-: ਅਜੋਕਾ ਗੁਰਮਤਿ ਪ੍ਰਚਾਰ? ਭਾਗ 32:-
ਬਾਰਹ ਮਾਹਾ ‘ਵੈਸਾਖੁ’:-
“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਵਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥”
ਅਰਥ (ਪਿੰ੍ਰ: ਜੀ/ ਗਿਆਨੀ ਜੀ)- (ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿੱਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?
ਟਿੱਪਣੀ- ਜਿਵੇਂ ਡੇਰੇਦਾਰ ਸੰਤ ਬਾਬਿਆਂ ਨੇ ਮਨਘੜਤ ਅਤੇ ਬੇ-ਸਿਰ-ਪੈਰ ਦੀਆਂ ਮਿਥਿਹਾਸਕ ਕਹਾਣੀਆਂ ਗੁਰਬਾਣੀ ਨਾਲ ਜੋੜ ਜੋੜ ਕੇ ਗੁਰਮਤਿ ਦਾ ਘਾਣ ਕੀਤਾ ਪਿਆ ਹੈ।ਉਸੇ ਤਰ੍ਹਾਂ ਇਨ੍ਹਾਂ ਅਖੌਤੀ ਵਿਦਵਾਨਾਂ ਨੇ ਵੀ ਗੁਰੂ ਦੇ ਸਿਧਾਂਤ ਦੀ ਬਜਾਏ ਆਪਣੀ ਪਦਾਰਥਵਾਦੀ ਸੋਚ ਸਿੱਖੀ ਵਿੱਚ ਵਾੜਨ ਲਈ, ਗੁਰਬਾਣੀ ਦੇ ਭਾਵ ਅਰਥਾਂ ਦੇ ਨਾਂ ਤੇ ਬੇ ਸਿਰ-ਪੈਰ ਦੀਆਂ ਪੱਰ ਲੱਛੇਦਾਰ ਗੱਲਾਂ ਜੋੜ ਜੋੜ ਕੇ ਗੁਰਮਤਿ ਦਾ ਘਾਣ ਕੀਤਾ ਪਿਆ ਹੈ।ਉਨ੍ਹਾਂ ਬਾਬਿਆਂ ਵਿੱਚ ਅਤੇ ਏਨ੍ਹਾਂ ਬਾਬਿਆਂ ਵਿਚ ਕੋਈ ਖਾਸ ਫਰਕ ਨਹੀਂ ਹੈ।ਫਰਕ ਹੈ ਤਾਂ ਬੱਸ ਇਹ ਕਿ ਉਨ੍ਹਾਂ ਨੇ ਗੁਰਮਤਿ ਦੇ ਅਧਿਆਤਮਕ ਪੱਖ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।ਜੋ ਬਾਬਾ ਜੀ ਨੇ ਪ੍ਰਵਚਨ ਕਰ ਦਿੱਤਾ ਉਸੇ ਨੂੰ ਰੱਬੀ ਫੁਰਮਾਨ ਸਮਝਕੇ ਪੱਲੇ ਨਾਲ ਬੰਨ੍ਹ ਲਿਆ।ਇਨ੍ਹਾਂ ਬਾਬਿਆਂ ਨੇ ਗੁਰਮਤਿ ਦੇ ਅਧਿਆਤਮਕ ਪੱਖ ਨੂੰ ਸਮਝੇ ਬਿਨਾ ਹੀ ਅਧਿਆਤਮ ਦੀਆਂ ਗੱਲਾਂ ਨੂੰ ਬ੍ਰਹਮਣੀ ਕਰਮ-ਕਾਂਡ ਨਾਮ ਦੇ ਕੇ ਗੁਰਬਾਣੀ ਦੇ ਆਪਣੀ ਮਨ ਮਰਜੀ ਦੇ ਅਰਥ ਘੜ ਕੇ ਪ੍ਰਚਾਰ ਰਹੇ ਹਨ। ਉੱਪਰ ਦਿੱਤੇ ਅਰਥਾਂ ਦੀ ਵਿਆਖਿਆ ਦੇਖੋ ਜਿਹੜੀ ਕਿ ਜਵੱਦੀ (ਲੁਧਿਆਣੇ) ਦੇ ਇਕ (ਨਕਲੀ) ਮਿਸ਼ਨਰੀ ਕਾਲੇਜ ਦੇ ਪ੍ਰਿੰ: ਜੀ ਨੇ ਲਿਖੀ ਹੈ-
ਵਿਆਖਿਆ ਪ੍ਰਿੰ: ਜੀ/ ਗਿਆਨੀ ਜੀ)- “ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਆਪਣੇ ਪਤੀ ਨਾਲ ਪਿਆਰ ਕਰਨ ਤੋਂ ਖੁੰਝ ਜਾਂਦੀਆਂ ਹਨ ਉਹਨਾਂ ਨੂੰ ਜੀਵਨ ਵਿੱਚ ਧੀਰਜ ਨਹੀਂ ਮਿਲਦੀ ਤੇ ਉਹ ਭਟਕਣ ਲੱਗ ਜਾਂਦੀਆਂ ਹਨ।ਪਰਵਾਰਾਂ ਵਿੱਚ ਬਹੁਤੀ ਵਾਰ ਇੱਕ ਦੂਜੇ ਨੂੰ ਨਾ ਸਮਝਣ ਕਰਕੇ ਤ੍ਰੇੜਾਂ ਪੈ ਜਾਂਦੀਆਂ ਹਨ।ਨਵ-ਵਿਆਹਿਆ ਜੋੜਾ ਜੇ ਕਰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝੇਗਾ ਕੁਦਰਤੀ ਵਿਛੋੜੇ ਦੀ ਅਰੰਭਤਾ ਹੋਣੀ ਸ਼ੁਰੂ ਹੋ ਜਾਂਦੀ ਹੈ।ਏਥੇ ਇਕ ਮੌਕਾ ਹੁੰਦਾ ਹੈ ਰੁੱਸੇ ਨੂੰ ਮਨਾਉਣ ਦਾ, ਆਪਸੀ ਗਿਲੇ ਸ਼ਿਕਵੇ ਖ਼ਤਮ ਕਰਨ ਦਾ, ਪਰ ਦੁਖਾਂਤ ਇਹ ਹੈ ਕਿ ਅਸੀਂ ਆਪਣੀ ਹਉਮੈ ਛੱਡਣ ਲਈ ਤਿਆਰ ਨਹੀਂ ਹੁੰਦੇ ਜਿਸ ਕਰਕੇ ਰੁਸੇਵਾਂ ਵੱਧ ਜਾਂਦਾ ਹੈ।ਇਹ ਰੁਸੇਵਾਂ ਲੰਮੇ ਵਿਛੋੜੇ ਦਾ ਕਾਰਨ ਬਣਦਾ ਹੈ।ਜੇ ਕਿਸੇ ਸਿਆਣੇ ਦੀ ਸਲਾਹ ਮੰਨ ਲਈ ਜਾਂਦੀ ਹੈ ਤਾਂ ਇਹ ਵਿਛੋੜਾ ਖ਼ਤਮ ਵੀ ਹੋ ਜਾਂਦਾ ਹੈ, ਨਹੀਂ ਤਾਂ ਇਹ ਵਿਛੋੜਾ ਰਿਸ਼ਤੇ ਤੋੜ ਦੇਂਦਾ ਹੈ।“ਸਾਡੇ ਜੀਵਨ ਵਿੱਚ ਪ੍ਰਭੂ ਦੇ ਪਿਆਰ ਦਾ ਪ੍ਰਗਟਾਵਾ ਨਹੀਂ ਹੈ।ਭਾਵ ਸਾਡਾ ਵਰਤੋਂ ਵਿਹਾਰ ਠੀਕ ਨਹੀਂ ਹੈ”। ਸਾਜਨ ਪੁਰਖ ਵਿਸਾਰ ਦਿੱਤਾ ਭਾਵ ਗੁਣਾਂ ਦਾ ਤਿਆਗ ਕਰ ਦਿੱਤਾ, ਨਿਯਮਾਵਲੀ ਛੱਡ ਦਿੱਤੀ”।
ਟਿੱਪਣੀ- ਦੇਖੋ ਕੀਤੇ ਗਏ ਅਰਥਾਂ ਅਤੇ ਵਿਆਖਿਆ ਦਾ ਆਪਸ ਵਿੱਚ ਨੇੜੇ-ਤੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ।ਤੁਕ ਵਿੱਚ ਮਾਇਆ ਦੀ ਖਾਤਰ ‘ਪਤੀ ਸੱਜਣ / ਪ੍ਰਭੂ ਸੱਜਣ’ ਤੋਂ ਵਿਛੜੇ ਦੀ ਗੱਲ ਕਹੀ ਗਈ ਹੈ (ਵਿਛੋਹ- ਵਿਛੋੜਾ, ਜੁਦਾਈ)।ਗਿਆਨੀ ਜੀ ਨੇ ‘ਪਰਿਵਾਰਾਂ ਦੀ, ਪਤੀ-ਪਤਨੀ ਦੇ ਆਪਸੀ ਵਿਚਾਰਾਂ, ਭਾਵਨਾਵਾਂ ਨੂੰ ਨਾ ਸਮਝਣ ਦੀ, ਰੁਸੇਵੇਂ ਦੀ, ਇਕ ਦੂਜੇ ਨੂੰ ਮੰਨਣ ਮਨੌਣ ਦੀਆਂ ਕਹਾਣੀਆਂ ਆਪਣੇ ਕੋਲੋਂ ਹੀ ਜੋੜ ਦਿੱਤੀਆਂ ਹਨ।‘ਪ੍ਰੇਮ ਵਿਛੋਹ-ਪਿਆਰੇ ਤੋਂ ਵਿਛੋੜੇ’ ਦਾ ਅਰਥ ‘ਸਾਡਾ ਵਰਤੋਂ ਵਿਹਾਰ ਠੀਕ ਨਹੀਂ ਹੈ’ ਸਾਜਨ ਪੁਰਖ ਵਿਸਾਰ ਦਿੱਤਾ, ਗੁਣਾਂ ਦਾ ਤਿਆਗ ਕਰ ਦਿੱਤਾ, ਨਿਯਮਾਵਲੀ ਛੱਡ ਦਿੱਤੀ ਬਣ ਗਿਆ??? ‘ਸਾਜਨ ਪੁਰਖ (ਪ੍ਰਭੂ)’ ਨੂੰ ਪ੍ਰਭੂ ਮੰਨਣ ਤੋਂ ਆਕੀ ਗਿਆਨੀ ਜੀ ਪ੍ਰਭੂ ਨੂੰ ਨਿਯਮਾਵਲੀ ਹੀ ਦੱਸਦੇ ਹਨ।
ਉੱਪਰ ਦਿੱਤੀ ਤੁਕ ਦੀ ਵਿਆਖਿਆ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਲਈ ਗਿਆਨੀ ਜੀ ਇਕ ਹੋਰ ਮਿਸਾਲ ਦਿੱਦੇ ਹਨ- “ਵਿਆਹ ਸ਼ਾਦੀਆਂ ਵਿੱਚ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਜਾਂਦਾ ਹੈ ਪਰ ਮੈਰਿਜ ਪੈਲਿਸ ਵਿੱਚ ਨਚਾਏ ਨਚਾਰ ਜਾ ਰਹੇ ।ਅਰਦਾਸ ਕੀਤੀ ਹੁੰਦੀ ਹੈ ਕਿ ਹੇ ਵਾਹਿਗੁਰੂ ਜੀ ਸਾਡੇ ਅਰੰਭੇ ਕਾਰਜ ਰਾਸ ਕਰਨੇ ਪਰ ਇਸ ਦੇ ਵਿਰੁੱਧ ਸ਼ਰਾਬ-ਦਾਰੂ ਦੀ ਪ੍ਰਧਾਨਤਾ ਹੁੰਦੀ ਹੈ।ਕੀ ਦਾਰੂ ਦੀ ਥਾਂ ਤੇ ਢਾਡੀਆਂ-ਕਵੀਸ਼ਰਾਂ ਦੀਆਂ ਵਾਰਾਂ ਦਾ ਗਾਇਨ ਨਹੀਂ ਹੋ ਸਕਦਾ?
ਟਿੱਪਣੀ- ਵਿਆਹ ਸ਼ਾਦੀਆਂ ਵਿੱਚ ਸ਼ਰਾਬ ਦੀ ਵਰਤੋਂ, ਇਹ ਹੈ ਗਿਆਨੀ ਜੀ ਅਨੁਸਾਰ “ਮਾਇਆ ਕਮਾਣ ਦੀ ਖਾਤਰ ਸੱਜਣ ਪ੍ਰਭੂ ਤੋਂ ਪਿਆ ਵਿਛੋੜਾ”?? ਠੀਕ ਹੈ ਕਿ ਹੋਰ ਅਨੇਕਾਂ ਕਾਰਣਾਂ ਵਿੱਚੋਂ ਸ਼ਰਾਬ ਦੀ ਵਰਤੋਂ ਵੀ ਸੱਜਣ ਪ੍ਰਭੂ ਤੋਂ ਵਿਛੋੜੇ ਦਾ ਇਕ ਕਾਰਣ ਬਣਦੀ ਹੈ, ਪਰ ਚੱਲਦੇ ਪ੍ਰਕਰਣ ਵਿੱਚ ਦਿੱਤੀ ਗਈ ਉਦਾਹਰਣ ਨਾਲ ਇਸ ਦਾ ਕੋਈ ਮੇਲ ਨਹੀਂ ਹੈ।
ਗਿਆਨੀ ਜੀ ਅਤੇ ਉਨ੍ਹਾਂ ਦੇ ‘ਪ੍ਰਸ਼ੰਸਕ / ਉਪਾਸ਼ਕ’ ਹਮੇਸ਼ਾਂ ਇਹ ਦਲੀਲ ਦਿੰਦੇ ਹਨ ਕਿ ਗੁਰਬਾਣੀ ਦੇ ਅਰਥ ਹੀ ਨਹੀਂ ਕਰਨੇ ਭਾਵ ਅਰਥ ਵੀ ਸਮਝਣੇ ਹੁੰਦੇ ਹਨ।
ਠੀਕ ਹੈ ਗੁਰਬਾਣੀ ਦੇ ਭਾਵ ਅਰਥ ਸਮਝਣੇ ਹਨ, ਪਰ ਭਾਵ ਅਰਥਾਂ ਦੇ ਵੀ ਕੋਈ ਅਸੂਲ ਹੁੰਦੇ ਹਨ ਜਾਂ ਬੇ-ਲਗਾਮੇ ਘੋੜੇ ਦੀ ਤਰ੍ਹਾਂ ਮਨ ਨੇ ਜੋ ਵਿਚਾਰ ਘੜ ਦਿੱਤੇ ਉਹ ਭਾਵ ਅਰਥ ਹੋ ਗਏ? ਮਾਇਆ ਕਮਾਣ ਦੀ ਖਾਤਰ ਪਰਦੇਸ ਜਾਣ ਤੇ ਪਤੀ ਪਤਨੀ ਜਾਂ ਪ੍ਰਭੂ ਨਾਲੋਂ ਪਿਆ ਵਿਛੋੜਾ ਸਮਝਾਉਣ ਲਈ, ਵਿਆਹ ਸ਼ਾਦੀਆਂ ਵਿੱਚ ਸ਼ਰਾਬ ਦੀ ਵਰਤੋਂ ???? ਕਿਥੇ ਰਾਮ ਰਾਮ ਕਿੱਥੇ ਟੈਂ ਟੈਂ।
“ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥”
ਅਰਥ (ਗਿਆਨੀ ਜੀ):- “ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ”।
ਵਿਆਖਿਆ:- “ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਪਰਵਾਰ ਦੀ ਪਾਲਣਾ ਨਾ ਕਰੀਏ? ਕੀ ਪਰਵਾਰ ਛੱਡ ਦੇਣਾ ਚਾਹੀਦਾ ਹੈ? ਕੀ ਕਿਰਤ ਕਮਾਈ ਨਹੀਂ ਕਰਨੀ ਚਾਹੀਦੀ? ਇਸ ਦਾ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ- ਮਨੁੱਖ ਪਰਿਵਾਰ ਨੂੰ ਖੁਸ਼ ਕਰਨ ਲਈ, ਸੁਖ ਸਹੂਲਤਾਂ ਦੇਣ ਲਈ ਗ਼ਲਤ ਢੰਗ ਵਰਤ ਕੇ ਮਾਇਆ ਦੇ ਅੰਬਾਰ ਲਗਾਂਦਾ ਹੈ।ਜਦੋਂ ਜੇਲ੍ਹ ਦੀ ਯਾਤਰਾ ਕਰਦਾ ਹੈ ਤਾਂ ਇਸ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ।ਬੰਦੇ ਨੂੰ ਸਮਝਾਇਆ ਹੈ ਕਿ ਆਪਣੀ ਧਰਮ ਦੀ ‘ਨੇਕ ਕਮਾਈ’ ਹੀ ‘ਰੱਬ ਜੀ’ ਦਾ ਸਾਥ ਹੈ।ਦੂਸਰਾ ਅਸੀਂ ਵਿਕਾਰਾਂ ਨੂੰ ਵੀ ਆਪਣਾ ਪੁੱਤਰ ਧੀ ਬਣਾਇਆ ਹੋਇਆ ਹੈ ਜਿਨ੍ਹਾਂ ਦੇ ਅਧੀਨ ਹੋ ਕੇ ਅਸੀਂ ਚੱਲਦੇ ਹਾਂ।
ਟਿੱਪਣੀ:- ਪੰਗਤੀ ਵਿੱਚ ਜ਼ਿਕਰ ਹੈ ਕਿ ਜਿਨ੍ਹਾਂ ਪੁੱਤਾਂ ਧੀਆਂ ਦੀ ਖਾਤਰ ‘ਛਲ਼, ਫਰੇਬ ਵਾਲੀ ਮਾਇਆ’ ਨਾਲ ਪਿਆਰ ਪਾਇਆ ਹੈ ਉਹ ਰਿਸਤੇ ਵੀ ਸਾਥ ਨਹੀਂ ਨਿਭਦੇ (ਜਿਵੇਂ ਫੁਰਮਾਨ ਹੈ:-
“ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” ਪੰਨਾ-700)
ਪਰ ਕਿਉਂਕਿ ਗਿਆਨੀ ਜੀ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਮੰਨਦੇ, ਸਾਰੇ ਲੇਖੇ ਸਰੀਰ ਦੇ ਖਤਮ ਹੋਣ ਨਾਲ ਹੀ ਖਤਮ ਹੋ ਜਾਂਦੇ ਮੰਨਦੇ ਹਨ ਇਸ ਲਈ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ” ਦਾ ਭਾਵਅਰਥ ਬਦਲ ਕੇ ‘ਜੇਲ੍ਹ ਯਾਤਰਾ ਦਾ ਸਾਥ’ ਬਣ ਗਿਆ।
‘ਰੱਬ ਜੀ’ ਦੀ ਪਰਿਭਾਸ਼ਾ ‘ਨੇਕ ਕਮਾਈ’ ????
“ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥”
ਅਰਥ ਗਿਆਨੀ ਜੀ:- ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿੱਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇੱਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)
ਵਿਆਖਿਆ:- ਧੰਧੇ ਦੋ ਪ੍ਰਕਾਰ ਦੇ ਹਨ।ਇੱਕ ਅਸਲੀ ਧੰਧਾ ਤੇ ਦੂਜਾ ਹੇਰਾਫੇਰੀ ਵਾਲਾ ਧੰਧਾ ਹੈ।ਇਸ ਵਿਚਾਰ ਨੂੰ ਇਸ ਤਰ੍ਹਾਂ ਵੀ ਲਿਆ ਜਾ ਸਕਦਾ ਹੈ ਕਿ ਇੱਕ ਮਲਕ ਭਾਗੋ ਵਾਲਾ ਰਸਤਾ ਹੈ ਤੇ ਦੂਜਾ ਭਾਈ ਲਾਲੋ ਵਾਲਾ ਧਰਮ-ਧੰਧਾ ਹੈ।‘ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਆਉਣ ਵਾਲੇ ਜੀਵਨ ਵਿੱਚ ਖੁਆਰੀ ਹੁੰਦੀ ਹੈ’ ਦਾ ਭਾਵ ਅਰਥ ਹੈ ਕਿ ਸੱਚਾਈ ਤੋਂ ਮੁਨਕਰ ਹੋਣ ਵਾਲੇ ਬੰਦੇ ਦੇ ਜੀਵਨ ਵਿੱਚ ਖੁਆਰੀ ਹੁੰਦੀ ਹੈ।ਇਕਸੁ ਹਰਿ ਕੇ ਬਿਨ’ ਦਾ ਅਰਥ ਹੈ- ਸੱਚਾਈ ਤੋਂ ਬਿਨਾ।
ਟਿੱਪਣੀ:- ਪਉੜੀ ਵਿੱਚ ਅਸਲੀ ਧੰਦਾ ਪ੍ਰਭੂ ਦਾ ਸਿਮਰਨ (ਕੋਈ ਵੀ ਕੰਮ ਕਰਦਿਆਂ ਪ੍ਰਭੂ ਦੀ ਯਾਦ ਮਨ ਵਿੱਚ ਵਸਾਈ ਰੱਖਣੀ) ਦੱਸਿਆ ਹੈ।ਬੇਸ਼ੱਕ ਭਾਈ ਲਾਲੋ ਵਾਲਾ ਧੰਦਾ ਵੀ ਨੇਕ ਕਮਾਈ ਵਾਲਾ ਧੰਦਾ ਹੈ ਪਰ ਕਿਉਂਕਿ ਗਿਆਨੀ ਜੀ ਪ੍ਰਭੂ ਦੀ ਹੋਂਦ ਮੰਨਣ ਤੋਂ ਮੁਨਕਰ ਹਨ ਅਤੇ ਪ੍ਰਭੂ ਦੇ ਨਾਮ ਸਿਮਰਨ ਤੋਂ ਅਲਰਜੀ ਹੈ ਇਸ ਲਈ ਪ੍ਰਭੂ ਦੀ ਯਾਦ ਵਾਲੀ ਗੱਲ ਕਦੇ ਨਹੀਂ ਕਰਦੇ।‘ਪਰਮਾਤਮਾ ਦਾ ਨਾਮ ਸਿਮਰਨ’ ਦੇ ਅਰਥ ਬਦਲਕੇ ‘ਸੱਚਾਈ ਤੋਂ ਮੁਨਕਰ ਹੋਣਾ, ਸੱਚਾਈ ਤੋਂ ਬਿਨਾ’ ਭਾਵ ਅਰਥ ਕਰ ਦਿੱਤੇ ਜਾਂਦੇ ਹਨ।ਰੱਬ ਵਾਲੀ ਗੱਲ ਨੂੰ ਖ਼ਤਮ ਕਰਕੇ ਨੇਕ ਕਮਾਈ ਅਤੇ ਪਾਪ ਦੀ ਕਮਾਈ, ਭਾਵ ਅਰਥ ਕਰ ਦਿੱਤੇ ਜਾਂਦੇ ਹਨ।
“ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥”
ਅਰਥ ਗਿਆਨੀ ਜੀ:- ਪਿਆਰ-ਸਰੁਪ ਪ੍ਰਭੂ ਨੂੰ ਵਿਸਾਰ ਕੇ ਖੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।
ਵਿਆਖਿਆ:- ਪ੍ਰਭੂ ਜੀ ਤੋਂ ਭਾਵ ਹੈ ਸ਼ੁਭ ਗੁਣ, ਸਦੀਵ ਕਾਲ ਨਿਯਮਾਵਲੀ, ਰੱਬੀ ਹੁਕਮ, ਸੱਚਾਈ, ਸੰਜਮ, ਧੀਰਜ ਤੇ ਨੇਕ ਨੀਅਤ ਨਾਲ ਕੀਤੇ ਕਰਮ ਹਨ।ਸਤ-ਸੰਤੋਖ ਵਰਗੀਆਂ ਹਕੀਕਤਾਂ ਤੋਂ ਮੂੰਹ ਮੋੜਨਾ ਹੀ ਰੱਬ ਜੀ ਨੂੰ ਤਿਆਗਣਾ ਹੈ।
ਟਿੱਪਣੀ:- ਦੇਖੋ ਸਾਫ ਲਫਜ਼ਾਂ ਵਿੱਚ ਪ੍ਰਭੂ ਦੀ ਹੋਂਦ ਮੰਨਣ ਤੋਂ ਮੁਨਕਰ ਹੋ ਕੇ ਪ੍ਰਭੂ ਦੇ ਅਰਥ ਸ਼ੁਭ ਗੁਣ, ਨਿਯਮਾਵਲੀ, ਸੱਚਾਈ, ਸੰਜਮ, ਧੀਰਜ ….ਆਦਿ ਕਰ ਦਿੱਤੇ ਗਏ ਹਨ।“ਰੱਬੀ ਹੁਕਮ” ਲਫਜ਼ ਵੀ ਅੱਖੀਂ ਘੱਟਾ ਪਾਉਣ ਲਈ ਵਰਤਿਆ ਗਿਆ ਹੈ, ਅਸਲ ਵਿੱਚ “ਰੱਬੀ ਹੁਕਮ” ਦਾ ਭਾਵ ਅਰਥ ਵੀ ਗਿਆਨੀ ਜੀ ਮੁਤਾਬਕ ਕੁਦਰਤ ਦੇ ਬੱਝੇ ਨਿਯਮ ਹੀ ਹਨ।
“ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥”
ਅਰਥ ਗਿਆਨੀ ਜੀ:- ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲੱਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿੱਚ) ਭਲੀ ਸੋਭਾ ਹੁੰਦੀ ਹੈ।
ਵਿਆਖਿਆ:- ਪ੍ਰੀਤਮ ਚਰਨਾਂ ਤੋਂ ਭਾਵ ਹੈ ਰੱਬੀ ਗੁਣਾਂ ਅਨੁਸਾਰ ਜੀਵਨ ਨੂੰ ਸੇਧ ਦੇਣੀ।ਨਿਰਮਲ ਸੋਇ ਤੋਂ ਭਾਵ ਅਰਥ ਹੈ ਜੀਵਨ ਜਾਚ ਆ ਜਾਣੀ।ਤਥਾ ਜ਼ਿੰਦਗ਼ੀ ਦੀਆਂ ਹਕੀਕਤਾਂ ਦੀ ਸਮਝ ਆ ਜਾਣੀ।ਸੱਚੇ ਮਾਰਗ ਤੇ ਤੁਰਨ ਵਾਲਾ ਹਮੇਸ਼ਾਂ ਆਪਣਾ ਦਾਮਨ ਸਾਫ਼ ਰੱਖਦਾ ਹੈ।
ਟਿੱਪਣੀ:- ਕਿਉਂਕਿ ਗਿਆਨੀ ਜੀ ‘ਪਰਲੋਕ (ਇਸ ਜਨਮ ਤੋਂ ਬਾਅਦ ਫੇਰ ਜਨਮ)’ ਨੂੰ ਨਹੀਂ ਮੰਨਦੇ ਇਸ ਲਈ ਅਰਥਾਂ ਵਿੱਚ ਲਿਖੇ ਹੋਏ ਲੋਕ ਪਰਲੋਕ ਦਾ ਜ਼ਿਕਰ ਵਿਆਖਿਆ ਵਿੱਚ ਗਾਇਬ ਹੀ ਹੋ ਗਿਆ ਹੈ।
“ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥”
ਅਰਥ ਗਿਆਨੀ ਜੀ:- ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ।
ਵਿਆਖਿਆ:- ਇਹਨਾਂ ਤੁਕਾਂ ਵਿੱਚ ਪਰਮਾਤਮਾ ਦੇ ਮਿਲਾਪ ਹੋਣ ਨਾਲ ਜ਼ਿੰਦਗ਼ੀ ਵਿੱਚ ਗੁਣਵੱਤਾ ਆ ਜਾਂਦੀ ਹੈ।ਇਹ ਗੁਣਵੱਤਾ “ਜਾ ਸੰਤ ਭੇਟੈ ਹਰਿ ਸੋਇ” ਗੁਰੂ ਜੀ ਦੇ ਉਪਦੇਸ਼ ਵਿੱਚੋਂ ਮਿਲਦੀ ਹੈ।ਜਿਸ ਤਰ੍ਹਾਂ ਵੈਸਾਖ ਦੇ ਮਹੀਨੇ ਵਿੱਚ ਸਾਰੀ ਬਨਸਪਤੀ ਖਿੜ ਉਠੱਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਚਲਿਆਂ ਜੀਵਨ ਵੀ ਖਿੜੀ ਹੋਈ ਬਨਸਪਤੀ ਵਰਗਾ ਹੋ ਜਾਂਦਾ ਹੈ।
ਟਿੱਪਣੀ:- ਅਰਥਾਂ ਵਿੱਚ ਗਿਆਨੀ ਜੀ ਬੇਨਤੀ ਦੀ ਗੱਲ ਕਰ ਰਹੇ ਹਨ ਹੇ ਪ੍ਰਭੂ! ਮੈਨੂੰ ਦਿਲ ਰੱਜਵਾਂ ਤੇਰਾ ਪਿਆਰ ਮਿਲੇ।ਲੇਕਿਨ ਭਾਵਆਰਥਾਂ ਵਿੱਚ ਬੇਨਤੀ ਵਾਲੀ ਗੱਲ ਖਤਮ ਹੋ ਗਈ ਅਤੇ ਪ੍ਰਭੂ ਮਿਲਾਪ ਦਾ ਵੀ ‘(ਆਪਣੀ) ਗੁਣਵੱਤਾ’ ਬਣ ਗਈ।ਅਰਥਾਂ ਵਿੱਚ ਲਿਖਿਆ ਹੈ ਕਿ ਸੰਤ-ਪ੍ਰਭੂ ਨੂੰ ਮਿਲਕੇ ਸੋਹਣਾ ਲੱਗਦਾ ਹੈ, ਪਰ ਭਾਵਾਰਥਾਂ ਵਿੱਚ ‘ਸੰਤ-ਪ੍ਰਭੂ’ ਦਾ ਬਣ ਗਿਆ ‘ਉਪਦੇਸ਼ ਤੇ ਚੱਲਿਆਂ’।
ਤੱਤਸਾਰ ਗਿਆਨੀ ਜੀ:- ਸਾਡੇ ਜੀਵਨ ਦੇ ਕਰਮ ਹੋਰ ਹਨ ਤੇ ਮੰਗ ਸਾਡੀ ਹੋਰ ਹੁੰਦੀ ਹੈ।ਪਤੀ ਪਤਨੀ ਦੇ ਵਿਛੋੜੇ ਦੀ ਉਦਾਹਰਣ ਦੇਂਦਿਆਂ ਗੁਰਦੇਵ ਪਿਤਾ ਜੀ ਸਮਝਾੳਂਦੇ ਹਨ ਕਿ ਜਿਸ ਤਰ੍ਹਾਂ ਇੱਕ ਪਤਨੀ ਦਾ ਪਤੀ ਪਰਦੇਸ ਗਿਆ ਹੋਇਆ ਹੈ।ਪਿੱਛੇ ਇਕੱਲੀ ਪਤਨੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਂਝ ਵੀ ਜੀਵਨ ਸਾਥੀ ਨਾਲ ਜੋ ਸਾਂਝੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਉਹ ਹੋਰ ਕਿਸੇ ਨਾਲ ਨਹੀਂ ਕੀਤੀਆਂ ਜਾ ਸਕਦੀਆਂ।ਏਥੇ ਪਤੀ, ਪਰਮਾਤਮਾ ਨੂੰ ਕਿਹਾ ਗਿਆ ਹੈ ਤੇ ਸਾਰੀ ਲੁਕਾਈ ਪਤਨੀਆਂ ਹਨ।ਅਸੀਂ ਆਪਣੀ ਨੌਕਰੀ ਤੇ ਜਾਣ ਲਈ ਤਿਆਰ ਹੋਏ ਹਾਂ।ਪਰ ਰਸਤੇ ਵਿੱਚ ਰੁਕਾਵਟ ਖੜ੍ਹੀ ਹੋ ਗਈ।ਆਪਣੇ ਕੰਮ ਤੇ ਸਮੇਂ ਸਿਰ ਨਾ ਪਹੁੰਚਣ ਕਰਕੇ ਮਨ ਵਿੱਚ ਧੁੜਕੂ ਲੱਗ ਜਾਂਦਾ ਹੈ ਬਣੀ ਹੋਈ ਸ਼ਾਤੀ ਟੁੱਟ ਜਾਂਦੀ ਹੈ।ਏਸੇ ਤਰ੍ਹਾਂ ਅਸੀਂ ਜੀਵਨ ਵਿੱਚ ਜਿੰਨੇ ਵੀ ਕਰਮ ਕਰ ਰਹੇ ਹਾਂ ਉਨ੍ਹਾਂ ਸੰਬੰਧੀ ਇੱਕ ਵਡਾ ਭਰਮ ਪਾਲ ਲਿਆ ਹੈ ਕਿ ਸ਼ਾਇਦ ਅਸੀਂ ਬਹੁਤ ਧਰਮੀ ਹੋਈਏ।ਵਿਆਹ ਦੀ ਮਿਸਾਲ ਦਿੱਤੀ ਹੈ ਕਿ ਅਖੰਡ ਪਾਠ ਉਪਰੰਤ ਜਦੋਂ ਨਾਲ ਹੀ ਦਾਰੂ ਸ਼ੁਰੂ ਹੋ ਜਾਂਦੀ ਹੈ ਤਾਂ ਸਮਝੋ ਹੁਣ ਗੁਰੂ ਸਾਹਿਬ ਜੀ ਨਾਲੋਂ ਵਿਛੋੜਾ ਸ਼ੁਰੂ ਹੋ ਗਿਆ ਹੈ।ਕੀ ਦਾਰੂ ਵਿੱਚੋਂ ਪਰਵਾਰਕ ਸੁਖ ਜਾਂ ਕੋਈ ਸਮਾਜ ਦਾ ਭਲਾ ਹੋ ਸਕਦਾ ਹੈ?ਫਿਰ ਇਸ ਵਿਛੋੜੇ ਦਾ ਕਾਰਨ ਸਾਡੀ ਬੇ ਸਮਝੀ ਹੈ।ਜਦੋਂ ਅਸੀਂ ਆਪਣੀ ਮੱਤ ਪਿੱਛੇ ਚੱਲਾਂਗੇ ਤਾਂ ਕੁਦਰਤੀ ਵਿਛੋੜਾ ਸ਼ੁਰੂ ਹੋਏਗਾ।
ਟਿੱਪਣੀ :- ਦੇਖੋ ਵਿਆਖਿਆ/ ਭਾਵ ਅਰਥਾਂ ਦੇ ਨਾਂ ਤੇ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਵਾਲੀਆਂ ਅਤੇ ਅਸਲੀ ਮੁੱਦੇ ਤੋਂ ਹਟ ਕੇ, ਗਿਆਨੀ ਜੀ ਦੀਆਂ ਲੱਛੇਦਾਰ ਗੱਲਾਂ:-
ਗਿਆਨੀ ਜੀ ਦੁਆਰਾ ਕੀਤੇ ਅਰਥਾਂ ਵਿੱਚ ਸੱਜਣ ਪਤੀ / ਪ੍ਰਭੂ ਤੋਂ ਵਿਛੋੜੇ ਦਾ ਕਾਰਨ ਮਨ-ਮੋਹਣੀ ਮਾਇਆ ਚੰਬੜੀ ਹੋਈ ਦੱਸਿਆ ਹੈ।
ਪਰ ਵਿਆਖਿਆ ਵਿੱਚ ਵਿਛੋੜੇ ਦਾ ਕਾਰਣ ਬਣ ਗਿਆ:- ਪਰਿਵਾਰਾਂ ਵਿੱਚ ਇਕ ਦੂਜੇ ਦੀਆਂ ਭਾਵਨਾਵਾਂ ਨਾ ਸਮਝਣੀਆਂ। ਰਿਸ਼ਤੇ…. ਰੁੱਸੇਵੇਂ…… ਆਪਸੀ ਗਿਲੇ ਸ਼ਿਕਵੇ…. ਹਉਮੈ…. ਸਿਆਣੇ ਦੀ ਸਲਾਹ …। ਪਤੀ ਪ੍ਰਦੇਸ ਗਿਆ ਹੋਇਆ ਹੈ ਪਿੱਛੇ ਇਕੱਲੀ ਪਤਨੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਤੱਤਸਾਰ ਵਿੱਚ ਹੋਰ ਭਾਵ ਅਰਥ ਬਣ ਗਏ:- ਨੌਕਰੀ ਤੇ ਜਾਣ ਲਈ ਰਸਤੇ ਵਿੱਚ ਰੁਕਾਵਟ ਖੜ੍ਹੀ ਹੋ ਗਈ।ਆਪਣੇ ਕੰਮ ਤੇ ਸਮੇਂ ਸਿਰ ਨਾ ਪਹੁੰਚਣ ਕਰਕੇ ਮਨ ਵਿੱਚ ਧੁੜਕੂ..। ਬਣੀ ਹੋਈ ਸ਼ਾਤੀ ਟੁੱਟ ਜਾਂਦੀ ਹੈ।….ਵਡਾ ਭਰਮ ਪਾਲ ਲਿਆ ਹੈ ਕਿ ਸ਼ਾਇਦ ਅਸੀਂ ਬਹੁਤ ਧਰਮੀ ਹੋਈਏ।..ਵਿਆਹ ਵਿੱਚ ਦਾਰੂ ਸ਼ੁਰੂ ਹੋ ਜਾਂਦੀ ਹੈ ਤਾਂ ਸਮਝੋ ਹੁਣ ਗੁਰੂ ਸਾਹਿਬ ਜੀ ਨਾਲੋਂ ਵਿਛੋੜਾ ਸ਼ੁਰੂ ਹੋ ਗਿਆ ਹੈ।…ਫਿਰ ਇਸ ਵਿਛੋੜੇ ਦਾ ਕਾਰਨ ਸਾਡੀ ਬੇ ਸਮਝੀ ਹੈ।…ਆਪਣੀ ਮੱਤ ਪਿੱਛੇ ਚੱਲਾਂਗੇ ਤਾਂ ਕੁਦਰਤੀ ਵਿਛੋੜਾ..।
ਦੇਖੋ- ਪਾਠਕਾਂ ਨੂੰ ਸਹਜੇ ਪਤਾ ਹੀ ਨਹੀਂ ਲੱਗ ਸਕਦਾ ਕਿ ਪੜ੍ਹਨ ਸੁਣਨ ਨੂੰ ਜਿਹੜੀਆਂ ਗੱਲਾਂ ਬਹੁਤ ਸਹੀ ਅਤੇ ਬਹੁਤ ਵਧੀਆ ਲੱਗਦੀਆਂ ਹਨ, ਅਸਲ ਵਿੱਚ ਗੁਰੂ ਸਾਹਿਬ ਦੇ ਸੁਨੇਹੇ ਦੇ ਨੇੜੇ ਤੇੜੇ ਵੀ ਨਹੀਂ।ਪਤੀ ਮਾਇਆ ਕਮਾਣ ਦੀ ਖਾਤਿਰ ਪਰਦੇਸ ਗਿਆ ਹੈ ਦੇ ਭਾਵ ਅਰਥ ਅਸਲੀ ਸੁਨੇਹੇ ਤੋਂ ਕੋਹਾਂ ਦੂਰ ਇਸ ਲਈ ਕੀਤੇ ਗਏ ਹਨ, ਕਿ ਗਿਆਨੀ ਜੀ ਰੱਬ ਦੀ ਹੋਂਦ ਮੰਨਣ ਤੋਂ ਮੁਨਕਰ ਹਨ, ਅਤੇ ਗੁੱਝੇ ਤਰੀਕੇ ਨਾਲ ਸਿੱਖਾਂ ਵਿੱਚ ਨਾਸਤਿਕਤਾ ਫੈਲਾ ਰਹੇ ਹਨ।
ਜਸਬੀਰ ਸਿੰਘ ਵਿਰਦੀ 05-03-2015
ਜਸਬੀਰ ਸਿੰਘ ਵਿਰਦੀ
-: ਅਜੋਕਾ ਗੁਰਮਤਿ ਪ੍ਰਚਾਰ? ਭਾਗ 32:-
Page Visitors: 2979