ਸਿੱਖ ਸੰਘਰਸ਼ ਬੇਸਿੱਟਾ ਕਿਉਂ ਹੋ ਰਹੇ ਹਨ ?
ਇਸ ਦੇ ਕਾਰਣਾਂ ਨੂੰ ਘੋਖਣ ਦੀ ਲੋੜ ਹੈ
ਜਦੋਂ ਵੀ ਕੋਈ ਕੌਮ ਜਾਂ ਕੁੱਝ ਖਾਸ ਲੋਕ ਸੰਘਰਸ਼ ਦੇ ਰਾਹ ਤੁਰਦੇ ਹਨ ਤਾਂ ਦਿਲ ਵਿੱਚ ਜਿੱਤ ਦੀ ਆਸ ਹੁੰਦੀ ਹੈ, ਪਰ ਇਹ ਜਰੂਰੀ ਨਹੀਂ ਕਿ ਨਤੀਜਾ ਜਿੱਤ ਵਿੱਚ ਹੀ ਨਿਕਲੇ। ਕੁੱਝ ਥਾਵਾਂ ਉੱਤੇ ਹਾਂਰ ਧੱਕੇ ਨਾਲ ਗਲ ਪੈ ਜਾਂਦੀ ਹੈ, ਲੇਕਿਨ ਜਿਹੜੀ ਕੌਮ ਹਾਂਰ ਦੇ ਕਾਰਣਾ ਦਾ ਪਤਾ ਨਾ ਲਾਵੇ ਜਾਂ ਆਪਣੇ ਕੀਤੇ ਦੀ ਪੜਚੋਲ ਕਰਕੇ, ਕਿਸੇ ਠੋਸ ਨਤੀਜੇ ਉਤੇ ਨਾ ਪਹੁੰਚੇ ਤਾਂ ਉਸ ਕੌਮ ਦੀਆਂ ਖਵਾਰੀਆਂ ਵਿੱਚ ਢੇਰ ਸਾਰਾ ਵਾਧਾ ਹੋ ਜਾਂਦਾ ਹੈ। ਕਈ ਵਾਰੀ ਕਿਸੇ ਕਿਸੇ ਮੋਰਚੇ ਵਿੱਚ ਆਗੂ ਅਤੇ ਸੰਘਰਸ਼ੀ ਯੋਧੇ ਬੜੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੰਘਰਸ਼ ਕਰਦੇ ਹਨ, ਲੇਕਿਨ ਸਮੇਂ ਦੀਆਂ ਹਕੂਮਤਾਂ ਵੀ ਸੰਘਰਸ਼ ਨੂੰ ਕੁਚਲਣ ਵਾਸਤੇ ਕਈ ਤਰਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਪਹਿਲੀ ਗੱਲ ਤਾਂ ਹਕੂਮਤ ਸੰਘਰਸ਼ ਵਿਚਲੀ ਪੋਲ ਨੂੰ ਲੱਭਦੀ ਹੈ ਕਿ ਕਿਥੇ ਥੋੜੀ ਜਿਹੀ ਦਰਾੜ ਮਿਲੇ ਤਾਂ ਉਥੇ ਹੀ ਫ਼ਾਨਾ ਠੋਕ ਕੇ ਦੂਰੀਆਂ ਵਧਾ ਦਿੱਤੀਆਂ ਜਾਣ।
ਸਰਕਾਰ ਅਗਵਾਈ ਕਰਦੇ ਆਗੂਆਂ ਦੀਆਂ ਕਮਜੋਰੀਆਂ ਵੀ ਲੱਭਦੀ ਹੈ ਕਿ ਇਹਨਾਂ ਨੂੰ ਕਿਵੇ ਕਾਬੂ ਵਿੱਚ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਲਾਲਚ ਜਾਂ ਕਿਸੇ ਭਰਮ ਭੁਲੇਖੇ ਜਾਂ ਭੈਅ ਰਾਹੀ ਸੰਘਰਸ਼ ਤੋਂ ਲਾਂਭੇ ਕਰ ਲਿਆ ਜਾਂਦਾ ਹੈ। ਕਈ ਵਾਰੀ ਹਕੂਮਤਾਂ ਕੁੱਝ ਬੰਦਿਆਂ ਨੂੰ ਵਾਜਿਬ ਮੁੱਲ ਉੱਤੇ ਖਰੀਦ ਵੀ ਲੈਦੀਆਂ ਹਨ, ਲੇਕਿਨ ਪੜਦਾ ਵੀ ਪਾਈ ਰੱਖਦੀਆਂ ਹਨ ਅਤੇ ਉਸ ਨੂੰ ਕਿਸੇ ਸੰਘਰਸ਼ ਦਾ ਇਸ ਕਰਕੇ ਆਗੂ ਵੀ ਬਣਾ ਦਿੱਤਾ ਜਾਂਦਾ ਹੈ ਤਾਂ ਕਿ ਸੰਘਰਸ ਦੀ ਲਗਾਮ ਹੱਥ ਵਿੱਚ ਰਹੇ ਅਤੇ ਜਦੋ ਦਿਲ ਚਾਹੇ ਸੰਘਰਸ਼ ਦੀ ਫੂਕ ਕੱਢੀ ਜਾ ਸਕੇ। ਅੱਜ ਸਾਡੇ ਸਾਹਮਣੇ ਹੈ ਕਿ ਪਿਛਲੇ ਸਾਢੇ ਤਿੰਨ ਦਹਾਂਕਿਆਂ ਵਿੱਚ ਅਸੀਂ ਬੜੇ ਹੀ ਤਲਖ ਤਜਰਬਿਆਂ ਵਿਚੋਂ ਦੀ ਗੁਜ਼ਰੇ ਹਾਂ। ਵੱਡੇ ਆਗੂਆਂ ਨੂੰ ਕੁਰਸੀ ਖਾਤਿਰ ਕੌਮ ਦੇ ਹਿੱਤ ਵੇਚਦੇ ਵੇਖਿਆ ਹੈ ਅਤੇ ਅਨੇਕਾਂ ਸੂਰਬੀਰਾਂ ਨੂੰ ਕੌਮ ਖਾਤਿਰ ਸੂਲੀ ਚੜਦੇ ਵੀ ਤੱਕਿਆ ਹੈ।
ਅਜਿਹਾਂ ਕੁਝ ਲਿਖਦਿਆਂ ਲੇਖਕ ਨੂੰ ਬੜੇ ਗੁੱਸੇ ਗਿਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁੱਝ ਹਨੋਰੇ ਕੱਸਦੇ ਹਨ ਅਤੇ ਇੰਨੇ ਉਲਾਰੂ ਹੋ ਜਾਂਦੇ ਹਨ ਕਿ ਬਦਕਲਾਮੀ ਤੱਕ ਵੀ ਉੱਤਰ ਆਉਂਦੇ ਹਨ। ਅਜਿਹਾਂ ਲਿਖਣਾ ਕਿਸੇ ਰਾਜਸੀ ਆਗੂ ਜਾਂ ਵੋਟ ਲੈਣ ਵਾਲੇ ਵਾਸਤੇ ਬਹੁਤਾ ਲਾਹੇਵੰਦਾ ਤਾਂ ਨਹੀਂ ਹੁੰਦਾ, ਲੇਕਿਨ ਜਦੋਂ ਕੌਮ ਦੀ ਤਰਾਸਦੀ ਵੇਖਦਾ ਹਾਂ, ਫਿਰ ਦੁਨੀਆ ਜਾਂ ਚੰਦ ਵੋਟਾਂ ਦੀ ਪ੍ਰਵਾਹ ਲਾਹ ਕੇ ਕਮਰਕੱਸਾ ਕਰ ਲਾਈਦਾ ਹੈ। ਇੱਕ ਗੱਲ ਇਹ ਸਪਸ਼ਟ ਹੈ ਜਿਹਨਾਂ ਲੋਕਾਂ ਦੀ ਗੱਲ ਅੱਜ ਦੇ ਲੇਖ ਵਿੱਚ ਕਰ ਰਿਹਾ ਹਾਂ, ਦਾਸ ਲੇਖ਼ਕ ਵੀ ਉਹਨਾਂ ਵੀਰਾਂ ਵਰਗਾ ਹੀ ਹੈ। ਆਹ ਚਾਰ ਜਬ•ਲੀਆਂ, ਜਿਹੜੀਆਂ ਕੁੱਝ ਅਖਬਾਰਾਂ ਵਿੱਚ ਮਾਰ ਲੈਂਦਾ ਹਾਂ, ਇਸ ਤੋਂ ਵੱਧਕੇ ਜਿੰਦਗੀ ਦੀ ਕੋਈ ਹੋਰ ਪ੍ਰਾਪਤੀ ਨਹੀਂ ਹੈ, ਪਰ ਇੱਕ ਗੱਲ ਜਰੁਰ ਹੈ ਕਿ ਕੁੱਝ ਲੋਕ ਜਿਹੜੇ ਕਦੇ ਕੌਮ ਦੇ ਜਿੰਦਾ ਸ਼ਹੀਦ ਬਣੇ ਹੋਏ ਸਨ ਅਤੇ ਹੁਣ ਜਮੀਰ ਵੇਚਕੇ ਕੌਮ ਧਰੋਹੀਆਂ ਦੀ ਕਤਾਰ ਵਿੱਚ ਖੜੇ ਹੋ ਕੇ ਕੌਮੀ ਸੰਘਰਸ਼ ਬਾਰੇ ਆਖਦੇ ਹਨ ਕਿ ਐਵੇ ਹੀ ਜਿੰਦਗੀ ਖਰਾਬ ਕੀਤੀ ਹੈ, ਨਾਲੋ ਦਾਸ ਕਈ ਗੁਣਾਂ ਚੰਗਾ ਹੈ, ਕੱਲ ਪਤਾ ਨਹੀਂ ਜਿਸ ਨੂੰ ਗੁਰੂ ਨੇ ਹਾਲੇ ਤੱਕ ਅਡੋਲ ਰੱਖਿਆ ਹੈ।
ਪਿਛਲੇ ਸਾਲਾਂ ਤੋਂ ਹਰ ਰੋਜ਼ ਕੌਮ ਨੂੰ ਕੋਈ ਨਾ ਕੋਈ ਨਵਾਂ ਸਿਆਪਾ ਗਲ ਪੈਂਦਾ ਆ ਰਿਹਾ, ਜਿਸ ਨਾਲ ਨਿੱਤ ਨਵਾਂ ਫਰੰਟ ਖੁੱਲ ਜਾਂਦਾ ਹੈ ਅਤੇ ਫਿਰ ਇੱਕ ਨਵੇ ਸੰਘਰਸ਼ ਦੀ ਲੋੜ ਪੈਂਦੀ ਹੈ। ਸਿੱਖਾਂ ਨੇ ਕਦੇ ਸੰਘਰਸ਼ ਤੋਂ ਪਾਸਾ ਨਹੀਂ ਵੱਟਿਆ ਸੀ, ਜਦੋਂ ਵੀ ਕਿਸੇ ਨੇ ਆਵਾਜ਼ ਮਾਰੀ ਤਾਂ ਪਤੰਗਿਆਂ ਵਾਂਗੂੰ ਸਿੱਖਾਂ ਨੇ ਸ਼ਮਾਂ ਤੇ ਕੁਰਬਾਨ ਹੋਣ ਵਾਸਤੇ ਲੰਬੀ ਕਤਾਰ ਲਗਾ ਦਿੱਤੀ। ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਵਿਖਾਈ, ਜੇ ਕਦੇ ਕੋਈ ਕਮਜ਼ੋਰੀ ਜਾਂ ਪਤਲਾਪਨ ਵਿਖਾਇਆ ਤਾਂ ਹਮੇਸ਼ਾਂ ਸੰਘਰਸ਼ ਦੀ ਅਗਵਾਈ ਕਰਨ ਵਾਲਿਆਂ ਨੇ ਹੀ ਵਿਖਾਇਆ ਹੈ।
ਜਿਸ ਸਮੇਂ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਸਵਾਂਗ ਰਚਾਇਆ ਸੀ ਤਾਂ ਉਸ ਵੇਲੇ ਸਿੱਖਾਂ ਅੰਦਰ ਜਜ਼ਬਿਆਂ ਦਾ ਜਵਾਰ ਭਾਟਾ ਆ ਗਿਆ ਸੀ, ਲੇਕਿਨ ਸੰਘਰਸ਼ ਦੀ ਅਗਵਾਈ ਵਾਸਤੇ ਇੱਕ ਖਾਲਸਾ ਐਕਸ਼ਨ ਕਮੇਟੀ ਬਣੀ ਸੀ, ਜਿਸ ਨੇ ਸੰਘਰਸ਼ ਹਾਂਲੇ ਨਹੀਂ ਦੱਸਿਆ ਕਿ ਐਕਸ਼ਨ ਕੀਹ ਕੀਤਾ ਹੈ? ਅੱਜ ਤੱਕ ਕਿਸੇ ਨੇ ਖਾਲਸਾ ਐਕਸ਼ਨ ਕਮੇਟੀ ਦੇ ਆਗੂਆਂ ਤੋਂ ਨਹੀਂ ਪੁੱਛਿਆ ਕਿ ਜਿਸ ਸੰਘਰਸ਼ ਦੀ ਜਿੰਮੇਵਾਰੀ ਤੁਹਾਂਡੇ ਹੱਥ ਦਿੱਤੀ ਸੀ ਉਸਦਾ ਤੁਸੀਂ ਕੀਹ ਕੀਤਾ ਹੈ।
ਹੁਣ ਤੱਕ ਵੀ ਕੁਝ ਲੋਕ ਆਪਣੇ ਆਪ ਨੂੰ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਦੱਸ ਕੇ ਪੰਥਕ ਸਮਾਗਮਾਂ ਵਿੱਚ ਬੋਲਣ ਦਾ ਸਮਾਂ ਤਾਂ ਜ਼ਰੂਰ ਮੰਗਦੇ ਹਨ, ਪਰ ਇਹ ਕਦੇ ਨਹੀਂ ਦੱਸਦੇ ਕਿ ਉਸ ਸੰਘਰਸ਼ ਦਾ ਕੀਹ ਬਣਿਆ। ਆਪਣੇ ਗਰਮਾਂ ਗਰਮ ਭਾਸ਼ਣਾਂ ਵਿੱਚ ਸਰਕਾਰ ਨੇ ਸਾਡੇ ਆਹ ਕੀਤਾ, ਹਕੂਮਤ ਨੇ ਸਾਡੇ ਨਾਲ ਔਹ ਕੀਤਾ, ਲੇਕਿਨ ਇਹ ਨਹੀਂ ਦੱਸਦੇ ਕਿ ਅਸੀਂ ਕੀਹ ਕੀਤਾ। ਇੱਕ ਗੱਲ ਬੜੀ ਮਜ਼ੇ ਦੀ ਹੈ ਕਿ ਆਪਣੀ ਅਸਫਲਤਾ ਉਤੇ ਭੋਰਾ ਵੀ ਨਮੋਸ਼ੀ ਨਹੀਂ ਮੰਨਦੇ। ਸਰਕਾਰ ਜਾਂ ਕਿਸੇ ਏਜੰਸੀ ਦੇ ਸਿਰ ਭਾਂਡਾ ਭੰਨਕੇ, ਕਿਸੇ ਅਗਲੇ ਸੰਘਰਸ਼ ਦੀ ਅਗਵਾਈ ਲੈਣ ਵਾਸਤੇ ਉਸਲ ਵੱਟੇ ਲੈਣ ਲੱਗ ਪੈਂਦੇ ਹਨ ਅਤੇ ਬਹੁਤੀ ਵਾਰੀ ਕਾਮਯਾਬ ਵੀ ਹੋ ਜਾਂਦੇ ਹਨ। ਅਜਿਹਾਂ ਇੱਕ ਵਾਰ ਨਹੀਂ ਕਈ ਵਾਰ ਹੋ ਚੁੱਕਾ ਹੈ। ਹੁਣ ਤਾਂ ਕੌਮ ਦੀ ਹਾਲਤ ਉੱਤੇ ਹਾਸਾ ਵੀ ਆਉਂਦਾ ਹੈ ਅਤੇ ਸ਼ਰਮ ਵੀ ਆਉਂਦੀ ਹੈ, ਕਿ ਅਜਿਹੇ ਪਰਖੇ ਹੋਏ ਲੋਕਾਂ ਨੂੰ ਫਿਰ ਵਾਰ ਵਾਰ ਮੌਕਾ ਦਿੰਦੀ ਆ ਰਹੀ ਹੈ, ਜਿਹੜੇ ਅਜਿਹੀ ਫਸਲ ਬੀਜਦੇ ਹਨ ਜਿਸਨੂੰ ਸਿੱਟੇ ਹੀ ਨਹੀਂ ਲੱਗਦੇ, ਦਾਣੇ ਕਿੱਥੋਂ ਪੈਣੇ ਹਨ। ਫਿਰ ਮਨ ਵਿੱਚ ਸ਼ੰਕਾ ਆਉਣ ਲੱਗ ਪੈਂਦੀ ਹੈ ਕਿ ਕਿਤੇ ਇਹਨਾਂ ਵਿੱਚ ਕੁੱਝ ਲੋਕ ਉਹ ਤਾਂ ਨਹੀਂ ਜਿਹੜੇ ਪੜਦੇ ਪਿਛਲੇ ਹਨ?
ਸਿੱਖਾਂ ਦੀਆਂ ਬੁਨਿਆਦੀ ਮੰਗਾਂ ਤਾਂ ਕਿਸੇ ਨੂੰ ਚੇਤੇ ਹੀ ਨਹੀਂ, ਹੁਣ ਤਾਂ ਕੁੱਝ ਮਸਲਿਆਂ ਵਿੱਚੋਂ ਜਨਮੇ ਮੁੱਦੇ ਹੀ ਬਥੇਰੇ ਹਨ। ਹੁਣ ਬੰਦੀ ਸਿੰਘਾਂ ਦੀ ਰਿਹਾਈ ਸਿੱਖਾਂ ਦਾ ਬੁਨਿਆਦੀ ਮਾਮਲਾ ਨਹੀਂ, ਦਰਬਾਰ ਸਾਹਿਬ ਦਾ ਹਮਲਾ ਦਿੱਲੀ ਦਾ ਸਿੱਖ ਕਤਲੇਆਮ, ਪੰਜਾਬ ਦੇ ਝੂਠੇ ਪੁਲਿਸ ਮੁਕਾਬਲੇ, ਇਹ ਸਾਡੇ ਬੁਨਿਆਦੀ ਮਸਲੇ ਨਹੀਂ ਹਨ ਅਤੇ ਨਾ ਹੀ ਨਿੰਰਕਾਰੀ ਮੁਖੀ ਦਾ ਕਤਲ, ਇੰਦਰਾ ਗਾਂਧੀ ਦੀ ਹੱਤਿਆ, ਬੇਅੰਤ ਸਿੰਘ ਜਾਂ ਜਰਨਲ ਵੈਦਿਆ ਨੂੰ ਮਾਰਨਾ ਸਿੱਖਾਂ ਨੇ ਕਦੇ ਚਿਤਵਿਆ ਸੀ, ਇਹ ਸਭ ਕੁੱਝ ਭਾਰਤੀ ਨਿਜ਼ਾਮ ਦੇ ਵਿਤਕਰਿਆਂ ਅਤੇ ਬੇ ਇਨਸਾਫੀਆਂ ਦੀ ਦੇਣ ਹੈ। ਸਿੱਖਾਂ ਦੇ ਸਬਰ ਨੂੰ ਜਬਰ ਦੀ ਕਸਵੱਟੀ ਉੱਤੇ ਪਰਖਦੇ ਰਹੇ ਹਨ। ਮੁੱਢਲੇ ਹੱਕ ਦਬਾਉਂਦੇ ਰਹੇ ਅਤੇ ਜਬਰ ਜਾਂ ਤਸ਼ੱਦਦ ਵਿੱਚੋਂ ਨਵੇ ਮਸਲੇ ਉਭਾਰਦੇ ਰਹੇ, ਇਹਨਾਂ ਨਵੇ ਉੱਗੇ ਮੁੱਦਿਆਂ ਬਾਰੇ ਵੀ ਹਕੂਮਤਾਂ ਦੀ ਪਹੁੰਚ ਬੜੀ ਨਿਰਾਸ਼ਤਾ ਦੇਣ ਵਾਲੀ ਹੈ। ਇੱਕ ਹੀ ਕਾਨੂੰਨ, ਇਕ ਹੀ ਅਦਾਲਤ, ਇੱਕ ਹੀ ਸਜ਼ਾ, ਪਰ ਰਿਹਾਈ ਨਸਲ ਜਾਂ ਜਮਾਤ ਦੇ ਅਧਾਰ ਉੱਤੇ ਵੱਖਰੀ ਵੱਖਰੀ ਹੋ ਰਹੀ ਹੈ।
ਅੱਜ ਕੁੱਝ ਬੰਦੀ ਸਿੱਖਾਂ ਦੀਆਂ ਸਜ਼ਾਵਾਂ ਆਮ ਉਮਰ ਕੈਦ ਤੋਂ ਜਿਆਦਾ ਹੋ ਜਾਣ ਉੱਤੇ ਕੌਮ ਨੇ ਸੰਘਰਸ਼ ਆਰੰਭ ਕੀਤਾ ਹੈ। ਪਹਿਲਾ ਤਾਂ ਸੰਘਰਸ਼ ਦਾ ਮਲਾਹ ਹੀ ਬੇੜੀ ਨੂੰ ਖਾਰੇ ਸਮੁੰਦਰ ਦੀਆਂ ਲਹਿਰਾਂ ਤੱਕ ਪਹੁੰਚਾਕੇ ਆਪ ਚੁੱਪ ਚੁਪੀਤੇ ਖਿਸਕ ਗਿਆ। ਦੂਜੀ ਵਾਰ ਫਿਰ ਆਇਆ ਕੌਮ ਨੇ ਭਰੋਸਾ ਕਰ ਲਿਆ, ਹੁਣ ਵੀ ਪ੍ਰਵਾਨਿਆਂ ਦੇ ਕਾਫਲੇ ਵਿੱਚੋਂ ਮੁੰਹ ਵਲੇਟ ਕੇ ਮਲਕੜੇ ਜਿਹੇ ਨਿਕਲ ਗਿਆ। ਮਰਨ ਦੀ ਨੀਅਤ ਤਾਂ ਪਹਿਲਾਂ ਹੀ ਨਹੀਂ ਸੀ। ਜਦੋਂ ਕੋਈ ਕੌਮ 'ਤੇ ਕੁਰਬਾਨ ਹੋਣ ਵਾਸਤੇ ਨਿਕਲਦਾ ਹੈ ਤਾਂ ਕੌਮ ਨੂੰ ਆਪਣਾ ਪਰਿਵਾਰ ਮੰਨਕੇ ਗੁਰੂ ਦਾ ਆਸਰਾ ਤੱਕ ਕੇ ਕਦਮ ਪੁੱਟਦਾ ਹੈ, ਲੇਕਿਨ ਜਦੋਂ ਮੌਤ ਦੇ ਤਖਤੇ ਉੱਤੇ ਖਲੋਤਾ ਕੋਈ ਆਖੇ, ਮੇਰੇ ਬੱਚੇ ਦਾ ਖਿਆਲ ਰੱਖਿਓ, ਉਸ ਵੇਲੇ ਸਮਝ ਆ ਜਾਂਦੀ ਹੈ ਕਿ ਹਾਂਲੇ ਸੁਰਤੀ ਤਾਂ ਘਰ ਦੀ ਦਹਿਲੀਜ਼ ਨਹੀਂ ਟੱਪੀ, ਗੁਰੂ ਅਰਜਨ ਪਾਤਸ਼ਾਹ ਦਾ ਦਵਾਰ ਤਾਂ ਜਿੰਦਗੀ ਦੇ ਦੂਜੇ ਪਾਸੇ ਹੈ, ਉਥੇ ਕੋਈ ਭਾਗਾ ਵਾਲਾ ਹੀ ਪਹੁੰਚਦਾ ਹੈ, ਪਰ ਬਾਪੂ ਸੂਰਤ ਸਿੰਘ ਨੇ ਕੌਮ ਨਾਲ ਹੋਈਆਂ ਬੇਵਫਾਈਆਂ ਨੂੰ ਸੀਨੇ ਤੇ ਲਾ ਲਿਆ ਅਤੇ ਦੋ ਟੁੱਕ ਫੈਸਲਾ ਕਰ ਲਿਆ ਕਿ ਹੁਣ ਸ਼ਹੀਦੀ ਦੇ ਕੇ, ਕਿਸੇ ਵੱਲੋਂ ਸਿੱਖ ਸੰਘਰਸ਼ ਉੱਤੇ ਲਾਏ ਕਾਲੇ ਧੱਬੇ ਆਪਣੇ ਖੂਨ ਨਾਲ ਧੋ ਦੇਣੇ ਹਨ। ਆਪਣੀ ਵਸੀਹਤ ਵਿੱਚ ਲਿਖ ਦਿੱਤਾ ਕਿ ਜੇ ਦਾਸ ਨੂੰ ਸ਼ਹਾਂਦਤ ਦਾ ਗੱਫਾ ਪ੍ਰਾਪਤ ਹੋ ਜਾਵੇ ਤਾਂ ਮੇਰਾ ਘਰ ਪੰਥਕ ਕਾਰਜਾਂ ਵਾਸਤੇ ਕੌਮ ਵਰਤ ਸਕਦੀ ਹੈ। ਉਨ੍ਹਾਂ ਦਾ ਪਰਿਵਾਰ ਬੜੀ ਹਿੰਮਤ ਅਤੇ ਸਬਰ ਨਾਲ ਆਪਣੇ ਬਜੁਰਗ ਨੂੰ ਤੂੰਬਾ ਤੂੰਬਾ ਕਰਕੇ ਟੁੱਟਦੇ ਚੁੱਪ ਚਾਪ ਵੇਖ ਰਿਹਾ ਹੈ।
ਲੇਕਿਨ ਪਹਿਲੇ ਦੋ ਮਰਨ ਵਰਤਾਂ ਦੇ ਕੌੜੇ ਤਜਰਬੇ ਕਰਕੇ, ਸਿੱਖਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਬਾਪੂ ਸੂਰਤ ਸਿੰਘ ਸਿਰੇ ਲਵੇਗਾ ਵੀ ਕਿ ਨਹੀਂ। ਇਸ ਕਰਕੇ ਸਿੱਖ ਵੀ ਹਾਲੇ ਅਵੇਸਲੇ ਜਿਹੇ ਹੋਏ ਬੈਠੇ ਹਨ। ਭਾਰਤੀ ਨਿਜ਼ਾਮ ਦੀ ਨੀਤੀ ਨੂੰ ਸਮਰਪਿਤ ਮੀਡੀਆ ਵੀ ਬਾਪੂ ਸੂਰਤ ਸਿੰਘ ਦੀ ਖਬਰ ਨੂੰ ਕੱਜ ਕੇ ਹੀ ਰਖਦਾ ਹੈ ਕਿ ਕਿਤੇ ਠੰਡ ਹੀ ਨਾ ਲੱਗ ਜਾਵੇ। ਸਿਰਫ ਇੱਕ ਰੋਜ਼ਾਨਾ ਪਹਿਰੇਦਾਰ ਅਖਬਾਰ ਹੀ ਨਿਰੰਤਰ ਪੈਰਵੀ ਕਰ ਰਿਹਾ ਹੈ। ਉਸਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੂੰ ਵੀ ਸਾਰਾ ਦਿਨ ਥਾਣੇ ਬੈਠਕੇ ਸੰਘਰਸ਼ ਦੀ ਹਮਾਇਤ ਦਾ ਫਲ ਭੁਗਤਨਾ ਪਿਆ। ਦੂਜੀ ਗੱਲ ਇਹ ਵੀ ਹੈ ਕਿ ਕੋਈ ਵੀ ਕੱਦਾਵਾਰ ਸ਼ਖਸੀਅਤ ਅੱਗੇ ਨਹੀਂ ਲੱਗੀ, ਫਿਰ ਮੇਰੇ ਵਰਗੇ ਉਹ ਹੀ ਲੋਕ ਜਿਹਨਾਂ ਦੇ ਕੱਦ ਸਿੱਖ ਸੰਘਰਸ਼ ਦੀ ਅਗਵਾਈ ਕਰਨ ਜੋਗੇ ਨਹੀਂ ਬਣੇ, ਉਹ ਹੀ ਅੱਗੇ ਹੋ ਤੁਰਦੇ ਹਨ, ਤਾਂ ਸਿੱਖਾਂ ਅੰਦਰ ਫਿਰ ਇੱਕ ਸ਼ੰਕਾ ਜਨਮ ਲੈ ਲੈਂਦੀ ਹੈ ਕਿ ਇਹ ਸੰਘਰਸ਼ ਵੀ ਕਿਤੇ ਅਗਵਾਈ ਪੱਖੋਂ ਮਾਰ ਨਾ ਖਾ ਜਾਵੇ। ਉਹ ਘਰੋਂ ਹੀ ਨਹੀਂ ਨਿਕਲਦੇ। ਸਿੱਖ ਵੀ ਕੀਹ ਕਰਨ, ਬੜੀਆਂ ਕਮੇਟੀਆਂ ਬਣੀਆਂ ਜਿਹਨਾਂ ਨੇ ਇਨਸਾਫ਼ ਲੈਕੇ ਦੇਣ ਦੇ ਦਮਗਜੇ ਮਾਰੇ, ਪਰ ਸੰਘਰਸ਼ ਦਾ ਅੰਤ ਕਿਵੇ ਹੋਏ ਦੱਸਿਆ ਇਹ ਵੀ ਅੱਜ ਤੱਕ ਨਹੀਂ ਕਦੇ।
ਹੁਣ ਅਸਲੀ ਮੁੱਕਦੀ ਗੱਲ ਇਹ ਹੈ ਕਿ ਸਿੱਖ ਕੌਮ ਨੂੰ ਖਵਾਰ ਕਰਨ ਵਾਲੇ ਸੱਤ ਕੁ ਸੌ ਬਾਦਲ ਦਲੀਏ ਅਤੇ ਤਿੰਨ ਕੁ ਸੌ ਪੰਥਕ ਅਖਵਾਉਣ ਵਾਲੇ, ਜਿਹਨਾਂ ਵਿੱਚ ਦਾਸ ਲੇਖਕ ਦੀ ਗਿਣਤੀ ਵੀ ਕੀਤੀ ਜਾਵੇ, ਅਸੀਂ ਹੀ ਇਸ ਕੌਮ ਦਾ ਕੁੱਝ ਬਨਣ ਨਹੀਂ ਦੇ ਰਹੇ। ਜਦੋਂ ਕੌਮ ਕਿਸੇ ਪਾਸੇ ਤੁਰਦੀ ਹੈ ਤਾਂ ਅਸੀਂ ਨਜਰ ਵੱਟੂ ਬਣਕੇ ਸਭ ਤੋਂ ਅੱਗੇ ਹੋ ਜਾਂਦੇ ਹਾਂ। ਸਾਡੀਆਂ ਮੋਮਨਾਂ ਵਰਗੀਆਂ ਸ਼ਕਲਾਂ ਅਤੇ ਕਾਫਰਾਂ ਵਰਗੀ ਕਾਰਗੁਜ਼ਾਰੀ ਤੋਂ ਕੌਮ ਦੇ ਜਜਬਾਤ ਸਰਦ ਹੋਣੇ ਸ਼ੁਰੂ ਹੋ ਜਾਂਦੇ ਹਨ।
ਕੋਈ ਕੱਦਾਵਰ ਸ਼ਖਸੀਅਤ ਵੀ ਇਸ ਕਰਕੇ ਅੱਗੇ ਨਹੀਂ ਲਗਦੀ ਕਿ ਮੇਰੇ ਵਰਗੇ ਬਹੁਤ ਸਾਰੇ ਪੀਰ ਮਨਾਉਣੇ ਪੈਣੇ ਹਨ, ਜਿਹੜੇ ਹਰ ਮੋੜ ਉੱਤੇ ਧੱਕਾ ਦੇਣ ਵਾਸਤੇ ਸ਼ਹਿ ਲਾਈ ਬੈਠੇ ਹਨ। ਕੌਮ ਵੀ ਨਹੀਂ ਤੁਰਦੀ ਅਤੇ ਕੋਈ ਯੋਗ ਆਗੂ ਅਗਵਾਈ ਕਰਨ ਨੂੰ ਵੀ ਤਿਆਰ ਨਹੀਂ, ਫਿਰ ਸਿੱਖਾਂ ਦਾ ਕੀਹ ਬਣੇਗਾ, ਇਸ ਸਵਾਲ ਨੂੰ ਸਨਮੁੱਖ ਰੱਖਦਿਆਂ, ਸਾਨੂੰ ਪੰਥਕ ਅਖਵਾਉਣ ਵਾਲਿਆਂ ਨੂੰ ਕੌਮ ਦਾ ਵੇਹੜਾ ਖਾਲੀ ਕਰਕੇ ਥਾਂ ਬਣਾਉਣੀ ਚਾਹੀਦੀ ਹੈ ਤਾਂ ਕਿ ਕੁੱਝ ਨਵੇ ਚਿਹਰੇ, ਜਿਹਨਾਂ ਉੱਤੇ ਸਿੱਖ ਕੌਮ ਭਰੋਸਾ ਕਰ ਸਕੇ, ਉਹ ਅੱਗੇ ਆਉਣ।
ਅਸੀਂ ਅੱਗੇ ਲੱਗ ਕੇ ਵੇਖ ਲਿਆ, ਕੁੱਝ ਸੰਵਾਰ ਨਹੀਂ ਸਕੇ ਤੇ ਪਿੱਛੇ ਵੀ ਨਹੀਂ ਹੱਟਦੇ, ਫਿਰ ਕੀਹ ਫਾਇਦਾ ਹੋਵੇਗਾ ਜਦੋਂ ਧਰਮਰਾਜ਼ ਨੇ ਬਾਹੋਂ ਫੜਕੇ ਸਿੱਧੇ ਹੀ ਘੜੀਸ ਲਿਆ ਤਾਂ ਵੀ ਤਾਂ ਹਟਣਾ ਹੀ ਪੈਣਾ ਹੈ, ਕਿਉਂ ਨਾ ਜਿਉਂਦੇ ਜੀ ਕਿਸੇ ਹੋਰ ਨੂੰ ਮੌਕਾ ਦੇਈਏ ਅਤੇ ਰਹਿੰਦੀ ਜਿੰਦਗੀ ਵਿੱਚ ਕਿਸੇ ਕੌਮੀ ਸੰਘਰਸ਼ ਦੀ ਜਿੱਤ ਦਾ ਅਨੰਦ ਵੀ ਲੈਂਦੇ ਜਾਈਏ ਜਾਂ ਫਿਰ ਸਾਰੇ ਪੰਥਕ ਅਖਵਾਉਣ ਵਾਲੇ ਆਪਣੇ ਆਲੇ ਦੁਆਲੇ ਤੋਂ ਈਰਖਾ ਦੇ ਕੰਡੇ ਝਾੜਕੇ, ਸਿੱਧੇ ਹੋ ਕੇ ਇੱਕ ਦੂਜੇ ਨੂੰ ਗਲਵਕੜੀਆਂ ਪਾਓ ਅਤੇ ਕੌਮੀ ਸੰਘਰਸ਼ਾਂ ਨੂੰ ਕਿਸੇ ਕੰਢੇ ਪੁਚਾਓ, ਬੇਸ਼ੱਕ ਉਸ ਵਿੱਚ ਸ਼ਹਾਂਦਤ ਦੇ ਅੰਜਾਮ ਤੱਕ ਹੀ ਕਿਉਂ ਨਾ ਜਾਣਾ ਪਵੇ। ਫਿਰ ਕੌਮ ਦਾ ਭਰੋਸਾ ਵੀ ਬਣੇਗਾ ਅਤੇ ਸੰਘਰਸ਼ ਕਦੇ ਵੀ ਬੇ ਸਿੱਟਾ ਸਮਾਪਤ ਨਹੀਂ ਹੋਣਗੇ। ਗੁਰੂ ਰਾਖਾ !!
ਗੁਰਿੰਦਰਪਾਲ ਸਿੰਘ ਧਨੌਲਾ
93161 76519
Gurinderpal Singh Dhanoula
ਸਿੱਖ ਸੰਘਰਸ਼ ਬੇਸਿੱਟਾ ਕਿਉਂ ਹੋ ਰਹੇ ਹਨ ?
Page Visitors: 2696