ਪੰਜਾਬੀ ਦੇ ਬਹੁਤ ਸਾਰੇ ਫੌਂਟ ਹਨ ਜਿਨ੍ਹਾਂ ਦੇ ਕੀ-ਬੋਰਡਾਂ ਵਿੱਚ ਅੰਤਰ ਹੈ।
Kirpal Singhkirpalsinghbathinda@gmail.com
ਪਿਛਲੇ ਕੁਝ ਸਮੇਂ ਤੋਂ ਹੋਰ ਕੰਮਾਂ ਵਿੱਚ ਬਿਜੀ ਹੋਣ ਅਤੇ ਬਾਅਦ ਵਿੱਚ ਅਪੈਂਡਿਕਸ ਦਾ ਅਪ੍ਰੇਸ਼ਨ ਹੋਣ ਕਰਕੇ ਵੈੱਬਸਾਈਟਾਂ ਜਾਂ ਈ-ਮੇਲ ਪੜ੍ਹ ਨਹੀਂ ਸੀ ਸਕਿਆ। ਪਰ ਜਦੋਂ ਕਿਤੇ ਇੰਟਰਨੈੱਟ 'ਤੇ ਬੈਠ ਕੇ ਸਿਰਫ ਹੈਡਿੰਗ ਵੇਖਣ ਦਾ ਥੋੜਾ ਸਮਾਂ ਮਿਲਦਾ ਤਾਂ ਕੁਝ ਲੋਕਾਂ ਵੱਲੋਂ ਬੜਾ ਹੂ-ਪਾਹਰਿਆ ਪਾਇਆ ਜਾਂਦਾ ਵਿਖਾਈ ਦਿੰਦਾ ਕਿ ਮਿਸ਼ਨਰੀ ਕਾਲਜਾਂ ਵੱਲੋਂ ਗੁਰਬਾਣੀ ਬਦਲੀ ਜਾ ਰਹੀ ਹੈ। ਇਹ ਸੁਣ ਕੇ ਮਨ ਨੂੰ ਬੜਾ ਹੀ ਦੁੱਖ ਲੱਗਾ ਕਿ ਗੁਰਬਾਣੀ ਦੇ ਅਸਲ ਸਰੂਪ ਨੂੰ ਕਾਇਮ ਰੱਖਣ 'ਤੇ ਸਖਤ ਪਹਿਰਾ ਦੇਣ ਵਾਲੇ ਮਿਸ਼ਨਰੀ ਕਾਲਜਾਂ ਵਿੱਚ ਐਸਾ ਕਿਹੜਾ ਜੰਮ ਪਿਆ ਜਿਹੜਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਗੁਸਤਾਖੀ ਕਰਨ ਦਾ ਹੌਂਸਲਾ ਕਰ ਬੈਠਾ। ਬੇਸ਼ੱਕ ਅਪ੍ਰੇਸ਼ਨ ਦੇ ਜਖ਼ਮ ਹਾਲੀ ਬਿਲਕੁਲ ਠੀਕ ਨਹੀਂ ਹੋਏ ਪਰ ਗੁਰਬਾਣੀ ਬਦਲੇ ਜਾਣ ਦੀ ਖ਼ਬਰਾਂ ਤੋਂ ਉਪਜੀ ਪੀੜਾ ਦੇ ਬਾਵਯੂਦ ਇਹ ਮੇਲ ਪੜ੍ਹੀ। ਇਹ ਪੜ੍ਹ ਕੇ ਸਭ ਕੁਝ ਸਪਸ਼ਟ ਹੋ ਗਿਆ ਕਿ ਇਹ ਹੂ-ਪਾਹਰਿਆ ਪਾਉਣ ਵਾਲੇ ਲੋਕ ਜਾਂ ਤਾਂ ਫੌਟ ਕਨਵਰਸ਼ਨ ਦੀ ਸਮੱਸਿਆ ਅਤੇ ਟਾਈਪ ਕਰਨ ਸਮੇਂ ਹੋਈਆਂ ਮਨੁਖੀ ਗਲਤੀਆਂ ਤੋਂ ਬਿਲਕੁਲ ਅਣਜਾਣ ਅਤੇ ਬੇਸਮਝ ਹਨ ਜਾਂ ਕਿਸੇ ਪੰਥ ਵਿਰੋਧੀ ਏਜੰਸੀ ਨੇ ਇਨ੍ਹਾਂ ਲੋਕਾਂ ਦੀ ਡਿਉਟੀ ਵਿਸ਼ੇਸ਼ ਤੌਰ 'ਤੇ ਮਿਸ਼ਨਰੀ ਕਾਲਜਾਂ ਨੂੰ ਬਦਨਾਮ ਕਰਨ ਲਈ ਲਾਈ ਹੋਈ ਹੈ। ਇਨ੍ਹਾਂ ਲੋਕਾਂ ਵੱਲੋਂ ਆਪਣੀ ਡਿਉਟੀ ਬਾਖ਼ੂਬੀ ਨਿਭਾਏ ਜਾਣ ਲਈ ਇਹ ਲੋਕ ਮੁਬਾਰਕਵਾਦ ਦੇ ਹੱਕਦਾਰ ਹਨ। ਆਪਣੀ ਡਿਉਟੀ ਨਿਭਾ ਰਹੇ ਇਨ੍ਹਾਂ ਲੋਕਾਂ ਨੂੰ ਸਮਝਾੳੁਣਾ ਤਾਂ ਮੱਝ ਅੱਗੇ ਬੀਨ ਬਜਾਉਣ ਦੇ ਬਰਾਬਰ ਹੈ ਪਰ ਜਿਨ੍ਹਾਂ ਅਨਭੋਲ ਲੋਕਾਂ ਨੂੰ ਇਹ ਮਿਸ਼ਨਰੀ ਕਾਲਜਾਂ ਵਿਰੁੱਧ ਭੜਕਾ ਰਹੇ ਹਨ ੳੁਨ੍ਹਾਂ ਨੂੰ ਸਪਸ਼ਟ ਕਰ ਦੇਣਾ ਜਰੂਰੀ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਫੌਂਟ ਹਨ ਜਿਨ੍ਹਾਂ ਦੇ ਕੀ-ਬੋਰਡਾਂ ਵਿੱਚ ਅੰਤਰ ਹੈ। ਇਸ ਲਈ ਜਿਸ ਵਿਅਕਤੀ ਨੂੰ ਇਕੋ ਸਮੇਂ ਵੱਖ ਵੱਖ ਫੌਂਟਾ ਵਿੱਚ ਟਾਈਪ ਕਰਨ ਪੈਂਦਾ ਹੈ ਤਾਂ ਉਸ ਕੋਲੋਂ ਬਹੁਤ ਜਿਆਦਾ ਧਿਆਨ ਰੱਖੇ ਜਾਣ ਦੇ ਬਾਵਯੂਦ ਗਲਤੀਆਂ ਹੋਣੀਆਂ ਸੁਭਾਵਕ ਹਨ। ਗੁਰਬਾਣੀ ਬਦਲਣ ਦਾ ਜਿਸ ਵਿਅਕਤੀ 'ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਉਹ ਕਾਲਜ ਦੇ ਮਾਸਕ ਪੱਤਰ 'ਮਿਸ਼ਨਰੀ ਸੇਧਾਂ' ਅਤੇ ਵੈੱਬਸਾੲੀਟ ਦੋਵਾਂ ਦਾ ਹੀ ਸੰਪਾਦਕ ਹੈ। ਇਸ਼ ਲਈ ਵੱਖ ਵੱਖ ਲੇਖਕਾਂ ਵੱਲੋਂ ਵੱਖ ਵੱਖ ਫੌਂਟਾਂ ਵਿੱਚ ਟਾਈਪ ਕੀਤੀਆਂ ਰਚਨਾਵਾਂ ਦੀ ਸੰਪਾਦਨਾ ਕਰਨ ਸਮੇਂ ਉਸ ਨੂੰ ਵੱਖ ਫੌਂਟਾਂ ਵਿੱਚ ਕੰਮ ਕਰਨ ਪੈਂਦਾ ਹੈ ਇਸ ਲਈ ਟਾਈਪ ਕਰਨ ਸਮੇਂ ਉਸ ਤੋਂ ਟਾਈਪਿੰਗ ਲਗਤੀਆਂ ਰਹਿ ਸਕਦੀਆਂ ਹਨ ਪਰ ਇਹ ਕਹਿਣਾਂ ਬਿਲਕੁਲ ਗਲਤ ਹੈ ਕਿ ਇਹ ਸੰਪਾਦਕ ਗੁਰਬਾਣੀ ਬਦਲ ਰਿਹਾ ਹੈ।
ਦੂਸਰੀ ਗੱਲ ਹੈ ਕਿ ਬਾਕੀ ਦੇ ਫੌਂਟਾਂ ਵਿੱਚ ਜਦੋਂ ਟਾਈਪ ਕੀਤਾ ਜਾਂਦਾ ਹੈ ਤਾਂ ਕਿਸੇ ਸ਼ਬਦ ਨੂੰ ਲੱਗੀ ਸਿਹਾਰੀ ਪਹਿਲਾਂ ਟਾਈਪ ਕੀਤੀ ਜਾਂਦੀ ਹੈ ਅਤੇ ਅੱਖਰ ਬਾਅਦ ਵਿੱਚ ਟਾਈਪ ਕੀਤਾ ਜਾਂਦਾ ਹੈ। ਪਰ ਜਦੋਂ ਸਿੱਧਾ ਯੂਨੀਕੋਡ ਵਿੱਚ ਟਾਈਪ ਕੀਤਾ ਜਾਂਦਾ ਹੈ ਤਾਂ ਅੱਖਰ ਪਹਿਲਾਂ ਅਤੇ
ਸਿਹਾਰੀ ਬਾਅਦ ਵਿੱਚ ਟਾਈਪ ਕੀਤੀ ਜਾਂਦੀ ਹੈ। ਇਸ ਲਈ ਆਮ ਫੌਂਟਾਂ ਵਿੱਚ ਕੰਮ ਕਰਨ ਵਾਲੇ ਟਾਈਪਿਸਟਾਂ ਤੋਂ ਯੂਨੀਕੋਡ ਵਿੱਚ ਟਾਈਪ ਕਰਨ ਸਮੇਂ ਸਿਹਾਰੀ ਸਹੀ ਅੱਖਰ ਨੂੰ ਲੱਗਣ ਦੀ ਬਜਾਏ ਉਸ ਤੋਂ ਪਹਿਲੇ ਅੱਖਰ ਨੂੰ ਲੱਗ ਜਾਂਦੀ ਹੈ ਜਿਵੇਂ ਕਿ 'ਪਹਿਲਾ' ਨੂੰ 'ਪਿਹਲਾ' ਲਿਖਿਆ ਜਾ ਸਕਦਾ ਹੈ।
ਤੀਸਰੀ ਗੱਲ ਹੈ ਕਿ ਪੰਜਾਬੀ ਵਿਆਕਰਨ ਦਾ ਨਿਯਮ ਹੈ ਕਿ ਜਦੋਂ ਕਿਸੇ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਵੀ ਲੱਗਾ ਹੋਵੇ ਤੇ ਲਗ-ਮਾਤਰ ਵੀ; ਤਾਂ ਉਚਾਰਾਨ ਕਰਨ ਸਮੇਂ ਓਹ ਮਾਤਰਾ ਮੁੱਖ ਅੱਖਰ ਨੂੰ ਨਹੀਂ ਬਲਕਿ ਪੈਰ ਵਾਲੇ ਅੱਖਰ ਨੂੰ ਲਗਦੀ ਹੈ। ਇਸ ਨਿਯਮ ਨੂੰ ਧਿਆਨ ਵਿੱਚ ਰੱਖਕੇ ਜਦੋਂ ਸ਼ਬਦ 'ਅੰਮ੍ਰਿਤ' ਟਾਈਪ ਕਰਨ ਹੋਵੇ ਤਾਂ ਪਹਿਲਾਂ ਅੰ ਟਾਈਪ ਕੀਤਾ ਜਾਂਦਾ ਹੈ ਫਿਰ ਤਰਤੀਬਵਾਰ ਮ,ਪੈਰ ਵਿੱਚ ਅੱਧਾ ਰ, ਸਿਹਰੀ ਅਤੇ ਉਸ ਉਪ੍ਰੰਤ ਤ ਟਾਈਪ ਕੀਤਾ ਜਾਂਦਾ ਹੈ। ਪਰ ਜੇ ਕਰ ਅੱਧਾਰ ਤੇ ਸਿਹਰੀ ਦੀ ਤਰਤੀਬ ਬਦਲ ਜਾਂਦੀ ਹੈ ਤਾਂ ਸ਼ਬਦ ਇਉਂ ਬਣ ਜਾਂਦਾ ਹੈ: 'ਅੰਮਿ੍ਰਤ' ਜਦੋਂ ਕਿ ਇਸੇ ਸ਼ਬਦ ਨੂੰ ਦੂਸਰੇ ਫੌਂਟਾਂ ਵਿੱਚ ਟਾਈਪ ਕਰਨ ਸਮੇਂ ਤਰਤੀਬ ਬਦਲਣ ਨਾਲ ਵੀ ਸ਼ਬਦ ਦੀ ਬਣਤਰ ਵੇਖਣ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ। ਕਈ ਫੌਂਟ ਜਾਂ ਵੈੱਬਸਾਈਟਾਂ ਦੇ ਸਪੋਰਟਿੰਗ ਸਾਫਟਵੇਅਰ ਐਸੇ ਹਨ ਜਿਥੇ ਯੂਨੀਕੋਡ ਵਿੱਚ ਫੌਂਟ ਕਨਵਰਸ਼ਨ ਸਮੇਂ ਜਾਂ ਕਨਵਰਟ ਕੀਤਾ ਟੈਕਸਟ ਪੇਸਟ ਕਰਨ ਸਮੇਂ ਸ਼ਬਦ 'ਅੰਮ੍ਰਿਤ' ਬਣ ਜਾਵੇਗਾ 'ਅੰਮਿ੍ਰਤ' ਇਸ ਤਰ੍ਹਾਂ ਦੀਆਂ ਗਲਤੀਆਂ ਸ: ਅਵਤਾਰ ਸਿੰਘ ਦੇ ਕੰਮ ਵਿਸਚ ਵੀ ਹਨ ਅਤੇ ਹੋਰ ਬਹੁਤ ਸਾਰੀਆਂ ਵੈੱਬ ਸਾਈਟਾਂ 'ਤੇ ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਵੀ ਬਹੁਤ ਮਿਲ ਜਾਣਗੀਆਂ। ਜੇ ਕੋਈ ਖ਼ੁਦ ਟਾਈਪ ਕਰਨ ਜਾਂ ਫੌਂਟ ਕਨਵਰਟ ਕਰਨ ਜਾਣਦਾ ਹੈ ਤਾਂ ਉੁਹ ਬੇਸ਼ੱਕ ਕਰ ਕੇ ਵੇਖ ਲਵੇ ਜਾਂ ਦੂਸਰੇ ਲੇਖ ਧਿਆਨ ਨਾਲ ਪੜ੍ਹ ਕੇ ਵੇਖ ਲਵੇ ਕਿ ਇਹ ਗਲਤੀਆਂ ਸਿਰਫ ਗਿਆਨੀ ਅਵਤਾਰ ਸਿੰਘ ਦੀਆਂ ਨਹੀਂ ਬਲਕਿ ਉਸ 'ਤੇ ਝੂਠੇ ਦੋਸ਼ ਲਾਉਣ ਵਾਲੀਆਂ ਦੀਆਂ ਆਪਣੀਆ ਲਿਖਤਾਂ ਵਿੱਚ ਵੀ ਮਿਲ ਜਾਣਗੀ। ਇਹ ਗਲਤੀਆਂ ਤਕਨੀਕੀ ਨੁਕਸ ਅਤੇ ਮਨੁੱਖੀ ਅਣਗਹਿਲੀ ਦੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਦੀ ਨੀਅਤ 'ਤੇ ਕਿਸੇ ਕਿਸਮ ਦਾ ਸ਼ੱਕ ਖੜ੍ਹਾ ਕਰਨਾ ਬਿਲਕੁਲ ਬੇਲੋੜਾ ਹੈ। ਦੋਸ਼ ਲਾਉਣ ਵਾਲੇ ਦੀ ਇਸ ਮੇਲ ਵਿੱਚ ਹੀ ਗਲਤੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਪਾਠਕਾਂ ਦੀ ਅਸਾਨੀ ਲਈ ਦੋਸ਼ ਲਾੳੁਣ ਵਾਲੇ ਦੀ ਲਿਖਤ ਵਿੱਚ ਗਲਤ ਸ਼ਬਦ-ਜੋੜਾਂ ਵਾਲੇ ਸ਼ਬਦਾਂ ਨੂੰ ਪੀਲੇ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਹੈ। ਖ਼ੁਦ ਇੰਨੀਆਂ
ਗਲਤੀਆਂ ਕਰਨ ਵਾਲਾ ਵੀ ਜੇ ਦੂਸਰਿਆਂ ਦੀਆਂ ਟਾਈਪਿੰਗ ਮਿਸਟੇਕ ਨੂੰ ਉਛਾਲ ਕੇ ਉਸ 'ਤੇ ਗੁਰਬਾਣੀ ਬਦਲਣ ਦੇ ਦੋਸ਼ ਲਾਉਂਦਾ ਹੋਵੇ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਉਸ ਪਿੱਛੇ ਕੌਣ ਬੋਲ ਰਿਹਾ ਹੈ?
ਸਰਲ ਤਰੀਕੇ ਨਾਲ ਗੁਰਬਾਣੀ ਸਮਝਣ ਸਮਝਾਉਣ ਲਈ ਲਾਏ ਗਏ ਵਿਸ਼ਰਾਮ ਚਿਨ੍ਹਾਂ ਪਦ-ਛੇਦ 'ਤੇ ਕੀਤੇ ਇਤਰਾਜ ਇੰਨੇ ਬੇਤੁਕੇ ਹਨ ਕਿ ਇਹ ਪੜ੍ਹਨ ਸਮੇ ਇਕੋ ਸਮੇਂ ਉਸ ਦੀ ਅਕਲ 'ਤੇ ਹੱਸਣ ਤੇ ਰੋਣ ਨੂੰ ਦਿਲ ਕਰਦਾ ਸੀ ਅਤੇ ਸਮਝ ਨਹੀਂ ਸੀ ਆ ਰਹੀ ਕਿ ਪਹਿਲਾਂ ਹੱਸਿਆ ਜਾਵੇ ਜਾਂ ਰੋਇਆ ਜਾਵੇ।
ਹੈਰਾਨੀ ਦੀ ਗੱਲ ਹੈ ਕਿ ਐਸੇ ਚਿਨ੍ਹ ਸਿਰਫ ਗਿਆਨੀ ਅਵਤਾਰ ਸਿੰਘ ਨੇ ਹੀ ਨਹੀਂ ਲਾਏ ਬਲਕਿ ਪੁਸਤਕ *‘ਗੁਰਬਾਣੀ ਪਾਠ ਦਰਪਣ’* ਵਿੱਚ *ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ* ਨੇ, ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ *ਭਾਈ ਜੋਗਿੰਦਰ ਸਿੰਘ ਤਲਵਾੜਾ* ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ, *ਡਾ; ਕੁਲਬੀਰ ਸਿੰਘ ਥਿੰਦ* ਅਤੇ *ਭਾਈ ਬਲਵਿੰਦਰ ਸਿੰਘ ਰਾੜੇ
ਵਾਲਿਆਂ * ਨੇ *ਬਾਬਾ ਈਸ਼ਰ ਸਿੰਘ* ਰਾੜੇ ਵਾਲਿਆਂ ਦੇ ਨਾਂ ’ਤੇ ਤਿਆਰ ਕੀਤੀ *‘ਈਸ਼ਰ ਮੈਕਰੋਮੀਡੀਆ ਵੈਬਸਾਈਟ’* ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ। ਇਸੇ ਤਰ੍ਹਾਂ ਪੰਥ ਦੇ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਨੇ ਵੀ ਆਪਣੇ ਵੱਲੋਂ ਕੀਤੇ ਗਏ ਟੀਕਿਆਂ ਵਿੱਚ ਵਿਸ਼ਰਾਮਾਂ ਦੀ ਵਰਤੋਂ ਕੀਤੀ ਹੋਈ ਹੈ। ਦੋਸ਼ ਲਾਉਣ ਵਾਲਿਆਂ ਨੇ ਜਾਂ ਤਾਂ ਇਨ੍ਹਾਂ ਟੀਕਿਆਂ ਅਤੇ ਪੁਸਤਕਾਂ ਨੂੰ ਪੜ੍ਹਿਆ ਹੀ ਨਹੀਂ ਜਿਸ ਕਾਰਣ ਉਨ੍ਹਾਂ ਦੇ ਗਿਆਨ ਨੂੰ ਅਧੂਰਾ ਕਹਿਣ ਵਿੱਚ ਕੁਝ ਵੀ ਗਲਤ ਨਹੀਂ ਹੈ ਜਾਂ ਫਿਰ ਉਹ ਜਾਣ ਬੁੱਝ ਕੇ ਗਿਆਨੀ ਅਵਤਾਰ ਸਿੰਘ 'ਤੇ ਗੁਰਬਾਣੀ ਬਦਲਣ ਦਾ ਦੋਸ਼ ਲਾ ਰਿਹਾ ਹੈ ਇਸ ਲਈ ਉਸ 'ਤੇ ਕਿਸੇ ਪੰਥ ਵਿਰੋਧੀ ਏਜੰਸੀ ਲਈ ਕੰਮ ਕਰਨ ਦਾ ਦੋਸ਼ ਲਾਉਣੇ ਵੀ ਗਲਤ ਨਹੀਂ
ਹੋ ਸਕਦੇ।
ਇਸ ਕਿਸਮ ਦੇ ਵਿਅਕਤੀਆਂ ਜਿਨ੍ਹਾਂ ਦਾ ਕੰਮ ਹੀ ਪੰਥਕ ਵਿਦਵਾਨਾਂ ਨੂੰ ਬਦਨਾਮ ਕਰਕੇ ਪ੍ਰਚਾਰ ਵਿੱਚ ਰੋੜਾ ਅੜਕਾਉਣਾ ਅਤੇ ਅਣਲੋੜੀਂਦੇ ਨਵੇਂ ਵਿਵਾਦ ਖੜ੍ਹੇ ਕਰਕੇ ਹੋਰਨਾਂ ਵਿਦਵਾਨਾਂ ਦਾ ਸਮਾਂ ਨਸ਼ਟ ਕਰਨਾ ਹੋਵੇ ਉਨ੍ਹਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਇਸ ਕਿਸਮੇ ਦੇ ਲੇਖ ਮੈਨੂੰ ਨਾ
ਭੇਜੇ ਜਾਣ ਕਿਉਂਕਿ ਮੈਂ ਇਨ੍ਹਾਂ ਨੂੰ ਪੜ੍ਹ ਕੇ ਆਪਣਾਂ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ। ਇਹ ਆਪਣੀ ਕੋਝੀ ਕਾਰਵਆਈ ਤੋਂ ਬਾਜ਼ ਨਾ ਆਏ ਤਾਂ ਮੈਂ ਉਨ੍ਹਾਂ ਵੱਲੋਂ ਆਈਆਂ ਮੇਲਾਂ ਨੂੰ ਸਿੱਧਾ ਸਪੈਮ ਬੌਕਸ ਵਿੱਚ ਭੇਜਣ ਲਈ ਮਜਬੂਰ ਹੋਵਾਂਗਾ।
ਕਿਰਪਾਲ ਸਿੰਘ ਬਠਿੰਡਾ ਮੋਬ: ੯੮੫੫੪੮੦੭੯੭
…………………………………………………………………
ਸੰਪਾਦਕੀ ਟਿੱਪਣੀ:- ਸ. ਕਿਰਪਾਲ ਸਿੰਘ ਜੀ ਨੇ ਇਕ ਚੰਗੇ ਬਜ਼ੁਰਗ ਵਾਙ ਆਪਣਾ ਫਰਜ਼ ਨਿਭਾ ਕੇ ਕਈ ਸਾਰੀਆਂ ਗੁੰਝਲਾਂ ਸੌਖੀਆਂ ਕਰ ਦਿੱਤੀਆਂ ਹਨ, ਨਹੀਂ ਤਾਂ ਇਕ ਹੋਰ ਵਿਵਾਦ ਖੜਾ ਹੋਣ ਜਾ ਰਿਹਾ ਸੀ। ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜੇ ਕਿਤੇ ਕਿਸੇ ਅਣਸੁਖਾਵੇਂ ਵਿਵਾਦ ਦਾ ਕੋਈ ਸਰਲ ਹੱਲ ਉਨ੍ਹਾਂ ਦੀ ਨਿਗਾਹ ਵਿਚ ਹੋਵੇ ਤਾਂ ਉਹ ਇਸ ਬਾਰੇ ਆਪਣੇ ਸੁਝਾ ਸਬੰਧਤ ਸਾਈਟ ਤੇ, ਜ਼ਰੂਰ ਲਿਖ ਦਿਆ ਕਰਨ, ਅਸੀਂ ਉਨ੍ਹਾਂ ਦੇ ਬੜੇ ਧੰਨਵਾਦੀ ਹੋਵਾਂਗੇ।
ਕਿਰਪਾਲ ਸਿੰਘ ਬਠਿੰਡਾ
ਪੰਜਾਬੀ ਦੇ ਬਹੁਤ ਸਾਰੇ ਫੌਂਟ ਹਨ ਜਿਨ੍ਹਾਂ ਦੇ ਕੀ-ਬੋਰਡਾਂ ਵਿੱਚ ਅੰਤਰ ਹੈ।
Page Visitors: 2874