-: ਆਰ ਐਸ ਐਸ ਸੋਚ ਅਤੇ….. :-
ਪਿਛਲੇ ਦਿਨੀਂ ਇਸੇ ਵੈਬ ਸਾਇਟ ਤੇ (ਲੇਖਾਂ ਦੇ ਜਰੀਏ) ਗੁਰਬਾਣੀ ਵਿਆਕਰਣ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਸੀ।ਵਿਆਕਰਣ ਸੰਬੰਧੀ ਸ: ਹਰਦੇਵ ਸਿੰਘ ਜੰਮੂ ਜੀ ਦੇ ਵਿਚਾਰ ਮੇਰੇ ਨਾਲ ਨਹੀਂ ਮਿਲਦੇ।ਕਿਸੇ ਦੇ ਵਿਚਾਰ ਦੂਸਰੇ ਨਾਲ ਨਾ ਮਿਲਣੇ, ਇਹ ਤਾਂ ਸੁਭਾਵਕ ਗੱਲ ਹੈ।ਕਿਸੇ ਨਾਲ ਵਿਚਾਰ ਨਾ ਮਿਲਣ ਤੇ ਵਿਰੋਧੀ ਵਿਚਾਰਾਂ ਵਾਲੇ ਨੂੰ ਦੁਸ਼ਮਣ ਕਰਾਰ ਹੋਏ ਇਤਰਾਜ-ਜੋਗ ਇਲਜਾਮ ਲਗਾਣੇ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।ਵਿਆਕਰਣ ਸੰਬੰਧੀ ਉਸੇ ਚਲਦੀ ਲੇਖ ਲੜੀ ਵਿੱਚ ਸ: ਜੰਮੂ ਜੀ ਨੇ ਇਕ ਮਿਸ਼ਨਰੀ ਗਿਆਨੀ ਜੀ ਦੁਆਰਾ ਗੁਰਬਾਣੀ ਵਿੱਚ ਆਪਣੀ ਮਰਜੀ ਨਾਲ ਛੇੜ-ਛਾੜ ਕਰਦੇ ਹੋਏ ਆਪਣੇ ਕੋਲੋਂ ਹੀ ਵਿਰਾਮ, ਅਰਧ-ਵਿਰਾਮ, ਸੰਬੋਧਨ ਚਿਨ੍ਹ ਲਗਾਏ ਜਾਣ ਬਾਰੇ ਅਤੇ ਕਿਤੇ ਕਿਤੇ ਸ਼ਬਦਾਂ ਨੂੰ ਵੀ ਬਦਲੇ ਜਾਣ ਬਾਰੇ ਪਾਠਕਾਂ ਨੂੰ ਸੁਚੇਤ ਕੀਤਾ ਸੀ।ਪਰ ਉਨ੍ਹਾਂ ਮਿਸ਼ਨਰੀ ਗਿਆਨੀ ਜੀ ਨੇ ਇਸ ਮੁੱਦੇ ਦੀ ਅਸਲੀਅਤ ਅਤੇ ਗੰਭੀਰਤਾ ਨੂੰ ਸਮਝੇ ਬਿਨਾ ਹੀ, ਸ: ਜੰਮੂ ਜੀ ਤੇ ਦੂਸ਼ਣ-ਬਾਜੀ ਕਰਦੇ ਹੋਏ ਉਨ੍ਹਾਂਨੂੰ “ਆਰ ਐਸ ਐਸ” ਦੇ ਹਮ-ਖ਼ਿਆਲੀ ਕਰਾਰ ਦਿੱਤਾ ਹੈ, ਜੋ ਕਿ ਇਕ ਵੈਬ ਸਾਇਟ ਅਤੇ ਮੈਗਜ਼ੀਨ ਦੇ ਸੰਪਾਦਕ ਜੀ ਨੂੰ ਸੋਭਾ ਨਹੀਂ ਦਿੰਦਾ।
ਗੁਰਬਾਣੀ ਵਿੱਚ ਆਪਣੇ ਕੋਲੋਂ ਲਗਾਏ ਗਏ ਚਿਨ੍ਹਾਂ ਬਾਰੇ ਮਿਸ਼ਨਰੀ ਗਿਆਨੀ ਜੀ ਦਲੀਲ ਦਿੰਦੇ ਹਨ:- “ਪਰ ਅੱਜ 21 ਵੀਂ ਸਦੀ ਵਿੱਚ ਵੀ ਕੁਝ ਅਜਿਹੇ ਵਿਦਵਾਨ ਅਖਵਾਉਣ ਵਾਲੇ ਮੌਜੂਦ ਹਨ ਜਿਨ੍ਹਾਂ ਵੱਲੋਂ ਇਸ ਸਰਲ ਤਰੀਕੇ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਵੀ ਗੁਰੂ ਲਿਖਤ ਦਾ ਅਪਮਾਨ ਬਿਆਨ ਕਰਦਿਆਂ ਸਿੱਖ ਸੰਗਤ ਨੂੰ ਗੁਮਰਾਹ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਜਾ ਰਹੀ ਹੈ।ਅਜਿਹੇ ਵਿਦਵਾਨਾਂ ਵਿੱਚੋਂ ਇਕ ਹਨ ਸ. ਹਰਦੇਵ ਸਿੰਘ ਜੰਮੂ’।
ਵਿਚਾਰ- ਗਰਬਾਣੀ ਨੂੰ ਸਰਲ ਤਰੀਕੇ ਨਾਲ ਪੇਸ਼ ਕਰਨ ਦੇ ਮਕਸਦ ਨਾਲ ਇਸ ਵਿੱਚ ਜਰਾ ਜਿੰਨਾ ਵੀ ਵਾਧੂ ਜਾਂ ਘੱਟ ਲਿਖਣਾ, ਆਪਣੇ ਕੋਲੋਂ ਵਿਆਕਰਣਕ ਚਿੰਨ੍ਹ ਆਦਿ ਲਗਾਣੇ ਜਾਂ ਕਿਸੇ ਸ਼ਬਦ ਨੂੰ ਬਦਲ ਕੇ ਉਸ ਦੇ ਥਾਂ ਅੱਜ ਦੇ ਸਮੇਂ ਵਰਤਿਆ ਜਾਂਦਾ ਕੋਈ ਸੌਖਾ ਸ਼ਬਦ ਲਿਖ ਦੇਣਾ, ਬਿਲਕੁਲ ਵੀ ਜਾਇਜ਼ ਨਹੀਂ ਹੈ ਅਤੇ ਇਸ ਤਰ੍ਹਾਂ ਕਰਨ ਦੀ ਕਿਸੇ ਨੂੰ ਵੀ ਖੁਲ੍ਹ ਨਹੀਂ ਦਿੱਤੀ ਜਾ ਸਕਦੀ।ਸ਼ਬਦ ਨੂੰ ਸੌਖਾ ਸਮਝਾਉਣ ਲਈ ਅਰਥਾਂ, ਭਾਵਾਰਥਾਂ ਜਾਂ ਵਿਆਖਿਆ ਵਿੱਚ ਗੱਲ ਨੂੰ ਖੋਲ੍ਹਕੇ ਸਮਝਾਇਆ ਜਾ ਸਕਦਾ ਹੈ।
ਗਿਆਨੀ ਜੀ ਦਾ ਕਹਿਣਾ ਹੈ:- ਨਾਨਕਸਰ ਸੰਸਥਾ ਦੇ ਕੁਝ ਸੁੱਤੇ ਪਏ ਪਾਠੀਆਂ ਬਾਰੇ ਸ: ਹਰਦੇਵ ਸਿੰਘ ਜੰਮੂ ਜੀ ਦੇ ਵਿਚਾਰ ਲੈਣੇ ਚਾਹੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਿੱਚ ਕਿਹੜੀ ਖਾਸ ਅਵਗਿਆ ਹੋ ਗਈ?
ਵਿਚਾਰ- ਗਿਆਨੀ ਜੀ ਇਸ ਵਿਸ਼ੇ ਦੀ ਵੀ ਅਸਲੀਅਤ ਨੂੰ ਸਮਝੇ ਬਿਨਾਂ ਹੀ ਸਵਾਲ ਕਰ ਰਹੇ ਹਨ।ਜੇ ਗਿਆਨੀ ਜੀ ਨੂੰ ਪੁੱਛਿਆ ਜਾਵੇ ਕਿ ਕੀ “ਅਖੰਡ ਪਾਠ” ਕਰਨਾ ਗੁਰਮਤਿ ਅਨੁਸਾਰੀ ਹੈ? ਤਾਂ ਮੈਨੂੰ ਪੱਕਾ ਯਕੀਨ ਹੈ ਕਿ ਗਿਆਨੀ ਜੀ ਦਾ ਜਵਾਬ ਹੋਵੇਗਾ- ‘ਨਹੀਂ’।ਹੁਣ ਜੇ ਅਖੰਡ ਪਾਠ ਹੀ ਗੁਰਮਤਿ ਅਨੁਸਾਰੀ ਨਹੀਂ ਹੈ ਤਾਂ ਇਸ ਨਾਲ ਜੁੜਿਆ ਕੋਈ ਸਵਾਲ ਕਿਵੇਂ ਸਾਰਥਕ ਹੋ ਸਕਦਾ ਹੈ? ਨੀਂਦ ਆਉਣੀ ਤਾਂ ਇਕ ਕੁਦਰਤੀ ਵਰਤਾਰਾ ਹੈ।ਚਾਹੀਦਾ ਤਾਂ ਇਹ ਹੈ ਕਿ ਜੇ ਪਾਠ ਕਰਦਿਆਂ ਨੀਂਦ ਆ ਰਹੀ ਹੈ ਤਾਂ ਪਾਠੀ, ਪਾਠ ਕਰਨਾ ਛੱਡਕੇ ਸੌਂ ਜਾਵੇ।ਪਰ ਜੇ ਇਸ ਵਰਤਾਰੇ ਨੂੰ ਗਿਆਨੀ ਜੀ ਪਾਠ ਦੇ “ਖੰਡਿਤ” ਹੋ ਜਾਣ ਨਾਲ ਜੋੜਦੇ ਹਨ ਤਾਂ ਇਹ ਗੁਰਮਤਿ ਸੋਚ ਨਹੀਂ ਬ੍ਰਹਮਣੀ ਸੋਚ ਕਹੀ ਜਾ ਸਕਦੀ ਹੈ।
ਗਿਆਨੀ ਜੀ ਲਿਖਦੇ ਹਨ:- “ਸ. ਹਰਦੇਵ ਸਿੰਘ ਜੀ ਨੇ ਸ. ਪੁਰੇਵਾਲ ਜੀ ਦੁਆਰਾ ਤਿਆਰ ਕੀਤੇ ਕੈਲੰਡਰ ਉੱਪਰ ਆਪਣੀ ਲਿਖਤ ਰਾਹੀਂ ਕਈ ਵਾਰ ਸਵਾਲ ਖੜੇ ਕੀਤੇ ਹਨ।ਪਰ ਬਿਕ੍ਰਮੀ ਕੈਲੰਡਰ ਉੱਪਰ ਉਸ ਨੂੰ ਕੋਈ ਸ਼ੰਕਾ ਨਹੀਂ”
ਵਿਚਾਰ:- ਬਿਕਰਮੀ ਕੈਲੰਡਰ ਬਾਰੇ ਜਦੋਂ ਗੁਰੂ ਸਾਹਿਬਾਂ ਨੇ ਕੋਈ ਸ਼ੰਕਾ ਨਹੀਂ ਕੀਤਾ, ਬੇ ਝਿਜਕ ਗੁਰਬਾਣੀ ਵਿੱਚ ਬਿਕਰਮੀ ਮਹੀਨਿਆਂ ਦੇ ਨਾਵਾਂ ਦਾ ਇਸਤੇਮਾਲ ਕੀਤਾ ਹੈ, ਤਾਂ ਹਰਦੇਵ ਸਿੰਘ ਜਾਂ ਕਿਸੇ ਵੀ ਹੋਰ ਗੁਰਸਿੱਖ ਨੂੰ ਕਿਉਂ ਸ਼ੰਕਾ ਹੋਵੇ? ਨਾਨਕ ਸ਼ਾਹੀ ਕੈਲੰਡਰ ਵਿੱਚ ਬਹੁਤ ਸਾਰੀਆਂ ਇਤਰਾਜ ਜੋਗ ਗੱਲਾਂ ਹਨ, ਚੱਲਦੇ ਵਿਸ਼ੇ ਨਾਲ ਉਨ੍ਹਾਂ ਦਾ ਸੰਬੰਧ ਨਾ ਹੋਣ ਕਰਕੇ ਇੱਥੇ ਵਿਸਥਾਰ ਨਾਲ ਵਿਚਾਰ ਨਹੀਂ ਦਿੱਤੇ ਜਾ ਸਕਦੇ।ਪਰ ਸਭ ਤੋਂ ਵਡਾ ਇਤਰਾਜ ਜੋਗ ਨੁਕਤਾ ਇਹ ਹੈ ਕਿ ਪੁਰੇਵਾਲ ਜੀ ਦਾ ਕਹਿਣਾ ਹੈ ਕਿ ਕੈਲੰਡਰ ਗੁਰਬਾਣੀ ਤੇ ਆਧਾਰਿਤ ਹੈ।ਇਸ ਸੰਬੰਧੀ ਬਾਣੀ ਬਾਰਹ ਮਾਹਾ ਵਿੱਚੋਂ ਕੁਝ ਪ੍ਰਮਾਣ ਵੀ ਦਿੱਤੇ ਗਏ ਹਨ।
ਜੇਕਰ ਪੁਰੇਵਾਲ ਜੀ ਇਸ ਕੈਲੰਡਰ ਨੂੰ ਆਪਣੀ ਸੋਚ ਨਾਲ ਬਣਾਇਆ ਗਿਆ ਕੈਲੰਡਰ ਕਹਿਣ ਤਾਂ ਸ਼ਾਇਦ ਏਨੀ ਇਤਰਾਜ ਵਾਲੀ ਗੱਲ ਨਾ ਵੀ ਹੋਵੇ ਪਰ ਇਸ ਨੂੰ ‘ਨਾਨਕ ਸ਼ਾਹੀ’ ਕਹਿਣਾ ਅਤੇ ‘ਗੁਰਬਾਣੀ’ ਆਧਾਰਿਤ ਕਹਿਣਾ, ਗੁਰੂ ਸਾਹਿਬਾਂ ਦਾ ਅਤੇ ਗੁਰਬਾਣੀ ਦਾ ਅਪਮਾਨ ਹੈ।
ਮਿਸਾਲ ਦੇ ਤੌਰ ਤੇ ਗੁਰਬਾਣੀ ਫੁਰਮਾਨ ਹੈ-
“ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥”
ਹੁਣ ਜੇ ਇਥੇ ‘ਚੇਤਿ (ਚੇਤ)’ ਮਹੀਨੇ ਨੂੰ (ਨਾਨਕ ਸ਼ਾਹੀ-) ਕੈਲੰਡਰ ਦੇ ਨਾਲ ਜੋੜਿਆ ਜਾਵੇ ਤਾਂ ਕੀ ਗੁਰਬਾਣੀ ਸਿਧਾਂਤਾਂ ਦਾ ਅਨਾਦਰ ਨਹੀਂ ਹੈ? ਕੀ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ‘ਚੇਤ’ ਮਹੀਨੇ ਵਿੱਚ ਪ੍ਰਭੂ ਨੂੰ ਸਿਮਰਿਆਂ ਜਿਆਦਾ ਅਨੰਦ ਮਿਲਦਾ ਹੈ? ਇਸ ਦਾ ਇਹ ਮਤਲਬ ਨਹੀਂ ਬਣਦਾ ਕਿ ਹੋਰ ਮਹੀਨਿਆਂ ਵਿੱਚ ਪ੍ਰਭੂ ਨੂੰ ਯਾਦ ਕਰਨ ਦਾ ਕੋਈ ਖਾਸ ਲਾਭ ਨਹੀਂ ਹੈ? ਜਦਕਿ ਇੱਥੇ ਮਹੀਨਿਆਂ ਦਾ ਜ਼ਿਕਰ ਤਾਂ ਵਿਸ਼ੇ ਨੂੰ ਰੋਚਕ ਬਨਾਉਣ ਲਈ ਕੀਤਾ ਗਿਆ ਹੈ, ਅਸਲ ਵਿੱਚ ਮਹੀਨਿਆਂ ਦਾ ਸਿੱਧੇ ਤੌਰ ਤੇ ਗੁਰਬਾਣੀ ਸਿਧਾਂਤ ਵਿੱਚ ਕਿਤੇ ਕੋਈ ਵੀ ਰੋਲ ਨਹੀਂ ਹੈ।
ਗਿਆਨੀ ਜੀ ਦੇ ਜਿਆਦਾਤਰ ਇਲਜਾਮ ਨਿਜੀ ਤੌਰ ਤੇ ਜੰਮੂ ਜੀ ਨਾਲ ਸੰਬੰਧਤ ਹੋਣ ਕਰਕੇ ਉਨ੍ਹਾਂ ਬਾਰੇ ਵਿਚਾਰ ਇਥੇ ਨਹੀਂ ਦਿੱਤੇ ਗਏ।ਇੱਥੇ ਕੇਵਲ ਉਹੀ ਵਿਚਾਰ ਦਿੱਤੇ ਗਏ ਹਨ ਜਿਨ੍ਹਾਂ ਦਾ ਸਾਰੇ ਗੁਰਸਿੱਖ ਵੀਰਾਂ ਨਾਲ ਸੰਬੰਧ ਹੈ।
ਜਸਬੀਰ ਸਿੰਘ ਵਿਰਦੀ 04-02-2015
ਜਸਬੀਰ ਸਿੰਘ ਵਿਰਦੀ
-: ਆਰ ਐਸ ਐਸ ਸੋਚ ਅਤੇ….. :-
Page Visitors: 2685