ਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ?
ਇਸ ਨੂੰ ਜਾਨਣ ਲਈ ਮੁੱਢੋਂ ਹੀ ਵਿਚਾਰਨ ਦੀ ਲੋੜ ਹੈ ,
ਬਾਣੀ ਕੀ ਹੈ ?
ਗੁਰਬਾਣੀ ਦੁਨੀਆ ਦੇ ਸਾਰੇ ਲੋਕਾਂ ਨੂੰ(ਬਿਨਾ ਕਿਸੇ ਭਿੰਨ-ਭੇਤ ਦੇ) ਆਪਣੇ ਮੂਲ ਅਕਾਲ-ਪੁਰਖ ਨਾਲ ਜੁੜਨ ਦਾ ਢੰਗ ਦੱਸਦੀ ਹੈ, ਤਾਂ ਜੋ ਕਰਤਾਰ ਦੀ ਮਿਹਰ ਦਾ ਭਾਗੀ ਬਣ ਕੇ ਬੰਦਾ, ਆਪਣੇ ਮੂਲ ਨਾਲ ਇਕ-ਮਿਕ ਹੋ ਕੇ, ਆਵਾ-ਗਵਣ ਦੇ ਚੱਕਰ ਤੋਂ ਮੁਕਤ ਹੋ ਜਾਵੇ । ਇਸ ਆਧਾਰ ਤੇ ਹੀ ਇਸ ਨੂੰ ਗੁਰੂ ਦੀ ਪਦਵੀ ਦਿੱਤੀ ਗਈ ਹੈ, ਗੁਰਬਾਣੀ ਫੁਰਮਾਨ ਹੈ ,
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥21॥ (910)
ਜਿਹੜਾ ਮਨੁੱਖ ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ । ਅਤੇ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (982)
ਅਰਥ:- ਹੇ ਭਾਈ, ਬਾਣੀ, ਗੁਰੂ ਹੈ ਅਤੇ ਗੁਰੂ, ਬਾਣੀ ਹੀ ਹੈ।(ਇਸ ਨੂੰ ਵੀ ਥੋੜਾ ਸਮਝ ਲੈਣਾ ਲਾਹੇਵੰਦ ਹੋਵੇਗਾ) ਮਨੁੱਖ ਜੂਨੀ ਨੂੰ ਛੱਡ ਕੇ, ਸੰਸਾਰ ਦੀਆਂ ਸਭ ਜੂਨੀਆਂ, ਸਭ ਚੀਜਾਂ ਦਾ ਗੁਰੂ, ਕੇਵਲ ਤੇ ਕੇਵਲ ਰੱਬ ਹੀ ਹੈ। ਕਿਉਂਕਿ ਇਹ ਸਭ ਆਪਣੀ ਆਪਣੀ ਜੂਨ ਹੀ ਪੂਰੀ ਕਰ ਰਹੇ ਹਨ, ਇਕ ਬੰਦੇ ਦੀ ਜੂਨ ਹੀ ਅਜਿਹੀ ਹੈ ਜਿਸ ਵਿਚ ਬੰਦੇ ਨੇ ਪ੍ਰਭੂ ਨੂੰ ਮਿਲਣ ਦਾ ਕੰਮ ਪੂਰਾ ਕਰਨਾ ਹੈ, ਇਸ ਬਾਰੇ ਗੁਰਬਾਣੀ ਫੁਰਮਾਨ ਹੈ,
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥ (1159)
ਹੇ ਭਾਈ, ਤੂੰ ਜੋ ਕੁਝ ਵੀ ਕਰਨਾ ਹੈ, ਇਸ ਵਾਰ ਹੀ ਕਰ ਲੈ, ਏਸੇ ਜੂਨ ਵਿਚ ਹੀ ਕਰ ਲੈ , ਸਮਾ ਲੰਘ ਜਾਣ ਮਗਰੋਂ ਤਾਂ ਤੂੰ ਖਾਲੀ ਪਛਤਾਵਾ ਹੀ ਕਰ ਸਕੇਂਗਾ, ਇਸ ਪਛਤਾਵੇ ਤੋਂ ਤੇਰੀ ਖਲਾਸੀ ਨਹੀਂ ਹੋਣੀ ।
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
ਕਬੀਰ ਆਖਦਾ ਹੈ, ਹੇ ਭਾਈ! ਮੈਂ ਤੈਨੂੰ ਕਈ ਢੰਗਾਂ ਨਾਲ ਪੁਕਾਰ-ਪੁਕਾਰ ਕੇ ਦੱਸ ਰਿਹਾ ਹਾਂ, ਇਹ ਤੇਰੀ ਮਰਜ਼ੀ ਹੈ ਕਿ ਤੂੰ ਇਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾਣਾ ਹੈ ਜਾਂ ਹਾਰ ਕੇ ਜਾਣਾ ਹੈ ? ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ , ਤੇਰੇ ਲਈ ਪਰਮਾਤਮਾ ਨੂੰ ਮਿਲਣ ਦਾ, ਇਹ ਮਨੁੱਖਾ ਜਨਮ ਹੀ ਇਕ ਮੌਕਾ ਹੈ, ਏਥੋਂ ਖੁੰਝ ਕੇ ਤੈਨੂੰ ਮੌਕਾ ਨਹੀਂ ਮਿਲਣਾ।
ਪੂਰੀ ਬਾਣੀ ਵਿਚ ਹੀ ਅੰਮ੍ਰਿਤੁ ਭਰਿਆ ਪਿਆ ਹੈ। ਪ੍ਰਭੂ ਨੂੰ ਮਿਲਣ ਦੀ ਸੋਝੀ ਦਿੱਤੀ ਹੋਈ ਹੈ।
ਅੰਮ੍ਰਿਤੁ ਬਾਰੇ ਬਾਣੀ ਇਵੇਂ ਸੇਧ ਦਿੰਦੀ ਹੈ,
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥6॥ (421)
ਸੰਸਾਰ ਵਿਚ ਅੰਮ੍ਰਿਤ ਦਾ ਇਕੋ ਬਿਰਖ ਹੈ, ਜਿਸ ਦਾ ਫਲ ਵੀ ਅੰਮ੍ਰਿਤੁ ਹੀ ਹੁੰਦਾ ਹੈ, ਯਾਨੀ ਪਰਮਾਤਮਾ ਹੀ ਇਕੋ-ਇਕ ਅੰਮ੍ਰਿਤ ਦਾ ਪੇੜ ਹੈ, ਜਿਸ ਦਾ ਫਲ ਖਾਧਿਆਂ, ਜਿਸ ਨਾਲ ਜੁੜਿਆਂ ਬੰਦਾ ਅਮਰ ਹੋ ਜਾਂਦਾ ਹੈ, ਮੁੜ ਨਹੀਂ ਮਰਦਾ।
ਸ਼ਬਦ ਗੁਰੂ ਬਾਣੀ ਦੀ ਸੋਝੀ ਦਿੰਦਾ ਹੈ, ਸੇਵਕ (ਸਿੱਖ) ਉਸ ਬਾਣੀ ਤੇ ਪੂਰਾ ਯਕੀਨ ਕਰ ਕੇ ਉਸ ਨੂੰ ਮੰਨਦਾ ਹੈ, ਉਸ ਅਨੁਸਾਰ ਜੀਵਨ ਢਾਲਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ।5।
ਬਾਣੀ ਪੜ੍ਹਨ ਨਾਲ, ਸੁਣਨ ਨਾਲ ਕੀ ਹੁੰਦਾ ਹੈ ?
ਬਾਣੀ ਨੂੰ ਖਾਲੀ ਪੜ੍ਹ ਲੈਣ ਨਾਲ ਜਾਂ ਸੁਣਨ ਨਾਲ, ਉਸ ਸੀਮਤ ਸਮੇ ਵਿਚ ਜਦੋਂ ਬੰਦਾ ਪੜ੍ਹ ਜਾਂ ਸੁਣ ਰਿਹਾ ਹੋਵੇ, ਬੰਦੇ ਦੇ ਮਨ ਵਿਚ ਸ਼ਰਧਾ ਵੱਸ ਬੁਰੇ ਵਿਚਾਰ ਨਹੀਂ ਆਉਂਦੇ। ਪਰ ਇਹ ਬਾਣੀ ਦੀ ਪੂਰੀ ਮਹੱਤਤਾ ਨਹੀਂ ਹੈ, ਇਸ ਬਾਰੇ ਗੁਰਬਾਣੀ ਫੁਰਮਾਨ ਇਵੇਂ ਹੈ,
ਸੇਵਕ ਸਿਖ ਪੂਜਣ ਸਭ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥ (669)
ਹੇ ਭਾਈ, ਸੇਵਕ ਅਤੇ ਸਿੱਖ ਸਾਰੇ ਹੀ, ਗੁਰੂ ਦੇ ਦਰ ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਕਰਾਤਰ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਬਾਣੀ ਗਾਉਂਦੇ ਹਨ। ਪਰ ਅਕਾਲ-ਪੁਰਖ ਉਨ੍ਹਾਂ ਹੀ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ, ਉਸ ਤੇ ਅਮਲ ਕੀਤਾ ਹੈ ।
ਫਿਰ ਜੋ ਪੜ੍ਹਦੇ ਵੀ ਨਹੀਂ, ਸੁਣਦੇ ਵੀ ਨਹੀਂ, ਪੈਸੇ ਦੇ ਕੇ ਦੂਸਰਿਆਂ ਕੋਲੋਂ ਅਖੰਡ-ਪਾਠ, ਸਧਾਰਨ-ਪਾਠ, ਸੰਪਟ-ਪਾਠ ਜਾਂ ਹੋਰ ਪਾਠ ਕਰਵਾ ਲੈਂਦੇ ਹਨ, ਪਰਮਾਤਮਾ ਦੀ ਦਰਗਾਹ ਵਿਚ ਉਨ੍ਹਾਂ ਦਾ ਕੀ ਭਲਾ ਹੋ ਸਕਦਾ ਹੈ ? ਗੁਰੂ ਤਾਂ ਕਹਿੰਦਾ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥
ਸ਼ਬਦ ਗੁਰੂ ਦੀ ਸੇਵਾ ਤਾਂ ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਜਿਸ ਦਾ ਉਸ ਨੂੰ ਸ੍ਰੇਸ਼ਟ ਫੱਲ ਇਹ ਮਿਲਦਾ ਹੈ ਕਿ ਉਸ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਮਨ ਦੇ ਵਿਚ ਹਉਮੈ ਹੁੰਦਿਆਂ ਗੁਰੂ ਦਾ ਹੁਕਮ ਨਹੀਂ ਮੰਨ ਹੁੰਦਾ। ਜਦ ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ, ਫਿਰ ਵਿਚਾਰ ਕਰਨਾ ਤਾਂ ਉਸ ਤੋਂ ਅਗਲੀ ਪਉੜੀ ਹੈ, ਅਤੇ ਵਿਚਾਰ ਕੀਤੇ ਤੇ ਅਮਲ ਕਰਨਾ ਉਸ ਤੋਂ ਵੀ ਅਗਾਂਹ ਦੀ ਗੱਲ ਹੈ। ਸਿੱਖਾਂ ਵਿਚ ਤਾਂ ਅਜਿਹੀ ਭੇਡ-ਚਾਲ ਚੱਲ ਪਈ ਹੈ ਕਿ ਦੁੱਖ-ਭੰਜਣੀ ਬੇਰੀ (ਦਰਬਾਰ ਸਾਹਿਬ) ਵਾਲੀ ਥਾਂ ਤੇ ਹੋ ਰਹੇ ਅਖੰਡ-ਪਾਠ, ਸਭ ਤੋਂ ਵੱਧ ਫੱਲਦਾਈ ਹਨ, ਇਸ ਲਈ ਉਸ ਥਾਂ ਹੋਣ ਵਾਲਾ ਪਾਠ ਹੀ ਬੁਕ ਕਰਾਉ, ਭਾਵੇਂ ਉਸ ਪਾਠ ਲਈ ਦਸ ਸਾਲ ਤੋਂ ਵੱਧ ਉਡੀਕ ਕਰਨੀ ਪਵੇ। ਇਸ ਸੋਚ ਅਧੀਨ ਕਿ ਕਿਤੇ ਦਸ ਸਾਲ ਤੋਂ ਪਹਿਲਾਂ ਹੀ ਮੈਂ ਮਰ ਗਿਆ ਤਾਂ ਫਿਰ ਕੀ ਹੋਵੇਗਾ ? (ਪਾਠ ਤਾਂ ਮੇਰੇ ਜੀਉਂਦੇ ਜੀ ਹੀ ਹੋਣਾ ਚਾਹੀਦਾ ਹੈ) ਅਜਿਹੀਆਂ ਤਿਕੜਮਾਂ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਆਸਰੇ ਦੂਜਿਆਂ ਦਾ ਨੰਬਰ ਕੱਟ ਕੇ, ਪਾਠ ਕੁਝ ਪਹਿਲਾਂ ਹੀ ਹੋ ਜਾਵੇ। ਦਰਬਾਰ ਸਾਹਿਬ, ਪਾਠਾਂ ਦਾ ਪ੍ਰਬੰਧ ਕਰਨ ਵਾਲਿਆਂ ਕੋਲ ਸਫਾਰਸ਼ਾਂ ਪਾਈਆਂ ਜਾਂਦੀਆਂ ਹਨ।
ਏਥੋਂ ਸ਼ੁਰੂ ਹੁੰਦਾ ਹੈ ਕੁਝ ਲੈ-ਦੇ ਕੇ, ਗੁਰੂ ਘਰ ਦੇ ਵਜ਼ੀਰਾਂ ਦਾ ਖੇਲ।ਪਾਠ ਕਰ ਕੇ ਸਟੋਰ ਵਿਚ ਜਮ੍ਹਾ ਕੀਤੇ ਉਨ੍ਹਾਂ ਦੇ ਫਲਾਂ ਵਿਚੋਂ ਕਿਸੇ ਇਕ ਦਾ ਫਲ, ਹੁਕਮ-ਨਾਮੇ ਦੇ ਰੂਪ ਵਿਚ, ਡਾਕ ਰਾਹੀਂ ਜਾਂ ਈ-ਮੇਲ ਰਾਹੀਂ, ਪਾਠ ਬੁਕ ਕਰਾਉਣ ਵਾਲੇ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਅੱਗੇ ਉਹ ਬੰਦਾ ਉਸ ਫਲ ਦੀ ਕਾਪੀ ਨੂੰ ਸ਼ੀਸ਼ੇ ਵਿਚ ਮੜ੍ਹਾ ਕੇ ਕੰਧ ਤੇ ਲਾ ਦਿੰਦਾ ਹੈ, ਤਾਂ ਜੋ ਬੰਦੇ ਨੂੰ ਲੈਣ ਆਏ ਰੱਬ ਦੇ ਦੂਤ, ਜਮ ਨੂੰ ਤਸਦੀਕ ਹੋ ਜਾਵੇ ਕਿ ਇਸ ਬੰਦੇ ਨੇ ਦੁਖ-ਭੰਜਣੀ ਬੇਰੀ ਵਾਲੀ ਥਾਂ ਤੇ ਅਖੰਡ-ਪਾਠ ਕਰਵਾਇਆ ਹੋਇਆ ਹੈ। ਜਿਸ ਚੀਜ਼ ਦੀ ਜੜ੍ਹ ਵਿਚ ਹੀ ਬੇਈਮਾਨੀ ਹੋਵੇ, ਉਸ ਚੀਜ਼ ਨਾਲ ਕਿਸੇ ਦਾ ਕੀ ਭਲਾ ਹੋ ਸਕਦਾ ਹੈ ? ਕੌਣ ਵਿਚਾਰੇ ?
80 % ਸਿੱਖ ਤਾਂ ਗੁਰਬਾਣੀ ਦੇ ਇਸ ਖਾਤੇ ਵਿਚ ਹੀ ਹਨ, ਜਿਨ੍ਹਾਂ ਤੇ ਗੁਰਬਾਣੀ ਦਾ ਕੋਈ ਅਸਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਨਾ ਪੈਸੇ ਲੈ ਕੇ ਪਾਠ ਕਰਨ ਵਾਲੀ ਲੱਖਾਂ ਦੀ ਧਾੜ ਤੇ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਪੈਸੇ ਦੇ ਕੇ ਪਾਠ ਕਰਵਾਉਣ ਵਾਲਿਆਂ ਤੇ।
ਗੁਰਬਾਣੀ ਨਾਲ ਸਿੱਧੇ ਜੁੜਨ ਵਾਲੇ, ਬਾਕੀ 20% ਦਾ ਹਾਲ ?
ਇਨ੍ਹਾਂ ਵਿਚੋਂ ਬਹੁ-ਗਿਣਤੀ ਗੁਰਦਵਾਰਿਆਂ ਦੇ ਗ੍ਰੰਥੀ , ਰਾਗੀ, ਕਥਾ-ਵਾਚਕ, ਗੁਰਦਵਾਰਿਆਂ ਦੇ ਪ੍ਰਬੰਧਕ ਅਤੇ ਸੁਖਮਨੀ-ਸੋਸਾਇਟੀ ਵਾਲਿਆਂ ਦੀ ਹੈ। ਜਿਨ੍ਹਾਂ ਵਿਚੋਂ ਜ਼ਿਆਦਾ ਤਾਂ ਡਿਊਟੀ ਪੂਰਤੀ ਲਈ ਹੀ ਪਾਠ ਕਰਦੇ ਹਨ। ਗੁਰਦਵਾਰਿਆਂ ਦੇ ਪ੍ਰਬੰਧਕ, ਨਿੱਤ-ਨੇਮ ਦੀਆਂ ਬਾਣੀਆਂ ਅਤੇ ਕੁਝ ਸ਼ਬਦ ਰੱਟ ਲੈਂਦੇ ਹਨ, ਤਾਂ ਜੋ ਕਰਮਚਾਰੀਆਂ ਤੇ ਆਪਣੀ ਗੁਰਬਾਣੀ ਵਿਦਵਤਾ ਦੀ ਧੌਂਸ ਪਾਈ ਜਾ ਸਕੇ। ਕੁਝ ਲੋਕ ਘਰ ਵਿਚ ਸਹਿਜ ਪਾਠ ਵੀ ਕਰਦੇ ਹਨ, ਪਰ ਉਹ ਵੀ ਸਿਰਫ ਪੜ੍ਹਨ ਤਕ ਹੀ ਸੀਮਤ ਹੁੰਦਾ ਹੈ, ਵਿਚਾਰ ਦੀ ਸ਼ਾਇਦ ਹੀ ਕਿਤੇ ਕੋਈ ਗੱਲ ਹੁੰਦੀ ਹੋਵੇ।
ਸੁਖਮਨੀ ਸੋਸਾਇਟੀ ਵਾਲਿਆਂ ਨੂੰ ਹੋਰ ਤਾਂ ਕੀ, ਬਾਣੀ ਸੁਖਮਨੀ ਦੇ ਅਰਥ ਸਮਝਣ ਦਾ ਵੀ ਵੇਹਲ ਨਹੀਂ ਹੁੰਦਾ। ਸੁਖਮਨੀ ਦਾ ਹਰ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਿਸਚਤ ਕੀਤਾ ਹੁੰਦਾ ਹੈ ਕਿ ਇਹ ਪਾਠ ਹਰ ਹਾਲਤ ਵਿਚ, ਇਕ ਘੰਟੇ ਦੇ ਵਿਚ-ਵਿਚ ਸਮਾਪਤ ਹੋਣਾ ਹੀ ਹੈ, ਇਸ ਲਈ ਸਪੀਡ ਵੀ ਉਸ ਹਿਸਾਬ ਦੀ ਹੀ ਹੁੰਦੀ ਹੈ। ਕਈ ਵਾਰੀ ਤਾਂ ਇਕ ਟੋਲੀ ਨੇ ਅਜੇ ਅੱਧੀ ਤੁਕ ਹੀ ਪੜ੍ਹੀ ਹੁੰਦੀ ਹੈ ਕਿ ਦੂਜੀ ਟੋਲੀ ਅਗਲੀ ਤੁਕ ਸ਼ੁਰੂ ਕਰ ਦਿੰਦੀ ਹੈ। ਇਵੇਂ ਇਨ੍ਹਾਂ ਦਾ ਹਰ ਪਾਠ ਇਸ ਹਉਮੈ ਨਾਲ ਖਤਮ ਹੁੰਦਾ ਹੈ ਕਿ ‘ਅਸੀਂ ਤਾਂ ਬਹੁਤ ਪਾਠ ਕਰਦੇ ਹਾਂ’। ਕਈ ਪਰਚਾਰਕਾਂ ਨੇ ਤਾਂ ਏਥੋਂ ਤਕ ਪਰਚਾਰਿਆ ਹੈ ਕਿ ਇਕ ਵਾਰ ਸੁਖਮਨੀ ਬਾਣੀ ਦਾ ਪਾਠ ਕਰਨ ਨਾਲ 24 ਘੰਟੇ ਦੇ ਸਵਾਸ ਸਫਲੇ ਹੋ ਜਾਂਦੇ ਹਨ। ਇਕ ਨੇ ਤਾਂ ਏਥੋਂ ਤਕ ਕਿਹਾ ਹੈ ਕਿ ਸੁਖਮਨੀ ਸਾਹਿਬ ਦੇ 52 ਪਾਠ ਕਰਨ ਨਾਲ ਇਕ ਅਖੰਡ-ਪਾਠ ਦਾ ਫਲ ਮਿਲ ਜਾਂਦਾ ਹੈ। ਅਜਿਹੀ ਹਾਲਤ ਵਿਚ ਇਨ੍ਹਾਂ ਤੇ ਬਾਣੀ ਦਾ ਕੀ ਅਸਰ ਹੋ ਸਕਦਾ ਹੈ ?
ਇਨ੍ਹਾਂ 20% ਵਿਚੋਂ ਹੀ ਕਾਫੀ ਗਿਣਤੀ ਡੇਰੇਦਾਰਾਂ ਅਤੇ ਉਨ੍ਹਾਂ ਦੇ ਚੇਲਿਆਂ ਦੀ ਹੈ, ਜਿਨ੍ਹਾਂ ਨੂੰ ਬਾਣੀ ਦੇ ਅਸਰ ਨਾਲ ਕੋਈ ਮਤਲਬ ਹੀ ਨਹੀਂ ਹੈ, ਉਨ੍ਹਾਂ ਲਈ ਗੁਰਬਾਣੀ ਆਪਣੀ ਐਸ਼ ਦਾ ਸਾਧਨ ਮਾਤ੍ਰ ਹੀ ਹੈ। ਕਿਉਂਕਿ ਉਨ੍ਹਾਂ ਦੇ ਚੇਲਿਆਂ ਨੇ ਸੰਗਤ ਵਿਚ ਪਰਚਾਰ ਕਰ ਕੇ ਕਿ “ ਸਾਡੇ ਸੰਤ, ਮਹਾਂ-ਪੁਰਖ, ਬ੍ਰਹਮ-ਗਿਆਨੀ ਤਾਂ ਏਨੇ ਮਹਾਨ ਹਨ ਕਿ, ਜੇ ਕਿਸੇ ਨੂੰ ਰੱਬ ਕੋਲੋਂ ਕੋਈ ਚੀਜ਼ ਮਿਲਣੋ ਰਹਿ ਗਈ ਹੈ ਤਾਂ ਉਹ , ਅਜਿਹੀ ਹਰ ਚੀਜ਼ ਸਾਡੇ ਮਹਾਂ-ਪੁਰਖਾਂ ਕੋਲੋਂ ਹਾਸਲ ਕਰ ਸਕਦਾ ਹੈ ” ਮਹਾਂ ਪੁਰਖਾਂ ਦੀ ਹਉਮੈ ਨੂੰ ਹਵਾ ਭਰ-ਭਰ ਕੇ ਭੁਕਾਨੇ ਵਾਙ ਫੁਲਾਇਆ ਹੁੰਦਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਦੇ ਦਿਮਾਗ ਅਤੇ ਢਿੱਡ ਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ ।
ਸਿੱਖ ਪਰਚਾਰਕਾਂ ਦੀ ਹਾਲਤ ?
ਸਿੱਖ ਪਰਚਾਰਕਾਂ ਨੇ (ਕਿਸੇ ਵਿਰਲੇ ਨੂੰ ਛੱਡ ਕੇ) ਬਾਣੀ ਨੂੰ ਸਿੱਖੀ ਦੇ ਪਰਚਾਰ ਨਾਲੋਂ ਵੱਧ, ਇਸ ਵਪਾਰ ਨੂੰ ਡਾਲਰ ਛਾਪਣ ਦੀ ਮਸ਼ੀਨ ਬਣਾ ਲਿਆ ਹੋਇਆ ਹੈ, ਜੇ ਇਨ੍ਹਾਂ ਦੀ ਜ਼ਿੰਦਗੀ ਗੁਰਮਤਿ ਦਾ ਦਰਪਣ ਹੁੰਦੀ ਤਾ ਤਾਂ ਇਨ੍ਹਾਂ ਦੇ ਪਰਚਾਰ ਦਾ ਬਹੁਤ ਅਸਰ ਹੋ ਸਕਦਾ ਹੈ, ਪਰ ਸੰਗਤ ਤੇ ਅਸਰ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਦਾ ਜੀਵਨ ਗੁਰਮਤਿ ਤੋਂ ਸੱਖਣਾ ਹੈ, ਹਾਂ ਮੀਡੀਏ ਤੇ ਇਨ੍ਹਾਂ ਵਲੋਂ ਦਿੱਤੀ ਸਿਖਿਆ ਨਾਲੋਂ ਕਿਤੇ ਵੱਧ ਇਨ੍ਹਾਂ ਦਾ ਆਪਣਾ ਹੀ ਪਰਚਾਰ ਹੁੰਦਾ ਹੈ।
ਸਿੱਖ ਵਿਦਵਾਨਾਂ ਦਾ ਹਾਲ ?
ਗੁਰਮਤਿ ਨਾਲ ਸਬੰਧਤ ਵਿਦਵਾਨਾਂ ਨੇ ਗੁਰਬਾਣੀ ਦੀ ਬਹੁਤ ਖੋਜ ਕੀਤੀ ਹੈ, ਉਸ ਦੀ ਵਿਆਕਰਣ ਬਾਰੇ ਵੀ ਬਹੁਤ ਕੁਝ ਜਾਣਿਆ ਹੈ, ਗੁਰਬਾਣੀ ਵਿਚਲੇ ਲਫਜ਼ਾਂ ਦਾ ਅਰਥ ਵੀ ਬਹੁਤ ਜਾਣਦੇ ਹਨ, ਗੁਰਬਾਣੀ ਦੀ ਅਰਥ-ਵਿਧੀ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਹਨ, ਜਿਸ ਦੇ ਆਧਾਰ ਤੇ ਹੁਣ ਇਹ ਗੁਰਬਾਣੀ ਦੀ ਸੋਧ-ਸੁਧਾਈ ਤਕ ਪਹੁੰਚ ਗਏ ਹਨ। ਸੁਭਾਵਕ ਹੈ ਕਿ ਹਰ ਕਿਸੇ ਦੀ ਸੋਧ-ਸੁਧਾਈ ਵੀ ਆਪਣੇ ਢੰਗ ਦੀ ਹੀ ਹੋਵੇਗੀ, ਜਿਸ ਨਾਲ ਆਪਸੀ ਵਿਚਾਰ-ਵਖਰੇਵਾਂ ਵੀ ਪੈਦਾ ਹੁੰਦਾ ਹੈ, ਜਿਸ ਕਾਰਨ ਪੁਰਾਤਨ ਬ੍ਰਾਹਮਣਾਂ ਵਾਙ ਆਪਸ ਵਿਚ ਤਰਕ-ਵਿਤਰਕ ਵੀ ਖੂਬ ਹੁੰਦਾ ਹੈ, ਇਵੇਂ ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਬਿਨਾ-ਸ਼ੱਕ ਇਹ ਮਹਾਨ ਵਿਦਵਾਨ(ਪੰਡਿਤ) ਹਨ। ਪਰ ਇਹ ਸਾਰਾ ਕੁਝ ਉਹ ਦੂਸਰਿਆਂ ਨੂੰ ਬਾਣੀ ਸਮਝਾਉਣ ਲਈ ਹੀ ਕਰਦੇ ਹਨ, ਆਪਣੇ ਸਮਝਣ ਲਈ ਨਹੀਂ। ਕਿਉਂਕਿ ਉਨ੍ਹਾਂ ਦੇ ਦਿਮਾਗ ਵਿਚ ਇਹ ਭਰ ਗਿਆ ਹੋਇਆ ਹੈ ਕਿ “ ਮੈਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ” ਇਕ ਵੀਰ ਨੇ ਤਾਂ ਦੂਸਰਿਆਂ ਤੇ ਵਿਅੰਗ ਕਰਦਿਆਂ ਲਿਖਿਆ ਕਿ “ ਪਰਮਾਤਮਾ ਬੰਦੇ ਨੂੰ ਧਰਤੀ ਤੇ ਭੇਜਣ ਸਮੇ ਹਰ ਕਿਸੇ ਦੇ ਕੰਨ ਵਿਚ ਕਹ ਦਿੰਦਾ ਹੈ ਕਿ, ਮੈਂ ਅੱਜ ਤਕ ਦੁਨੀਆ ਵਿਚ ਤੇਰੇ ਵਰਗਾ ਕੋਈ ਨਹੀਂ ਭੇਜਿਆ, ਪਰ ਉਹ ਇਹ ਗੱਲ ਮੇਰੇ ਕੰਨ ਵਿਚ ਕਹਿਣੋਂ ਭੁੱਲ ਗਿਆ ” ਅਜਿਹੇ ਵਿਦਵਾਨ ਦੀ ਮਾਨਸਿਕ ਹਾਲਤ ਬਾਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ? ਜੋ ਆਪਣੇ-ਆਪ ਨੂੰ ਚੰਗਾ ਸਾਬਤ ਕਰਨ ਦੇ ਚੱਕਰ ਵਿਚ ਪ੍ਰਭੂ ਨੂੰ ਭੁੱਲਣ-ਹਾਰ ਸਾਬਤ ਕਰ ਰਿਹਾ ਹੈ। ਅਜਿਹੇ ਬੰਦਿਆਂ ਤੇ ਗੁਰਬਾਣੀ ਦਾ ਕੀ ਅਸਰ ਹੋ ਸਕਦਾ ਹੈ ?
ਗੁਰਬਾਣੀ ਸਰਲਤਾ ਅਤੇ ਕਠਨਤਾ ?
ਗੁਰਬਾਣੀ ਵਿਚ ਪਹਿਲੀ ਜਮਾਤ ਤੋਂ ਲੈ ਕੇ ਪੀ.ਐਚ.ਡੀ. ਤਕ ਸਾਰਿਆਂ ਲਈ ਖੁਰਾਕ ਮੌਜੂਦ ਹੈ, ਜਿਸ ਨੂੰ ਖਾਣ ਅਤੇ ਉਸ ਖਾਧੇ ਨੂੰ ਭੁੰਚਣ (ਹਜ਼ਮ ਕਰਨ) ਦੀ ਗੁਰੂ ਸਾਹਿਬ ਜੀ ਵਲੋਂ ਤਾਕੀਦ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦਾ ਅੱਜ-ਤਕ ਸੰਪੂਰਨ ਵਿਸਲੇਸ਼ਨ ਨਹੀਂ ਹੋਇਆ। (ਇਨ੍ਹਾਂ ਸ਼ਬਦਾਂ ਨੂੰ ਹੀ ਵਿਦਵਾਨ ਲੋਕ ਖਾ ਕੇ ਭੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਇਨ੍ਹਾਂ ਸ਼ਬਦਾਂ ਨੂੰ ਹਜ਼ਮ ਕਰਨ ਵਿਚ ਨਾਕਾਮ ਹੋ ਰਹੇ ਹਨ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਗਲੱਛ ਰਹੇ ਹਨ ।
ਗੁਰਬਾਣੀ ਵਿਚ ਕੁਝ ਛੋਟੀਆਂ-ਛੋਟੀਆਂ ਤੁਕਾਂ ਬੜੀਆਂ ਸਰਲ ਤੇ ਆਸਾਨ ਹਨ, ਜੋ ਹਰ ਵਿਅਕਤੀ ਨੂੰ ਬੜੀ ਸਰਲਤਾ ਨਾਲ ਹਜ਼ਮ ਹੋ ਸਕਦੀਆਂ ਹਨ , ਜਿਵੇਂ ਕਿ,
1. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥ (522) ਅਤੇ
2. ਹਉਮੈ ਵਿਚਿ ਭਗਤਿ ਨ ਹੋਵਈ ਹੁਕਮ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮ ਨ ਵਸੈ ਮਨਿ ਆਇ ॥3॥
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥4॥ (560) ਅਤੇ
3. ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥
ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥17॥ (300)
ਅਤੇ ਕੁਝ ਤੁਕਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਕ ਬੱਚਾ ਵੀ ਭਲੀ-ਭਾਂਤ ਭੁੰਚ ਸਕਦਾ ਹੈ, ਅਤੇ ਉਨ੍ਹਾਂ ਦਾ ਅਸਰ ਏਨਾ ਵਿਆਪਕ ਹੈ ਕਿ ਇਕ ਤੁਕ ਨੂੰ ਹੀ ਜੇ ਦੁਨੀਆ ਭੁੰਚ ਲਵੇ ਤਾਂ ਸਾਰੇ ਸੰਸਾਰ ਦੇ ਲੜਾਈ-ਝਗੜੇ ਖਤਮ ਹੋ ਕੇ, ਸਾਰੀ ਦੁਨੀਆ ਬੇਗਮ-ਪੁਰਾ ਬਣ ਸਕਦੀ ਹੈ । ਜਿਵੇਂ,
1. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰ ਨ ਖਾਇ ॥ (141) ਅਤੇ
2. ਹਿਰਦੈ ਸਚੁ ਏਹ ਕਰਣੀ ਸਾਰੁ ॥
ਹੋੁਰ ਸਭੁ ਪਾਖੰਡੁ ਪੂਜ ਖੁਆਰੁ ॥6॥ (1343) ਅਤੇ
3. ਪਰ ਕਾ ਬੁਰਾ ਨ ਰਾਖਹੁ ਚੀਤ ॥
ਤੁਮ ਕਉ ਦੁਖੁ ਨਹੀ ਭਾਈ ਮੀਤ ॥3॥ (386)
ਪਰ ਫਿਲ-ਹਾਲ ਤਾਂ ਸਿੱਖ ਵਿਦਵਾਨਾਂ ਦੇ, ਸੰਤਾਂ-ਮਹਾਂ ਪੁਰਖ-ਬ੍ਰਹਮ ਗਿਆਨੀਆਂ ਦੇ ਆਪਸੀ ਝਗੜੇ ਹੀ ਨਹੀਂ ਨਿਬੜ ਰਹੇ। ਮਤਲਬ ਸਾਫ ਹੈ ਕਿ ਉਨ੍ਹਾਂ ਨੇ ਅੱਜ ਤਕ ਇਹ ਸਰਲ ਜਿਹੀ ਖੁਰਾਕ ਵੀ ਹਜ਼ਮ ਨਹੀਂ ਕੀਤੀ । ਏਥੇ ਆਕੇ ਗੁਰਬਾਣੀ ਦੀ ਇਹ ਤੁਕ ਬਿਲਕੁਲ ਸਹੀ ਫਿਟ ਬੈਠਦੀ ਹੈ ਕਿ,
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥ (1427)
ਪਰ ਅੱਜ ਤਾਂ ਸਿੱਖੀ ਭੇਸ ਵਿਚਲੇ ਹਜ਼ਾਰਾਂ ਆਪਣੇ-ਆਪ ਨੂੰ ਰੱਬ ਤੋਂ ਵੀ ਵੱਡਾ ਸਥਾਪਤ ਕਰੀ ਬੈਠੇ ਹਨ, ਜਦ ਕਿ ਸਿੱਖਾਂ ਦੀ ਕੁਲ ਗਿਣਤੀ ਦੋ ਕ੍ਰੋੜ ਤੋਂ ਘੱਟ ਹੈ। ਇਸ ਤੋਂ ਕੀ ਸਾਬਤ ਹੁੰਦਾ ਹੈ ?
ਯਾਦ ਰੱਖੋ ਦੁਨੀਆ ਤੁਹਾਡੀ ਵਿਦਵਤਾ ਜਾਨਣ ਦੀ ਚਾਹਵਾਨ ਨਹੀਂ ਹੈ, ਬਲਕਿ ਉਹ ਤਾਂ ਬਾਣੀ ਵਿਚਲੇ ਸਰਲ ਸੰਦੇਸ਼ ਨੂੰ ਸਮਝਣ ਦੀ ਚਾਹਵਾਨ ਹੈ, ਜੇ ਤੁਸੀਂ ਉਨ੍ਹਾਂ ਸਾਹਵੇਂ ਗੁਰਬਾਣੀ ਦਾ ਸਰਲ ਸੰਦੇਸ਼ ਪਰੋਸੋਂਗੇ ਤਾਂ ਦੁਨੀਆ ਵਿਚਲੇ ਧਰਮਾਂ ਦੇ ਨਾਂ ਤੇ ਸਥਾਪਤ ਅਧਰਮਾਂ ਦੀਆਂ ਮਾਨਤਾਵਾਂ ਅਤੇ ਕਰਮ-ਕਾਂਡਾਂ ਆਸਰੇ ਖਰਾਬ ਹੋਇਆ ਉਨ੍ਹਾਂ ਦਾ ਪੇਟ ਵੀ ਕੁਝ ਸੁੱਖ ਦਾ ਸਾਹ ਲਵੇਗਾ, ਬਾਣੀ ਦਾ ਕੁਝ ਅਸਰ ਵੀ ਹੋਵੇਗਾ ਅਤੇ ਉਹ ਗੁਰਬਾਣੀ ਨਾਲ ਜੁੜਨਗੇ। ਇਹੀ ਗੁਰਬਾਣੀ ਦਾ ਅਸਲ ਸੰਦੇਸ਼ ਹੈ ।
ਅਮਰ ਜੀਤ ਸਿੰਘ ਚੰਦੀ
21-2-2015
ਅਮਰਜੀਤ ਸਿੰਘ ਚੰਦੀ
ਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ?
Page Visitors: 3095