ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਤੇਰ੍ਹਵਾਂ) ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਤੇਰ੍ਹਵਾਂ) ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ
Page Visitors: 2989

                                (ਵਿਸ਼ਾ-ਛੇਵਾਂ, ਆਵਾ ਗਵਣ )
                                         (ਭਾਗ  ਤੇਰ੍ਹਵਾਂ)     
                                   ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ

                       ਸ਼ਬਦ   ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
                                  ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ
॥1॥
                                  ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
                                  ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ
॥1॥ਰਹਾਉ॥
                                  ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
                                  ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮ ਕੂਰਾ
॥2॥
                                  ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
                                  ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ
॥3॥
                                  ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
                                  ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ
॥4॥
                                  ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥
                                  ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ
॥5॥
                                  ਜਿਉ ਅੰਧੁਲੇ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
                                  ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ
॥6॥
                                  ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
                                  ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ
॥7॥
                                  ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
                                  ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ
॥8॥22॥ (422)
                      ॥ਰਹਾਉ॥   ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
                                  ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥1॥ਰਹਾਉ॥
           ਜਿਸ ਬੰਦੇ ਨੇ ਸਤਿਗੁਰ , ਸ਼ਬਦ ਗੁਰੂ ਦੀ ਸੇਵਾ ਨਹੀਂ ਕੀਤੀ , ਸ਼ਬਦ ਦੀ ਵਿਚਾਰ ਨਹੀਂ ਕੀਤੀ , ਉਸ ਨੂੰ ਹਰੀ ਦੀ , ਪਰਮਾਤਮਾ ਦੀ ਭਗਤੀ  ਨਹੀਂ ਭਾਈ , ਚੰਗੀ ਨਹੀਂ ਲੱਗੀ । ਉਹ ਰੱਬ ਦੇ ਨਾਮ , ਪਰਮਾਤਮਾ ਦੀ ਰਜ਼ਾ ਵਲੋਂ ਅਗਿਆਨਤਾ ਵਿਚ ਹੀ ਰਿਹਾ , ਇਸ ਤਰ੍ਹਾਂ ਉਸ ਦਾ ਜੀਵਨ , ਸਹੀ ਜੀਵਨ ਨਾ ਬਣ ਸਕਿਆ ।   ਜੇ ਅਜਿਹਾ ਬੰਦਾ ਆਪਣੀਆਂ ਚਤਰਾਈਆਂ ਆਸਰੇ , ਦੂਸਰੇ ਲੋਕਾਂ ਨੂੰ ਭੁਲੇਖੇ ਵਿਚ ਪਾ ਰਿਹਾ ਹੈ , ਤਾਂ ਉਸ ਦੀ ਅਜਿਹੀ ਚਤੁਰਾਈ , ਧਿੱਕਾਰ ਜੋਗ ਹੈ , ਫਿਟਕਾਰ ਜੋਗ ਹੈ । ਬੰਦੇ ਦਾ ਜੀਵਨ , ਪ੍ਰਭੂ ਦੀ ਰਜ਼ਾ ਅਨੁਸਾਰ ਹੀ ਹੋਣਾ ਚਾਹੀਦਾ ਹੈ , ਇਸ ਰਜ਼ਾ ਬਾਰੇ ਸੋਝੀ , ਸ਼ਬਦ ਵਿਚਾਰ ਆਸਰੇ ਹੀ ਹੁੰਦੀ ਹੈ ।
                             ॥1॥   ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
                                  ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥1॥
       ਜਿਸ ਬੰਦੇ ਨੇ ਸ਼ਬਦ ਦਾ ਵਿਚਾਰ ਨਹੀਂ ਕੀਤਾ , ਉਸ ਦੀ ਸਿਖਿਆ ਅਨੁਸਾਰ , ਕਰਤਾਰ ਦੀ ਭਗਤੀ ਨਾਲ ਨਹੀਂ ਜੁੜਿਆ , ਉਸ ਦਾ ਮਿਲਾਪ ਪਰਮਾਤਮਾ ਨਾਲ ਕਿਵੇਂ ਹੋ ਸਕਦਾ ਹੈ ?
ਉਸ ਦਾ ਆਵਾ-ਗਵਣ ਦਾ , ਜਨਮ-ਮਰਨ ਦਾ ਗੇੜ , ਕਿਵੇਂ ਖਤਮ ਹੋ ਸਕਦਾ ਹੈ ?  ਉਸ ਲਈ ਇਹ ਜਨਮ-ਮਰਨ ਦਾ ਵੱਡਾ ਦੁਖੁ ਬਣਿਆ ਹੀ ਰਹਿੰਦਾ ਹੈ । ਦਵੈਤ ਭਾਵ , ਮਾਇਆ ਮੋਹ ਵਿਚ ਫਸੇ ਹੋਣ ਕਾਰਨ , ਉਹ ਹਮੇਸ਼ਾ ਮੌਤ ਦੇ ਸਹਿਮ ਵਿਚ ਹੀ ਰਹਿੰਦਾ ਹੈ ।
                             ॥2॥   ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
                                  ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮ ਕੂਰਾ ॥2॥
     ਉਸ ਦਾ ਆਵਣੁ-ਜਾਵਣੁ , ਆਵਾ-ਗਵਣ ਦਾ ਗੇੜ ਤਾਂ ਹੀ ਖਤਮ ਹੋ ਸਕਦਾ ਹੈ , ਜੇ ਉਸ ਦਾ ਪੂਰੇ ਗੁਰੂ , ਪਰਮਾਤਮਾ ਨਾਲ ਮਿਲਾਪ ਹੋ ਜਾਵੇ । ਪਰਮਾਤਮਾ ਆਪ ਹੀ ਆਪਣੇ ਨਾਮ ਦੀ , ਆਪਣੇ ਹੁਕਮ ਵਿਚ ਚੱਲਣ ਦੀ ਰਾਸ (ਪੂੰਜੀ) , ਤੌਫੀਕ ਬਖਸ਼ਦਾ ਹੈ , ਜਿਸ ਨਾਲ ਝੂਠਾ ਭਰਮ , ਮਾਇਆ ਦੀ ਭਟਕਣਾ ਖਤਮ ਹੋ ਜਾਂਦੀ ਹੈ ।
                             ॥3॥   ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
                                  ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥3॥
       ਪਰ ਇਹ ਸਭ ਕੁਝ ਤਦ ਹੀ ਹੁੰਦਾ ਹੈ , ਜਦ ਬੰਦਾ ਗੁਰਮੁਖ ਹੋ ਕੇ , ਗੁਰੂ ਦੀ ਸਿਖਿਆ ਅਨੁਸਾਰ ਚਲਦਿਆਂ , ਸਤਸੰਗਤ ਵਿਚ ਜੁੜ ਕੇ ਪਰਮਾਤਮਾ ਦੀ ਸਿਫਤ-ਸਾਲਾਹ , ਉਸ ਦੀ ਵਡਿਆਈ ਨਾਲ ਜੁੜਿਆ ਰਹੇ । ਇਵੇਂ ਉਹ ਸਭ ਤੋਂ ਪਹਿਲੇ , ਸਭ ਤੋਂ ਵੱਡੇ ,
ਆਦਿ ਪੁਰਖੁ , ਅਕਾਲ ਪੁਰਖ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ।
                             ॥4॥   ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
                                  ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥4॥
       ਜਿਵੇਂ ਨਟ , ਤਮਾਸ਼ਾ ਵਿਖਾਉਣ ਵਾਲਾ , ਤਮਾਸ਼ਾ ਵਿਖਾਉਂਦਾ ਹੈ , ਕੁਝ ਪਲਾਂ ਵਿਚ ਉਸ ਦਾ ਤਮਾਸ਼ਾ ਖਤਮ ਹੋ ਜਾਂਦਾ ਹੈ , ਓਵੇਂ ਹੀ ਪਰਮਾਤਮਾ ਨੇ , ਸੰਸਾਰ ਦੀ ਇਹ ਖੇਡ ਬਣਾਈ ਹੈ । ਬੰਦਾ ਉਸ ਨੂੰ ਕੁਝ ਘੜੀਆਂ ਵੇਖਦਾ ਹੈ , ਮਾਣਦਾ ਹੈ , ਪਰ ਇਸ ਦੇ
ਉਜੜਦਿਆਂ ਵੀ ਦੇਰ ਨਹੀਂ ਲਗਦੀ ।
                             ॥5॥  ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥
                                  ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥5॥
        ਬੰਦਾ ਝੂਠ ਅਤੇ ਹੰਕਾਰ ਦੇ ਹਥਿਆਰਾਂ ਨਾਲ , ਹਉਮੈ ਦੀ ਖੇਡ ਖੇਡਦਾ ਹੈ । ਇਸ ਖੇਡ ਵਿਚ ਲੱਗਾ ਸਾਰਾ ਸੰਸਾਰ , ਮਨੁੱਖ ਜੀਵਨ ਦੀ ਅਸਲ ਖੇਡ , ਪਰਮਾਤਮਾ ਨੂੰ ਮਿਲਣ ਦੀ ਖੇਡ , ਹਾਰ ਰਿਹਾ ਹੈ । ਇਹ ਮਨੁੱਖਾ ਜੀਵਨ ਦੀ ਖੇਡ , ਸਿਰਫ ਉਹ ਮਨੁੱਖ ਜਿਤਦਾ ਹੈ , ਜੋ ਸ਼ਬਦ ਗੁਰੂ ਦੀ ਸਿਖਿਆ ਦੀ ਵਿਚਾਰ ਕਰਦਾ ਹੈ , ਉਸ ਨੂੰ ਆਪਣੇ ਜੀਵਨ ਵਿਚ ਢਾਲਦਾ ਹੈ ।
                             ॥6॥  ਜਿਉ ਅੰਧੁਲੇ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
                                  ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥6॥
     ਜਿਵੇਂ ਕੋਈ ਅੰਨ੍ਹਾ ਬੰਦਾ , ਆਪਣਾ ਰਾਸਤਾ ਟੋਹਣ ਲਈ , ਰਸਤੇ ਵਿਚਲੀਆਂ ਅੜਚਨਾਂ ਤੋਂ ਬਚਣ ਲਈ , ਹੱਥ ਵਿਚ ਟੋਹਣੀ , ਖੂੰਡੀ ਰਖਦਾ ਹੈ , ਓਸੇ ਤਰ੍ਹਾਂ ਜੀਵਾਂ ਕੋਲ ਪਰਮਾਤਮਾ ਦੇ ਨਾਮ , ਪਰਮਾਤਮਾ ਦੀ ਰਜ਼ਾ ਦੀ ਅਜਿਹੀ ਟੋਹਣੀ ਹੁੰਦੀ ਹੈ , ਜੋ ਉਨ੍ਹਾਂ ਨੂੰ
ਆਤਮਕ ਜੀਵਨ ਵਿਚ ਠੇਡੇ ਖਾਣ ਤੋਂ ਬਚਾਉਂਦੀ ਹੈ । ਪਰ ਇਸ ਬਾਰੇ ਗਿਆਨ ਉਸ ਨੂੰ ਹੀ ਹੁੰਦਾ ਹੈ , ਜੋ ਆਪਣੇ ਆਪ ਨੂੰ ਆਤਮਕ ਜੀਵਨ ਵਿਚ ਅਗਿਆਨੀ ਸਮਝਦਿਆਂ , ਸ਼ਬਦ ਵਿਚਾਰ ਆਸਰੇ , ਇਸ ਬਾਰੇ ਸੋਝੀ ਹਾਸਲ ਕਰਦਾ ਹੈ । ( ਆਪਣੇ ਆਪ ਨੂੰ ਚਤੁਰ , ਗਿਆਨੀ ਸਮਝਣ ਵਾਲੇ ਅਜਿਹਾ ਨਹੀਂ ਕਰ ਪਾਉਂਦੇ । ਇਸ ਦੁਨੀਆਂ ਵਿਚ ਕਿਸੇ ਵਿਰਲੇ ਨੂੰ ਛੱਡ ਕੇ , ਸਭ ਆਪਣੇ ਆਪ ਨੂੰ ਚਤੁਰ ਅਤੇ ਗਿਆਨੀ ਹੀ ਸਮਝਦੇ ਹਨ ।) ਪ੍ਰਭੂ ਦੇ ਨਾਮ , ਪ੍ਰਭੂ ਦੇ ਹੁਕਮ ਵਿਚ ਚਲਣਾ ਹੀ , ਇਕ ਅਜਿਹਾ ਆਸਰਾ ਹੈ , ਜੋ ਦਿਨ-ਰਾਤ , ਹਰ ਵੇਲੇ ਸਾਡੀ ਮਦਦ ਕਰਦਾ ਹੈ । ਸਾਨੂੰ ਆਤਮਕ ਰਸਤੇ ਦੇ ਠੇਡਿਆਂ ਤੋਂ ਬਚਾਉਂਦਾ ਹੈ ।
                             ॥7॥    ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
                                  ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥7॥
      ਹੇ ਵਾਹਿਗੁਰੂ , ਜਿਵੇਂ ਵੀ ਤੂੰ ਮੈਨੂੰ ਰੱਖੇਂ , ਜਿਸ ਹਾਲਤ ਵਿਚ ਵੀ ਰੱਖੇਂ , ਮੈਨੂੰ ਉਸ ਹਾਲਤ ਵਿਚ ਹੀ ਰਹਿਣਾ ਪੈਣਾ ਹੈ , ਤੇਰੀ ਰਜ਼ਾ ਅੱਗੇ ਮੇਰਾ ਕੋਈ ਜ਼ੋਰ ਨਹੀਂ ਹੈ । ਮੈਨੂੰ ਤਾਂ ਤੇਰੇ ਨਾਮ , ਤੇਰੇ ਹੁਕਮ ਵਿਚ ਚੱਲਣ ਨਾਲ ਹੀ ਆਸਰਾ ਮਿਲਦਾ ਹੈ ।
ਜਿਨ੍ਹਾਂ ਜਿਨ੍ਹਾਂ ਤੇਰੇ ਦਾਸਾਂ ਨੇ ਇਸ ਆਸਰੇ, ਸਹਾਰੇ , ਅੰਤ ਵੇਲੇ ਤਕ ਸਾਥ ਨਿਭਾਉਣ ਵਾਲਾ ਪੱਕਾ ਸਾਥੀ ਲੱਭ ਲਿਆ , ਉਨ੍ਹਾਂ ਨੂੰ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ ।
                             ॥8॥   ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
                                  ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥8॥22॥
       ਕਰਤਾਰ ਦਾ ਨਾਮ ਜਪ ਕੇ , ਕਰਤਾ-ਪੁਰਖ ਦੇ ਹੁਕਮ ਵਿਚ ਚਲ ਕੇ , ਜਨਮ-ਮਰਨ , ਆਵਾ-ਗਵਣ ਰੂਪੀ ਗੇੜ ਖਤਮ ਕੀਤਾ ਜਾ ਸਕਦਾ ਹੈ ।  ਹੇ ਨਾਨਕ ਜਿਨ੍ਹਾਂ ਨੂੰ ਵਾਹਿਗੁਰੂ ਦਾ ਹੁਕਮ , ਹਮੇਸ਼ਾ ਯਾਦ ਰਹਿੰਦਾ ਹੈ , ਕਦੀ ਨਹੀਂ ਭੁਲਦਾ , ਜੋ ਹਮੇਸ਼ਾ ਉਸ ਹੁਕਮ ਦੀ ਪਾਲਣਾ ਕਰਦੇ ਹਨ , ਉਨ੍ਹਾਂ ਨੂੰ ਪੂਰਾ ਗੁਰੁ , ਅਕਾਲ-ਪੁਰਖ , ਸੰਸਾਰ ਸਮੁੰਦਰ ਵਿਚ ਡੁਬਣੋ ਬਚਾ ਕੇ , ਪਾਰ ਲੰਘਾ ਲੈਂਦਾ ਹੈ ।

                              ਅਮਰ ਜੀਤ ਸਿੰਘ ਚੰਦੀ
                                     23-2-2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.