ਵਾਹ ਨੀ ਬਾਦਲ ਸਰਕਾਰੇ ਤੇਰੇ ਵੀ ਰੰਗ ਨਿਆਰੇ
ਆਦਿ ਕਾਲ ਤੋਂ ਚੰਗਿਆਈਆਂ ਅਤੇ ਬੁਰਿਆਈਆਂ ਦਾ ਟਕਰਾਓ ਹੁੰਦਾ ਰਿਹਾ ਹੈ। ਜਬਰ ਅਤੇ ਸੰਘਰਸ਼ ਬਰਾਬਰ ਚੱਲਦੇ ਆ ਰਹੇ ਹਨ। ਕਦੇ ਕਦੇ ਵਕਤੀ ਤੌਰ ਉੱਤੇ ਬੁਰਾਈ ਵੀ ਭਾਰੂ ਰਹੀ ਹੈ ਲੇਕਿਨ ਥੋੜੇ ਸਮੇਂ ਬਾਅਦ ਕਿਸੇ ਰੂਹਾਨੀ ਪੁਰਸ਼ ਨੇ ਆਪਣੀ ਕਰਨੀ ਦੀ ਕਰਾਮਾਤ ਨਾਲ ਜਾਂ ਕਈ ਵਾਰੀ ਆਪਣੇ ਖੂਨ ਨਾਲ ਧੋਕੇ ਬੁਰਾਈ ਦਾ ਮਲਮਾਂ ਲਾਹੁੰਦਿਆਂ ਚੰਗਿਆਈ ਨੂੰ ਪ੍ਰਗਟ ਕੀਤਾ ਹੈ। ਅਜਿਹੀਆਂ ਹਜ਼ਾਰਾਂ ਇਤਿਹਾਸਿਕ ਮਿਸਾਲਾਂ ਹਨ, ਪਰ ਮਨੁੱਖ ਦੀ ਇਹ ਪਸ਼ੂ ਬਿਰਤੀ ਹੀ ਆਖੀ ਜਾ ਸਕਦੀ ਹੈ ਜਦੋਂ ਕਿ ਗੁਰੂ ਸਹਿਬਾਨ ਨੇ ਗੁਰਬਾਣੀ ਵਿੱਚ ਮਨੁੱਖ ਨੂੰ ਬੁਰਾ ਕਰਨ ਤੋਂ ਵਰਜਿਆ ਹੈ ਅਤੇ ਹੋਰ ਰੱਬੀ ਰੂਹਾਂ ਨੇ ਵੀ ਆਪਣੇ ਅਨਮੋਲ ਬਚਨਾਂ ਰਾਹੀ ਆਦਮ ਜਾਤ ਨੂੰ ਚੰਗੇ ਰਸਤੇ ਚਲਣ ਦੀ ਪ੍ਰੇਰਣਾਂ ਦੀ ਦਿੱਤੀ ਹੈ, ਪਰ ਇੰਨਸਾਨ ਸੋਝੀ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਔਝੜ ਪਿਆ ਹੋਇਆ ਹੈ।ਕੁੱਝ ਅਖੌਤੀ ਧਰਮ ਗਰੰਥਾਂ ਵਿੱਚ ਤਾਂ ਕਿਸੇ ਖਾਸ ਜਾਤ ਜਾਂ ਫਿਰਕੇ ਪ੍ਰਤੀ ਨਫਰਤੀ ਸੋਚ ਨੂੰ ਬੜਾਵਾ ਦਿੱਤਾ ਗਿਆ ਹੈ ਜਿੱਥੇ ਇੰਨਸਾਨ ਨੂੰ ਦੂਜੇ ਇੰਨਸਾਨ ਨਾਲੋ ਭਿੰਨ ਵਿਖਾਇਆ ਗਿਆ ਹੈ ਅਤੇ ਕੁੱਝ ਹਾਲਾਤਾਂ ਵਿੱਚ ਕਿਸੇ ਦੂਜੇ ਮਨੁੱਖ ਉੱਪਰ ਕੀਤੇ ਗਏ ਜ਼ੁਲਮ ਨੂੰ ਧਰਮ ਕਰਮ ਦਾ ਨਾਮ ਦਿੱਤਾ ਗਿਆ ਹੈ। ਅਜਿਹੀਆਂ ਹਾਲਤਾਂ ਵਿੱਚ ਸਮਾਜ ਦੇ ਇੱਕ ਹਿੱਸੇ ਵੱਲੋਂ ਘੋਸ਼ਿਤ ਕੀਤੇ ਗਏ ਨੀਚ ਲੋਕ (ਗੁਰੂਬਾਣੀ ਅਨੁਸਾਰ ਨਹੀਂ) ਅਤੇ ਮਜ਼ਲੂਮ ਅਣਮਨੁੱਖੀ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ ਅਤੇ ਉਹਨਾਂ ਦੇ ਮਨੁੱਖੀ ਹੱਕਾਂ ਤੇ ਮੁੱਢਲੇ, ਮੌਲਿਕ ਅਧਿਕਾਰਾਂ ਦਾ ਵੀ ਸੋਸ਼ਣ ਹੁੰਦਾ ਹੈ। ਨਾਲ ਨਾਲ ਜ਼ੁਲਮੀ ਲੋਕ ਜ਼ੁਲਮ ਦੇ ਮਾਰੇ ਲੋਕਾਂ ਦਾ ਮਜਾਕ ਵੀ ਉਡਾਉਂਦੇ ਹਨ ਅਤੇ ਉਹਨਾਂ ਨੂੰ ਹਾਸੇ ਦੇ ਪਾਤਰ ਬਣਾਕੇ ਉਹਨਾਂ ਦੀਆਂ ਹੱਕੀ ਮੰਗਾਂ ਜਾਂ ਦੁੱਖ ਤਕਲੀਫਾਂ ਬਾਰੇ ਆਮ ਲੋਕਾਂ ਕੋਲ ਜਾਣ ਵਾਲੀ ਜਾਣਕਾਰੀ ਨੂੰ ਇੱਕ ਆਮ ਜਿਹੀ ਗੱਲ ਬਣਾ ਦਿੰਦੇ ਹਨ ਤਾਂ ਕਿ ਜਨ ਸਧਾਰਨ ਦੀ ਹਮਦਰਦੀ ਉਹਨਾਂ ਨਾਲ ਨਾ ਜੁੜ ਸਕੇ।
ਲੇਕਿਨ ਫਿਰ ਵੀ ਇੱਕ ਗੱਲ ਬਜੁਰਗਾਂ ਤੋਂ ਸੁਣਦੇ ਆਏ ਹਾ ਕਿ ਆਰੰਭ ਕਾਲ ਤੋਂ ਹੀ ਜਿੱਥੇ ਮਨੁੱਖ ਨੇ ਭਾਈਚਾਰਾ ਬਣਾਉਣ ਜਾਂ ਸਮਾਜ ਸੁਧਾਰ ਵਾਸਤੇ ਕੁੱਝ ਮਰਿਯਾਦਾਂ ਅਤੇ ਨਿਯਮ ਤਹਿ ਕੀਤੇ ਸਨ, ਉਸ ਤਰਾਂ ਹੀ ਜੇ ਕਦੇ ਨੌਬਤ ਲੜਾਈ ਤੱਕ ਵੀ ਆ ਅੱਪੜੇ ਤਾਂ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਨਹੀਂ ਹੋਣਾ ਚਾਹੀਦਾ ਇਸ ਦੇ ਮੱਦੇਨਜ਼ਰ ਕੁੱਝ ਜ਼ਾਬਤਾ ਤੀਹ ਕੀਤਾ ਸੀ, ਇਸ ਸੋਚ ਨੂੰ ਅਪਣਾਉਂਦਿਆਂ ਜੇ ਕਦੇ ਲੜਣਾ ਵੀ ਪੈਂਦਾ ਸੀ ਤਾਂ ਇਹ ਖਿਆਲ ਰੱਖਿਆ ਜਾਂਦਾ ਸੀ ਕਿ ਕਿਸੇ ਬਜੁਰਗ ਅਤੇ ਔਰਤ ਉੱਤੇ ਵਾਰ ਨਹੀਂ ਕਰਨਾ, ਕਿਸੇ ਮਾਸੂਮ ਦੀ ਜਿੰਦ ਨਾਲ ਖੇਡਣਾ ਬਹਾਦਰੀ ਨਹੀਂ ਗਿਣੀ ਜਾਂਦੀ ਸੀ। ਇਹ ਵੀ ਇੱਕ ਮਰਿਯਾਦਾ ਸੀ ਅਤੇ ਹੁਣ ਤੋਂ ਪੰਜ ਦਹਾਕੇ ਪਹਿਲਾਂ ਤੱਕ ਚੱਲਦੀ ਆਈ ਹੈ ਕਿ ਜੇ ਸਾਹਮਣੇ ਵਾਲਾ ਯੋਧਾ ਭਾਵ ਦੁਸ਼ਮਨ ਜਿਸ ਨਾਲ ਲੜਾਈ ਹੋ ਰਹੀ ਹੈ, ਵਾਰ ਕਰਨ ਨਾਲ ਡਿੱਗ ਪਵੇ ਤਾਂ ਡਿੱਗੇ ਉੱਤੇ ਹੋਰ ਵਾਰ ਨਹੀਂ ਕਰਨਾ, ਜੇ ਉਸ ਨਾਲ ਹਾਲੇ ਰੰਜਸ਼ ਮੁੱਕੀ ਨਹੀਂ ਤਾਂ ਉਠਾ ਕੇ ਵਾਰ ਕਰਨ ਦਾ ਸਿਧਾਂਤ ਅਪਣਾਇਆ ਜਾਂਦਾ ਸੀ।
ਜਿਹੜਾ ਮੈਦਾਨ ਛੱਡਕੇ ਭੱਜ ਜਾਵੇ ਉਸ ਭੱਜੇ ਜਾਂਦੇ ਬੰਦੇ ਉੱਤੇ ਵੀ ਵਾਰ ਨਹੀਂ ਕਰਦੇ ਸਨ।ਗੁਰੂ ਸਾਹਿਬ ਦੇ ਜੰਗੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਆਪਣੇ ਉੱਤੇ ਵਾਰ ਕਰਨ ਵਾਲੇ ਪਠਾਣ ਪੈਂਦੇ ਖਾਂ ਨੂੰ ਦੋ ਵਾਰੀ ਮੌਕਾ ਦੇ ਰਹੇ ਹਨ ਕਿ ਪੈਂਦੇ ਖਾਂ ਤੇਰੇ ਦਿਲ ਵਿੱਚ ਕੋਈ ਭੁਲੇਖਾ ਨਾ ਰਹੇ ਕਿ ਗੁਰੂ ਨੇ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ, ਆ ਪਹਿਲੀ ਵਾਰੀ ਤੇਰੀ ਹੈ ਵਾਰ ਕਰ ਲੈ, ਉਸ ਦੇ ਦੋ ਵਾਰਾਂ ਨੂੰ ਅਸਫਲ ਬਣਾਕੇ ਸਤਿਗੁਰੁ ਨੇ ਫਿਰ ਕਿਹਾ ਲੈ ਪੈਂਦੇ ਖਾਂ ਹੁਣ ਅਸੀਂ ਤੈਨੂੰ ਵਾਰ ਕਰਨ ਦੀ ਜਾਚ ਸਿਖਾਉਂਦੇ ਹਾ, ਗੁਰੂ ਸਾਹਿਬ ਦੇ ਵਾਰ ਨਾਲ ਥਲਮੇ ਵਰਗਾ ਪਠਾਣ ਦੜ ਕਰਦਾ ਧਰਤੀ ਦੀ ਹਿੱਕ ਉੱਤੇ ਜਾ ਡਿੱਗਾ ਅਤੇ ਤੜ•ਫ ਰਹੇ ਪੈਦੇ ਖਾਂ ਦੇ ਮੂੰਹ ਉੱਤੇ ਗੁਰੂ ਜੀ ਨੇ ਢਾਲ ਦੀ ਛਾਂ ਕਰ ਦਿੱਤੀ। ਇਹ ਜੰਗੀ ਅਸੂਲ ਸਨ, ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਤੀਰ ਦੇ ਨਾਲ ਸੋਨਾ ਬੰਨ•ਕੇ ਰ•ਖਦੇ ਸਨ, ਉਸ ਦੇ ਵੀ ਬੜੇ ਡੂੰਘੇ ਮਤਲਬ ਹਨ। ਇਹ ਸਭ ਕੁੱਝ ਇਸ ਕਰਕੇ ਸੀ ਕਿ ਲੜਾਈ ਵਿੱਚ ਨਰ ਸੰਘਾਰ ਨਹੀਂ ਸਗੋਂ ਨੇਕੀ ਬਦੀ ਦਾ ਫੈਸਲਾ ਮਹੱਤਵ ਰੱਖਦਾ ਹੈ ਅਤੇ ਅਸੂਲਾਂ ਦੀ ਜਿੱਤ ਹੀ ਅਸਲ ਜਿੱਤ ਅਖਵਾਉਣ ਦੀ ਹੱਕਦਾਰ ਹੁੰਦੀ ਹੈ।
ਪਰ ਅੱਜ ਦੀ ਸਿਆਸਤ ਨੇ ਜੰਗੀ ਲੜਾਈ ਤਾਂ ਦੂਰ ਦੀ ਗੱਲ ਹੈ ਸਿਆਸੀ ਕਦਰਾਂ ਕੀਮਤਾਂ ਨੂੰ ਵੀ ਘੱਟੇ ਵਿੱਚ ਰਲਾ ਦਿੱਤਾ ਹੈ, ਖਾਸ ਕਰਕੇ ਪੰਜਾਬ ਵਿੱਚ ਅੱਜ ਕਿਸੇ ਨੂੰ ਅਧਿਕਾਰ ਨਹੀਂ ਕਿ ਉਹ ਆਪਣੀ ਗੱਲ ਕਿਸੇ ਲੋਕ ਰਾਜੀ ਤਰੀਕੇ ਨਾਲ ਕਹਿ ਸਕੇ ਜਾਂ ਕੋਈ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਆਵਾਜ ਉਠਾ ਲਵੇ ਜਾਂ ਫਿਰ ਲੋਕਤੰਤਰੀ ਤਰੀਕੇ ਦਾ ਸੰਘਰਸ਼ ਕਰ ਸਕੇ, ਬੇਸ਼ੱਕ ਉਹ ਬੇਰੁਜ਼ਗਾਰ ਨੌਜਵਾਨ ਬੱਚੇ ਬੀਬੀਆਂ ਹੋਣ, ਜਾਂ ਸਾਡੇ ਮੁਲਾਜਮ ਭਰਾ ਹੋਣ ਜਾਂ ਕਿਸਾਨ ਯੂਨੀਅਨ ਕਿਸਾਨਾਂ ਦੇ ਦੁੱਖੜੇ ਲੈ ਕੇ ਸੜਕਾਂ ਉੱਤੇ ਆਵੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਰਨ ਵਰਤ ਉੱਤੇ ਬੈਠੇ ਬਜੁਰਗ ਬਾਪੂ ਸੂਰਤ ਸਿੰਘ ਖਾਲਸਾ ਨਾਲ ਹੋ ਰਹੇ ਅਣਮਨੁੱਖੀ ਵਰਤਾਓ ਦੇ ਖਿਲਾਫ਼ ਪਹਿਰੇਦਾਰ ਵੰਗਾਰ ਮਾਰਚ ਕਰੇ ਤਾਂ ਉਹਨਾਂ ਨੂੰ ਸਰਕਾਰੀ ਡਾਂਗਾਂ ਸੋਟੀਆਂ ਦੀ ਕੁੱਟ ਅਤੇ ਗਰਮੀ ਵਿੱਚ ਗਰਮ ਪਾਣੀ ਅਤੇ ਸਰਦੀ ਵਿੱਚ ਠੰਡੇ ਪਾਣੀ ਦੀਆਂ ਬੁਛਾੜਾਂ ਦਾ ਸ਼ਿਕਾਰ ਹੋਣਾ ਪੈਦਾ ਹੈ।ਜਦੋ ਕਿ ਪੰਜਾਬ ਦੀ ਸਰਕਾਰ ਦੇ ਪ੍ਰਬੰਧਕ ਸ. ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਇੱਕ ਗੱਲ ਜੋਰ ਦੇ ਕੇ ਆਖਦੇ ਰਹੇ ਹਨ ਕਿ ਦੇਖੋ ਜੀ ਕੇਂਦਰ ਦੀ ਸਰਕਾਰ ਜਾਂ ਕਾਂਗਰਸ ਸਾਨੂੰ ਲੋਕ ਰਾਜੀ ਤਰੀਕੇ ਨਾਲ ਸੰਘਰਸ਼ ਵੀ ਨਹੀਂ ਕਰਨ ਦਿੰਦੀ, ਅਸੀਂ ਕਿਧਰ ਜਾਈਏ?
ਸਾਨੂੰ ਦਿੱਲੀ ਏਸ਼ੀਆਡ ਖੇਡਾਂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰਨ ਜਾਣ ਤੋਂ ਰੋਕਣ ਵਾਸਤੇ ਆਮ ਸਿੱਖਾਂ ਨੂੰ ਵੀ ਭਜਨ ਲਾਲ ਨੇ ਹਰਿਆਣੇ ਵਿੱਚ ਬੱਸਾਂ ਤੋਂ ਉਤਾਰ ਉਤਾਰਕੇ ਜਲੀਲ ਕੀਤਾ ਅਤੇ ਪੱਗਾਂ ਲਾਹ ਲਾਹ ਕੇ ਬੇਇਜਤੀ ਕੀਤੀ ਲੇਕਿਨ ਅੱਜ ਪੰਜਾਬ ਵਿੱਚ ਬਾਦਲ ਸਾਹਬ ਦੀ ਪਾਰਟੀ ਦੇ ਜੱਫੇਮਾਰ (ਜਥੇਦਾਰ) ਖੁਦ ਪੁਲਿਸ ਤੋਂ ਵੀ ਅੱਗੇ ਹੋ ਕੇ ਰੋਸ ਪ੍ਰਗਟ ਕਰਦੀਆਂ ਜਾਂ ਹੱਕਾਂ ਵਾਸਤੇ ਸਰਕਾਰ ਵਿਰੁੱਧ ਸੰਘਰਸ਼ ਕਰਦੀਆਂ ਬੀਬੀਆਂ ਨੂੰ ਕੁੱਟਦੇ ਹਨ ਅਤੇ ਕੋਈ ਅਜਿਹਾ ਕਸਬਾ ਜਾਂ ਸ਼ਹਿਰ ਨਹੀਂ ਜਿਥੇ ਸ. ਬਾਦਲ ਸੰਗਤ ਦਰਸ਼ਨ ਵਾਸਤੇ ਗਏ ਹੋਣ ਅਤੇ ਉਥੇ ਦਸ ਵੀਹ ਪੱਗਾਂ ਜਾਂ ਦੋ ਚਾਰ ਦਰਜਨ ਚੁੰਨੀਆਂ ਨਾ ਰੁਲੀਆਂ ਹੋਣ?
ਸਰਕਾਰੀ ਤਸ਼ੱਦਦ ਸਰਕਾਰਾਂ ਨੇ ਆਪਣਾ ਹੱਕ ਬਣਾ ਲਿਆ ਹੈ। ਅੱਗੇ ਪੁਲਿਸ ਲੋਕਾਂ ਨੂੰ ਕੁੱਟਦੀ ਸੀ, ਜੇਲ ਭੇਜਦੀ ਸੀ। ਹੁਣ ਝੂਠੇ ਕੇਸ ਬਣਾ ਦੇਣੇ ਤਾਂ ਅੱਜਕੱਲ ਪੁਲਿਸ ਰੂਲ ਜਾਂ ਭਾਰਤੀ ਦੰਡਾਂਵਲੀ ਦੀ ਇੱਕ ਮੱਦ ਹੀ ਬਣ ਗਿਆ ਜਾਪਦਾ ਹੈ ਅਤੇ ਜਿਵੇ ਜਿਵੇ ਲੋਕ ਸੜਕਾਂ ਉੱਤੇ ਆਪਣੇ ਹੱਕਾਂ ਵਾਸਤੇ ਨਿਕਲਣ ਵਾਸਤੇ ਮਜਬੂਰ ਹੋ ਗਏ ਹਨ, ਸਰਕਾਰਾਂ ਨੇ ਨਿਆਂ ਦੇਣ ਜਾਂ ਲੋਕ ਹੱਕਾਂ ਦੀ ਪੂਰਤੀ ਜਾਂ ਰਾਖੀ ਦੀ ਥਾਂ ਬੇਸ਼ਰਮੀ ਵਾਲੇ ਮਾਪਦੰਡ ਅਪਣਾਉਣੇ ਆਰੰਭ ਕਰ ਦਿੱਤੇ ਹਨ।
ਜਿਸ ਸਮੇਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਮੇਰੇ ਪਿੰਡ ਦੇ ਕੁੱਝ ਲੋਕ ਦੱਸਦੇ ਹਨ ਕਿ ਜਿਥੇ ਕਿਤੇ ਕੁੱਝ ਥਾਵਾਂ ਉੱਤੇ ਮੁਸਲਮਾਨਾਂ ਨੂੰ ਇਹ ਲੱਗਾ ਕਿ ਅਸੀਂ ਬੁਰੀ ਤਰਾਂ ਨਾਲ ਘਿਰ ਗਏ ਹਾ ਤਾਂ ਉਥੇ ਉਹਨਾਂ ਨੇ ਗਾਵਾਂ ਦੇ ਵੱਗ ਘੇਰਕੇ ਆਪ ਵਿਚਕਾਰ ਹੋ ਕੇ ਤੁਰਨਾ ਆਰੰਭ ਕਰ ਦੇਣਾ ਕਿਉਂਕਿ ਹਿੰਦੂ ਨੂੰ ਆਣ ਹੈ ਕਿ ਗਾਂ ਉੱਤੇ ਵਾਰ ਨਹੀਂ ਕਰੇਗਾ, ਅੱਜ ਬਠਿੰਡਾ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੁੱਝ ਅਜਿਹਾ ਹੀ ਕੀਤਾ ਕਿ ਜਿਸ ਸਮੇਂ ਪਹਿਰੇਦਾਰ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰੰਭੇ ਸੰਘਰਸ਼ ਦੀ ਪ੍ਰੋੜਤਾ ਅਤੇ ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਵਾਸਤੇ ਵੰਗਾਰ ਮਾਰਚ ਆਰੰਭ ਕੀਤਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਨਵਾਂ ਢੰਗ ਅਪਣਾਇਆ ਕਿ ਜਿਥੇ ਅੱਗੇ ਮਰਦ ਪੁਲਸੀਏ ਸੰਘਰਸ਼ੀਆਂ ਦਾ ਰਸਤਾ ਰੋਕਦੇ ਸਨ ਤਾਂ ਕੁੱਝ ਇੱਕ ਥਾਵਾਂ ਉਥੇ ਹੱਥੋਪਾਈ ਤੱਕ ਵੀ ਨੌਬਤ ਆਉਣ ਦੀ ਗੁੰਜਾਇਸ਼ ਪੈਦਾ ਹੁੰਦੀ ਸੀ, ਪਰ ਅੱਜ ਬਾਦਲੀ ਪੁਲਿਸ ਨੇ ਜਿਵੇ ਮੁਸਲਮਾਨ ਨੇ ਗਾਵਾਂ ਅੱਗੇ ਲਾਈਆਂ ਸਨ, ਪੰਜਾਬ ਪੁਲਿਸ ਵਿੱਚ ਭਰਤੀ ਸਾਡੀਆਂ ਹੀ ਧੀਆਂ ਨੂੰ ਸੰਘਰਸ਼ੀ ਕਾਫਲੇ ਵੰਗਾਰ ਮਾਰਚ ਦੇ ਅੱਗੇ ਖੜੇ ਕਰ ਦਿੱਤਾ, ਕਿਉਂਕਿ ਸਰਕਾਰ ਜਾਣਦੀ ਹੈ ਕਿ ਇਸ ਸੰਘਰਸ਼ ਨਾਲ ਜੁੜੇ ਲੋਕ ਅਸੂਲ ਪ੍ਰਸਤ ਹਨ ਅਤੇ ਆਪਣੀਆਂ ਧੀਆਂ ਨਾਲ ਵਧੀਕੀ ਤਾਂ ਦੂਰ ਦੀ ਗੱਲ ਉਹਨਾਂ ਪ੍ਰਤੀ ਕੁੱਝ ਗਲਤ ਸੋਚ ਵੀ ਨਹੀਂ ਸਕਦੇ ਅਤੇ ਇਹ ਪੁਲਿਸ ਵਾਲੀਆਂ ਬੀਬੀਆਂ ਦਾ ਘੇਰਾ ਨਹੀਂ ਤੋੜ ਸਕਣਗੇ। ਪਰ ਠੇਠ ਬੋਲੀ ਵਿੱਚ ਜਿਸ ਨੂੰ ਬਹੂਆਂ ਤੋਂ ਚੋਰ ਮਰਵਾਉਣੇ ਆਖਦੇ ਹਨ, ਅਜਿਹਾ ਸ਼ਰਮਨਾਕ ਕਾਰਾ ਅੱਜ ਸ. ਪ੍ਰਕਾਸ਼ ਸਿਹੁੰ ਬਾਦਲ ਦੀ ਕਾਲੀ ਅਤੇ ਅਪੰਥਕ ਸਰਕਾਰ ਨੇ ਕਰ ਵਿਖਾਇਆ।
ਜੋ ਅਜੋਕੀ ਸਿਆਸਤ ਦੀਆਂ ਨੀਤੀਆਂ ਦੀ ਗਿਰਾਵਟ ਦਾ ਇੱਕ ਨਮੂੰਨਾ ਹੈ। ਉਹ ਸੂਬਾ ਜਾਂ ਉਹ ਪ੍ਰਜਾ ਜਿਸਦੇ ਪ੍ਰਬੰਧਕ ਅਜਿਹੀਆਂ ਕੁਚਾਲਾਂ ਉੱਤੇ ਉੱਤਰ ਆਉਣ ਉਸਦੀ ਹੋਂਦ ਬਹੁਤੀ ਦੇਰ ਬਣੀ ਨਹੀਂ ਰਹਿ ਸਕਦੀ। ਸਰਕਾਰ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ, ਕਿ ਤੁਹਾਨੂੰ ਨਿਆਂ ਨਹੀਂ ਦੇਣਾ, ਬੇਸ਼ੱਕ ਸਾਨੂੰ ਬੀਬੀਆਂ ਦੀ ਦੀਵਾਰ ਬਣਾ ਕੇ ਹੀ ਤੁਹਾਡੇ ਜਜਬਾਤ ਕਿਉਂ ਨਾ ਡੱਕਣੇ ਪੈਣ? ਅੱਗੇ ਹੁਣ ਤੁਸੀਂ ਸੋਚ ਲਵੋ ਕੀਹ ਕਰਨਾ ਹੈ।
ਗੁਰੂ ਰਾਖਾ !!
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
Gurinderpal Singh Dhanoula
ਵਾਹ ਨੀ ਬਾਦਲ ਸਰਕਾਰੇ ਤੇਰੇ ਵੀ ਰੰਗ ਨਿਆਰੇ
Page Visitors: 2829