ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ !!
( ਡਾ ਗੁਰਮੀਤ ਸਿੰਘ ਬਰਸਾਲ)
ਸਮੇ ਨੂੰ ਮਿਣਨ ਲਈ ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ ਇਹ ਰੁੱਤੀ ਸਾਲ ਤੋਂ ਪਛੜ ਜਾਂਦਾ ਸੀ ।ਇਸ ਤਰਾਂ ਸਾਲ ੧੧ ਦਿਨ ਪਿੱਛੇ ਰਹਿ ਜਾਂਦਾ ਸੀ ।ਜਿਸ ਨੂੰ ਤਿੰਨ ਸਾਲਾਂ ਬਾਅਦ ਖਿੱਚਕੇ ਰੁਤੀ ਸਾਲ ਬਰਾਬਰ ਕੀਤਾ ਜਾਂਦਾ ਸੀ ,ਇਸ ਤਰਾਂ ਤਿੰਨਾਂ ਸਾਲਾਂ ਬਾਅਦ ਇਕ ਮਹੀਨਾ ਵਧ ਜਾਂਦਾ ਸੀ ਜਿਸਨੂੰ ਪੰਡਤਾਂ ਵੱਲੋਂ ਮਲ ਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਸੀ ਅਤੇ ਇਸ ਮਹੀਨੇ ਵਿੱਚ ਕੋਈ ਚੰਗਾਂ ਕੰਮ ਕਰਨਾ ਵਰਜਿਤ ਕੀਤਾ ਗਿਆ ਸੀ। ਫਿਰ ਇਸ ਵਿੱਚ ਸੁਧਾਰ ਕਰਨ ਲਈ ਸੂਰਜੀ ਕੈਲੰਡਰ ਹੋਂਦ ਵਿੱਚ ਆਏ। ਸੂਰਜੀ ਸਾਲ ਤਕਰੀਬਨ ੩੬੫ ਦਿਨ ਦਾ ਹੋਣ ਕਾਰਣ ਰੁੱਤੀ ਸਾਲ ਦੇ ਜਿਆਦਾ ਨਜਦੀਕ ਸੀ ਜਿਸ ਨਾਲ ਇਸ ਤਰੁੱਟੀ ਤੇ ਕਾਫੀ ਕਾਬੂ ਪਾ ਲਿਆ ਗਿਆ ਸੀ।
ਜੂਲੀਅਨ ਕੈਲੰਡਰ ਵੀ ਇਸੇ ਸ਼ਰੇਣੀ ਦਾ ਕੈਲੰਡਰ ਸੀ ਜਿਸਦੀ ਲੰਬਾਈ ਤਕਰੀਬਨ ੩੬੫ ਦਿਨ ੬ ਘੰਟੇ ਹੋਣ ਕਾਰਣ ਇਹ ਵੀ ਰੁਤੀ ਸਾਲ ਨਾਲੋਂ ਲੱਗਭੱਗ ੧੨ ਮਿੰਟ ਵੱਡਾ ਹੋਣ ਕਾਰਣ ੧੨੮ ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪਾਉਂਦਾ ਸੀ। ਰੋਮਨਾ ਨੇ ਇਸ ਫਰਕ ਕਾਰਣ ਲੰਬੇ ਸਮੇ ਬਾਅਦ ਸਮੇ ਦੇ ਪੈ ਰਹੇ ਵੱਡੇ ਫਰਕ ਨੂੰ ਸਮਝਕੇ ਸਾਲ ਦੀ ਲੰਬਾਈ ਨੂੰ ਛੋਟਾ ਕਰਕੇ ਰੁੱਤੀਂ ਸਾਲ ਦੇ ਇਨਾਂ ਨੇੜੇ ਕਰ ਦਿੱਤਾ ਕਿ ਫਰਕ ਕੇਵਲ ਲੱਗਭੱਗ ੩੩ ਸੈਕਿੰਡ ਦਾ ਰਹਿ ਗਿਆ ਜਿਸ ਨਾਲ ੩੩੦੦ ਸਾਲਾਂ ਬਾਅਦ ਕੇਵਲ ਇਕ ਦਿਨ ਦਾ ਫਰਕ ਹੀ ਰਹਿ ਗਿਆ। ਇਸ ਤਰਾਂ ਤਿਆਰ ਕੀਤੇ ਕੈਲੰਡਰ ਦਾ ਨਾਮ ਪੋਪ ਗਰੈਗਰੀ ਕਾਲ ਵਿੱਚ ਹੋਣ ਕਾਰਣ ਗਰੈਗੋਰੀਅਨ ਕੈਲੰਡਰ ਪੈ ਗਿਆ। ਅਜੋਕਾ ਕੈਲੰਡਰ ਇਹ ਹੀ ਹੈ। ਵਿਚਾਰਣ ਵਾਲੀ ਗੱਲ ਇਹ ਹੈ ਕਿ ਜਿਹੜੀ ਗਲ ਰੋਮ ਵਾਸੀਆਂ ਨੂੰ ੧੫੮੨ ਵਿੱਚ ਸਮਝ ਆ ਗਈ ਸੀ ਕਿ ਸਾਡੇ ਸਾਲ ਦੀ ਲੰਬਾਈ ਵੱਧ ਹੈ ਜਿਸਨੂੰ ਰੁੱਤੀ ਸਾਲ ਬਰਾਬਰ ਕਰਨ ਲਈ ,ਲੰਬਾਈ ਘਟਾਉਣ ਦੀ ਲੋੜ ਹੈ ਉਹ ਗੱਲ ਇੰਗਲੈਂਡ ਵਾਲਿਆਂ ਨੂੰ ੧੭੦ ਸਾਲ ਬਾਅਦ ਸਮਝ ਵਿੱਚ ਆਈ ਅਤੇ ਉਹਨਾਂ ਆਪਣੇ ਕੈਲੰਡਰ ਵਿੱਚ ੧੭੦ ਸਾਲ ਬਾਅਦ ਇਹ ਸੋਧ ਕਰ ਲਈ। ਹੁਣ ਸਾਡੇ ਵਿਚਾਰਨ ਵਾਲੀ ਵੀ ਇਹੀ ਗੱਲ ਹੈ ਕਿ ਇਹੀ ਗਲ ਸਾਡੇ ਬਿਕਰਮੀ ਵਾਲਿਆਂ ਨੂੰ ਕਿਓਂ ਨਹੀਂ ਸਮਝ ਆ ਰਹੀ ਕਿ ਸਮੇ ਦੀ ਸਹੀ ਮਿਣਤੀ ਲਈ ਸਾਲ ਦੀ ਲੰਬਾਈ ਰੁੱਤੀਂ ਸਾਲ ਦੇ ਬਰਾਬਰ ਕਰਨੀ ਹੀ ਪੈਣੀ ਹੈ ਚਾਹੇ ਅੱਜ ਕਰ ਲਓ ਚਾਹੇ ਸੋ ਦੋ ਸੋ ਸਾਲ ਬਾਅਦ। ਇਕ ਗਲ ਹੋਰ ਹੈ ਕਿ ਹਿੰਦੂ ਵਿਦਵਾਨਾ ਨੇ ਬਿਕਰਮੀ ਕੈਲੰਡਰ ਵਿੱਚ ੧੯੬੪ ਵਿੱਚ ਇਕ ਸੋਧ ਕੀਤੀ ਸੀ।
ਪਹਿਲਾਂ ਬਿਕਰਮੀ ਸਾਲ ਦੀ ਲੰਬਾਈ ਰੁਤੀਂ ਸਾਲ ਤੋਂ ੨੪ ਮਿੰਟ ਵੱਧ ਸੀ ਪਰ ਸੋਧ ਬਾਅਦ ਇਹ ਫਰਕ ਲੱਗਭੱਗ ੨੦ ਮਿੰਟ ਦਾ ਰਹਿ ਗਿਆ ਸੀ।ਹਿੰਦੂ ਵਿਦਵਾਨਾ ਦੀ ਕੀਤੀ ਇਹ ਸੋਧ ਸਾਡੇ ਲੋਕਾਂ ਅੱਖਾਂ ਬੰਦ ਕਰਕੇ ਮੰਨ ਲਈ ਪਰ ਇੱਕ ਸਿੱਖ ਵਿਦਵਾਨ ਦੀ ਲੰਬੇ ਅਰਸੇ ਦੀ ਕੈਲੰਡਰ ਦੀਆਂ ਸਦਾ ਲਈ ਤਰੀਕਾਂ ਇੱਕ ਰੱਖਣ ਦੀ ਸੋਧ ਤੇ ਕਿਸੇ ਨੀਤੀ ਤਹਿਤ ਵਿਵਾਦ ਮਚਾਇਆ ਜਾ ਰਿਹਾ ਹੈ।
ਸ ਪਾਲ ਸਿੰਘ ਪੁਰੇਵਾਲ ਨੇ ਕੇਵਲ ਨਾਨਕਸ਼ਾਹੀ ਕੈਲੰਡਰ ਹੀ ਨਹੀਂ ਬਣਾਇਆ ਸਗੋਂ ਮੁਸਲਮਾਨ ਭਰਾਵਾਂ ਨੂੰ ਇਕ ਹਿਜਰੀ ਕੈਲੰਡਰ ਵੀ ਬਣਾਕੇ ਦਿੱਤਾ। ਪਾਕਿਸਤਾਨ ਦੇ ਵਿਦਵਾਨਾ ਨੇ ਸ ਪਾਲ ਸਿੰਘ ਪੁਰੇਵਾਲ ਨਾਲ ਮੀਟਿੰਗਾਂ ਰਾਹੀਂ ਇਸ ਕੈਲੰਡਰ ਨੂੰ ਮਨਜੂਰ ਕਰ ਸ ਪਾਲ ਸਿੰਘ ਦਾ ਸਨਮਾਨ ਵੀ ਕੀਤਾ ਜਦਕਿ ਇਸਦੇ ਉਲਟ ਸਾਡੇ ਆਪਣੇ ਦੇਸ਼ ਵਾਸੀਆਂ ਨੇ ਸਨਮਾਨ ਕਰਨਾ ਤਾਂ ਇਕ ਪਾਸੇ ਸਗੋਂ ਜਲੀਲ ਕਰਨ ਦੀ ਹਰ ਕੋਸ਼ਿਸ਼ ਕੀਤੀ।ਇਹ ਗੱਲ ਤਾਂ ਬਿਲਕੁਲ ਠੀਕ ਲਗਦੀ ਹੈ ਕਿ ਕੈਲੰਡਰ ਤੇ ਮਾਹਰਾਂ ਦਾ ਵਿਚਾਰ ਵਟਾਂਦਰਾ ਜਰੂਰੀ ਹੈ ਅਤੇ ਇਸ ਵਿਚਾਰ ਵਟਾਂਦਰੇ ਵਿੱਚ ਉਹ ਸੱਜਣ ਬੈਠਣੇ ਚਾਹੀਦੇ ਹਨ ਜੋ ਕੈਲੰਡਰ ਵਿਗਿਆਨ ਦੇ ਗਿਆਤਾ ਹੋਣ ਪਰ ਸਾਡੀ ਕੌਮ ਦਾ ਹਾਲ ਇਹ ਹੈ ਕਿ ਸ ਪਾਲ ਸਿੰਘ ਪੁਰੇਵਾਲ ਵਰਗੇ ਕੈਲੰਡਰੀਕਲ ਵਿਗਿਆਨ ਦੇ ਮਾਹਿਰ ਜਿਨਾਂ ਦਾ ਜਿਕਰ ਵਿਕਸਤ ਦੇਸ਼ ਕੈਲੰਡਰੀਕਲ ਸਾਈਂਸ ਦੀਆਂ ਕਿਤਾਂਬਾਂ ਦੀਆਂ ਭੂਮੀਕਾਵਾਂ ਵਿੱਚ ਲਿਖਣ ਲਈ ਮਜਬੂਰ ਹੋਏ ਹਨ ,ਦੇ ਅੱਧੀ ਸਦੀ ਦੇ ਕੀਤੇ ਕੰਮ ਤੇ ਕਿੰਤੂ ਕੋਰੇ ਅਨਪੜ ਬਾਬੇ/ਜੱਥੇਦਾਰਾਂ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਕੈਲੰਡਰੀਕਲ ਸਾਇਂਸ ਦਾ ਊੜਾ ਐੜਾ ਵੀ ਨਹੀਂ ਜਾਣਦੇ। ਇਸੇ ਤਰਾਂ ਕੁਝ ਭਾੜੇ ਦੇ ਲਿਖਾਰੀ ਜਿਹਨਾਂ ਨੂੰ ਵਿਚਾਰ ਚਰਚਾਵਾਂ ਦੇ ਖੁੱਲੇ ਸੱਦੇ ਦਿੱਤੇ ਗਏ ਹਨ ਕਦੇ ਵੀ ਸਾਹਮਣੇ ਨਹੀਂ ਆਉਂਦੇ ਪਰ ਆਪਣੀ ਜਿਦ ਕਾਰਣ ਜਾਂ ਕਿਸੇ ਨੀਤੀ ਤਹਿਤ ਕੁਝ ਸਮੇ ਦੇ ਵਖਵੇ ਨਾਲ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਅਕਸਰ ਦੇਖੇ ਗਏ ਹਨ।
ਵਿਚਾਰ ਚਰਚਾ ਲਈ ਜਰੂਰੀ ਹੁੰਦਾ ਹੈ ਕਿ ਦੋਵਾਂ ਧਿਰਾਂ ਦੀ ਵਿਸ਼ੇ ਤੇ ਪਕੜ ਵਿਗਿਆਨਿਕ ਅਤੇ ਸਮੇ ਅਨੁਸਾਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਯਕੀਨੀ ਰਹੇ ਕਿ ਦੋਵੇਂ ਧਿਰਾਂ ਕੈਲੰਡਰ ਦੀਆਂ ਤਕਨੀਕੀ ਗੱਲਾਂ ਤੋਂ ਵਾਕਿਫ ਹਨ। ਪਰ ਕਈ ਵਾਰ ਜਦੋਂ ਕੁਝ ਲੋਕਾਂ ਨੂੰ ਵਿਚਾਰ ਲਈ ਵੰਗਾਰਿਆ ਤਾਂ ਉਹਨਾਂ ਕਿਹਾ ਕਿ ਇਹਨਾਂ ਤਕਨੀਕੀ ਗੱਲਾਂ ਤੇ ਵਿਚਾਰ ਲਈ ਅਸੀਂ ਸਮਾ ਵਿਅਰਥ ਨਹੀਂ ਗੁਆਉਣਾ ਅਰਥਾਤ ਬਿਨਾ ਕਿਸੇ ਨੁਕਤੇ ਨੂੰ ਵਿਚਾਰੇ ਹੀ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਨੀ ਹੈ ।ਕਈਆਂ ਦਾ ਤਾਂ ਇੱਕੋ ਇੱਕ ਉਦੇਸ਼ ਕੇਵਲ ਆਪਣੀਆਂ ਲਿਖਤਾਂ ਵਿੱਚ ਆਪਣੀ ਮਰਜੀ ਦੀਆਂ ਲਿਖੀਆਂ ਤਰੀਕਾਂ ਨੂੰ ਹੀ ਸਹੀ ਸਾਬਤ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਹਰ ਹੀਲੇ ਵਿਰੋਧ ਕਰਨਾ ਹੈ। ਕੁਝ ਲੋਕਾਂ ਦਾ ਵਿਰੋਧ ਇਸ ਕਰਕੇ ਹੈ ਕਿ ਉਹਨਾ ਦੀਆਂ ਕਹੀਆਂ/ਦੱਸੀਆਂ ਗੱਲਾਂ/ਨੁਕਤੇ ਕਿਓਂ ਨਾ ਮੰਨੇ ਗਏ। ਕੁਝ ਅਜਿਹੇ ਵੀ ਵਿਰੋਧੀ ਸਾਹਮਣੇ ਆਏ ਹਨ ਜਿਨਾਂ ਦਾ ਕੰਮ ਹੀ ਉਸ ਹਰ ਗਲ ਦਾ ਵਿਰੋਧ ਕਰਨਾ ਹੈ ਜਿਸਦਾ ਸਬੰਧ ਸਿੱਧੇ ਜਾਂ ਅਸਿੱਧੇ ਤਰੀਕੇ ਸਿੱਖ ਕੌਮ ਦੇ ਵੱਖਰੀ ਕੋਮ ਵਜੋਂ ਸਥਾਪਤ ਹੋਣ ਨਾਲ ਹੈ ਉਦਾਹਰਣ ਲਈ ਭਾਵੇਂ ਧਾਰਾ ੨੫ ਬੀ ਵਾਰੇ ਹੋਵੇ ਜਾਂ ਸਿੱਖ ਮੈਰਿਜ ਐਕਟ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ ਹੋਵੇ। ਇਹ ਤਾਂ ਸਭ ਜਾਣਦੇ ਹਨ ਕਿ ਕੈਲੰਡਰ ਹੀ ਕੌਮਾਂ ਦੀ ਵੱਖਰੀ ਪਹਿਚਾਣ ਦਾ ਕਾਰਣ ਨਹੀਂ ਹੁੰਦੇ ਪਰ ਸਿੱਖ ਕੌਮ ਲਈ ਇਹ ਵੱਡੇ ਭਾਗਾਂ ਵਾਲੀ ਗੱਲ ਹੀ ਹੈ ਕਿ ਸਾਡਾ ਨਾਨਕਸ਼ਾਹੀ ਕੈਲੰਡਰ ਵੀ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਬਣ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸੀ ਈ ਕੈਲੰਡਰ ਹੀ ਵਰਤਣਾ ਹੈ ਚੇਤ ਵੈਸਾਖ ਨਹੀਂ ।ਅਜਿਹੇ ਲੋਕ ਇਹ ਕਿੰਝ ਭੁੱਲ ਜਾਦੇ ਹਨ ਕਿ ਚਾਹੇ ੫ ਜਨਵਰੀ ਹੋਵੇ ਚਾਹੇ ੨੩ ਪੋਹ ਤਰੀਕਾਂ ਦੋਹਾਂ ਦੀਆਂ ਪੱਕੀਆਂ ਰਹਿਣਗੀਆਂ ।ਅਗਰ ਕੰਧ ਤੇ ਟੰਗੇ ਕੈਲੰਡਰ ਵਿੱਚ ਸੀ ਈ ਦੇ ਨਾਲ ਨਾਲ ਬਿਕਰਮੀ ਦੀ ਜਗਹ ਨਾਨਕਸ਼ਾਹੀ ਕੈਲੰਡਰ ਹੋਵੇਗਾ ਤਾਂ ਉਹਨਾਂ ਦਾ ਕੀ ਨੁਕਸਾਨ ਹੋ ਜਾਵੇਗਾ ?
ਕੁਝ ਲੋਕ ਆਖਦੇ ਹਨ ਕਿ ਸਾਨੂੰ ਤਾਂ ਪੁਰਾਣਾ ਗੁਰੂ ਕਾਲ ਵਾਲਾ ਕੈਲੰਡਰ ਹੀ ਠੀਕ ਹੈ ਪਰ ਅਜਿਹੇ ਭੋਲੇ ਲੋਕ ਇਹ ਵੀ ਨਹੀਂ ਜਾਣਦੇ ਕਿ ਗੁਰੂ ਕਾਲ ਵੇਲੇ ਵਰਤੇ ਜਾਂਦੇ ਬਿਕਰਮੀ ਕੈਲੰਡਰ ਵਿੱਚ ਤਾਂ ਹਿੰਦੂ ਵਿਦਵਾਨ ੧੯੬੪ ਵਿੱਚ ਸੋਧ ਕਰ ਚੁੱਕੇ ਹਨ ਹੁਣ ਤੇ ਉਹ ਪੁਰਾਣਾ ਹੈ ਹੀ ਨਹੀਂ ।ਕੁਝ ਲੋਕ ਸ ਪੁਰੇਵਾਲ ਦੇ ਬਣਾਏ ਕੈਲੰਡਰ ਵਿੱਚ ਸੰਗਰਾਦਾਂ,ਮੱਸਿਆ ਜਾਂ ਪੂਰਨਮਾਸੀਆਂ ਦੇ ਜਿਕਰ ਨੂੰ ਠੀਕ ਨਹੀਂ ਸਮਝਦੇ ਪਰ ਉਹ ਇਹ ਸਮਝਣੋ ਅਸਮਰਥ ਹਨ ਕਿ ਬਿਕਰਮੀ ਦੀ ਸੰਗਰਾਂਦ ਸੂਰਜ ਦੇ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਜਾਣ ਨੂੰ ਕਹਿੰਦੇ ਹਨ (ਧਰਤੀ ਨੂੰ ਖੜਾ ਅਤੇ ਸੂਰਜ ਨੂੰ ਰਾਸ਼ੀਆਂ (ਤਾਰਿਆਂ ਦਾ ਸਮੂਹ) ਬਦਲਦਾ ਮੰਨਕੇ) ਜਦ ਕਿ ਨਾਨਕਸ਼ਾਹੀ ਵਿੱਚ ਤਾਂ ਮਹੀਨੇ ਦੇ ਪਹਿਲੇ ਦਿਨ ਨੂੰ ਸੰਗਰਾਂਦ ਆਖਿਆ ਹੈ ਜਿਸ ਦਾ ਬਿਪਰਵਾਦ ਨਾਲ ਕੋਈ ਸਬੰਧ ਨਹੀਂ।
ਮੱਸਿਆ ਜਾਂ ਪੂਰਨਮਾਸੀ ਅਰਧਗੋਲੇ ਵਿੱਚ ਚੰਦ ਦਾ ਧਰਤੀ ਦੇ ਸਭ ਤੋਂ ਨਜਦੀਕ ਆਕੇ ਪੂਰਾ ਦਿਖਣਾ ਜਾਂ ਚੰਦਰਮੇ ਦਾ ਧਰਤੀ ਉਹਲੇ ਹੋਕੇ ਪੂਰਾ ਅੰਧੇਰਾ ਹੋਣ ਤੋਂ ਹੈ। ਬਿਪਰਵਾਦ ਅਜਿਹੇ ਦਿਨਾ ਨੂੰ ਪਵਿਤਰ ਅਪਵਿਤਰ ਮੰਨ ਕੇ ਪੂਜਣ ਤੋਂ ਹੈ ।ਮੱਸਿਆ ਪੂਰਨਮਾਸੀ ਤਾਂ ਕੁਦਰਤੀ ਵਰਤਾਰੇ ਹਨ। ਕੁਝ ਲੋਕ ਦੂਜਿਆਂ ਦੀ ਅਲੋਚਨਾ ਲਈ ਕੈਲੰਡਰ ਵਾਰੇ ਵਿਚਾਰ ਕਰਨ ਵਾਲਿਆਂ ਨੂੰ ਤੇ ਕੈਲੰਡਰ ਵਿਗਿਆਨੀਆਂ ਦੀ ਭਰਮਾਰ ਆਖਦੇ ਹਨ ਪਰ ਖੁਦ ਵੀ ਇਸੇ ਰਸਤੇ ਚੱਲਣ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ। ਕੁਝ ਲੋਕ ਆਖਦੇ ਹਨ ਕਿ ਪੁਰੇਵਾਲ ਕਾਰਣ ਦੋ ਤਰਾਂ ਦੇ ਚੇਤ ਵੈਸਾਖ ਬਣ ਗਏ ਹਨ ਪਰ ੧੯੬੪ ਦੌਰਾਨ ਹਿੰਦੂ ਵਿਗਿਆਨੀਆਂ ਦੀ ਕੀਤੀ ਸੋਧ ਕਾਰਣ ਉਸ ਵੇਲੇ ਬਣੇ ਨਵੇ ਚੇਤ ਵੈਸਾਖ ਲਈ ਚੁੱਪ ਰਹਿੰਦੇ ਹਨ। ਇਸੇ ਤਰਾਂ ਰੋਮਨਾ ਦੀ ਕੀਤੀ ਸੋਧ ਵੇਲੇ ਇਹਨਾਂ ਨੂੰ ਨਵੇਂ ਜਨਵਰੀ ਫਰਬਰੀ ਨਹੀਂ ਦਿਸਦੇ। ਕਈ ਆਖਦੇ ਹਨ ਪੁਰੇਵਾਲ ਨੇ ਵਖਤ ਖਰਾਬ ਕੀਤਾ ਹੈ ਪਰ ਆਪਦੇ ਵਖਤ ਦੀ ਸਹੀ ਵਰਤੋਂ ਕਰਕੇ ਕੋਈ ਕੌਮੀ ਕਾਰਜ ਕਰਦੇ ਕਦੇ ਨਹੀਂ ਦੇਖੇ ਗਏ। ਕੁਝ ਲਿਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਬਾਹਮਣਾਂ ਨਾਲੋਂ ਨਾੜੂਆ ਕੱਟਣ ਸਮਾਨ ਹੈ ਜੋ ਕਿ ਬਹੁਤ ਹੱਦ ਤੱਕ ਸਹੀ ਗੱਲ ਹੈ
ਸ਼ਾਇਦ ਇਹੀ ਕਾਰਣ ਹੈ ਨਾਨਕਸ਼ਾਹੀ ਕੈਲੰਡਰ ਦੀ ਨੀਤੀਗਤ ਵਿਰੋਧਤਾ ਦਾ। ਕੁਝ ਲੋਕ ਆਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀ ਕੀ ਲੋੜ ਸੀ ਸਿਰਫ ੧੦-੧੨ ਦਿਨ ਪੱਕੇ ਹੀ ਕਰਨ ਦੀ ਲੋੜ ਸੀ ,ਪਰ ਅਜਿਹਾ ਕਹਿਣ ਵਾਲੇ ਸੱਜਣ ੨੦੦੩ ਤੋੰ ਹੁਣ ਤੱਕ ਵਿਰੋਧਤਾ ਤਾਂ ਕਰਦੇ ਆਏ ਹਨ ਪਰ ਇਹ ਆਖੇ ਜਾਦੇ ੧੦-੧੨ ਦਿਨ ਖੁਦ ਪੱਕੇ ਨਹੀਂ ਕਰ ਸਕੇ।ਕਿੰਨਾਂ ਚੰਗਾ ਹੁੰਦਾ ਅਗਰ ਦੂਜੇ ਦੀ ਮਾਰੀ ਲਕੀਰ ਢਾਹੁਣ ਦੀਆਂ ਕੋਸ਼ਿਸ਼ਾਂ ਛੱਡਕੇ ਖੁਦ ਆਪਣੀ ਵੱਡੀ ਲਕੀਰ ਮਾਰਕੇ ਦਿਖਾਉਂਦੇ। ਅਸਲ ਵਿੱਚ ਅਜਿਹੇ ਲੋਕਾਂ ਦਾ ਅਸਲ ਮਕਸਦ ਕੇਵਲ ਤੇ ਕੇਵਲ ਵਿਰੋਧਤਾ ਕਰਕੇ ਚਰਚਾ ਵਿੱਚ ਰਹਿਣਾ ਹੀ ਹੈ ਕੋਈ ਹੱਲ ਕੱਢਕੇ ਦਿਖਾਉਣਾ ਨਹੀਂ।
ਸਮੇ ਨੂੰ ਮਿਣਨ ਲਈ ਅਗਰ ਕੋਈ ਕਿਸੇ ਨਵੀਂ ਟਕਨਾਲੋਜੀ ਨਾਲ ਘੜੀ ਬਣਾ ਦੇਵੇ ਤਾਂ ਕਦੇ ਵਿਵਾਦ ਨਹੀਂ ਹੋਵੇਗਾ ਸਗੋਂ ਅਪਣਾਉਣ ਲਈ ਹਰ ਕੋਈ ਪਹਿਲ ਕਰਦਾ ਨਜਰ ਆਵੇਗਾ। ਅਗਰ ਕਿਸੇ ਕੈਲੰਡਰ ਦੀ ਮਿਣਤੀ ਸਹੀ ਕਰਨ ਲਈ ਅੰਗਰੇਜ,ਰੋਮਨ ਜਾਂ ਭਾਰਤੀ ਬ੍ਰਾਹਮਣ ਕੋਈ ਤਬਦੀਲੀ ਕਰ ਦੇਣ ਤਾਂ ਕਿਸੇ ਨੂੰ ਅਪਣਾਉਣ ਵਿੱਚ ਕੋਈ ਉਜਰ ਨਹੀਂ ਹੋਵੇਗੀ ਪਰ ਅਗਰ ਕਿਧਰੇ ਕੋਈ ਸਿੱਖ ਵਿਦਵਾਨ ਕੈਲੰਡਰ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਸੀ ਈ ਕੈਲੰਡਰ ਵਾਂਗ ਹੀ ਤਰੀਕਾਂ ਫਿਕਸ ਕਰ ਦੇਵੇ ਤਾਂ ਸੱਚਮੁੱਚ ਵਿਵਾਦ ਹੋ ਜਾਂਦਾ ਹੈ ।ਉਹ ਲੋਕ ਜਿਹਨਾਂ ਨੂੰ ਕੈਲੰਡਰ ਵਿਗਿਆਨ ਵਾਰੇ ਊੜਾ ਐੜਾ ਨਹੀਂ ਪਤਾ ਹੁੰਦਾ ਉਹ ਵੀ ਕਿਸੇ ਨੀਤੀ ਤਹਿਤ ਆਨੇ-ਬਹਾਨੇ ਵਿਰੋਧਤਾ ਕਰਦੇ ਨਜਰ ਆਉਂਦੇ ਹਨ। ਇਹ ਗਲ ਵੀ ਸਪੱਸ਼ਟ ਹੈ ਕਿ ਹੁਣ ਸਿੱਖ ਕੌਮ ਕੇਵਲ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ । ਮਜਹਬੀ-ਰਾਜਨੀਤਕ ਗੱਠਜੋੜ ਨੇ ਆਪਣੇ ਵਕਤੀ ਫਾਇਦੇ ਲਈ ਸਿੱਖਾਂ ਦੀਆਂ ਕੇਂਦਰੀ ਜੱਥੇਬੰਦੀਆਂ ਦਾ ਘੇਰਾ ਪੰਜਾਬ ਜਾਂ ਕੁਝ ਗਵਾਂਢ ਤੱਕ ਹੀ ਸੀਮਿਤ ਕੀਤਾ ਹੋਇਆ ਹੈ ।ਜਿੱਥੇ ਹਿੰਦੁਸਤਾਨੀ ਸਿੱਖ ਉਹਨਾਂ ਦੀਆਂ ਕੀਤੀਆਂ ਬੱਜਰ ਗਲਤੀਆਂ ਕਾਰਣ ਉਹਨਾਂ ਦੀ ਨਾਨਕਸ਼ਾਹੀ ਕੈਲੰਡਰ ਵਾਰੇ ਕੋਈ ਗੱਲ ਮੰਨਣੋ ਇਨਕਾਰੀ ਹਨ ਉੱਥੇ ਭਾਰਤ ਤੋਂ ਬਾਹਰ ਵਸਦੇ ਬਹੁਤਾਤ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਮਤੇ ਪਾਏ ਹੋਏ ਹਨ ।ਅਨੇਕਾਂ ਗੁਰਦਵਾਰਿਆਂ ਨੇ ੨੦੦੩ ਤੋਂ ਹੀ ਨਾਨਕਸ਼ਾਹੀ ਕੈਲੰਡਰ ਅਪਣਾਇਆ ਹੋਇਆ ਹੈ ਅਤੇ ਲਗਾਤਾਰ ਇਸਦੇ ਹੱਕ ਵਿੱਚ ਕਾਫਲਾ ਵਧਦਾ ਜਾ ਰਿਹਾ ਹੈ ।ਭਾਵੇਂ ੨੦੦੩ ਵੇਲੇ ਨਾਨਕਸ਼ਾਹੀ ਕੈਲੰਡਰ ਦੀ ਪਰਵਾਨਗੀ ਵੇਲੇ ਸ਼ਰੋਮਣੀ ਕਮੇਟੀ ਨੇ ਕਿਸੇ ਚਾਲ ਤਹਿਤ ਤਿੰਨ –ਚਾਰ ਮਹੱਤਵਪੂਰਣ ਦਿਹਾੜਿਆਂ ਨੂੰ ਬਿਕਰਮੀ ਵਾਲੇ ਹੀ ਰੱਖਕੇ ਅਸਲ ਨਾਨਕਸ਼ਾਹੀ ਨੂੰ ਮਿਲਗੋਭਾ ਕਰਨ ਦਾ ਯਤਨ ਆਰੰਭ ਦਿੱਤਾ ਸੀ ਪਰ ਸ ਪਾਲ ਸਿੰਘ ਪੁਰੇਵਾਲ ਨੇ ਘੱਟੋ ਘੱਟ ਬਾਕੀ ਤਰੀਕਾਂ ਨੂੰ ਸਮਝਾਉਣ ਲਈ ਪਲੇਟਫਾਰਮ ਮਿਲਣ ਤੇ ਸਭ ਤਰੀਕਾਂ ਨੂੰ ਹੀ ਨਾਨਕਸ਼ਾਹੀ ਅਨੁਸਾਰ ਕਰਨ ਦੀ ਝਾਕ ਵਿੱਚ ਮੀਟਿੰਗਾਂ ਆਰੰਭੀਆਂ ਸਨ। ਪਰ ਜਿਵੇਂ ਹੀ ਸ਼ਰੋਮਣੀ ਕਮੇਟੀ ਅਤੇ ਸੰਤ ਸਮਾਜ ਨੇ ਸਾਰੇ ਹੀ ਕੈਲੰਡਰ ਦੇ ਬਿਕਰਮੀਕਰਣ ਤੇ ਜੋਰ ਦਿੱਤਾ ਹੈ ਤਾਂ ਇਸਨੂੰ ਦੇਖਦੇ ਰੋਹ ਵਿੱਚ ਆਏ ਸਿੱਖਾਂ ਵੱਲੋਂ ਜੋਰ-ਸ਼ੋਰ ਨਾਲ ਵਿਦੇਸ਼ਾਂ ਵਿੱਚ ਪੂਰਨ ਰੂਪ ਵਿੱਚ ਅਸਲੀ ਅਤੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਅਪਣਾਇਆ ਜਾ ਰਿਹਾ ਹੈ।
ਗੁਰਮੀਤ ਸਿੰਘਬਰਸਾਲ
ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ !!
Page Visitors: 2884