ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸ਼ਰਾਮ ਚਿੰਨ੍ਹਾਂ ਦਾ ਮਹੱਤਵ
ਗਿਆਨੀ ਜਗਤਾਰ ਸਿੰਘ ਜਾਚਕ-098552-05089
ਭਾਸ਼ਾ ਵਿਗਿਆਨੀਆਂ ਦਾ ਕਥਨ ਹੈ ਕਿ ਕਿਸੇ ਵੀ ਭਾਸ਼ਾ ਦੇ ਵਾਕਾਂ ਦੀ ਸਹੀ ਵੰਡ ਤੋਂ ਬਿਨਾਂ ਅਰਥਾਂ ਨੂੰ ਸਪਸ਼ਟ ਕਰ ਸਕਣਾ ਅਸੰਭਵ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਗੱਲਬਾਤ ਕਰਨ ਵੇਲੇ ਵਾਕਾਂ ਦੇ ਅੰਤ ਵਿੱਚ ਅਤੇ ਵਾਕਾਂ ਦੇ ਖਾਸ ਖਾਸ ਹਿੱਸਿਆਂ ’ਤੇ ਠਹਿਰਿਆ ਜਾਂਦਾ ਹੈ, ਤਾਂ ਕਿ ਕਹੀ ਜਾ ਰਹੀ ਗੱਲ ਠੀਕ ਤਰ੍ਹਾਂ ਸਮਝੀ ਜਾ ਸਕੇ । ਲਿਖਤੀ ਵਾਕਾਂ ਵਿੱਚ ਇਸ ਗੱਲ ਨੂੰ ਪ੍ਰਗਟ ਕਰਨ ਲਈ, ਕਿ ਕਿੱਥੇ ਅਤੇ ਕਿੰਨਾ ਕੁ ਚਿਰ ਠਹਿਰਨਾ ਹੈ ਖਾਸ ਨਿਸ਼ਾਨ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਵਿਸਰਾਮ-ਚਿੰਨ੍ਹ (Punctuation Marks) ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼ ਵਿੱਚ ਵਿਸਰਾਮ ਚਿੰਨ੍ਹ ਦਾ ਅਰਥ ‘ਵਿਆਕਰਣ ਦੇ ਠਹਿਰਾਉ ਸੂਚਕ ਚਿੰਨ੍ਹ’ ਕੀਤਾ ਗਿਆ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੋਈ ਹੈ। ਉਦਾਰਹਣ ਵਜੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿਚਾਰੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਅਰਧ ਵਿਸਰਾਮ, ਸੰਬੋਧਨ ਕਾਰਕੀ (ਵਿਸਮੀ) ਤੇ ਪ੍ਰਸ਼ਨਵਾਚਕ ਚਿੰਨ੍ਹਾਂ ਦੀ ਥਾਂ ਵੀ ਦੋ ਡੰਡੀਆਂ (ਹੱਦਾਂ) ਦੀ ਵਰਤੋਂ ਕੀਤੀ ਗਈ ਹੈ :
ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ॥ (ਅੰਗ ੬੯੪)
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ॥ ਮੋ ਕਉ ਦੇਹੁ ਦਾਨਾ॥ (ਅੰਗ ੧੦੦੫)
ਕਿਉਂਕਿ, ਉਸ ਵੇਲੇ ਗੁਰਮੁਖੀ ਸਮੇਤ ਕਿਸੇ ਵੀ ਹਿੰਦੋਸਤਾਨੀ ਲਿਪੀ ਵਿੱਚ ਕੋਈ ਵਿਸਰਾਮ ਚਿੰਨ ਨਹੀਂ ਸਨ ; ਸਿਵਾਏ ਇੱਕ ਖੜੀ ਲੀਕ (।) ਦੇ, ਜੋ ਅੰਗਰੇਜ਼ੀ ਦੇ ਫ਼ੁਲਸਟਾਪ (.) ਦੀ ਥਾਂ ’ਤੇ ਹੈ । ਇਸ ਨੂੰ ਪੰਜਾਬੀ ਵਾਲੇ ਡੰਡੀ ਜਾਂ ਹੱਦ ਆਖਦੇ ਹਨ। ਕਿਉਂਕਿ, ਇਸ ਚਿੰਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਆਮ ਤੌਰ ’ਤੇ ਵਾਕ ਦੇ ਅੰਤ ਉੱਤੇ ਹੁੰਦੀ ਚੱਲੀ ਆ ਰਹੀ ਹੈ। ਇਹ ਚਿੰਨ ਲਗਭਗ ਤਿੰਨ ਹਜ਼ਾਰ ਸਾਲ ਪੁਰਾਣਾ ਹੈ। ਕਿਉਂਕਿ, ਹਜ਼ਰਤ ਈਸਾ ਮਸੀਹ ਤੋਂ ਨੌ ਸਦੀਆਂ ਪਹਿਲਾਂ ਦੇ ਫ਼ਿਨੀਸ਼ਨ (Phoenician) ਲਿਪੀ ਵਿੱਚ ਲਿਖੇ ਗਏ ਮੁਬਾਈਟ ਸਟੋਨ (Moabite Stone) ਉਤੇ ਵੀ ਚਿੰਨ ਡੰਡੀ (।) ਦੀ ਵਰਤੋਂ ਇਸੇ ਹੀ ਮਤਲਬ ਲਈ ਹੋਈ ਮਿਲਦੀ ਹੈ ।
ਜਿਉਂ ਜਿਉਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਤਿਉਂ ਤਿਉਂ ਪੰਜਾਬੀ ਦੇ ਸੂਝਵਾਨ ਲਿਖਾਰੀਆਂ ਨੇ ਲਿਖਤ ਦੀ ਸਪਸ਼ਟਤਾ ਲਈ ਅੰਗਰੇਜ਼ੀ ਦੇ ਵਿਸਰਾਮ ਚਿੰਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ। ਜਿਵੇਂ ਕਾਮਾ (, Comma), ਬਿੰਦੀ ਕਾਮਾ (;Cemecolon), ਦੁਬਿੰਦੀ (:Colon), ਪ੍ਰਸ਼ਨ ਚਿੰਨ੍ਹ (? Interrogataion), ਵਿਸਮੀ ਚਿੰਨ੍ਹ (! Exclamation), ਪੁਠੇ ਕਾਮੇ (‘ ’ Inverted commas ), ਤੇ ਜੋੜਨੀ (-Hyphon) ਆਦਿਕ । ਅੱਜ-ਕਲ ਤਾਂ ਅਜਿਹੀ ਵਰਤੋਂ ਆਮ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ ਪਦ-ਛੇਦ ਬੀੜਾਂ ਤੋਂ ਪਹਿਲਾਂ ਜੁੜਵੇਂ ਅੱਖਰਾਂ ਵਾਲੀਆਂ (ਲੜੀਦਾਰ) ਬੀੜਾਂ ਹੀ ਪ੍ਰਚਲਿਤ ਸਨ । ਅਭਿਆਸ ਹੀਣ ਪਾਠੀਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਨੂੰ ਠੀਕ ਪਦ-ਛੇਦ ਨਾ ਕਰਨ ਕਰਕੇ ਅਤੇ ਠੀਕ ਥਾਂ ਵਿਸ਼ਰਾਮ ਨਾ ਲਗਾਉਣ ਕਰਕੇ ਬੇਅੰਤ ਭੁਲਾਂ ਹੁੰਦੀਆਂ ਸਨ। ਪਦ-ਛੇਦ ਬੀੜਾਂ ਛਪਣ ਨਾਲ ਤੁਕਾਂ ਨੂੰ ਪਦ-ਛੇਦ ਕਰਨ ਦੀ ਸਮਸਿਆ ਤਾਂ ੯੯% ਹੱਲ ਹੋ ਗਈ, ਪਰ ਵਿਸਰਾਮਾਂ ਦੀ ਸਮਸਿਆ ਓਵੇਂ ਹੀ ਕਾਇਮ ਰਹੀ। ਗੁਰਸਿੱਖ ਵਿਦਵਾਨਾਂ ਦੀ ਦਿਸ਼੍ਰਟੀ ਵਿੱਚ ਇਸ ਦਾ ਇੱਕੋ ਇੱਕ ਹੱਲ ਸੀ ਕਿ ਗੁਰਬਾਣੀ ਦੇ ਸ਼ੁਧ ਉਚਾਰਨ ਦੀਆਂ ਸੰਥਾ-ਪੋਥੀਆਂ ਤੇ ਟੀਕਿਆਂ ਵਿੱਚ ਠੀਕ ਥਾਂ ਲੋੜੀਂਦੇ ਵਿਸਰਾਮ ਚਿੰਨ ਲਗਾ ਦਿੱਤੇ ਜਾਣ। ਇਹੀ ਕਾਰਣ ਹੈ ਕਿ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇਕਾਰਾਂ ਤੇ ਸੰਥਿਆ ਕਰਾਉਣ ਵਾਲੇ ਵਿਦਵਾਨਾਂ ਵਲੋਂ ਹੁਣ ਸਾਰੇ ਵਿਸਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿਉਂਕਿ, ਪਾਠਕਾਂ ਤੇ ਸ਼੍ਰੋਤਿਆਂ ਨੂੰ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ ਭਾਵਾਂ ਤੋਂ ਜਾਣੂ ਕਰਾਉਣ ਲਈ ਅਜਿਹੀ ਵਰਤੋਂ ਅਤਿ ਜ਼ਰੂਰੀ ਹੈ। ਪਰ, ਇਸ ਤੋਂ ਵੀ ਜ਼ਰੂਰੀ ਹੈ ਵਿਸਰਾਮ ਠੀਕ ਥਾਂ ਦੇਣਾ। ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗ਼ਲਤ ਹੋ ਜਾਂਦੇ ਹਨ । ਜਿਵੇਂ :
ਠੀਕ : ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥ (ਅੰਗ ੧੪੦੭)
ਗ਼ਲਤ : ਗੁਰੁ ਅਰਜੁਨੁ ਘਰਿ, ਗੁਰ ਰਾਮਦਾਸ ; ਭਗਤ ਉਤਰਿ ਆਯਉ॥
ਇਸ ਤੁਕ ਦਾ ਸਹੀ ਅਰਥ ਹੈ: ਗੁਰੂ ਰਾਮਦਾਸ ਦੇ ਘਰ ਵਿੱਚ ਗੁਰੂ ਅਰਜੁਨ (ਰੱਬ ਦਾ) ਭਗਤ ਜੰਮ ਪਿਆ। ਇਹ ਇੱਕ ਇਤਿਹਾਸਕ ਸੱਚ ਹੈ । ਪਰ, ਜੇ ਅਣਗਹਿਲੀ ਕਾਰਨ ਵਿਸਰਾਮ ‘ਅਰਜੁਨੁ’ ਦੀ ਥਾਂ ‘ਘਰਿ’ ਤੇ ਲੱਗ ਜਾਏ ਤਾਂ ਸ਼੍ਰੋਤਾ ਸਮਝੇਗਾ ਕਿ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਭਗਤ ਪੈਦਾ ਹੋ ਪਏ। ਅਜਿਹੇ ਅਰਥ ਇਤਿਹਾਸਕ ਪੱਖੋਂ ਵੀ ਗ਼ਲਤ ਹਨ ਤੇ ਵਿਆਕਰਣਿਕ ਪੱਖੋਂ ਵੀ। ਕਿਉਂਕਿ, ‘ਅਰਜੁਨੁ’ ਨਾਂਵ ਦੇ ਨੰਨੇ ਨੂੰ ਲੱਗਾ ਔਂਕੜ ‘ਗੁਰੂ ਅਰਜੁਨ ਦੇ ਘਰ’ ਵਾਲੇ ਸਬੰਧਕੀ ਅਰਥ ਨਹੀਂ ਹੋਣ ਦਿੰਦਾ।
ਠੀਕ : ਸਾਚਾ, ਮਰੈ ਨ ਆਵੈ ਜਾਇ॥ ਨਾਨਕ! ਗੁਰਮੁਖਿ ਰਹੈ ਸਮਾਇ॥ (ਅੰਗ ੨੨੯)
ਗ਼ਲਤ : ਸਾਚਾ ਮਰੈ, ਨ ਆਵੈ ਜਾਇ॥ ਨਾਨਕ ਗੁਰਮੁਖਿ ਰਹੈ ਸਮਾਇ॥
ਇਨ੍ਹਾਂ ਤੁਕਾਂ ਦਾ ਸਹੀ ਅਰਥ ਹੈ: ਹੇ ਨਾਨਕ (ਆਖ) ! ਗੁਰੂ ਦੀ ਰਾਹੀਂ (ਮਨੁਖ ਉਸ ਅਕਾਲਪੁਰਖ ਵਿੱਚ) ਸਮਾਇਆ ਰਹਿੰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜੰਮਦਾ ਮਰਦਾ ਨਹੀਂ। ਪਰ, ਜੇ ਪਾਠੀ ਵੱਲੋਂ ਬੇਧਿਆਨੀ ਨਾਲ ਵਿਸਰਾਮ ‘ਮਰੈ’ ਲਫ਼ਜ਼ ’ਤੇ ਲਾਇਆ ਜਾਏ ਅਤੇ ‘ਨਾਨਕ’ ਨਾਂਵ ’ਤੇ ਵਿਸਰਾਮ ਨਾ ਲਾਇਆ ਜਾਏ ਤਾਂ ਸ਼੍ਰੋਤੇ ਸਮਝਣਗੇ : ਨਾਨਕ ਗੁਰਮੁਖ ਉਸ ਵਿੱਚ ਸਮਾਇਆ ਰਹਿੰਦਾ ਹੈ, ਜਿਹੜਾ ਸਚਾ ਰੱਬ ਮਰਦਾ ਹੈ, ਆਉਂਦਾ ਜਾਂਦਾ ਨਹੀਂ। ਅਜਿਹੇ ਅਰਥ ਸਿਧਾਂਤਕ ਤੇ ਵਿਆਕਰਣਿਕ ਪੱਖੋਂ ਗ਼ਲਤ ਸਿੱਧ ਹੋਣਗੇ। ਕਿਉਂਕਿ, ਜੋ ਸੱਚਾ ਹੈ, ਉਹ ਮਰਦਾ ਨਹੀਂ। ਤੇ ਜੋ ਮਰਦਾ ਹੈ, ਉਸ ਬਾਰੇ ‘ਨ ਆਵੈ ਜਾਇ’ ਵਾਕਾਂਸ਼ ਨਹੀਂ ਕਿਹਾ ਜਾ ਸਕਦਾ। ‘ਗੁਰਮੁਖ ਨਾਨਕ’ ਅਰਥ ਗੁਰਬਾਣੀ ਵਿਆਕਰਣ ਮੁਤਾਬਿਕ ਤਾਂ ਹੀ ਬਣ ਸਕਦੇ ਹਨ, ਜੇ ‘ਨਾਨਕ’ ਨਾਂਵ ਦੇ ਕੱਕੇ ਨੂੰ ਅਤੇ ਗੁਰਮੁਖ ਦੇ ਖੱਖੇ ਨੂੰ ਔਂਕੜ ਹੋਣ। ਪਰ, ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖਿ ਸ਼ਬਦ ’ਚ ਖੱਖੇ ਔਂਕੜ ਵਾਲਾ ਰੂਪ ਹੀ ਨਹੀਂ ਹੈ ।
.................................................................................
ਗੁਰਬਾਣੀ ਪੰਕਤੀਆਂ ਵਿੱਚ ਵਿਸ਼ਰਾਮ ਚਿੰਨ੍ਹ ਲਾਉਣ ਦਾ ਮਸਲਾ
ਸਤਿਕਾਰਯੋਗ ਜਾਚਕ ਜੀ,
ਤੁਹਾਡਾ ਲੇਖ ਵਿਸ਼ਰਾਮ ਚਿੰਨ੍ਹਾਂ ਬਾਰੇ ਲਿਖਿਆ Gur Parsad ਵੈਬ ਸਾਈਟ ਤੇ ਮੈਂ ਪੜ੍ਹਿਆ ਹੈ। ਤੁਸੀਂ ਠੀਕ ਕਹਿੰਦੇ ਹੋ ਕਿ ਅਸੀਂ ਵਿਸ਼ਰਾਮ ਚਿੰਨ੍ਹ ਅੰਗਰੇਜ਼ੀ ਤੋਂ ਲਏ ਹਨ। ਸ਼ਾਇਦ ਇਸੇ ਕਰਕੇ ਇਨ੍ਹਾਂ ਚਿੰਨ੍ਹਾਂ ਦੇ ਪੰਜਾਬੀ ਨਾਂਵਾਂ ਤੋਂ ਠੀਕ ਸੰਕੇਤ ਨਹੀਂ ਮਿਲਦੇ। ਤੁਸੀਂ ਇੱਕ ਨਾਂ ਲਿਖਿਆ ਹੈ ‘ਬਿੰਦੀ ਕਾਮਾ’।‘ਬਿੰਦੀ ਕਾਮਾ’ ਲਫ਼ਜ਼ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ‘ਬਿੰਦੀ ਕਾਮਾ’ ਦਾ ਰੂਪ ਇਹ . , ਹੈ ਕਿ ਇਹ ; ਹੈ। । ਤੁਸੀਂ ਕਹੋਗੇ ਕਿ ‘ਬਿੰਦੀ ਕਾਮਾ’ ਨਾਲ ਤੁਸੀਂ ਅੰਗਰੇਜ਼ੀ ਵਿੱਚ ‘cemecolon’ ਲਿਖ ਦਿੱਤਾ ਹੈ ਤਾਕਿ ਸਮਝ ਆ ਜਾਏ। ਪਰ ‘cemecolon’ ਅੰਗਰੇਜ਼ੀ ਵਿੱਚ ਕੋਈ ਲਫ਼ਜ਼ ਹੀ ਨਹੀਂ ਹੈ । ਇਸੇ ਤਰ੍ਹਾਂ ‘ਜੋੜਨੀ’ ਲਫ਼ਜ਼ ਵੀ - ਦੇ ਮਾਅਨੇ ਨਹੀਂ ਦੇਂਦਾ। ਏਥੇ ਵੀ ਤੁਸੀਂ ਕਹੋਗੇ ਕਿ ‘ਜੋੜਨੀ’ ਨਾਲ ਤੁਸੀਂ ਅੰਗਰੇਜ਼ੀ ਵਿੱਚ ‘Hyphon’ ਲਿਖ ਦਿੱਤਾ ਹੈ। ਪਰ ‘Hyphon’ ਕੋਈ ਲਫ਼ਜ਼ ਹੀ ਨਹੀਂ ਹੈ ਅੰਗਰੇਜ਼ੀ ਵਿੱਚ। ਹੋ ਸਕਦਾ ਹੈ ਕਿ ਇਹ ਗ਼ਲਤੀ ਤੁਹਾਡੇ ਕੋਲੋਂ ਲਿਖਣ ਵਿੱਚ ਹੋਈ ਹੈ। ਗੁਰਬਾਣੀ ਦੀਆਂ ਪੰਕਤੀਆਂ ਵਿੱਚ ਵਿਸ਼ਰਾਮ ਚਿੰਨ੍ਹ ਲਾਉਣ ਲਗਿਆਂ ਵੀ ਗ਼ਲਤੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਗੁਰਬਾਣੀ ਦੇ ਗ਼ਲਤ ਅਰਥ ਪਰਚਾਰਣ ਲਈ ਕੋਈ ਸ਼ਰਾਰਤੀ ਗੁਰਬਾਣੀ ਪੰਕਤੀਆਂ ਵਿੱਚ ਗ਼ਲਤ ਜਗ੍ਹਾ ਤੇ ਵਿਸ਼ਰਾਮ ਚਿੰਨ੍ਹ ਲਾਉਣੇ ਸ਼ੁਰੂ ਕਰ ਦੇਵੇ। ਇਸ ਸੰਭਾਵਨਾ ਦਾ ਜ਼ਿਕਰ ਤੁਸੀਂ ਆਪਣੇ ਲੇਖ ਵਿੱਚ ਵੀ ਕੀਤਾ ਹੈ ਕਿ ਗ਼ਲਤ ਜਗ੍ਹਾ ਤੇ ਵਿਸ਼ਰਾਮ ਚਿੰਨ੍ਹ ਲਾਉਣ ਨਾਲ ਗੁਰਬਾਣੀ ਦੇ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਸੋ ਇਹੋ ਜਿਹਾ ਕੰਮ ਕੀਤਾ ਕਿਉਂ ਜਾਏ ਜਿਸ ਨਾਲ ਸਾਡੇ ਵਿਰੋਧੀਆਂ ਨੂੰ ਸਿੱਖ ਜਗਤ ਵਿੱਚ ਦੁਬਿਧਾ ਖੜੀ ਕਰਨ ਦਾ ਮੌਕਾ ਮਿਲੇ ਅਤੇ ਸਾਡੇ ਲਈ ਇੱਕ ਹੋਰ ਮੁੱਦਾ ਖੜਾ ਹੋ ਜਾਏ ਲੜਣ ਭਿੜਣ ਵਾਸਤੇ। ਅੱਗੇ ਹੀ ਘੱਟ ਮੁੱਦੇ ਨਹੀਂ ਹਨ ਜਿਨ੍ਹਾਂ ਤੇ ਅਸੀਂ ਲੜਦੇ ਭਿੜਦੇ ਰਹਿੰਦੇ ਹਾਂ। ਸਿੱਖੀ ਨੂੰ ਪਤਨ ਵਲ ਤੁਰੀ ਜਾਂਦੀ ਨੂੰ ਬਚਾਉਣ ਦਾ ਜੋ ਮੁੱਖ ਮੁੱਦਾ ਹੈ ਉਸ ਵਲ ਅਸੀਂ ਧਿਆਨ ਹੀ ਨਹੀਂ ਦੇ ਪਾਉਂਦੇ। ਜੇ ਕਰ ਤੁਹਾਡੀ ਜਾਣਕਾਰੀ ਵਿੱਚ ਇਹ ਹੈ ਕਿ ਸਾਡੇ ਪਰਚਾਰਕਾਂ / ਕਥਾ ਵਾਚਕਾਂ / ਲਿਖਾਰੀਆਂ ਨੇ ਸਿੱਖ ਘਰਾਂ ਵਿੱਚ ਪੈਦਾ ਹੋਏ ਪਤਿਤ ਹੋ ਚੁੱਕੇ ਕਿੰਨੇ ਕੂ ਮੁੰਡੇ ਕੁੜੀਆਂ ਨੂੰ ਵਾਪਸ ਸਿੱਖੀ ਸਰੂਪ / ਸਿੱਖੀ ਦੀ ਮੂਲ ਧਾਰਾ ਵਿੱਚ ਲੈ ਆਂਦਾ ਹੈ ਅਤੇ ਪਤਿਤ ਹੋਣ ਤੇ ਡੱਕਾ ਲਾਇਆ ਹੈ ਤਾਂ ਇਹ ਆਂਕੜੇ ਮੈਨੂੰ ਵੀ ਭੇਜ ਦੇਣਾ, ਧੰਨਵਾਦੀ ਹੋਵਾਂਗਾ। ਸਿੱਖੀ ਨੂੰ ਪਤਨ ਵਲ ਤੁਰੀ ਜਾਂਦੀ ਨੂੰ ਬਚਾਉਣ ਲਈ ਸਾਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।
ਸੁਰਜਨ ਸਿੰਘ--+919041409041, ਮੋਹਾਲੀ।
ਸੁਰਜਨ ਸਿੰਘ
ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸ਼ਰਾਮ ਚਿੰਨ੍ਹਾਂ ਦਾ ਮਹੱਤਵ
Page Visitors: 3456