-: ਕਰਮ ਭਾਗ 4:-
ਕਾਰਨ ਤੇ ਕਾਰਜ ਦਾ ਸਿਧਾਂਤ-
(ਨੋਟ:- “ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥” (ਪੰਨਾ 870)
ਵਾਲੇ ਸ਼ਬਦ ਦਾ ਹਵਾਲਾ ਦੇ ਕੇ ‘ਕਰਮ ਸਿਧਾਂਤ’ ਨੂੰ ਗੁਰਮਤਿ ਅਨੁਸਾਰੀ ਨਾ ਮੰਨਣ ਵਾਲੇ ਸੱਜਣ ਹੇਠਾਂ ਲਿਖੇ ਵਿਚਾਰਾਂ ਨੂੰ ਜ਼ਰਾ ਗ਼ੌਰ ਨਾਲ ਪੜ੍ਹਨ)
ਕਾਰਨ ਅਤੇ ਕਾਰਜ (action and reaction) ਦਾ ਸਿਧਾਂਤ ਬੜਾ ਪ੍ਰਸਿੱਧ ਤੇ ਪੁਰਾਣਾ ਹੈ।ਇਸ ਸਿਧਾਂਤ ਨੂੰ ਮੰਨਣ ਵਾਲੇ ਕਰਮ-ਸਿਧਾਂਤ ਨੂੰ ਵੀ ਇਸ ਮੁਖ-ਸਿਧਾਂਤ ਦਾ ਇਕ ਰੂਪ ਹੀ ਮੰਨਦੇ ਹਨ ਅਤੇ ਉਨ੍ਹਾਂਦਾ ਵਿਚਾਰ ਹੈ- ਜੋ ਕਰਮ ਇਸ ਸਿਧਾਂਤ ਅਨੁਸਾਰ ਬਿਨਾਂ ਕਿਸੇ ਵਿਚੋਲੇ ਜਾਂ ਵਿਚਕਾਰਲੇ ਹੱਥ ਦੇ ਸੁਤੇ ਹੀ ਫਲੀਭੂਤ ਹੁੰਦੇ ਹਨ।ਪਰ ਗੁਰਮਤਿ ਇਸ ਗੱਲ ਨਾਲ ਸਹਿਮਤ ਨਹੀਂ।ਗੁਰਮਤਿ ਦਾ ਖਿਆਲ ਹੈ- ਕਾਰਨ ਅਤੇ ਕਾਰਜ ਦੇ ਸੰਬੰਧ ਨੂੰ ਵੇਖਣਾ ਤਾਂ ਚੇਤੰਨ ਮਨ ਦਾ ਕਰਤਵ ਹੈ।…..।ਅਚੇਤ ਵਸਤੂ ਵਿੱਚ ਇਹ ਸ਼ਕਤੀ ਨਹੀਂ।ਘੁਮਿਆਰ, ਸੁਨਿਆਰ, ਲੁਹਾਰ ਆਦਿ ਕਿਰਤੀਆਂ ਪਾਸ ਭਾਵੇਂ ਢੇਰਾਂ ਦੇ ਢੇਰ ਮਿੱਟੀ, ਸੋਨਾ ਜਾਂ ਲੋਹਾ ਪਿਆ ਰਵੇ, ਆਪਣੇ ਆਪ ਤਾਂ ਘੜਾ, ਕੜਾ ਜਾਂ ਕੜਾਹੀ ਨਹੀਂ ਬਣ ਸਕਦੇ।ਭਾਵੇਂ ਘੁਮਿਆਰ ਤੇ ਮਿੱਟੀ, ਸੁਨਿਆਰ ਤੇ ਸੋਨਾ, ਲੁਹਾਰ ਤੇ ਲੋਹਾ ਦੋਵੇਂ ਮੌਜੂਦ ਹਨ।ਇਨ੍ਹਾਂਨੂੰ ਕਾਰੀਗਰ ਪਹਿਲਾਂ ਆਪਣੇ ਚਿੰਤਨ ਵਿੱਚ ਲਿਆਵੇਗਾ, ਭਾਵੇਂ ਜੋ ਚੀਜ ਉਸਨੇ ਬਨਾਣੀ ਹੈ, ਉਸਦਾ ਰੂਪ ਚਿਤਵੇਗਾ, ਫੇਰ ਯੋਗ ਸੰਦਾਂ ਦੀ ਵਰਤੋਂ ਕਰਕੇ ਤੇ ਸਰੀਰਕ ਬਲ ਵਸਤੂ ਤੋਂ ਆਪਣੀ ਚਿਤਵਣਾ ਨੂੰ ਰੂਪਕਾਰ ਕਰੇਗਾ। ਨਿਰੋਲ ਕਾਰਨ ਤੇ ਕਾਰਜ ਦੇ ਸਿਧਾਂਤ ਨੂੰ ਕਰਮ-ਫਲ਼ ਦੇਣ ਦੇ ਸਮਰੱਥ ਸਮਝਣਾ ਇਕ ਭੁਲੇਖਾ ਹੈ। ਕਿਉਂਕਿ ਇਸ ਸਿਧਾਂਤ ਦਾ ਸੰਬੰਧ ਚੇਤੰਨ ਸੱਤਾ ਦੀ ਰਾਹੀਂ ਹੀ ਹੈ। ਗੁਰਮਤਿ ਇਸ ਸੰਬੰਧ ਨੂੰ ਇਸ ਪ੍ਰਕਾਰ ਦਰਸਾਂਦੀ ਹੈ:
“ਕਰਣ ਕਾਰਣ ਸਮਰੱਥ ਹੈ ਕਹੁ ਨਾਨਕ ਬੀਚਾਰਿ॥ਕਾਰਣ ਕਰਤੇ ਵਸਿ ਹੈ ਜਿਨਿ ਕਲ ਰਾਖੀ ਧਾਰਿ॥” (ਪੰਨਾ- 148)
ਸੋ ਕਰਣ ਕਾਰਣ ਸਮਰੱਥ ਕਰਤਾ ਆਪਣੇ ਨਿਰੰਕਾਰੀ ਹੁਕਮ ਦੁਆਰਾ ਪੂਰਬਲੇ ਕਰਮਾਂ ਅਨੁਸਾਰ ਭਾਗ ਨਿਰਣੈ ਕਰਦਾ ਹੈ।ਇਸੇ ਭਾਗ ਨੂੰ ਹੀ ਪੂਰਬਲੇ ਜਾਂ ਧੁਰ ਦੇ ਲੇਖ ਕਿਹਾ ਜਾਂਦਾ ਹੈ।ਇਹ ਲੇਖ ਮਨੁੱਖ ਨੂੰ ਅਵੱਸ਼ਯ ਭੋਗਣੇ ਹੀ ਪੈਂਦੇ ਹਨ।ਗੁਰਮਤਿ ਵਿੱਚ ਇਸ ਗੱਲ ਦੀ ਵਿਆਖਿਆ ਇਸ ਪ੍ਰਕਾਰ ਮਿਲਦੀ ਹੈ:
“ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ॥
ਕਬ ਚੰਦਨਿ ਕਬ ਅਕਿ ਛਾਲਿ ਕਬ ਊਚੀ ਪਰੀਤਿ॥
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ॥” (ਪੰਨਾ-147)
“ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ॥
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੂਰਬਿ ਵੀਚਾਰੋ ਵਾ॥
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਭਹੈ ਜੀਆ ਨਾਲੇ॥
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ॥
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣ ਹਾਰੋ॥
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਬਿਕਾਰੋ॥” (ਪੰਨਾ-581)
“ਬਾਬਾ ਨਾਗੜਾ ਆਇਆ ਜਗ ਮਹਿ ਦੁਖ ਸੁਖ ਲੇਖ ਲਿਖਾਇਆ॥
ਲਿਖਿਅੜਾ ਸਾਹਾ ਨ ਟਲੈ ਜੇਹੜਾ ਪੁਰਬਿ ਕਮਾਇਆ॥” (ਪੰਨਾ- 582)
“ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥” (ਪੰਨਾ- 689)
ਕਰਮ ਦਾ ਅੰਦਰੂਨੀ ਸਿੱਟਾ ਔਗੁਣ ਹਨ।ਕੁਝਕੁ ਅਜਿਹੇ ਕਾਰਨ ਵੀ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਇਹ ਔਗੁਣ ਪਰਫੁੱਤ ਹੋ ਕੇ ਸਾਡੇ ਲਈ ਦੁਖ ਪੈਦਾ ਕਰ ਦਿੰਦੇ ਹਨ ਤੇ ਅਜਿਹੇ ਹਾਲਾਤ ਦੇ ਵਾਪਰਨ ਤੇ ਸਾਡਾ ਸੁਭਾ ਕੁੱਦ ਪੈਂਦਾ ਹੈ।ਜੋ ਸਾਨੂੰ ਆਪਣੇ ਅਨੁਸਾਰੀ ਕਰ ਲੈਂਦਾ ਹੈ।ਤੇ ਇਸ ਤਰ੍ਹਾਂ ਅਸੀਂ ਪੂਰਬਲੇ ਲੇਖਾਂ ਅਨੁਸਾਰ ਬੱਝੀਆਂ ਲੀਹਾਂ ਵਿੱਚ ਤੁਰਨ ਲੱਗ ਪੈਂਦੇ ਹਾਂ।ਤੇ ਓਦੋਂ ਤੱਕ ਕਿਸੇ ਨਵੀਂ ਲੀਹ ਵਿੱਚ ਜਾ ਹੀ ਨਹੀਂ ਸਕਦੇ ਜਦੋਂ ਤੱਕ ਕਿ ਅਸੀਂ ਆਪਣੀ ਮੱਤ ਦੇ ਕਹੇ ਚੱਲੀਏ।ਇਹੀ ਕਾਰਨ ਹੈ ਕਿ ਇਹ ਮਨੌਤ ਚੱਲੀ ਆਉਂਦੀ ਹੈ ਕਿ ਮਨੁੱਖ ਅਜਿਹੇ ਕੰਮ ਕਰਦਾ ਹੈ ਜਿਹੜੇ ਉਸਦੇ ਭਾਗ ਵਿੱਚ ਧੁਰੋਂ ਉਲੀਕੇ ਗਏ ਹਨ:
“ਜੇਤੇ ਜੀਅ ਲਿਖੀ ਸਿਰਿ ਕਾਰਿ॥ਕਰਣੀ ਉਪਰਿ ਹੋਵਗਿ ਸਾਰ॥” (ਪੰਨਾ- 1169)
“ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥” (ਪੰਨਾ- 937)
“ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ॥
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ॥” (ਪੰਨਾ- 566)
“ਸਤਿ ਸੰਗਤਿ ਮਹਿ ਤਿਨ ਹੀ ਵਾਸਾ॥
ਜਿਨ ਕਉ ਧੁਰਿ ਲਿਖਿ ਪਾਈ ਹੇ॥” (ਪੰਨਾ- 1044)
“ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ॥
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ॥” (ਪੰਨਾ- 756)
“ਜੋ ਧੁਰਿ ਲਿਖਿਆ ਲੇਖੁ ਸੋ ਕਰਮ ਕਮਾਇਸੀ॥” (ਪੰਨਾ- 510)
ਗੁਰਮਤਿ ਅਨੁਸਾਰ ਇਸ਼ਟ, ਮੀਤ, ਭੈਣ, ਭਾਈ, ਸਾਕ ਸੰਬੰਧੀ ਆਦਿ ਸਾਰੇ ਕੀਤੇ ਕਰਮਾਂ ਅਨੁਸਾਰ ਹੀ ਮਿਲਦੇ ਤੇ ਵਿਛੜਦੇ ਹਨ।ਹਰ ਤਰ੍ਹਾਂ ਦਾ ਸੰਜੋਗ ਤੇ ਵਿਯੋਗ ਧੁਰ ਦੇ ਲੇਖਾਂ ਅਨੁਸਾਰ ਹੀ ਹੁੰਦਾ ਹੈ:
“ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰ ਭਾਈ॥
ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ॥” (ਪੰਨਾ- 700)
“ਕੀਤਾ ਕਿਛੁ ਨ ਹੋਵਈ ਲਿਖਿਆ ਧੁਰਿ ਸੰਜੋਗ॥” (ਪੰਨਾ-135)
ਇੱਥੋਂ ਤੱਕ ਕਿ ਗੁਰੂ ਤੇ ਸਤਸੰਗ ਵੀ ਪੂਰਬਲੇ ਲੇਖਾਂ ਅਨੁਸਾਰ ਹੀ ਪ੍ਰਾਪਤ ਹੁੰਦਾ ਹੈ:
“ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਹਿ॥
ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ॥
ਨਾਨਕ ਅੰਮ੍ਰਿਤ ਮਨੈ ਮਾਹਿ ਪਾਈਐ ਗੁਰ ਪ੍ਰਸਾਦਿ॥
ਤਿਨ੍ਹੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥” (ਪੰਨਾ- 1238)
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰ ਮਿਲੈ ਪ੍ਰਭੁ ਆਇ॥” (ਪੰਨਾ- 303)
“ਜਨ ਨਾਨਕ ਗੁਰ ਤਿਨ੍ਹੀ ਪਾਇਆ॥ ਜਿਨੀ ਧੁਰਿ ਲਿਖਤੁ ਲਿਲਾਟਿ ਲਿਖਾਸੇ॥” (ਪੰਨਾ- 449)
“ਨਾਨਕ ਤਿਨ ਕੋ ਸਤਿਗੁਰੁ ਮਿਲਿਆ ਜਿਨ ਧੁਰੇ ਪੈਯਾ ਪਰਵਾਣਾ॥” (ਪੰਨਾ- 956)
ਇਸ ਵਿੱਚ ਕੋਈ ਛੱਕ ਨਹੀਂ ਕਿ ਰਾਹੇ ਤੇ ਕੁਰਾਹੇ, ਸਿੱਧੇ ਤੇ ਔਝੜੇ, ਸਵਾਰਨਾ ਤੇ ਖੁਆਰ ਕਰਨਾ ਨਿਰੰਕਾਰੀ ਹੁਕਮ ਦੀ ਹੀ ਖੇਡ ਹੈ, ਪਰ ਇਹ ਖੇਡ ਕਰਮਾਂ ਅਨੁਸਾਰ ਹੀ ਖੇਡੀ ਜਾਂਦੀ ਹੈ।ਹੁਕਮ ਤਾਂ “ਕਰਮੀ ਵਹੈ ਕਲਾਮ” ਹੈ।ਨਿਰਸੰਦੇਹ ਨਿਰਣਾ ਹੁਕਮ ਨੇ ਹੀ ਕਰਨਾ ਹੈ।ਪਰ ਇਹ ਫੈਸਲਾ ਅਮਲਾਂ ਅਨੁਸਾਰ ਹੋਣਾ ਹੈ:
“ਕਕਾ ਕਾਰਨ ਕਰਤਾ ਸੋਊ॥ਲਿਖਿਓ ਲੇਖ ਨ ਮੇਟਤ ਕੋਊ॥
ਨਹੀ ਹੋਤ ਕਛੁ ਦੋਊ ਬਾਰਾ ਕਰਨੇ ਹਾਰ ਨ ਭੂਲਨਹਾਰਾ॥
ਕਾਹੂ ਪੰਥ ਦਿਖਾਰੇ ਆਪੇ॥ਕਾਹੂ ਉਦਿਆਨ ਬ੍ਰਮਤ ਪਛਤਾਰੇ॥
ਆਪਨ ਖੇਲੁ ਆਪ ਹੀ ਕੀਨੋ॥ਜੋ ਜੋ ਦੀਨੋ ਸੋ ਨਾਨਕ ਲੀਨੋ॥” (ਪੰਨਾ- 253)
“ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮ ਧਿਆਇਆ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ॥
ਗੁਰ ਕਿਰਪਾ ਤੇ ਜਾਣਿਆ ਜਿਥੇ ਤੁਧੁ ਆਪੁ ਬੁਝਾਇਆ॥
ਸਹਜੇ ਹੀ ਸਚਿ ਸਮਾਇਆ॥” (ਪੰਨਾ- 469)
ਪਰ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਿਨ੍ਹਾਂ ਕਰਮਾਂ ਨੂੰ ਅਸਾਂ ਅਵੱਸ਼ਯ ਭੁਗਤਣਾ ਹੈ ਤੇ ਜਿਨ੍ਹਾਂ ਸਾਹਵੇਂ ਕਿਸੇ ਦਾ ਜ਼ੋਰ ਨਹੀਂ ਚੱਲਣਾ, ਉਨ੍ਹਾਂ ਦਾ ਸਿੱਟਾ ਤਾਂ ਸਾਡਾ ਸੁਭਾਵ ਹੈ ਤੇ ਸਾਡੀ ਸਾਰੀ ਕਿਰਿਆ ਇਸ ਸੁਭਾਵ ਦੇ ਆਸਰੇ ਹੈ।ਬੁੱਧੀ ਅਨੁਸਾਰ ਵਿਚਾਰਾਂ ਤਾਂ ਉੱਤੇ ਉੱਤੇ ਦੀ ਸਿਆਣਪ ਹੀ ਹੈ।ਹਰ ਕ੍ਰਿਆ ਵਿੱਚ ਤਾਂ ਸੁਭਾਵ ਦਾ ਹੀ ਹੱਥ ਹੁੰਦਾ ਹੈ।ਸੁਭਾਵ ਸੌ ਸਿਆਣਪਾਂ ਦੇ ਹੁੰਦਿਆਂ ਵੀ ਸੁਤੇ ਹੀ ਕਰਮ ਕਰਾ ਲੈਂਦਾ ਹੈ।ਸਤਿਗੁਰੂ ਫੁਰਮਾਂਦੇ ਹਨ:
“ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ॥
ਪਸੁ ਆਪਨ ਹਉ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ॥” (ਪੰਨਾ- 251)
“ਏਕਹਿ ਆਪਿ ਕਰਾਵਨਹਾਰਾ॥ਆਹਿ ਪਾਪ ਪੁੰਨ ਬਿਸਥਾਰਾ॥
ਇਆ ਜਗ ਜਿਤੁ ਜਿਤੁ ਆਪਹਿ ਲਾਇਓ॥ਸੋ ਸੋ ਪਾਇਓ ਜੁ ਆਪਿ ਦਿਵਾਇਓ॥” (ਪੰਨਾ- 251)
“ਲਲਾ ਲਪਟਿ ਬਿਖੈ ਰਸ ਮਾਤੇ॥ਅਹੰਬੁਧ ਮਾਇਆ ਮਦ ਮਾਤੇ॥
ਇਆ ਮਾਇਆ ਮਹਿ ਜਨਮਹਿ ਮਰਨਾ॥ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ॥
ਕੋਊ ਊਨ ਨ ਕੋਊ ਪੂਰਾ॥ਕੋਊ ਸੁਘਰੁ ਨ ਕੋਊ ਮੂਰਾ॥
ਜਿਤੁ ਜਿਤੁ ਲਾਵਉ ਤਿਤੁ ਤਿਤੁ ਲਗਨਾ॥ਨਾਨਕ ਠਾਕੁਰ ਸਦਾ ਅਲਿਪਨਾ॥” (ਪੰਨਾ- 252)
ਹੁਣ ਤੱਕ ਦੀ ਵਿਚਾਰ ਦਾ ਨਿਚੋੜ-
ੳ- ਕਾਰਨ ਤੇ ਕਾਰਜ ਦੇ ਸਿਧਾਂਤ ਦਾ ਸੰਬੰਧ ਚੇਤੰਨ ਸੱਤਾ ਦੇ ਰਾਹੀਂ ਹੀ ਹੈ।ਚੇਤੰਨ ਸੱਤਾ ਦੇ ਨਿਰਣਾ ਕਰਨ ਬਿਨਾ ਕਰਮ ਸੁਤੇ ਹੀ ਫਲੀ-ਭੂਤ ਨਹੀਂ ਹੋ ਸਕਦੇ।
ਅ- ਨਿਰੰਕਾਰੀ ਹੁਕਮ ਦੁਆਰਾ ਹੀ ਪੂਰਬਲੇ ਕਰਮਾਂ ਅਨੁਸਾਰ ਭਾਗ ਦਾ ਨਿਰਣਾ ਕੀਤਾ ਜਾਂਦਾ ਹੈ।ਇਹੀ ਭਾਗ ਹੀ ਧੁਰ ਦੇ ਲੇਖ ਹਨ ਜੋ ਕਿਸੇ ਪਾਸੋਂ ਮੇਟੇ ਨਹੀਂ ਜਾ ਸਕਦੇ।
ੲ- ਕਰਮ ਸੁਭਾਵ ਅਨੁਸਾਰ ਕੀਤੇ ਜਾਂਦੇ ਹਨ।ਕਰਮਾਂ ਦਾ ਅੰਦਰੂਨੀ ਸਿੱਟਾ ਔਗੁਣ ਹਨ, ਜੋ ਸੰਬੰਧਤ ਕਾਰਨਾਂ ਵਿੱਚ ਪਰਫੁੱਲਤ ਹੋ ਕੇ ਦੁਖ ਪੈਦਾ ਕਰਦੇ ਹਨ।ਅਜਿਹੀ ਅਵਸਥਾ ਵਿੱਚ ਸਾਡਾ ਸੁਭਾ ਆ ਟਪਕਦਾ ਹੈ ਤੇ ਆਪਣੇ ਅਨੁਸਾਰੀ ਕਰ ਲੈਂਦਾ ਹੈ ਤੇ ਜਦ ਤੱਕ ਅਸੀਂ ਆਪਣੀ ਮੱਤ ਦੇ ਕਹੇ ਚੱਲੀਏ ਪੂਰਬਲੇ ਕਰਮਾਂ ਅਨੁਸਾਰ ਬੱਝੀਆਂ ਲੀਹਾਂ ਵਿੱਚੋਂ ਨਿਕਲ ਹੀ ਨਹੀਂ ਸਕਦੇ।
ਸ- ਕਿਉਂਕਿ ਕਾਰਨ-ਕਾਰਜ ਦਾ ਸੰਬੰਧ ਚੇਤੰਨ ਸੱਤਾ ਦੇ ਰਾਹੀਂ ਹੀ ਹੈ ਇਸ ਲਈ ਰਾਹੇ-ਕੁਰਾਹੇ, ਸਿੱਧੇ-ਔਝੜ, ਦੁਖ-ਸੁਖ ਆਦਿ ਵਿੱਚ ਪਾਣ ਵਾਲਾ ਨਿਰੰਕਾਰੀ ਹੁਕਮ ਹੀ ਹੈ।ਪਰ ਫੈਸਲਾ ਅਮਲਾਂ ਉੱਤੇ ਹੀ ਹੁੰਦਾ ਹੈ।
ਹ- ਜਿਨ੍ਹਾਂ ਕਰਮਾਂ ਨੂੰ ਅਸਾਂ ਅਵੱਸ਼ਯ ਭੁਗਤਣਾ ਹੈ, ਸਾਡਾ ਮੌਜੂਦਾ ਸੁਭਾਵ ਉਨ੍ਹਾਂ ਅਮਿਟ ਕਰਮਾਂ ਦਾ ਹੀ ਪ੍ਰਤੀਕਰਮ ਹੈ।ਤੇ ਅਸਾਂ ਹੁਣ ਦੇ ਸਾਰੇ ਕਰਮ ਇਸ ਵਿਰਸੇ ਵਿੱਚ ਮਿਲੇ ਸੁਭਾਵ ਦੇ ਆਸਰੇ ਕਰਨੇ ਹਨ।
ਜਸਬੀਰ ਸਿੰਘ ਵਿਰਦੀ 05-02-2015
ਜਸਬੀਰ ਸਿੰਘ ਵਿਰਦੀ
-: ਕਰਮ ਭਾਗ 4:- ਕਾਰਨ ਤੇ ਕਾਰਜ ਦਾ ਸਿਧਾਂਤ-
Page Visitors: 3042