪ ਤੋਂ ਬਿਨਾਂ ਕੌਮ ਦਾ ਬੇੜਾ ਪਾਰ ਨਹੀਂ ਲੱਗ ਸਕਣਾ, ਅਜਿਹੀ ਸਮਰੱਥ ਲੀਡਰਸ਼ਿਪ ਹੁਣ ਕੌਮ ਨੂੰ ਖ਼ੁਦ ਘੜਨੀ ਪੈਣੀ ਹੈ।ਅਸੀਂ ਵਾਰ-ਵਾਰ ਹੋਕਾ ਦੇ ਰਹੇ ਹਾਂ ਕਿ ਸਿੱਖ ਸੱਭਿਆਚਾਰ ਤੇ ਸਿੱਖੀ ਸਿਧਾਂਤਾਂ ਦੀ ਰਾਖੀ, ਕੌਮ ਦੀ ਹੋਂਦ ਲਈ ਸੱਭ ਤੋਂ ਜ਼ਰੂਰੀ ਹੈ, ਕਿਉਂਕਿ ਵਰਤਮਾਨ ਸਿੱਖ ਆਗੂਆਂ ਨੇ ਸਿੱਖੀ ਨੂੰ ਤਿਲਾਂਜਲੀ ਦੇ ਛੱਡੀ ਹੈ ਅਤੇ ਉਹ ਸਿੱਖ ਵਿਰੋਧੀ ਸ਼ਕਤੀਆਂ ਅਤੇ ਪਾਖੰਡੀ ਸਾਧਾਂ ਦੇ ਮੋਢੇ ਚੜ ਕੇ, ਸਿੱਖੀ ਦੇ ਬੂਟੇ ਨੂੰ ਵੱਢਣ ਲੱਗੇ ਹੋਏ ਹਨ।
ਸਿੱਖ ਸੰਸਥਾਵਾਂ ਤੇ ਖ਼ਾਸ ਕਰਕੇ ਸਿੱਖੀ ਪ੍ਰਚਾਰ ਤੇ ਪਾਸਾਰ ਦੇ ਕੇਂਦਰ ਗੁਰੂ ਘਰਾਂ ਦੇ ਪ੍ਰਬੰਧਾਂ ’ਚ ਆਇਆ ਵੱਡਾ ਨਿਘਾਰ ਵੀ ਇਸ ਦੁਰਗੱਤੀ ਲਈ ਜੁੰਮੇਵਾਰ ਹੈ। ਇਸ ਲਈ ਉਹ ਲਹਿਰ, ਜਿਹੜੀ ਸਿੱਖ ਸਿਧਾਤਾਂ ਦੀ ਰਾਖੀ ਤੇ ਸਿੱਖ ਸੰਸਥਾਵਾਂ ’ਚ ਆ ਚੁੱਕੇ ਵਿਗਾੜ ਦੀ ਦੁਰੱਸਤੀ ਲਈ ਪੈਦਾ ਕੀਤੀ ਜਾਵੇ, ਉਹ ਲਹਿਰ ਹੀ ਸਿੱਖਾਂ ਨੂੰ ਭਵਿੱਖ ਦੀ ਸਿਆਣੀ, ਸਮਰੱਥ, ਦੂਰਅੰਦੇਸ਼ ਅਤੇ ਸਿੱਖੀ ਨੂੰ ਸਮਰਪਿਤ ਲੀਡਰਸ਼ਿਪ ਵੀ ਪੈਦਾ ਕਰਕੇ ਦੇ ਸਕਦੀ ਹੈ। ਲੋੜ ਹੈ, ਜਿਹੜੇ ਪੰਥ ਦਰਦੀ, ਸਿੱਖੀ ਤੇ ਸਿੱਖ ਸਿਧਾਤਾਂ ਨੂੰ ਲੱਗੇ ਖੋਰੇ ਨੂੰ ਦੇਖ-ਦੇਖ ਅੰਦਰੋ-ਅੰਦਰੀਂ ਦੁੱਖੀ ਹੋ ਰਹੇ ਹਨ, ਉਹ ਇਕੱਤਰ ਹੋਣ, ਵਿਚਾਰ ਕਰਨ ਅਤੇ ਸਿੱਖ ਸਿਧਾਤਾਂ ਤੇ ਸਿੱਖ ਸਭਿਆਚਾਰ ਦੀ ਰਾਖੀ ਲਈ ਲਹਿਰ ਪੈਦਾ ਕੀਤੀ ਜਾਵੇ। ਇਸ ਲਈ ਨਿੱਜੀ ਹੳੂਮੈ, ਲਾਲਸਾ, ਸੁਆਰਥ ਤੇ ਪਦਾਰਥ ਦੀ ਭੁੱਖ ਦਾ ਤਿਆਗ ਕਰਨਾ ਹੋਵੇਗਾ। ਨਵੀਂ ਪੀੜੀ ਦਿਸ਼ਾਹੀਣ ਹੋ ਕੇ ਭਟਕ ਰਹੀ ਹੈ, ਉਸ ਨੂੰ ਸੰਭਾਲਣ ਲਈ ਨਵੀਂ ਸੋਚ ਤੇ ਨਵੀਂ ਪ੍ਰਚਾਰ ਤਕਨੀਕ ਦੀ ਵਰਤੋਂ ਨਾਲ ਪੁਰਾਤਨ ਵਿਰਸੇ ਅਤੇ ਮਹਾਨ ਸਿੱਖ ਇਤਿਹਾਸ ਨੂੰ ਨਵੀਂ ਪੀੜੀ ਦੇ ਮਨਮਸਤਕ ਤੇ ਭਾਰੂ ਕਰਨਾ ਹੋਵੇਗਾ, ਕੌਮ ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਨਾ ਹੋਵੇਗਾ ਅਤੇ ਸਿਰਫ਼ ਗੁਰੂ ਵਾਲੇ ਬਣਨ ਦੀ ਥਾਂ, ਗੁਰੂ ਦੀ ਮੰਨਣ ਵਾਲੇ, ਗੁਰਸਿੱਖ ਪੈਦਾ ਕਰਨੇ ਹੋਣਗੇ। ਇਹ ਤਦ ਹੀ ਸੰਭਵ ਹੈ ਜੇ ਸੁੱਤੀ ਕੌਮ ਨੂੰ ਹਲੂਣਾ ਦੇਣ ਵਾਲੀ ਕੋਈ ਸਮਰੱਥ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਵੇਗੀ। ਬਾਬਾ ਭਿੰਡਰਾਂਵਾਲੇ ਵਰਗੇ ‘ਚਮਤਕਾਰ’ ਰੋਜ਼-ਰੋਜ਼ ਨਹੀਂ ਹੁੰਦੇ, ਇਹ ਸਦੀਆਂ ’ਚ ਇਕ ਅੱਧ ਵਾਰ ਵਾਪਰਨ ਵਾਲੇ ਚਮਤਕਾਰ ਹੁੰਦੇ ਹਨ, ਇਸ ਲਈ ਅੱਜ ਹਰ ਪੰਥ ਦਰਦੀ ਨੂੰ ਕਿਸੇ ‘ਚਮਤਕਾਰ’ ਦੀ ਥਾਂ ਆਪੋ-ਆਪਣੀ ਸਮਰੱਥਾ ਅਨੁਸਾਰ ਸਿੱਖ ਜਾਗਰੂਕ ਲਹਿਰ ਪੈਦਾ ਕਰਨ ਅੱਗੇ ਆਉਣਾ ਹੋਵੇਗਾ।
ਜਸਪਾਲ ਸਿੰਘ ਹੇਰਾਂ
Comment:- ਅਜਿਹੇ ਕਿਸੇ ਵੀ ਉਪਰਾਲੇ ਲਈ ਅਦਾਰਾ ਦਾ ਖਾਲਸਾ. ਓ.ਆਰ.ਜੀ. (Thekhalsa.org) ਤਨੋਂ ਮਨੋਂ ਅਤੇ ਧਨੋਂ ਪੂਰਾ ਸਮੱਰਪਣ ਕਰੇਗਾ, ਜੇ ਇਹ ਕੰਮ ਨਿਸਵਾਰਥ ਬੰਦੇ ਰਲ ਕੇ ਕਰਨਗੇ ਅਤੇ ਇਸ ਦੀ ਵਿਉਂਤ ਬੰਦੀ ਵਿਚ ਸਾਡਾ ਵੀ ਸਹਿਯੋਗ ਲਿਆ ਜਾਵੇਗਾ।
ਅਮਰ ਜੀਤ ਸਿੰਘ ਚੰਦੀ
ਜਸਪਾਲ ਸਿੰਘ ਹੇਰਾਂ
ਸਿੱਖਾਂ ਨੂੰ ਸਮਰੱਥ ਲੀਡਰਸ਼ਿਪ ਦੀ ਤੁਰੰਤ ਲੋੜ….?
Page Visitors: 2879