(ਵਿਸ਼ਾ-ਛੇਵਾਂ, ਆਵਾ ਗਵਣ )
(ਭਾਗ ਗਿਆਰਵਾਂ)
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
ਸ਼ਬਦ ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥
ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥
ਬਿਨੁ ਸਾਚੇ ਨਹੀ ਦਰਗਹ ਮਾਨੁ ॥ਹਰਿ ਰਸੁ ਪੀਵੈ ਛੁਟੈ ਨਿਦਾਨਿ ॥50॥
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
ਹਾਰ ਡੋਰ ਕੰਕਣ ਘਣੇ ਕਰਿ ਥਾਕੀ ਸੀਗਾਰੁ ॥
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥51॥
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੇ ਦਿਤਾ ਦਿਖਾਇ ॥52॥ ( 937 )
॥50॥ ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥
ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥
ਬਿਨੁ ਸਾਚੇ ਨਹੀ ਦਰਗਹ ਮਾਨੁ ॥ਹਰਿ ਰਸੁ ਪੀਵੈ ਛੁਟੈ ਨਿਦਾਨਿ ॥50॥
ਸ੍ਰਿਸਟੇ , ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਦਾ ਭੇਦ ਕੋਈ ਨਹੀਂ ਪਾ ਸਕਦਾ । ਗੁਰਬਾਣੀ ਸੇਧ ਦਿੰਦੀ ਹੈ ,
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ (284)
ਬੰਦੇ ਦੀ ਹੋਂਦ ਵੱਧ ਤੋਂ ਵੱਧ ਸੌ , ਸਵਾ ਸੌ ਸਾਲ ਹੁੰਦੀ ਹੈ । ਉਸ ਦੇ ਜਨਮ ਤੋਂ ਪਹਿਲਾਂ , ਜਦ ਉਸ ਦੀ ਹੋਂਦ ਨਹੀਂ ਸੀ , ਉਸ ਵੇਲੇ ਦੀ ਗੱਲ ਉਹ ਕਿਵੇਂ ਜਾਣ ਸਕਦਾ ਹੈ ? ਅਤੇ ਮੌਤ ਮਗਰੋਂ ਦੀ ਗੱਲ , ਜਦ ਉਸ ਦੀ ਹੋਂਦ ਨਹੀਂ ਹੋਵੇਗੀ , ਉਸ ਵੇਲੇ ਦੀ ਗੱਲ ਉਹ ਕਿਵੇਂ ਜਾਣ ਸਕੇਗਾ ? ਪਰਮਾਤਮਾ ਤਾਂ ਆਦਿ ਵੀ ਸੀ । ਜੁਗਾਦਿ , ਜੁਗਾਂ ਦੇ ਸ਼ੁਰੂ ਵਿਚ , ਜਦੋਂ ਸ੍ਰਿਸ਼ਟੀ ਬਣੀ ਸੀ , ਉਸ ਵੇਲੇ ਵੀ ਸੀ । ਅਤੇ ਸ੍ਰਿਸ਼ਟੀ ਦੇ ਅੰਤ ਮਗਰੋਂ ਵੀ ਹੋਵੇਗੀ । ਫਿਰ ਅਜਿਹੀ ਹਸਤੀ ਬਾਰੇ , ਕੋਈ ਕਿਵੇਂ ਜਾਣ ਸਕਦਾ ਹੈ ?
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ , ਜੋ ਕਰਦਾ ਹੈ , ਉਹ ਹਰ ਹਾਲਤ ਵਿਚ ਹੁੰਦਾ ਹੈ । ਕਿਉਂਕਿ ਉਸ ਪ੍ਰਭੂ ਦੀ ਰਜ਼ਾ ਵਿਚ ਦਖਲ ਦੇਣ ਦੀ ਸਮਰਥਾ , ਕਿਸੇ ਵੀ ਦੇਵੀ-ਦੇਵਤੇ , ਅਵਤਾਰ , ਪੀਰ-ਪੈਗੰਬਰ ਵਿਚ ਨਹੀਂ ਹੈ ।
ਬੰਦਾ ਦੁਨਿਆਵੀ ਪਦਾਰਥਾਂ ਲਈ ਹੀ ਰੱਬ ਦੀ ਪੂਜਾ ਕਰਦਾ ਹੈ , ਪਰ ਵਿਡੰਬਣਾ ਇਹ ਹੈ ਕਿ ਬੰਦੇ ਨੇ ਜੋ ਕਰਮ ਕੀਤੇ ਹੁੰਦੇ ਹਨ , ਉਸ ਦੇ ਲੇਖੇ ਮੁਤਾਬਕ ਹੀ ਬੰਦੇ ਨੂੰ ਦੁਨਿਆਵੀ ਪਦਾਰਥ ਮਿਲਦੇ ਹਨ । ਮਾਇਕ ਪਦਾਰਥ ਹਾਸਲ ਕਰਨ ਲਈ ਬੰਦਾ ਚੋਰ ਬਣਦਾ ਹੈ , ਬੁਰੇ ਕੰਮ ਕਰਦਾ ਹੈ , ਦੂਸਰੇ ਦਾ ਹੱਕ ਮਾਰਦਾ ਹੈ । ਦੂਸਰਿਆਂ ਦੀ ਚਾਕਰੀ , ਗੁਲਾਮੀ ਕਰਦਾ ਹੈ । ਪਰ ਮਾਇਕ ਪਦਾਰਥ ਹਮੇਸ਼ਾ ਸਾਥ ਨਹੀਂ ਨਿਭਦੇ , ਬੰਦੇ ਦੇ ਮਰਦਿਆਂ ਹੀ ਦੂਸਰੇ ਦੇ ਹੋ ਜਾਂਦੇ ਹਨ ।
ਹਮੇਸ਼ਾ ਕਾਇਮ ਰਹਣ ਵਾਲੇ ਸ੍ਰਿਸ਼ਟੇ , ਅਕਾਲ ਪੁਰਖ ਨਾਲ ਜੁੜੇ ਬਗੈਰ , ਉਸ ਦੀ ਰਜ਼ਾ ਵਿਚ ਚਲੇ ਬਗੈਰ , ਅਕਾਲ ਪੁਰਖ ਦੀ ਦਰਗਾਹ ਵਿਚ ਆਦਰ ਨਹੀਂ ਮਿਲਦਾ । ਜੋ ਮਨੁੱਖ ਹਰੀ ਦਾ ਨਾਮ ਰਸ ਪੀਂਦਾ ਹੈ , ਉਸ ਦੇ ਹੁਕਮ ਵਿਚ ਚਲਦਾ ਹੈ , ਉਹ ਅੰਤ ਵੇਲੇ
ਮਾਇਆ-ਮੋਹ ਕਾਰਨ ਪਛਤਾਉਣ ਤੋਂ ਬਚ ਜਾਂਦਾ ਹੈ ।
॥51॥ ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
ਹਾਰ ਡੋਰ ਕੰਕਣ ਘਣੇ ਕਰਿ ਥਾਕੀ ਸੀਗਾਰੁ ॥
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥51॥
ਹੇ ਸਖੀ ਇਹ ਗੱਲ ਵੇਖ-ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਕਿ ਸ਼ਬਦ ਦਾ ਰਵਣ ਕਰਦਿਆਂ , ਸ਼ਬਦ ਦੀ ਵਿਚਾਰ ਕਰਨ ਨਾਲ , ਮਨ ਵਿਚ ਗਿਆਨ ਪੈਦਾ ਹੋ ਗਿਆ ਹੈ , ਜਿਸ ਕਾਰਨ ਮੇਰੇ ਅੰਦਰੋਂ , ਹਉਂ-ਹਉਂ ਕਰਨ ਵਾਲੀ ਹਉਮੈ ਖਤਮ ਹੋ ਗਾਈ ਹੈ । ਇਸ ਨੂੰ
ਹੀ ਗੁਰਬਾਣੀ ਵਿਚ ਇਵੇਂ ਵੀ ਸਮਝਾਇਆ ਹੈ ,
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223)
ਮੈਂ ਬਹੁਤ ਸ਼ੰਗਾਰ ਕਰ-ਕਰ ਕੇ , ਡੋਰਾਂ ਵਾਲੇ ਹਾਰ ਪਾ-ਪਾ ਕੇ , ਕੰਗਣਾਂ ਨਾਲ ਬਾਹਾਂ ਸਜਾ ਕੇ , ਕਰਮ ਕਾਂਡ ਕਰ-ਕਰ ਕੇ ਥੱਕ ਚੁੱਕੀ ਸਾਂ , ਪਰ ਪ੍ਰਭੂ ਮਿਲਾਪ ਦਾ ਸੁਖ ਨਹੀਂ ਮਿਲਿਆ ਸੀ । ਹੁਣ ਹਉਮੈ ਮਰਨ ਨਾਲ , ਪ੍ਰਭੂ ਮਿਲਾਪ ਦਾ ਸੁਖ ਮਿਲ ਗਿਆ ਹੈ । ਹੁਣ
ਮੈਂ ਉਸ ਦੇ ਗੁਣਾਂ ਨਾਲ ਸ਼ੰਗਾਰੀ ਗਈ ਹਾਂ । ਹੋਰ ਹਾਰ-ਸ਼ੰਗਾਰ ਦੀ , ਕਿਸੇ ਕਰਮ-ਕਾਂਡ ਦੀ ਲੋੜ ਹੀ ਨਹੀਂ ਰਹਿ ਗਈ ਹੈ ।
ਹੇ ਨਾਨਕ , ਗੁਰਮੁਖ ਹੋ ਕੇ ਹੀ , ਗੁਰੂ ਵਲੋਂ ਮਿਲੇ ਗਿਆਨ ਆਸਰੇ ਚਲ ਕੇ ਹੀ , ਕਰਤਾਰ ਨਾਲ ਪਿਆਰ ਪੈ ਸਕਦਾ ਹੈ । ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖੋ , ਪ੍ਰਭੂ ਨਾਲ ਪਿਆਰ ਪਾ ਕੇ ਵੇਖੋ , ਤੁਹਾਨੂੰ ਸਮਝ ਆ ਜਾਵੇਗੀ ਕਿ ਕਰਤਾਰ ਨਾਲ ਮਿਲੇ ਬਗੈਰ , ਕਦੇ ਕਿਸੇ ਨੇ ਸੁਖ ਨਹੀਂ ਪਾਇਆ ।
ਇਸ ਲਈ ਹੇ ਭਾਈ , ਹੇ ਵੀਰ , ਜੇ ਸੁਖ ਪਾਉਣਾ ਹੋਵੇ ਤਾਂ ਪ੍ਰਭੂ ਬਾਰੇ ਜਾਨਣਾ , ਉਸ ਦੀ ਰਜ਼ਾ ਨੂੰ ਸਮਝਣਾ , ਉਸ ਨੂੰ ਹੀ ਪਿਆਰ ਕਰਨਾ ਚਾਹੀਦਾ ਹੈ । ਹਰੀ ਨੂੰ ਹੀ ਮਨ ਵਿਚ ਜਪਣਾ , ਯਾਦ ਰੱਖਣਾ ਚਾਹੀਦਾ ਹੈ , ਉਸ ਦਾ ਹੀ ਧਿਆਨ ਧਰਨਾ ਚਾਹੀਦਾ ਹੈ ।
ਹਰੀ ਦੇ ਨਾਮ , ਉਸ ਦੇ ਹੁਕਮ ਨੂੰ ਹੀ ਜ਼ਿੰਦਗੀ ਦਾ ਆਧਾਰ ਬਨਾਉਣਾ ਚਾਹੀਦਾ ਹੈ ।
॥52॥ ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੇ ਦਿਤਾ ਦਿਖਾਇ ॥52॥ ( 937 )
ਹੇ ਸਖੀ , ਸਾਡੇ ਕੀਤੇ ਕਰਮਾਂ ਕਾਰਨ , ਮਨ ਵਿਚ ਬਣੇ ਸੰਸਕਾਰਾਂ ਅਨੁਸਾਰ , ਕਰਤਾਰ ਨੇ ਜੋ ਲੇਖ , ਸਾਡੇ ਮੱਥੇ ਤੇ ਲਿਖ ਦਿੱਤਾ ਹੈ , ਉਹ ਸਾਡੀ ਆਪਣੀ ਸਿਆਣਪ ਜਾਂ ਚਤਰਾਈ ਨਾਲ ਨਹੀਂ ਮਿਟ ਸਕਦਾ । ਜਦ ਤਕ ਜਿਸ ਵਾਹਿਗੁਰੂ ਨੇ , ਹਉਮੈ ਕਾਰਨ , ਆਪਣੇ ਵਿਛੋੜੇ ਦਾ ਸਾਧਨ ਬਣਾਇਆ ਹੈ , ਉਹ ਆਪ ਹੀ ਕਿਰਪਾ ਕਰ ਕੇ ਸਾਡੇ ਹਿਰਦੇ ਵਿਚ ਨਾ ਵੱਸ ਜਾਵੇ , ਤਦ ਤੱਕ ਇਹ ਲੇਖ ਨਹੀਂ ਮਿਟ ਸਕਦਾ ।
ਕਰਤਾਰ ਦੇ ਆਪਣੇ ਹੱਥ ਵਿਚ ਹੀ , ਉਸ ਦੀ ਵਡਿਆਈ ਨਾਲ ਜੁੜਨ ਦਾ ਸੰਜੋਗ ਹੈ , ਜਿਸ ਨੂੰ ਸ਼ਬਦ ਦੀ ਵਿਚਾਰ ਕਰਨ ਨਾਲ ਸਮਝਿਆ ਜਾ ਸਕਦਾ ਹੈ ।
ਹੇ ਨਾਨਕ ਆਖ , ਸ਼ਬਦ ਨੂੰ ਵਿਚਾਰ ਕੇ ਸਮਝ ਲਿਆ ਹੈ ਕਿ ਤੇਰੀ ਬਖਸ਼ਿਸ਼ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ । ਜਿਹੜੇ ਮਨੁੱਖ ਆਪਣੇ ਮਨ ਦੇ ਕਹੇ ਚਲਦੇ ਹਨ , ਉਹ ਹਉਮੈ ਦੇ ਗੇੜ ਵਿਚ ਫਸ ਕੇ , ਭਰਮ ਭੁਲੇਖਿਆਂ ਵਿਚ ਫਸੇ , ਮਾਇਆ ਦੀ ਅੱਗ ਵਿਚ ਸੜ ਕੇ ਉਸ ਦਾ ਹੀ ਹਿੱਸਾ ਬਣ ਗਏ । ਇਸ ਵਿਚੋਂ ਉਹੀ ਤਰ ਕੇ ਪਾਰ ਲੱਗਾ , ਜਿਸ ਨੇ ਸ਼ਬਦ ਦੀ ਵਿਚਾਰ ਨਾਲ , ਹਉਮੈ ਤੋਂ ਮੁਕਤੀ ਹਾਸਲ ਕਰ ਲਈ ।
ਜਿਸ ਕਰਤਾਰ ਦਾ ਕੋਈ ਆਕਾਰ ਨਹੀਂ ਹੈ , ਜਿਸ ਨੂੰ ਵੇਖਿਆ ਨਹੀਂ ਜਾ ਸਕਦਾ , ਉਸ ਦਾ ਧਿਆਨ ਕਿਵੇਂ ਧਰਿਆ ਜਾ ਸਕਦਾ ਹੈ ? ਪਰ ਮੈਂ ਆਪਣੇ ਗੁਰ , ਸ਼ਬਦ ਗੁਰੂ ਤੋਂ ਬਲਿਹਾਰ ਜਾਂਦਾ ਹਾਂ , ਸਦਕੇ ਜਾਂਦਾ ਹਾਂ , ਜਿਸ ਨੇ ਉਸ ਪ੍ਰਭੂ ਨੂੰ ਮੇਰੇ ਹਿਰਦੇ ਵਿਚੋਂ ਹੀ ਵਿਖਾ ਦਿੱਤਾ ਹੈ । ਹਿਰਦੇ ਵਿਚ ਹੀ ਉਸ ਦਾ ਅਹਿਸਾਸ ਕਰਵਾ ਦਿੱਤਾ ਹੈ ।
ਅਮਰ ਜੀਤ ਸਿੰਘ ਚੰਦੀ
4-2-2015
( ਨੋਟ:- ਅੱਜ ਇਸ ਵਿਸ਼ੇ ਦੀਆਂ ਗਿਆਰਾਂ ਕਿਸਤਾਂ ਪੂਰੀਆਂ ਹੋ ਗਈਆਂ ਹਨ , ਪੇਸ਼ ਕਰਨ ਨੂੰ ਤਾਂ ਹੋਰ ਬਹੁਤ ਸਾਰੀਆਂ ਕਿਸਤਾਂ ਹਨ , ਪਰ ਉਨ੍ਹਾਂ ਨੂੰ ਕਿਤਾਬ ਵਿਚ ਪਾ ਦਿੱਤਾ ਜਾਵੇਗਾ । ਸਮੇ ਦੀ ਮੰਗ ਹੈ ਕਿ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਵੱਲ ਧਿਆਨ ਦਿੱਤਾ ਜਾਵੇ , ਇਸ ਲਈ ਦੋ ਕਿਸਤਾਂ ਹੀ ਹੋਰ ਪੇਸ਼ ਕੀਤੀਆਂ ਜਾਣਗੀਆਂ , ਤਾਂ ਜੋ , ਜਿਨ੍ਹਾਂ ਵੀਰਾਂ ਨੇ ਇਨ੍ਹਾਂ ਕਿਸਤਾਂ ਨੂੰ ਵਾਚਿਆ ਹੈ , ਉਨ੍ਹਾਂ ਵਿਚੋਂ ਜੋ ਇਨ੍ਹਾਂ ਬਾਰੇ , ਇਨ੍ਹਾਂ ਦੇ ਅਰਥਾਂ ਬਾਰੇ , ਜਾਂ ਇਨ੍ਹਾਂ ਨਾਲ ਸਬੰਧਤ ਹੋਰ ਕਿਸੇ ਵਿਸ਼ੇ ਬਾਰੇ ਵਿਚਾਰ ਸਾਂਝ ਕਰਨੀ ਚਾਹੁਣ , ਉਨ੍ਹਾਂ ਨੂੰ ਮੌਕਾ ਮਿਲ ਸਕੇ । ਸੁਹਿਰਦ ਵਿਚਾਰ ਸਾਂਝ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ ।)
ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਗਿਆਰਵਾਂ) ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
Page Visitors: 3118