1 ਕਬੀਰ ਨਉਬਤਿ ਆਪਨੀ
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ॥ਪੰਨਾ 1368। ਹੇ ਕਬੀਰ! ਜੇ ਤੂੰ ਨਹੀਂ ਸੁਣਦਾ ਤਾਂ ਨਾ ਸੁਣ, ਤੇਰੀ ਮਰਜ਼ੀ। ਪਰ ਇਹ ਮਨਮਾਨੀ ਕੁਝ ਹੀ ਦਿਨਾਂ ਦੀ ਹੈ। ਮੌਤ ਦੇ ਠੇਂਗੇ ਦਾ ਖ਼ਿਆਲ ਰੱਖ। ਗੁਣਾਂ ਨੂੰ ਅਪਣਾ।ਔਗੁਣਾਂ ਨੂੰ ਛੱਡ।ਪਰ ਗੁਣ ਅਪਨਾਉਣ ਲਈ ਆਪਾ ਭਾਵ ਵਲੋਂ ਮਰਨਾ ਪੈਂਦਾ ਹੈ। ਗੁਨ ਕਉ ਮਰੀਐ ਰੋਇ (ਪੰਨਾ 1368)।
ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਰਥ ਵਿਆਖਿਆ ਵੀ ਕਰਦੇ ਹਾਂ।ਪਰਚਾਰ ਵੀ ਕਰਦੇ ਹਾਂ ਪਰ ਬੜੇ ਦੁਖ ਦੀ ਗੱਲ ਹੈ ਕਿ ਅਮਲੀ ਜਿੰਦਗੀ ਵਿੱਚ ਗੁਰਬਾਣੀ ਦੇ ਉਪਦੇਸ਼ ਨੂੰ ਕੁਝ ਗਿਣੇ ਚੁਣੇ ਪਰਚਾਰਕ ਹੀ ਖ਼ੁਦ ਅਪਣਾਉਂਦੇ ਹਨ। ਜ਼ਿਆਦਾਤਰ, ਪਰਚਾਰ ਕਰਨ ਵਾਲੇ ਇਹੋ ਸਮਝਦੇ ਹਨ ਕਿ ਇਨ੍ਹਾਂ ਦਾ ਕੰਮ ਦੂਜਿਆਂ ਨੂੰ ਸਮਝਾਉੈਂਣਾ ਹੈ (sermons are for others)। ਅਵਰ ਉਪਦੇਸੈ ਆਪਿ ਨ ਕਰੈ॥ਆਵਤ ਜਾਵਤ ਜਨਮੈ ਮਰੈ॥(ਪੰਨਾ 269,ਗਉੜੀ ਸੁਖਮਨੀ)। ਕਿੰਨਾ ਸਪਸ਼ਟ ਹੈ ਸੁਖਮਨੀ ਸਾਹਿਬ ਦਾ ਉਪਦੇਸ਼। ਸੁਖਮਨੀ ਸਾਹਿਬ ਦਾ ਪਾਠ ਸਿੱਖ ਜਗਤ ਵਿੱਚ ਇੱਕ ਰਸਮ ਜਿਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਇਸ ਦਾ ਪਾਠ ਤਾਂ ਬਹੁਤ ਜਨਤਕ ਹੈ ਪਰ ਇਸ ਦੇ ਉਪਦੇਸ਼ ਨੂੰ ਕੋਈ ਕੋਈ ਸਿਖ ਹੀ ਅਮਲੀ ਤੌਰ ਤੇ ਅਪਣਾ ਰਿਹਾ ਹੈ।
ਸਿੱਖ ਪਰਚਾਰਕਾਂ ਨੂੰ ਆਪਣੇ ਆਪ ਨੂੰ ਸਿੱਖ ਗੁਰੂ ਸਾਹਿਬਾਨ ਦੀ ਸਿਰਜੀ ਸਿੱਖੀ ਵਿੱਚ ਢਾਲਣ ਦੀ ਲੋੜ ਹੈ (ਬਾਹਰੀ ਪਹਿਰਾਵੇ ਦੇ ਨਾਲ-ਨਾਲ ਧੁਰ ਅੰਦਰੋਂ ਵੀ)। ਸਿੱਖ ਪਰਚਾਰਕ ਜੇ ਆਪਣੇ ਆਪ ਨੂੰ ਸਾਧ ਲੈਣ ਤਾਂ ਸਿੱਖ ਜਗਤ ’ਚ ਆ ਚੁੱਕੀ ਗਿਰਾਵਟ ਬਹੁਤ ਹੱਦ ਤਕ ਦੂਰ ਹੋ ਸਕਦੀ ਹੈ। ਪਰ ਪਰਚਾਰਕਾਂ ਦੀਆਂ ਆਪੋ ਆਪਣੀਆਂ ਮਜਬੂਰੀਆ ਹਨ। ਕਈ ਪਰਚਾਰਕ ਸਿਆਸੀ ਪਾਰਟੀਆਂ ਦੇ ਦਬਾਅ ਥੱਲੇ ਹਨ ਅਤੇ ਕਈਆਂ ਨੇ ਇਹ ਕਿੱਤਾ ਬਤੌਰ ਪੇਸ਼ਾ ਫੜਿਆ ਹੈ। ਇਨ੍ਹਾਂ ਸ਼ਰੇਣੀਆਂ ਦੇ ਪਰਚਾਰਕ ਉਹੀ ਬੋਲਦੇ ਹਨ ਜੋ ਸਿਆਸੀ ਪਾਰਟੀਆਂ ਜਾਂ ਸ੍ਰੋਤਿਆਂ ਦੀ ਬਹੁਿਗਣਤੀ ਨੂੰ ਅਤੇ ਪ੍ਰਬੰਧਕਾਂ ਨੂੰ ਚੰਗਾ ਲਗਦਾ ਹੈ। ਗੁਰਦੁਆਰਿਆਂ ਵਿੱਚ ਨਿਯੁਕਤ ਗ੍ਰੰਥੀ / ਰਾਗੀ, ਸਿੱਖ ਮਰਯਾਦਾ ਵਿਰੁੱਧ ਪ੍ਰਬੰਧਕਾਂ ਦੀਆਂ ਗਤੀਵਿਧੀਆ ਤੇ ਨਹੀਂ ਬੋਲ ਸਕਦੇ ਕਿਉਂਕਿ ਨਂੌਕਰੀ ਜਾਣ ਦਾ ਖ਼ਤਰਾ ਹੁੰਦਾ ਹੈ। ਧਾਰਮਿਕ ਸਮਾਗਮਾਂ ਤੇ ਪਰਚਾਰਕ ਆਮ ਤੌਰ ਤੇ ਪ੍ਰਬੰਧਕਾਂ ਦੇ ਸਿੱਖੀ ਵਿਰੁੱਧ ਰੱਵਈਏ ਤੇ ਨਹੀਂ ਬੋਲ ਸਕਦੇ ਕਿਉਂਕਿ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਸਮਾਗਮਾਂ ਲਈ ਬੁਲਾਉਂਣ ਵਾਲਿਆਂ ਦੀ ਗਿਣਤੀ ਘੱਟਣ ਦਾ ਖ਼ਦਸ਼ਾ ਹੁੰਦਾ ਹੈ ਅਤੇ ਆਮਦਨ ਵੀ ਘੱਟ ਸਕਦੀ ਹੈ।
ਅੱਜ ਕਲ ਸਮਾਜ ’ਚ ਪਦਾਰਥਵਾਦ ਪ੍ਰਧਾਨ ਹੈ ਅਤੇ ਇਸ ਦੇ ਪ੍ਰਭਾਵ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ। ਅਜੋਕੇ ਸਮੇਂ ਵਿੱਚ ਜ਼ਿੰਦਗੀ ਦੀਆਂ ਜਾਇਜ਼ ਲੋੜਾਂ ਪੂਰੀਆਂ ਕਰਨ ਲਈ ਪੈਸਾ ਚਾਹੀਦਾ ਹੈ। ਗੁਰਦੁਵਾਰਿਆਂ ਕੋਲ ਪੈਸੇ ਦੀ ਕਮੀ ਨਹੀਂ ਅਤੇ ਗੁਰਦੁਵਾਰੇ ਪੈਸੇ ਨੂੰ ਭਲੇ ਕੰਮਾਂ ਲਈ ਵਰਤਦੇ ਵੀ ਹੋਣ ਗੇ। ਪਰ ਗ੍ਰੰਥੀਆਂ / ਰਾਗੀਆਂ ਨੂੰ ਵਾਜਬ ਤਨਖਾਹ ਦੇਣਾ ਵੀ ਗੁਰਦੁਵਾਰਿਆਂ ਦੀ ਜ਼ਰੂਰੀ ਜ਼ਿੰਮੇਵਾਰੀ ਹੈ। ਗ੍ਰੰਥੀਆਂ / ਰਾਗੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਅਗਰ ਉਨ੍ਹਾਂ ਨੂੰ ਵਾਜਬ ਤਨਖਾਹ ਮਿਲਦੀ ਹੈ ਤਾਂ ਉਨ੍ਹਾਂ ਨੂੰ ਤ੍ਰਿਸਨਾਵੀ ਰੁਚੀ ਤੋਂ ਬਚਣ ਦੀ ਲੋੜ ਹੈ ਕਿਉਂਕਿ ਉਹ ਸਿੱਖ ਧਰਮ ਦੇ ਪਰਚਾਰਕ ਹਨ। ਪ੍ਰਬੰਧਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਗ੍ਰੰਥੀ / ਪਰਚਾਰਕ ਸਿੱਖ ਮਰਯਾਦਾ ਦਾ ਪਰਚਾਰ ਕਰਨ ਲਈ ਹਨ ਨਾਕਿ ਉਨ੍ਹਾਂ ਦੀ ਗ਼ਲਤ ਵਿਚਾਰਧਾਰਾ ਨੂੰ ਟੋ (toe) ਕਰਨ ਵਾਸਤੇ। ਪਰਚਾਰ ਪੱਖੋਂ ਇਹ ਸੁਧਾਰ ਜ਼ਰੂਰੀ ਹੈ ਕਿਉਂਕਿ ਪਰਚਾਰ ਇੱਕ ਕਾਰਗਰ ਸਾਧਨ ਹੈ। ਸਿਰਫ ਲੇਖ ਲਿਖ-ਲਿਖ ਕੇ ਜਾਂ ਲੈਕਚਰ ਦੇ-ਦੇ ਕੇ ਇਹ ਸੁਧਾਰ ਹੋ ਜਾਣਾ ਅਸੰਭਵ ਹੈ ਭਾਵੇਂ ਲੇਖ ਲਿਖਣੇ, ਲੈਕਚਰ ਦੇਣੇ ਵੀ ਜ਼ਰੂਰੀ ਹਨ ਪਰ ਇਸ ਸੁਧਾਰ ਵਾਸਤੇ ਸਿੱਖੀ ਨੂੰ ਸਮਰਪਿਤ ਗਿਆਨਵਾਨ ਸਿੱਖਾਂ ਨੂੰ ਇੱਕ ਜੁੱਟ ਹੋ ਕੇ ਜ਼ਮੀਨੀ ਸਤਹ ਤੇ ਕੰਮ ਕਰਨ ਦੀ ਯੋਜਨਾ ਬਨਾਉਂਣ ਦੀ ਲੋੜ ਹੈ। ਇਸ ਸਮੇਂ ਦਾ ਸਭ ਤੋਂ ਜ਼ਰੂਰੀ ਮੁੱਦਾ ਸਿੱਖੀ ਨੂੰ ਪਤਨ ਤੋਂ ਬਚਾਉਂਣਾ ਹੈ।ਜਿੰਨਾਂ ਚਿਰ ਸਿੱਖੀ ਦੇ ਪਤਨ ਵਿੱਚ ਸੁਧਾਰ ਹੋਣਾ ਸ਼ੁਰੂ ਨਹੀਂ ਹੋ ਜਾਂਦਾ ਉਨਾ ਚਿਰ ਸਾਨੂੰ ਇਸ ਮੁੱਦੇ ਦੇ ਮੁਕਾਬਲੇ ਤੇ ਗ਼ੈਰ ਜ਼ਰੂਰੀ ਮੁੱਦਿਆਂ ਨੂੰ ਗੌਣ ਸ਼ਰੇਣੀ ਵਿੱਚ ਰੱਖ ਲੈਣਾ ਚਾਹੀਦਾ ਹੈ। ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਤੇ ਦੂਜਿਆਂ ਮੁੱਦਿਆਂ ਵਿੱਚ ਉਲਝੇ ਰਹਿਣ ਕਰਕੇ ਸਿੱਖੀ ਪਤਨ ਵਲ ਨੂੰ ਹੀ ਨਾ ਤੁਰੀ ਜਾਵੇ। ਐਸਾ ਨਾ ਹੋ ਕਿ “ਕਾਰਵਾਂ ਗ਼ੁਜ਼ਰ ਗਿਆ ਗ਼ੁਬਾਰ ਦੇਖਤੇ ਰਹੇ”।
ਸੁਰਜਨ ਸਿੰਘ-9041409041, ਮੋਹਾਲੀ।
ਸੁਰਜਨ ਸਿੰਘ
1 ਕਬੀਰ ਨਉਬਤਿ ਆਪਨੀ
Page Visitors: 2759