ਲੀਡ ਜਾਂ ਲਿੱਦ ? (ਨਿੱਕੀ ਕਹਾਣੀ)
ਗੁਰਦੁਆਰੇਆਂ ਵਿੱਚ, ਵਾਟਸਏਪ ਅੱਤੇ ਸੋਸ਼ਲ ਮੀਡਿਆ ਤੇ ਸਿੱਖ ਇੱਕ ਦੂਜੇ ਨਾਲ ਭਿੜੇ ਨਜ਼ਰ ਆ ਰਹੇ ਨੇ !
ਨਿੱਕੀ ਨਿੱਕੀ ਗੱਲਾਂ ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ! ਸਿਆਸਿਆਂ ਵੱਲੋ ਆਪਣੇ ਹੀ ਪੰਥਕ ਵੀਰਾਂ ਨੂੰ ਗੁਰਮਤ ਰਾਹ ਤੇ ਚਲਣ ਕਰਕੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ! ਕਿਥੇ ਗਿਆ ਪੰਥ ਦਾ ਏਕਾ ? ਕਿਥੇ ਗੁਆਚ ਗਏ ਪੰਥ-ਪ੍ਰਸਤ ਅਕਾਲੀ ? ਨਾ ਬੋਲਾਂ ਤਾ ਮਰ ਜਾਵਾਂਗਾ, ਜੇ ਬੋਲਾਂ ਤਾ ਆਪਣੇ ਹੀ ਮਾਰ ਦੇਣਗੇ !! (ਪੰਥ ਦੇ ਨਿਘਰਦੇ ਹਾਲਾਤ ਵੇਖਦੇ ਹੋਏ ਸਤਨਾਮ ਸਿੰਘ ਦੁਖੀ ਸੀ)
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ! ਸਿੱਖਾਂ ਵਿੱਚ ਦੇਸ਼ ਭਗਤੀ,ਸਮਾਜ ਦੀ ਭਲਾਈ, ਗੁਰੂ ਪ੍ਰਤੀ ਪਿਆਰ, ਪੰਥ ਦੀ ਚਿੰਤਾ ਅੱਤੇ ਚੜਦੀ ਕਲਾ ਆਦਿ ਗੁਣ ਹੁੰਦਿਆਂ ਹੋਇਆਂ ਵੀ ਲੀਡਰਸ਼ਿਪ ਦੀ ਕਮੀ ਕਰਕੇ ਉਨ੍ਹਾਂ ਨੂੰ ਹਰ ਮੋਰਚੇ ਤੇ ਹਾਰ ਦਾ ਮੁੰਹ ਵੇਖਣਾ ਪੈ ਰਿਹਾ ਹੈ ! (ਬਲਜੀਤ
ਸਿੰਘ ਨੇ ਵੀ ਆਪਣੇ ਦਿਲ ਦੀ ਗੱਲ ਮੁਕਾਈ)
ਸਤਨਾਮ ਸਿੰਘ : ਗਾਂਧੀ ਦੇ ਬਾਂਦਰ ਵਾਂਗ ਜਦੋਂ ਸਾਡੇ ਧਾਰਮਿਕ ਅੱਤੇ ਸਿਆਸੀ ਲੀਡਰ ਸਮਾਂ ਆਉਣ ਤੇ ਵੀ ਆਪਣੇ ਸਿਆਸੀ ਨਿਸ਼ਾਨੇਆਂ ਕਰਕੇ ਮੁੰਹ ਨਹੀਂ ਖੋਲਦੇ ਤਾਂ ਸਚ ਹੀ ਦਿਲ ਰੋ ਉੱਠਦਾ ਹੈ ! ਗਾਂਧੀ ਦੇ ਦੂਜੇ ਬਾਂਦਰ ਵਾਂਗ ਜਦੋਂ ਪੰਥਕ ਮਸਲਿਆਂ ਨੂੰ ਵੇਖ ਕੇ ਵੀ ਇਹ ਲੋਗ ਅੱਖਾਂ ਬੰਦ ਕਰ ਲੈਂਦੇ ਹਨ ਤਾਂ ਸਚ ਹੀ ਦਿਲ
ਕਰਦਾ ਹੈ ਕੀ ਇਨ੍ਹਾਂ ਦੀਆਂ ਅੱਖਾਂ ਰੱਬ ਪੱਕੀਆਂ ਹੀ ਬੰਦ ਕਰ ਦੇਵੇ !
ਬਲਜੀਤ ਸਿੰਘ (ਸੁਆਦ ਲੈਂਦਾ ਹੋਇਆ) : ਤੇ ਫਿਰ ਹੁਣ ਤੀਜੇ ਬਾਂਦਰ ਦੀ ਵੀ ਗੱਲ ਪੂਰੀ ਕਰ ਦੇ !
ਸਤਨਾਮ ਸਿੰਘ (ਹਸਦਾ ਹੋਇਆ) : ਗਾਂਧੀ ਦੇ ਤੀਜੇ ਬਾਂਦਰ ਵਾਂਗ ਜਦੋਂ ਇਹ ਲੀਡਰ ਹਰ ਪੰਥਕ ਅੱਤੇ ਗੁਰਮਤ ਭਰਪੂਰ ਮੰਗ ਉੱਤੇ ਆਪਣੇ ਕੰਨ ਬੰਦ ਕਰ ਲੈਂਦੇ ਹਨ ਤੇ ਕੰਨੀ ਕੱਟ ਜਾਉਂਦੇ ਹਨ ਤਾਂ ਧਰਮ ਨਾਲ ਚਿੱਤ ਕਰਦਾ ਹੈ ਕੀ ਰੱਬ ਇਨ੍ਹਾਂ ਦੇ ਕੰਨਾਂ ਦੇ ਪਰਦੇ ਹੀ ਪਾੜ ਦੇਵੇ !
ਬਲਜੀਤ ਸਿੰਘ (ਵਿਚਾਰ ਕਰਦਾ ਹੋਇਆ) : ਮੁਕਦੀ ਗੱਲ ਤਾਂ ਇਹ ਹੈ ਵੀਰ ਕਿ ਲੀਡਰ ਦਾ ਕੰਮ ਹੈ "ਲੀਡ" ਕਰਨਾ... ਨਾ ਕੀ "ਲਿੱਦ" ਕਰਨਾ ! ਪਿਛਲੇ ਬਹੁਤ ਸਮੇਂ ਤੋ ਸਿੱਖਾਂ ਦੇ ਸਾਰੇ ਧਾਰਮਿਕ ਅੱਤੇ ਸਿਆਸੀ ਲੀਡਰ ਲੀਡ ਨਹੀਂ ਕਰ ਪਾ ਰਹੇ ਭਾਵ ਸਹੀ ਤਰੀਕੇ ਨਾਲ ਅਗੁਆਈ ਨਹੀਂ ਕਰ ਪਾ ਰਹੇ ਪਰ ਦੂਜਾ ਕੰਮ ਬਾਖੂਬੀ ਨਿਭਾ ਰਹੇ ਹਨ ਜਿਸ ਕਰਕੇ ਕੌਮ ਵਿੱਚ ਭਰਾ-ਮਾਰੂ ਜੰਗ ਛਿੜੀ ਹੋਈ ਹੈ ! ਹੁਣ ਤਾਂ ਸਿੱਖਾਂ ਨੂੰ ਹੀ ਇੱਕ ਹੋ ਉੱਦਮ ਕਰਨਾ ਪਵੇਗਾ ਤੇ ਇਨ੍ਹਾਂ ਨੂੰ ਮਜਬੂਰ ਕਰ ਕੇ ਪੰਥ ਵਿੱਚ ਪੈ ਚੁੱਕੇ ਭੰਬਲਭੂਸੇਆਂ ਨੂੰ ਇੱਕ ਇੱਕ ਕਰਕੇ ਸਾਫ਼ ਕਰਵਾਉਣਾ ਪਵੇਗਾ ਵਰਨਾ ਇਨ੍ਹਾਂ ਲੀਡਰਾਂ ਦੀ ਪੰਥ ਪ੍ਰਤੀ ਅਵੇਸਲੇਪਨ ਦੀ "ਜਿੱਦ" ਅੱਤੇ ਮਨਮਤ ਦੀ "ਲਿੱਦ" ਬੇੜਾ ਗਰਕ ਕਰ ਦੇਵੇਗੀ !
ਸਤਨਾਮ ਸਿੰਘ (ਦੁਖੀ ਹੁੰਦਾ ਹੋਇਆ) : ਲੀਡਰਾਂ ਦੇ ਸਿੱਖ ਜਦੋਂ ਵਾਪਿਸ ਗੁਰੂ ਕੇ ਸਿੱਖ ਬਣ ਜਾਣਗੇ ਤਾਂ ਮੇਰੇ ਭਾਈ, ਤੇਰੀ ਇਹ ਇੱਛਾ ਵੀ ਪੂਰੀ ਹੋ ਜਾਵੇਗੀ ! ਵੈਰੀ ਹੱਥੋਂ ਹਾਰੇ ਨੂੰ ਤਾਂ ਯਾਰ ਚੁੱਕ ਲੈਣਗੇ, ਯਾਰਾਂ ਹੱਥੋਂ ਹਾਰੇ ਨੂੰ ਕੌਣ ਚੁੱਕੇਗਾ...?
ਬਲਵਿੰਦਰ ਸਿੰਘ ਬਾਈਸਨ
http://nikkikahani.com/