ਕੀ ਕਰਦੀਆਂ ਹਨ ਸਰਕਾਰੀ ਏਜੰਸੀਆਂ ?
ਗੁਰਦੇਵ ਸਿੰਘ ਸੱਧੇਵਾਲੀਆ
ਕੁੱਝ ਵੀ ਨਹੀਂ ਕਰਦੀਆਂ! ਕੀ ਕਰ ਸਕਦੀਆਂ ਸਰਕਾਰੀ ਏਜੰਸੀਆਂ ? ਕੁੱਝ ਵੀ ਤਾਂ ਨਹੀਂ ਕਰ ਸਕਦੀਆਂ ਸਰਕਾਰੀ ਏਜੰਸੀਆਂ। ਏਜੰਸੀਆਂ ਇੱਕ ਕੰਮ ਕਰਦੀਆਂ ਕਿ ਉਹ ਮੇਰੇ ਅੰਦਰਲੇ ਲੋਭ ਨੂੰ ਬੜਾਵਾ ਦਿੰਦੀਆਂ ਤੇ ਬਾਕੀ ਜੋ ਕਰਦਾਂ ਮੈਂ ਹੀ ਕਰਦਾਂ ਹਾਂ। ਇੱਕ ਦੂਜੇ ਦੀਆਂ ਪੱਗਾਂ ਲਾਹੁਣ ਤੋਂ ਲੈ ਕੇ ਸਿਰ ਪਾੜਨ ਤੱਕ! ਮੇਰੇ ਅੰਦਰਲਾ ਲੋਭ ਹਾਮੀ ਨਾ ਭਰੇ, ਤਾਂ ਏਜੰਸੀ ਜਾਂ ਸਰਕਾਰ ਕੁਝ ਨਹੀਂ ਕਰ ਸਕਦੀ। ਕਿਵੇਂ ਵਰਤ ਲਊ ਏਜੰਸੀ ਮੈਨੂੰ ਬਦੋਬਦੀ, ਜੇ ਮੇਰਾ ਸਿਰ ਵਰਤਿਆ ਜਾਣ ਲਈ ਤਿਆਰ ਹੀ ਨਹੀਂ।
ਸਿੱਖਾਂ ਦੇ ਗੁਰਦੁਆਰਿਆਂ ਵਿਚ ਲੜਾਈਆਂ ਤੋਂ ਲੈ ਕੇ ਸੰਸਥਾਵਾਂ ਦੀ ਪਾਟੋ-ਧਾੜ ਤੱਕ ਨਿਗਾਹ ਮਾਰ ਲਓ ਕਿ ਜੋ ਕਰ ਰਿਹਾ ਮੈਂ ਹੀ ਤਾਂ ਕਰ ਰਿਹਾ ਹਾਂ। ਜੇ ਮੈਂ ਉਸਦੀ ਤੇ ਉਹ ਮੇਰੀ ਪੱਗ ਲਾਹੁੰਦਾ ਤਾਂ ਕੋਈ ਹੋਰ ਤਾਂ ਨਹੀਂ ਬਲਕਿ ਉਹ ਮੈਂ ਹੀ ਹਾਂ। ਗੁਰਦੁਆਰੇ ਉਪਰ ਕਬਜਿਆਂ ਦੀ ਹਾਬੜਤਾ ਨੇ ਮੈਨੂੰ ਬਿਮਾਰ ਕਰ ਦਿੱਤਾ ਹੈ। ਕਬਜੇ ਦੇ ‘ਬਿਹਾਂਈਡ ਸੀਨ’ ਮੇਰਾ ਹੰਕਾਰ ਸੱਪ ਵਾਂਗ ਫੁੰਕਾਰੇ ਮਾਰ ਰਿਹਾ ਹੈ ਤੇ ਹੰਕਾਰ ਤੋਂ ਵੱਡੀ ਬਿਮਾਰੀ ਹੋਰ ਕੀ ਹੈ। ਕੈਂਸਰ-ਵੈਂਸਰ ਤਾਂ ਕੱਖ ਵੀ ਨਹੀਂ ਇਸ ਮੁਕਾਬਲੇ। ਕੈਂਸਰ ਤਾਂ ਕੇਵਲ ਮੈਂਨੂੰ ਖੁਦ ਨੂੰ ਮਾਰਦੀ ਪਰ ਹੰਕਾਰ? ਇਹ ਕਈਆਂ ਦੇ ਗਾਟੇ ਲਾਹੁੰਦਾ ਤੇ ਕਈ ਵਾਰ ਵੱਡੀਆਂ ਜੰਗਾਂ ਵਿਚ ਤਬਦੀਲ ਹੁੰਦਾ।
ਏਜੰਸੀ ਨੂੰ ਮੇਰੀ ਗਰੀਬੀ ਦਾ ਪਤਾ ਲੱਗ ਗਿਆ ਹੈ।
ਉਸ ਨੂੰ ਪਤਾ ਲੱਗ ਗਿਆ ਕਿ ਸਿੱਖ ‘ਕ੍ਰੈਕਟਰ’ ਦਾ ਕੋਈ ਬਹੁਤਾ ਅਮੀਰ ਨਹੀਂ ਰਿਹਾ, ਇਸ ਦੀ ਲੰਮੀ ਸੋਚ ਕੋਈ ਵੱਡਾ ਮੁਲਕ ਖੜਾ ਕਰਕੇ ਰਾਜ ਕਰਨ ਤੱਕ ਨਹੀਂ ਜਾਂਦੀ, ਇਹ ਗੁਰਦੁਆਰੇ ਤੱਕ ਦੇ ਕਬਜੇ ਦੀ ਬਹੁਤ ਛੋਟੀ ਸੋਚ ਦਾ ਮਾਲਕ ਹੋ ਚੁੱਕਾ। ਐਵੇਂ ਛੋਟਾ ਜਿਹਾ ਰਜਵਾੜਾ! ਰਜਵਾੜਾ ਵੀ ਕਾਹਦਾ ਐਵੇਂ ਪ੍ਰਧਾਨ ਸਕੱਤਰ ਤੇ ਬੱਅਸ! ਕਈ ਵਾਰ ਤਾਂ ਇਨਾ ਛੋਟਾ ਕਿ ਐਵੇਂ ਪ੍ਰਧਾਨ ਦਾ ਗੜਵਈ ਹੋਣ ਤੱਕ ਹੀ ਸੀਮਤ? ਕਈ ਵਾਰ ਗੜਵਈ ਹੋਣ ਪਿੱਛੇ ਵੀ ਲੜ ਪੈਂਦਾ ਹੈ ਕਿ ਮੈਂ ਵੱਡਾ ਜਾਂ ਉਹ ਵੱਡਾ ਗੜਵਈ? ਤੇ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰਿਆਂ ਵਿਚ ਕਈ ਖਾਹ-ਮਖਾਹ ਹੀ ਬਾਹਾਂ ਟੰਗੀ ਫਿਰਦੇ ਹੁੰਦੇ ਕਿ ਅਸੀਂ ਪ੍ਰਧਾਨ ਸਾਹਬ ਦੇ ਗੜਵਈ ਹਾਂ। ਅਜਿਹੇ ਗਰੀਬ ਹਲਾਤਾਂ ਵਿਚ ਏਜੰਸੀਆਂ ਨੂੰ ਬਹੁਤਾ ਕੁਝ ਕਰਨ ਦੀ ਲੋੜ ਕੀ ਹੈ? ਏਜੰਸੀਆਂ ਨੂੰ ਜੋਰ ਤਾਂ ਉਥੇ ਲਾਉਂਣਾ ਪੈਂਦਾ ਜਿਥੇ ਬੰਦੇ ਬਹੁਤ ਮਹਿੰਗੇ, ਗੰਭੀਰ ਅਤੇ ਭਾਰੇ ਹੋਣ। ਇਥੇ ਤਾਂ ਅੱਡੀਆਂ ਚੁੱਕ ਚੁੱਕ ਮੁਫਤ ਵਿਚ ਹੀ ਅਪਣੇ ਆਪ ਨੂੰ ਪੇਸ਼ ਕਰੀ ਜਾਂਦੇ। ਪੰਜਾਬੀ ਮੀਡੀਏ ਤੱਕ ਦੇ ਲੋਕ? ਤੁਸਾਂ ਦੇਖਿਆ ਹੋਣਾ ਕਿਸੇ ਗੁਰਦੁਆਰੇ ਦੀ ਲੜਾਈ ਨੂੰ ਲੈ ਕੇ ਜਾਂ ਕਿਸੇ ਹੋਰ ਗੰਭੀਰ ਵਿਸ਼ੇ ਉਪਰ ਸਿੱਖਾਂ ਦੀ ਖਿੱਲੀ ਉਡਾ ਕੇ ਬਹੁਤੇ ਮੀਡੀਆਕਾਰ ਖੁਦ ਹੀ ‘ਬਲੂਰ’ ਜਾ ਕੇ ਪੇਸ਼ ਹੋ ਜਾਂਦੇ ਕਿ ਦੇਖਿਆ ਸਾਡੀਆਂ ਕਰਾਮਾਤਾਂ? ਅਗਲੇ ਹੱਸਦੇ ਹੀ ਹੋਣੇ ਅਜਿਹੇ ਫੁਕਰਿਆਂ ਉਪਰ ਜਿਹੜੇ ਮੁਫਤੇ ਵਿਚ ਸਿਰ ਪੰਜਾਲੀ ਹੇਠ ਦਈ ਫਿਰਦੇ ਹਨ?
ਮੁਫਤ? ਕੋਲੋਂ ਪੈਸੇ ਖਰਚ ਕਰਕੇ ਸਗੋਂ! ਕਈ ਕੋਲੋਂ ਪੈਸੇ ਖਰਚ ਕੇ ਵਿੱਕਦੇ? ਤੁਸੀਂ ਕੋਈ ਅਜਿਹਾ ਗਰੀਬ ਦੇਖਿਆ ਹੋਵੇ ਜਿਹੜਾ ਕੋਲੋਂ ਪੈਸੇ ਖਰਚ ਕੇ ਵਿੱਕਦਾ? ਪੰਜਾਬੋਂ ਕੋਈ ਲੰਡਰ ਜਿਹਾ ਲੀਡਰ ਆਵੇ, ਹਾਰ ਲੈ ਕੇ ਏਅਰ-ਪੋਰਟ ਉਪਰ ਇੱਕ ਦੂਏ ਤੋਂ ਅੱਡੀਆਂ ਚੁੱਕੀ ਮੂਹਰੇ? ਕੋਲੋਂ ਵਿਸਕੀਆਂ ਪਿਆਉਂਦੇ, ਚਿਕਨ ਖਵਾਉਂਦੇ, ਹਾਲਾਂ ਵਿੱਚ ਪ੍ਰੋਗਰਾਮ ਰੱਖ ਕੇ ਸਨਮਾਨਤ ਕਰਦੇ ਤੇ ਜਾਣ ਲੱਗਿਆਂ ਨੂੰ ਆਪਣੀ ਉਨ ਲਾਹ ਕੇ ਦਿੰਦੇ ਯਾਨੀ ਲਫਾਫੇ! ਦੱਸੋ ਕਿਵੇਂ ਨਾ ਵਿੱਕੇ ਕੋਲੋਂ ਦੇ ਕੇ?
ਏਜੰਸੀ ਉਸ ਘਰ ਵੜਦੀ ਜਿਸ ਘਰ ਦੇ ਤਾਲੇ ਮਾੜੇ ਤੇ ਕਮਜੋਰ ਹੋਣ ਤੇ ਇੱਕੇ ਝਟਕੇ ਖੁਲ ਜਾਣ ਵਾਲੇ। ਪਰ ਇਧਰ ਤਾਂ ਤਾਲਾ ਮਾਰਦੇ ਹੀ ਨਹੀਂ ਮਾਂ ਦੇ ਪੁੱਤ ਚੁਪੱਟ ਦਰਵਾਜਾ ਖੁਲ੍ਹਾ, ਜਿਹੜਾ ਮਰਜੀ ਆਵੇ ਵੜ ਜਾਏ। "ਸਹਿਜਧਾਰੀ" ਦੇ ਨਾਂ 'ਤੇ ਸਭ ਭਈਆ ਇਨੀ ਗੁਰਦੁਆਰਿਆਂ ਵਿੱਚ ਵਾੜ ਲਿਆ। ਕਬਜੇ ਦੀ ਹਾਬੜਤਾ ਨੇ ਸਭ ਬੀੜੀਆਂ ਫੂਕਣਿਆ ਦੀਆਂ ਵੋਟਾਂ ਬਣਾ ਕੇ ਖੁਦ ਅਪਣਾ ਘਰ ਕੂੜੇ-ਕੱਚਰੇ ਨਾਲ ਭਰ ਲਿਆ ਤੇ ਫਿਰ ਕਹਿੰਦਾ ਇਹ ਏਜੰਸੀਆਂ ਦੀ ਚਾਲ ਹੈ? ਕਿਸੇ ਵੀ ਸ਼ਰਤ 'ਤੇ ਕਬਜਾ ਤੇ ਬੱਅਸ ਕਬਜਾ?
ਇਨ੍ਹਾਂ ਕੋਲੋਂ ਤੁਸੀਂ ਸਿੱਖ ਰਾਜ ਜਾਂ ਅਜਾਦੀ ਦੀ ਕੀ ਉਮੀਦ ਰੱਖਦੇ ਹੋਂ, ਜਿਹੜੇ ਗੁਰਦੁਆਰੇ ਦੇ ਕਬਜਿਆਂ ਦੀ ਰਾਜਨੀਤੀ ਵਿਚੋਂ ਹੀ ਬਾਹਰ ਨਹੀਂ ਆਏ? ਇਹ ਸਭ ਤੁਹਾਨੂੰ ਲੈ ਕੇ ਦੇਣਗੇ ਖਾਲਿਸਤਾਨ, ਜਿਹੜੇ ਇੱਕ ਗੁਰਦੁਆਰੇ ਦੇ ਕਬਜੇ ਖਾਤਰ ਟੋਕੇ ਵਾਹੁੰਦੇ ਅਤੇ ਟੱਕੂਆਂ ਨਾਲ ਲੋਕਾਂ ਦੇ ਸਿਰ ਪਾੜਦੇ, ਕ੍ਰਿਪਾਨਾਂ ਨਾਲ ਢਿੱਡ ਪਾੜਦੇ, ਗੰਦੀਆਂ ਗਾਹਲਾਂ ਕੱਢਦੇ?
ਸਾਡੇ ਹੁੰਦੇ ਏਜੰਸੀ ਨੇ ਕਰਨਾ ਕੀ?
ਉਸ ਦੇ ਕਰਨ ਵਾਲਾ ਰਹਿ ਕੀ ਜਾਂਦਾ? ਉਸ ਦਾ ਕੰਮ ਤਾਂ ਮੈਂ ਹੀ ਕਰੀ ਜਾ ਰਿਹਾਂ। ਮੈਂ ਹੀ ਏਜੰਸੀ ਹਾਂ! ਸਰਕਾਰੀ ਏਜੰਸੀ? ਤੁਰੀ ਫਿਰਦੀ ਏਜੰਸੀ? ਐਵੇਂ ਕਿਸੇ ਏਜੰਸੀ-ਵਜੰਸੀ ਨੂੰ ਭੰਡੀ ਜਾਣਾ ਅਪਣੇ ਨਲਾਇਕੀ ਉਪਰ ਪੜਦਾ ਪਾਉਂਣਾ ਹੈ। ਮੇਰੇ ਹੁੰਦੇ ਕਿਸੇ ਏਜੰਸੀ ਦੀ ਲੋੜ ਕੀ ਹੈ। ਮੈਂ ਚਾਰ ਬੰਦਿਆਂ ਦੀ ਕੋਈ ਸੰਸਥਾਂ ਖੜੀ ਕਰਦਾਂ ਤੇ ਫਿਰ ਉਸ ਦੇ ਨਾਂ ਉਪਰ ਲੜਦਾਂ ਕਿ ਫਲਾਂ ਥਾਂ ਮੇਰੀ ਜਥੇਬੰਦੀ ਦਾ ਨਾਂ ਕਿਉਂ ਨਹੀਂ ਆਇਆ? ਚਾਰ ਬੰਦੇ ਹੀ ਪੂਰਾ ਪੰਥ ਸਿਰ ਉਪਰ ਚੁੱਕ ਲੈਂਦੇ ਤੇ ਮੁੜ ਜਿਉਂ ਦੌੜਦੇ ਚੁੱਕ ਕੇ ਸਿਰਤੋੜ ਹੀ! ਕਈ ਵਾਰ ਤਾਂ ਦੋ ਬੰਦੇ ਹੀ ਪੂਰਾ ਪੰਥ? ਸਾਡੀ ਨਾ ਸੁਣੀ ਗਈ ਤਾਂ ਅਸੀਂ ਪੰਥ ਸਿਰ ਤੋਂ ਹੇਠਾਂ ਲਾਹ ਦੇਣਾ ਲੱਭਦੇ ਰਿਹੋ ਫਿਰ! ਹਾਅ!
ਕੋਈ ਸਮਾਂ ਸੀ ਸਿੱਖ ਤੁਰਿਆ ਫਿਰਦਾ ਗੁਰਦੁਆਰਾ ਸੀ। ਉਸ ਦੇ ਜੀਵਨ ਨੂੰ ਦੇਖ ਲੋਕ ਖਿੱਚੇ ਆਉਂਦੇ ਸਨ ਸਿੱਖ ਬਣਨ। ਤੇ ਹੁਣ ਹਰੇਕ ਸਿੱਖ ਤੁਰੀ ਫਿਰਦੀ ਏਜੰਸੀ?ਦੱਸੋ ਕਿਥੇ ਬਲੀ ਦੇਣੀ? ਮਾਤਾ ਦੇ, ਸ਼ਿਵ ਜੀ ਦੇ, ਸ਼ਨੀ ਦੇ, ਕਾਲਕਾ ਦੇ, ਚੰਡੀ ਦੇ, ਦੁਰਗਾ ਦੇ, ਭੈਰੋਂ ਦੇ, ਵਡਭਾਗੀ ਦੇ, ਲਾਲਾ ਵਾਲੇ ਦੇ, ਪੀਰ ਦੇ, ਕਿਸੇ ਨੰਗ ਮਸਤ ਦੇ? ਦੱਸੋ ਤਾਂ ਸਹੀਂ ਸਿਰ ਕਿਹਦੇ ਪੈਰੀਂ ਰੱਖਣਾ? ਇਨਾ ਸਸਤਾ ਸਿਰ? ਕੋਈ ਕੀਮਤ ਹੀ ਨਹੀਂ? ਓ ਯਾਰ ਕੁੱਝ ਟੱਕੇ ਤਾਂ ਠੀਕਰ ਦੇ ਘੜੇ ਦੀ ਵੀ ਹੁੰਦੀ ਪਰ ਇਹ…?ਵਿਕਾਊ ਸਿਰ? ਤੇ ਵਿਕਾਊ ਸਿਰ ਗੁਰੂ ਗੋਬਿੰਦ ਸਿੰਘ ਦਾ ਕਿਵੇਂ ਹੋਇਆ? ਸਿਰ ਵਿਚੋਂ ਗੁਰੂ ਗੋਬਿੰਦ ਸਿੰਘ ਵਿਦਾ ਕਰ ਦਿਓ, ਬਾਕੀ ਬਚਿਆ ਕੀ? ਤਾਂ ਇਨਾਂ ਸਸਤਾ ਸਿਰ ਏਜੰਸੀ ਨੇ ਕਰਨਾ ਵੀ ਕੀ ਏ?
ਸਿਰ ਵਿੱਚ ਤਾਂ ਜਗ ਮਾਤਾ, ਝਾਝਰਾਂ ਵਾਲਾ ਮਹਾਂਕਾਲ, ਕਾਲਕਾ, ਚੰਡਕਾ ਤੇ ਬਹੁਤੀ ਵੱਡੀ ਪ੍ਰਾਪਤੀ ਤਾਂ ਚਾਰ ਸੌ ਪਾਂਚ ਚਰਿੱਤਰ ਮਸਤ ਸ਼ੁਭ ਮਸਤ? ਇਨੇ ਮਹਿੰਗੇ ਚਰਿੱਤਰ? ਇਨੇ ਮਹਿੰਗੇ ਕਿ ਜਿੰਨਾ ਚਿਰ ਰੋਜ ਸ਼ਾਮੀਂ ਇਨਾ ਨੂੰ ਰਹਿਰਾਸ ਸਾਹਿਬ ਵਿੱਚ ਚੇਤੇ ਨਾ ਕਰ ਲਵਾਂ, ਮੇਰਾ ਪਾਠ ਹੀ ਪੂਰਾ ਨਹੀਂ ਹੁੰਦਾ! ਚਰਿੱਤਰ ਵੀ ਵੇਖੋ ਨਾ ਕਿੰਨੇ ਪੂਰੇ ਚਾਰ ਸੌ ਪਾਂਚ? ਚੜ੍ਹਦੇ ਤੋਂ ਚੜ੍ਹਦਾ? ਕਮਾਲਾਂ ਕੀਤੀਆਂ ਪਈਆਂ? ਇਨਾ ਮਹਿੰਗਾ ਗਿਆਨ ਮੈਂ ਸਿਰ ਉਪਰ ਲੱਦੀ ਫਿਰਦਾਂ ਤੇ ਏਜੰਸੀ ਨੂੰ ਕੀ ਲੋੜ ਹੋਰ ਪੰਗਾ ਲੈਣ ਦੀ?
ਮੈਂ ਏਜੰਸੀ ਬਾਰੇ ਸੋਚਣਾ ਛੱਡਕੇ ਅਪਣੇ ਬਾਰੇ ਸੋਚਣਾ ਸ਼ੁਰੂ ਕਰਾਂ। ਆਪਣੇ ਸਿਰ ਬਾਰੇ। ਇਸ ਸਿਰ ਵਿਚੋਂ ਪੰਡੀਏ ਨੂੰ ਕੱਢ ਕੇ ਵਾਪਸ ਗੁਰੂ ਬਾਜਾਂ ਵਾਲੇ ਨੂੰ ਲੈ ਕੇ ਆਵਾਂ ਤਾਂ ਸ਼ਾਇਦ ਮੇਰੇ ਸਿਰ ਦੀ ਕੀਮਤ ਪੈਣ ਲੱਗੇ, ਤਾਂ ਫਿਰ ਮੈਨੂੰ ਫਿਕਰ ਹੋਣ ਲੱਗੇ ਕਿ ਏਜੰਸੀ ਦੀ ਅੱਖ ਮੇਰੇ ਮਹਿੰਗੇ ਸਿਰ ਉਪਰ ਹੈ। ਨਹੀਂ ਤਾਂ ਅਜਿਹਾ ਸਸਤਾ ਸਿਰ ਏਜੰਸੀ ਨੇ ਕਰਨਾ ਕੀ ਹੈ? ਕਿ ਕਰਨਾ ਕੁੱਝ?
ਗੁਰਦੇਵ ਸਿੰਘ ਸੱਧੇਵਾਲੀਆ
ਕੀ ਕਰਦੀਆਂ ਹਨ ਸਰਕਾਰੀ ਏਜੰਸੀਆਂ ?
Page Visitors: 2757