ਕੀ ਕੇਜਰੀਵਾਲ ਨੇ ਕਸਮ ਖਾਣ ਦੇ ਬਾਵਜੂਦ ਕਾਂਗਰਸ ਤੋਂ ਸਮਰਥਨ ਲੈ ਕੇ ਗੁਨਾਹ ਕੀਤਾ ?
ਅੱਜ ਕੱਲ ਦਿੱਲੀ ਚੁਨਾਵ ਦੌਰਾਨ ਇਹ ਵਿਸ਼ਾ ਬੜਾ ਗਰਮ-ਜੋਸ਼ੀ ਨਾਲ ਉੱਠਾਇਆ ਜਾ ਰਿਹਾ ਹੈ ਕਿ ਦਿੱਲੀ ਦੇ ਪੂਰਬ ਮੁੱਖਮੰਤ੍ਰੀ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਕਸਮ ਖਾਧੀ ਸੀ ਕਿ ਭਿ੍ਰਸ਼ਟ ਭਾਰਤੀ ਜਨਤਾ ਪਾਰਟੀ ਅਤੇ ਭਿ੍ਰਸ਼ਟ ਕਾਂਗਰਸ ਤੋਂ ਸਮਰਥਨ ਨਾ ਲਵਾਂਗਾ ਅਤੇ ਨਾ ਹੀ ਦੇਵਾਂਗਾ, ਦੇ ਬਾਵਜੂਦ ਵੀ ਕਾਂਗਰਸ ਤੋਂ ਸਰਕਾਰ ਬਣਾਉਣ ਲਈ ਸਹਿਯੋਗ ਲਿਆ। ਇਸ ਲਈ ਅਜਿਹੇ ਝੂਠੇ ਬੰਦੇ ’ਤੇ ਦਿੱਲੀ ਦੀ ਜਨਤਾ ਦੁਬਾਰਾ ਭਰੋਸਾ ਕਿਉਂ ਕਰੇ?, ਨੂੰ ਵੀਚਾਰਨਾ ਜ਼ਰੂਰੀ ਹੈ।
ਕੇਜਰੀਵਾਲ, ਅੰਨਾ ਹਜਾਰੇ ਵੱਲੋਂ ਚਲਾਏ ਗਏ ਭਿ੍ਰਸ਼ਟਾਚਾਰ ਦੇ ਅੰਦੋਲਨ ਦਾ ਹੀਰੋ ਰਹਿਆ, ਇਸ ਵਿੱਚ ਕੋਈ ਸ਼ੱਕ ਨਹੀਂ। ਮੈ ਆਪ ਇਸ ਅੰਦੋਲਨ ਦੌਰਾਨ ਦਿੱਲੀ ਦੀ ਜਨਤਾ ਵਿੱਚ ਸਾਮਲ ਸੀ, ਇਸ ਲਈ ਮੈਂ ਇਸ ਅੰਦੋਲਨਕਾਰੀਆਂ ਦੀ ਮਨੋਬਿ੍ਰਤੀ ਵੱਲ ਆਪ ਜੀ ਦਾ ਧਿਆਨ ਦਿਲਵਾਉਣਾ ਚਾਹੁੰਦਾ ਹਾਂ ਤਾਂ ਜੋ ਕੇਜਰੀਵਾਲ ਵੱਲੋਂ ਖਾਧੀ ਅਤੇ ਤੋੜੀ ਗਈ ਕਸਮ ਦਾ ਕੁਝ ਸੱਚ ਸਾਹਮਣੇ ਆ ਜਾਵੇ।
ਭਾਰਤ ਦੀ ਜਨਤਾ ਬੇਸ਼ੱਕ ਕਿਸੇ ਵੀ ਅੰਦੋਲਨ ’ਚ ਭਾਗ ਲਵੇ ਪਰ ਇਨ੍ਹਾਂ ਅੰਦੋਲਨਾਂ ਵਿੱਚ ਵੀ ਬਹੁਤਾਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਕਿਸੇ ਨਾ ਕਿਸੇ ਸੁਆਰਥ ਕਾਰਨ ਹੀ ਅਜਿਹੇ ਅੰਦੋਲਨ ਦਾ ਭਾਗ ਬਣੇ ਹੁੰਦੇ ਹਨ। ਇਹੀ ਮਨੋ ਬਿ੍ਰਤੀ ਕੇਜਰੀਵਾਲ ਦੇ ਸਾਹਮਣੇ ਵੱਡੀ ਚਨੌਤੀ ਬਣ ਕੇ ਆ ਖੜੀ ਹੋਈ।
ਕੇਜਰੀਵਾਲ ਇੱਕ ਇਮਾਨਦਾਰ ਅਤੇ ਕ੍ਰਾਂਤੀਕਾਰੀ ਵਿਅਕਤੀ ਹੈ ਜਿਸ ਪਾਸ ਭਿ੍ਰਸਟਾਚਾਰ ਨੂੰ ਜੜ੍ਹੋ ਖਤਮ ਕਰਨ ਲਈ ਰੋਡਮੈਪ ਵੀ ਮੌਜ਼ੂਦ ਹੈ ਪਰ ਰਾਜਨੀਤੀ ਦੇ ਛਲ ਕਪਟ ’ਚ ਉਤਨਾ ਮਾਹਰ ਨਹੀਂ ਸੀ। ਕੇਜਰੀਵਾਲ ਨੂੰ ਇਹ ਸਮਝਣ ’ਚ ਦੇਰ ਲੱਗ ਗਈ ਕਿ ਜਨਤਾ ਅੰਨਾ ਹਜਾਰੇ ਦਾ ਸਾਥ ਕਿਉਂ ਛੱਡ ਰਹੀ ਹੈ? ਭਾਵ ਭਾਰਤ ਦੀ ਜਨਤਾ ਭਿ੍ਰਸ਼ਟਾਚਾਰ ਮੁਕਤ ਸਮਾਜ ਨੂੰ ਤਰਜੀਹ ਬਾਅਦ ’ਚ ਦੇ ਰਹੀ ਹੈ ਜਦਕਿ ਆਪਣੀਆਂ ਕੁਝ ਮੰਗਾਂ ਪਹਿਲਾਂ ਪੂਰੀਆਂ ਕਰਵਾਉਣਾ ਚਾਹੁੰਦੀ ਹੈ। ਇਸ ਦੀ ਉਦਾਹਰਨ ਹੈ ਕਿ 49 ਦਿਨ ਦੇ ਮੁਖ ਮੰਤ੍ਰੀ ਕਾਲ ’ਚ ਜਨਤਾ ਵੱਲੋਂ ਲਗਾਏ ਗਏ ਅਨੇਕਾਂ ਧਰਨੇ।
ਕੇਜਰੀਵਾਲ ਨੇ ਇਸ ਅੰਦੋਲਨ ਨੂੰ ਅੰਨਾ ਹਜਾਰੇ ਦੀ ਸੋਚ ਤੋਂ ਅਲੱਗ ਕਰਦਿਆਂ ਲੰਮੇ ਸੰਘਰਸ ਵੱਲ ਜਾਣ (ਵਧਾਉਣ) ਲਈ ਤਿਆਰੀ ਕੀਤੀ ਸੀ ਪਰ ਦਿੱਲੀ ਦੀ ਜਨਤਾ ਨੇ ਦਬਾਅ ਪਾ ਕੇ ਮੁਖ ਮੰਤ੍ਰੀ ਬਣਨ ਲਈ ਮਜਬੂਰ ਕਰ ਦਿੱਤਾ। ਜਦ ਕੇਜਰੀਵਾਲ ਨੇ ਆਪਣਾ ਅਸਲੀ ਮੁੱਦਾ (ਲੋਕਪਾਲ) ਪਾਸ ਕਰਵਾਉਣ ਲਈ ਦਿੱਲੀ ਵਿਧਾਨ ਸਭਾ ’ਚ ਲਿਆਂਦਾ ਤਾਂ ਭਿ੍ਰਸ਼ਟ ਰਾਜਨੇਤਾਵਾਂ ਨੂੰ ਇਕੱਠਾ ਹੁੰਦਿਆਂ ਦੇਰ ਨਹੀਂ ਲੱਗੀ। ਅਜਿਹੀ ਸਥਿਤੀ ’ਚ ਕੇਜਰੀਵਾਲ ਕੋਲ ਦੋ ਹੀ ਰਸਤੇ ਬਚ ਜਾਂਦੇ ਹਨ ਪਹਿਲਾ ਆਪਣੇ ਅਸਲ ਮੁੱਦੇ (ਲੋਕਪਾਲ) ਤੋਂ ਪਿਛਾ ਹਟੇ ਅਤੇ ਦੂਸਰਾ ਅਸਤੀਫਾ ਦੇਵੇ, ਕੇਜਰੀਵਾਲ ਨੇ ਆਪਣੀ ਜਮੀਰ ਦੀ ਆਵਾਜ਼ ਨੂੰ ਸੁਣਦਿਆਂ ਅਸਤੀਫਾ ਦੇ ਦਿੱਤਾ।
ਦੂਸਰਾ ਇਸ ਚੁਨਾਵ ਦੌਰਾਨ ਉੱਠਾਇਆ ਜਾਣ ਵਾਲਾ ਅਹਿਮ ਮੁੱਦਾ ਹੈ ਕਿ ਕੇਜਰੀਵਾਲ ਨੇ ਕੋਈ ਭੀ (ਵੀ. ਆਈ. ਪੀ.) ਸੁਵਿਧਾ ਨਾ ਲੈਣ ਵਾਲੇ ਆਪਣੇ ਫੈਂਸਲੇ ਤੋਂ ਉਪਰੰਤ ਦੁਬਾਰਾ ਹਰ ਪ੍ਰਕਾਰ ਦੀ ਸੁਵਿਧਾ ਕਿਉਂ ਲਈ?
ਦਰਅਸਲ, ਭੋਲੀ ਜਨਤਾ ਨੂੰ ਕੌਣ ਸਮਝਾਵੇ ਕਿ ਭਾਰਤ ਦੀਆਂ ਖੁਫੀਆਂ ਏਜੰਸੀਆਂ ਨੂੰ ਰਾਜਨੀਤਿਕ ਲੋਕ ਕਿਸ ਤਰ੍ਹਾਂ ਵਰਤਦੇ ਹਨ। ਪਹਿਲਾਂ ਕੇਜਰੀਵਾਲ ਨੂੰ ਜਾਣ ਤੋਂ ਖਤਰਾ (ਵਿਕਾਉ ਮੀਡੀਆਂ ਰਾਹੀਂ) ਦਰਸਾਇਆ ਗਿਆ ਫਿਰ ਆਪ ਹੀ ਕੇਜਰੀਵਾਲ ਦੀ ਵਿਚਾਰਧਾਰਾ ’ਚ ਸੇਧ ਲਗਵਾ ਕੇ ਆਪ ਹੀ ਹੁਣ ਉਸ ਨੂੰ ਆਪਣੇ ਹਿਤ ਲਈ ਵਰਤ ਰਹੇ ਹਨ।
ਕੇਜਰੀਵਾਲ ਦੀ ਇਹ ਸੋਚ ਕਿ ਭਿ੍ਰਸ਼ਟਾਚਾਰ ਹੈ ਕੀ? ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੇਜਰੀਵਾਲ ਅਨੁਸਾਰ ਭਿਖਾਰੀ ਵੀ ਟੈਕਸ ਦੇਂਦਾ ਹੈ ਭਾਵ ਭਿਖਾਰੀ ਕੁਝ ਵੀ ਖਰੀਦੇ ਉਸ ’ਤੇ ਸਰਕਾਰ ਵੱਲੋਂ ਪਹਿਲਾਂ ਹੀ ਟੈਕਸ ਲੱਗਾ ਹੁੰਦਾ ਹੈ। ਇਹ ਟੈਕਸ ਕੇਂਦਰ ਤੱਕ ਜਾਂਦਾ ਅਤੇ ਉਨ੍ਹਾਂ ਹੀ (ਪੇਂਡੂ, ਸਥਾਨਕ) ਯੋਜਨਾਵਾਂ ਦੇ ਵਿਕਾਸ ਲਈ ਵਾਪਸ ਆਉਂਦਾ ਲੀਕ ਹੁੰਦਾ ਹੈ, ਦਾ ਨਾਮ ਭਿ੍ਰਸ਼ਟਾਚਰ ਹੈ। ਇਸ ਨੂੰ ਰੋਕਣਾ ਕੋਈ ਮੁਸਕਲ ਨਹੀਂ ਭਾਵ ਜਿੱਥੋਂ ਟੈਕਸ ਇਕੱਤਰ ਕੀਤਾ ਗਿਆ ਹੈ ਉਸ ਦਾ ਬਹੁਤ ਵੱਡਾ ਹਿੱਸਾ ਕੇਂਦਰ ਵੱਲ ਲੈ ਜਾਣ ਦੀ ਬਜਾਏ ਉਨ੍ਹਾਂ ਟੈਕਸਕਾਰੀਆਂ ਤੋਂ ਪੁੱਛ ਕੇ ਪਹਿਲਾਂ ਤੋਂ ਹੀ ਉਥੇ ਰੱਖ ਲਿਆ ਜਾਵੇ, ਕੇਵਲ ਜ਼ਰੂਰਤ ਅਨੁਸਾਰ ਹੀ ਪੈਸਾ ਕੇਂਦਰ ਤੱਕ ਭੇਜਿਆ ਜਾਵੇ, ਤਾਂ ਜੋ ਵਾਪਸ ਆਉਣ ਜਾਣ ਵਾਲਾ ਭਿ੍ਰਸ਼ਾਟਾਰ ਬੰਦ ਹੋ ਸਕੇ।
ਭਿ੍ਰਸ਼ਟਾਚਾਰੀ ਰਾਜਨੀਤਕ ਲੋਕ ਇਸ ਤਰ੍ਹਾਂ ਕਿਵੇਂ ਆਪਣੇ ਪੈਰ ’ਤੇ ਕੁਹਾੜੀ ਮਾਰ ਸਕਦੇ ਸਨ। ਉਨ੍ਹਾਂ ਨੇ ਇਸ ਸਰਬ ਪ੍ਰਮਾਣਿਕ ਯੋਜਨਾ ਨੂੰ ਕੇਵਲ ਕਸਮੀਰ ਦੀ ਆਜ਼ਾਦੀ ਨਾਲ ਜੋੜ ਕੇ ਲੋਕਾਂ ਨੂੰ ਇਸ ਲਹਿਰ ਦੇ ਵਿਰੋਧ ’ਚ ਖੜ੍ਹਾ ਕਰ ਦਿੱਤਾ ਭਾਵ ਲੋਕਾਂ ਨੂੰ ਇਹ ਝੂਠ ਚੰਗੀ ਤਰ੍ਹਾਂ ਸੱਚ ’ਚ ਪਰੋਸ (ਮਿਲਾ) ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਤਰ੍ਹਾਂ ਕਸ਼ਮੀਰੀ ਲੋਕ ਆਪਣੀ ਆਜ਼ਾਦੀ ਲਈ ਮਤੇ ਪਾਸ ਕਰਵਾ ਸਕਦੇ ਹਨ। ਭੋਲੀ ਜਨਤਾ ਨੂੰ ਇਹ ਨਹੀਂ ਪਤਾ ਕਿ ਕਸ਼ਮੀਰੀ ਲੋਕ ਆਪਣੀ ਆਜ਼ਾਦੀ ਲਈ ਲੜ ਰਹੇ ਹਨ ਅਗਰ ਉਨ੍ਹਾਂ ਨੂੰ ਇਹ ਆਜ਼ਾਦੀ ਭਾਰਤ ਦੇ ਦਿੰਦਾ ਹੈ ਤਾਂ ਉਹੀ ਕਸ਼ਮੀਰੀ ਪਾਕਿਸਤਾਨ ਵਾਲੇ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਲਈ ਵੀ ਸਾਡੀ ਹੀ ਮਦਦ ਕਰਨਗੇ।
ਦਿੱਲੀ ਦੀ ਪੂਰਬ ਮੁਖ ਮੰਤ੍ਰੀ ਸ਼ੀਲਾ ਦਿਕਸ਼ਤ ਨੂੰ ਸੈਟਲਾਇਟ ਗੁਟਾਲੇ ਦੀ ਜਾਂਚ ਤੋਂ ਦੂਰ ਰੱਖਣ ਲਈ 27 ਅਗਸਤ 2014 ਨੂੰ ਦਿੱਲੀ ਤੋਂ ਹੀ ਬਾਹਰ ਕੇਰਲ ਦਾ ਰਾਜਪਾਲ ਬਣਾ ਕੇ ਭੇਜ ਦਿੱਤਾ ਪਰ ਹੁਣ ਭਿ੍ਰਸ਼ਟ ਰਾਜਨੀਤਿਕ ਲੋਕ ਆਪ ਹੀ ਆਖ ਰਹੇ ਹਨ ਕਿ ਤੁਸ਼ਾਂ ਉਨ੍ਹਾਂ ਨੂੰ ਗਿ੍ਰਫਤਾਰ ਕਿਉਂ ਨਹੀਂ ਕਰਵਾਇਆ?
ਉਪਰੋਕਤ ਕੁਝ ਕੁ ਉਦਾਹਰਨਾ ਰਾਹੀਂ ਬੇਸ਼ੱਕ ਭਿ੍ਰਸ਼ਟ ਰਾਜਨੀਤਿਕ ਲੋਕ ਕੇਜਰੀਵਾਲ ਦੀ ਸੋਚ (ਸਮਾਜਿਕ ਸਮਾਨਤਾ, ਸਚਾਈ) ਨੂੰ ਕੁਝ ਸਮੇਂ ਤੱਕ ਤਾਂ ਦਬਾਅ ਸਕਦੇ ਹਨ ਪਰ ਸਦੀਵੀ ਨਹੀਂ। ਕੇਜਰੀਵਾਲ ਦੇ ਇਸ ਸੁਝਾਵ ਨੂੰ ਦਿੱਲੀ ਅਤੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਮਰਥਨ ਮਿਲਿਆ ਹੈ। ਜੋ ਆਉਣ ਵਾਲੇ ਸਮੇਂ ਵਿੱਚ ਭਿ੍ਰਸ਼ਟ ਲੋਕਾਂ ਲਈ ਖਤਰੇ ਦੀ ਘੰਟੀ ਹੈ। ਹਿੰਦੂ ਸਮਾਜ ਦਾ ਇਕ ਬਹੁਤ ਵੱਡਾ ਜਾਗਰੂਕ ਭਾਗ ਅਤੇ ਘੱਟ ਗਿਣਤੀਆਂ ਲਈ ਕੇਜਰੀਵਾਲ ਇਕ ਮਸੀਹਾ ਹੈ ਕਿਉਂਕਿ ਇਸ ਭਾਰਤ ਦੀ ਧਰਤੀ ਨੇ ਅਨੇਕਾਂ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ, ਕੇਜਰੀਵਾਲ ਉਨ੍ਹਾਂ ਵਿੱਚੋਂ ਹੀ ਇਕ ਹਨ।
ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਪਾਵਨ ਵਾਕ ਹੈ ਕਿ
‘‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’’ (ਮ:੧/੯੫੩)
ਦਿੱਲੀ ਦੇ ਚੁਨਾਵ ਦੌਰਾਨ ਦਿੱਲੀ ਦੀ ਜਨਤਾ ਨੇ ਸੱਚ ਅਤੇ ਝੂਠ ਦੀ ਪਰਖ ਕਰਨੀ ਹੈ ਕਿਉਂਕਿ ਕੇਜਰੀਵਾਲ ਦੀ ਜਿੱਤ ਨਾਲ ਭਵਿੱਖ ਲਈ ਪੰਜਾਬ ਵਿੱਚੋਂ ਭੀ ਭਿ੍ਰਸ਼ਟ ਰਾਜਨੀਤਿਕਾਂ ਨੂੰ ਖਤਮ ਕਰਨ ’ਚ ਮਦਦ ਮਿਲੇਗੀ। ਉਮੀਦ ਹੈ ਕਿ ਦਿੱਲੀ ’ਚ ਬਾਹਰੋਂ ਲਿਆਂਦੇ ਗਏ ਕਿਰਾਏ ਦੇ ਸਮਰਥਕਾਂ ਨੂੰ ਦਿੱਲੀ ਦੀ ਜਨਤਾ ਜ਼ਰੂਰ ਹਾਰ ਦਾ ਮੂੰਹ ਵੇਖਣ ਲਈ ਮਜਬੂਰ ਕਰੇਗੀ ਅਤੇ ਸੇਠ ਲੋਕਾਂ ਵੱਲੋਂ ਖਰਚ ਕੀਤੇ ਜਾ ਰਹੇ ਕਾਲੇ ਧਨ ਨੂੰ ਮਾਤ ਦੇਵੇਗੀ। ਇਹੀ ਹੈ ਭਿ੍ਰਸ਼ਟ ਲੋਕਾਂ ਲਈ ਇੱਕ ਸੱਚਾ ਸਬਕ।
ਗਿਆਨੀ ਅਵਤਾਰ ਸਿੰਘ -98140-35202
ਅਵਤਾਰ ਸਿੰਘ ਗਿਆਨੀ
ਕੀ ਕੇਜਰੀਵਾਲ ਨੇ ਕਸਮ ਖਾਣ ਦੇ ਬਾਵਜੂਦ ਕਾਂਗਰਸ ਤੋਂ ਸਮਰਥਨ ਲੈ ਕੇ ਗੁਨਾਹ ਕੀਤਾ ?
Page Visitors: 2943