ਨਾਨਕ-ਸ਼ਾਹੀ ਕੈਲੰਡਰ ਬਾਰੇ ਸਿੱਖ ਜਾਗਣਗੇ ਵੀ ?
ਜਾਂ ਸਿਰਫ ਪੜ੍ਹ-ਪੜ੍ਹ ਕੇ ਵਾਹ-ਵਾਹ ਹੀ ਕਰਦੇ ਰਹਿਣਗੇ ?
ਨਾਨਕਸ਼ਾਹੀ ਕੈਲੰਡਰ 2003 ਵਿੱਚ ਉਸ ਸਮੇ ਦੀ ਸ਼੍ਰੋਮਣੀ ਕਮੇਟੀ ਨੇ, ਸਾਰੀਆਂ ਸੰਪਰਦਾਵਾਂ ਨਾਲ ਰਸਮੀ ਵਿਚਾਰ ਵਟਾਂਦਰੇ ਪਿਛੋਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਹਿਬਾਨ ਦੀ ਪਰਵਾਨਗੀ ਉਪਰੰਤ ਜਾਰੀ ਕਰ ਦਿੱਤਾ ਸੀ। ਇਸ ਕੈਲੰਡਰ ਬਾਰੇ ਸਿੱਖਾਂ ਨੇ ਤਾਂ ਖੁਸ਼ੀ ਮਨਾਈ ਅਤੇ ਰਾਹਤ ਵੀ ਮਹਿਸੂਸ ਕੀਤੀ ਸੀ ਕਿ ਸਿੱਖ ਨੂੰ ਵੀ ਆਪਣੇ ਸਿਧਾਂਤਾਂ ਅਤੇ ਆਪਣੀ ਮਰਿਯਾਦਾ ਅਨੁਸਾਰ ਸੰਸਾਰ ਦੇ ਹਾਣੀ ਬਣਕੇ ਆਪਣੇ ਦਿਨ ਦਿਹਾੜੇ ਮਨਾਉਣ ਦਾ ਮੌਕਾ ਮਿਲੇਗਾ। ਛੇ ਸਾਲ ਇਹ ਕੈਲੰਡਰ ਲਾਗੂ ਰਿਹਾ ਸ਼੍ਰੋਮਣੀ ਕਮੇਟੀ ਇਸ ਦੀ ਪਹਿਰੇਦਾਰੀ ਕਰਦੀ ਰਹੀ। ਬਹੁਤ ਸਾਰੇ ਸਮਝਦਾਰ ਲੋਕਾਂ, ਜਿਹਨਾਂ ਨੇ ਇਸ ਨੂੰ ਤਕਨੀਕੀ ਅਤੇ ਵਿਚਾਰਧਾਰਕ ਤੌਰ ਉੱਤੇ ਸਮਝ ਅਤੇ ਪਰਖ ਲਿਆ ਸੀ , ਨੇ ਇਸ ਨੂੰ ਇਕ ਅਮੋਲਕ ਕੌਮੀ ਦਸਤਾਵੇਜ ਵੱਜੋਂ ਮੰਨ ਵੀ ਲਿਆ ਸੀ।
ਲੇਕਿਨ ਦੂਜੇ ਪਾਸੇ ਭਾਰਤੀ ਨਿਜ਼ਾਮ ਭਾਵ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਜਿਸ ਦਾ ਇੱਕ ਹੀ ਮਨਸੂਬਾ ਹੈ, ਹਿੰਦੀ, ਹਿੰਦੂ, ਹਿੰਦੋਸਤਾਨ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਿਤ ਕਰਨਾ ਹੈ, ਨੇ ਕੈਲੰਡਰ ਦੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਆਖ ਦਿੱਤਾ ਸੀ ਕਿ ਸਿੱਖਾਂ ਨੂੰ ਅਸੀਂ ਇਹ ਕੈਲੰਡਰ ਲਾਗੂ ਨਹੀਂ ਕਰਨ ਦੇਣਾ। ਇਸ ਵੱਖਰੇ ਕੈਲੰਡਰ ਦੀ ਸਿੱਖਾਂ ਨੂੰ ਕੋਈ ਲੋੜ ਵੀ ਨਹੀਂ ਹੈ। ਹਰ ਤਰਾਂ ਦੇ ਸਾਧਨਾਂ ਅਤੇ ਸਰੋਤਾਂ ਨਾਲ ਭਰਪੂਰ ਇਹ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ.ਦੇ ਏਜੰਡੇ ਬੜੇ ਹੀ ਗੁੰਝਲਦਾਰ ਅਤੇ ਲੰਬੇਰੇ ਹਨ। ਇਹ ਕਦੇ ਵੀ ਕਿਸੇ ਕੰਮ ਵਿੱਚ ਕਾਹਲੀ ਨਹੀਂ ਪੈਦੀ ਅਤੇ ਆਪਣੇ ਹਰ ਕੰਮ ਨੂੰ ਬੜੀ ਨੀਤੀ ਨਾਲ ਅਤੇ ਅਜਿਹੀ ਢੰਗ ਨਾਲ ਨੇਪਰੇ ਚਾੜਦੀ ਹੈ ਕਿ ਕਦੇ ਦੋਸ਼ ਵੀ ਆਪਣੇ ਸਿਰ ਨਹੀਂ ਲੈਂਦੀ। ਹਮੇਸ਼ਾ ਅਜਿਹੀ ਸਾਫਗੋਈ ਨਾਲ ਕੰਮ ਕਰ ਜਾਂਦੀ ਹੈ ਕਿ ਜਿਹਨਾਂ ਦਾ ਨੁਕਸਾਨ ਹੋ ਜਾਂਦਾ ਹੈ, ਉਹ ਖੁਦ ਨੁਕਸਾਨ ਦੀ ਪੜਤਾਲ ਕਰਨ ਜਾਂ ਉਸ ਪਿੱਛੇ ਛੁਪੀ ਸਾਜਿਸ਼ ਨੂੰ ਲੱਭਣ ਦੀ ਬਜਾਇ ਇੱਕ ਦੂਜੇ ਨਾਲ ਉਲਝ ਜਾਂਦੇ ਹਨ।
ਆਰ.ਐਸ.ਐਸ. ਨੇ ਉਸ ਦਿਨ ਹੀ ਇਹ ਠਾਣ ਲਈ ਸੀ ਕਿ ਹੁਣ ਸਿੱਖਾਂ ਦੇ ਇਸ ਆਪਣੇ ਕੈਲੰਡਰ ਨੂੰ ਖਤਮ ਕਰਕੇ ਹੀ ਸਾਹ ਲੈਣਾ ਹੈ ਅਤੇ ਸਿੱਖ ਅੱਗੇ ਤੋਂ ਇਹ ਯਾਦ ਰੱਖਣਗੇ ਕਿ ਆਰ.ਐਸ.ਐਸ. ਦੀ ਪ੍ਰਵਾਨਗੀ ਬਿਨਾਂ ਕੈਲੰਡਰ ਤਾਂ ਕੀਹ ਤੁਸੀਂ ਆਪਣੀ ਮਰਿਯਾਦਾ ਵੀ ਨਹੀਂ ਚਲਾ ਸਕਦੇ। ਇਸ ਕੰਮ ਵਾਸਤੇ ਕਿਸੇ ਘੱਟ ਗਿਣਤੀ ਦੇ ਧਾਰਮਿਕ ਮਾਮਲਿਆਂ ਜਾਂ ਕਿਸੇ ਹੋਰ ਧਰਮ ਦੇ ਵਿੱਚ ਦਖਲ ਅੰਦਾਜੀ ਦੇ ਦੋਸ਼ ਨੂੰ ਆਪਣੇ ਗਲੋਂ ਲਾਹੁਣ ਲਈ, ਸਿੱਖਾਂ ਵਿੱਚ ਹੀ ਆਪਣੀਆਂ ਪਿਛਲੇ ਕਾਫੀ ਸਮੇਂ ਤੋਂ ਸਥਾਪਤ ਕੀਤੀਆਂ ਬਰਾਂਚਾਂ ਨੂੰ ਥੋੜਾ ਜਿਹਾ ਹਰਕਤ ਵਿੱਚ ਲਿਆਂਦਾ। ਜਿਹਨਾਂ ਨੂੰ ਪਹਿਲਾਂ ਤਾਂ ਇੱਕ ਏਜੰਡਾ ਤਿਆਰ ਕਰ ਦਿੱਤਾ ਗਿਆ ਕਿ ਸਿੱਖਾਂ ਅੰਦਰ ਸੰਗਰਾਂਦ ਮੱਸਿਆ ਪੂਰਨਮਾਸ਼ੀ ਦਾ ਵਾਸਤਾ ਪਾ ਕੇ, ਜਨਸਧਾਰਨ ਨੂੰ ਇਸ ਗੱਲੋਂ ਭੜਕਾ ਦਿੱਤਾ ਜਾਵੇ ਕਿ ਨਾਨਕਸ਼ਾਹੀ ਕੈਲੰਡਰ ਨਾਲ ਸਾਡਾ ਸਭ ਕੁਝ ਬਰਬਾਦ ਹੋ ਜਾਵੇਗਾ, ਇਸ ਕੰਮ ਵਾਸਤੇ ਅਮਰੀਕਾ ਤੋਂ ਵਾਪਿਸ ਲਿਆ ਕੇ ਆਰ.ਐਸ.ਐਸ. ਵੱਲੋਂ ਧੱਕੇ ਅਤੇ ਧੋਖੇ ਨਾਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰਿਸ ਬਣਾਏ, ਬਾਬਾ ਹਰਨਾਮ ਸਿਹੁੰ ਧੁੰਮੇ ਨੂੰ ਮੋਹਰੀ ਬਣਾਇਆ ਗਿਆ। ਜਿਸ ਨੇ ਅੱਗੋਂ ਸਾਧਾਂ ਦੀ ਯੂਨੀਅਨ ਤਿਆਰ ਕਰਕੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ।
ਸਾਰੇ ਪਾਠਕ ਭਲੀ ਪ੍ਰਕਾਰ ਜਾਣਦੇ ਹਨ ਕਿ ਸਿੱਧਾ ਕੈਲੰਡਰ ਨੂੰ ਰੱਦ ਕਰਨ ਦੀ ਥਾਂ ਪਹਿਲਾਂ ਸੋਧ ਦੇ ਨਾਮ ਉੱਤੇ ਇਸ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣ ਦਾ ਯਤਨ ਅਰੰਭਿਆ ਗਿਆ ਸੀ। ਜਿਸ ਵਿੱਚ ਸਫਲਤਾ ਪ੍ਰਾਪਤ ਕਰਨ ਉਪਰੰਤ ਏਜੰਡੇ ਦੀ ਅਗਲੀ ਮੱਦ ਨੂੰ ਲਾਗੂ ਕਰਦਿਆਂ, ਸਾਧ ਯੂਨੀਅਨ ਰਾਹੀ ਆਰ.ਐਸ.ਐਸ. ਨੇ ਨਾਗਪੁਰੀ ਹੁਕਮਨਾਮੇ ਅਧੀਨ, ਅਕਾਲ ਤਖਤ ਸਾਹਿਬ ਤੋਂ ਹੀ ਇਸ ਨੂੰ ਖਤਮ ਕਰਵਾਉਣ ਦੀ ਤਜਵੀਜ ਨੂੰ ਅੰਜਾਮ ਦੇਣਾ ਆਰੰਭ ਕੀਤਾ। ਜਿਸ ਦੀ ਪਹਿਰੇਦਾਰੀ ਕਰਦਿਆਂ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਆਪਣੀ ਕੁਰਬਾਨੀ ਦੇ ਦਿੱਤੀ, ਪਰ ਬਿਪਰਵਾਦ ਆਪਣੀ ਕਰਤੂਤ ਤੋਂ ਬਾਜ਼ ਨਹੀਂ ਆਇਆ। ਦਮਦਮਾ ਸਾਹਿਬ ਦਾ ਅਰਜ਼ੀ ਜਥੇਦਾਰ ਨਿਯੁਕਤ ਹੁੰਦਿਆਂ ਤਰੁੰਤ ਇੱਕ ਮੀਟਿੰਗ ਕਰਵਾ ਕੇ ਸਿੱਖਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ, ਪਰ ਨਾਲ ਹੀ ਨਾਨਕਸ਼ਾਹੀ ਕੈਲੰਡਰ ਦੀ ਥਾਂ ਬਿਕ੍ਰਮੀ ਕੈਲੰਡਰ ਨੂੰ ਅਜਿਹੇ ਰੂਪ ਵਿੱਚ ਲਾਗੂ ਕਰਨ ਦਾ ਫੁਰਮਾਨ ਜਾਰੀ ਕਰਵਾ ਦਿੱਤਾ ਹੈ, ਜਿਸ ਨਾਲ ਬਹੁਤੇ ਸਿੱਖਾਂ ਨੂੰ ਭੁਲੇਖਾ ਦੀ ਰਹੇਗਾ ਕਿਉਂਕਿ ਬਾਹਰੀ ਦਿੱਖ ਸਾਰੀ ਹੀ ਨਾਨਕਸ਼ਾਹੀ ਹੋਵੇਗੀ ਲੇਕਿਨ ਰੂਹ ਬਿਕ੍ਰਮੀ ਹੋਵੇਗੀ।
ਬਿਪਰਵਾਦ ਨੇ ਆਪਣਾ ਕੰਮ ਕਰ ਦਿਤਾ ਹੈ। ਸਿੱਖ ਦਿੱਸਣ ਵਾਲੇ ਲੋਕਾਂ ਰਾਹੀ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜ਼ਾਮ ਦੇ ਲਿਆ ਹੈ। ਕੁੱਝ ਉਹ ਲੋਕ ਜਿਹੜੇ ਭਾਰਤੀ ਨਿਜ਼ਾਮ ਜਾਂ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਦੇ ਜਰ ਖਰੀਦ ਹਨ ਜਾਂ ਜਿਹੜੇ ਸਿੱਖ ਭੇਖ ਵਿੱਚ ਆਰ.ਐਸ.ਐਸ. ਦੇ ਵਰਕਰਾਂ ਵਜੋਂ ਕੰਮ ਕਰ ਰਹੇ ਹਨ, ਤੋਂ ਇੱਕ ਲਹਿਰ ਬਣਵਾਉਣੀ ਆਰੰਭ ਕਰ ਦਿੱਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਭੁੱਲ ਹੀ ਜਾਣ। ਇਸ ਸਬੰਧੀ ਉਹਨਾਂ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ.ਦੇ ਗੁਰਗਿਆਂ ਨੇ ਮੋਰਚੇ ਸੰਭਾਲ ਲਏ ਹਨ।
ਅੱਜ ਫੇਸ ਬੁੱਕ ਉੱਤੇ ਦਾਸ ਲੇਖਕ ਦੇ ਲੇਖ ਉੱਤੇ ਇੱਕ ਭਾਰਤੀ ਨਿਜ਼ਾਮ ਦੇ ਜਰ ਖਰੀਦ ਵਿਦਵਾਨ ਵੱਲੋਂ ਇੱਕ ਨਕਲੀ ਆਈ.ਡੀ. ਰਾਹੀ ਕੁੱਝ ਟਿੱਪਣੀਆਂ ਕੀਤੀਆਂ ਗਈਆਂ, ਪਰ ਜਦੋ ਅੱਗੋਂ ਇਹ ਜਵਾਬ ਦਿੱਤਾ ਕਿ ਇਹ ਬੀਬੀਆਂ ਦੇ ਨਾਮ 'ਤੇ ਨਕਲੀ ਆਈ.ਡੀਜ. ਬਣਾ ਕੇ ਕਿਉਂ ਟਿੱਪਣੀਆਂ ਕਰਦੇ ਹੋ, ਸਾਹਮਣੇ ਆਓ ਤਾਂ ਤਰੁੰਤ ਜਵਾਬ ਆਇਆ ਕਿ ਮੈਂ ਜੋ ਵੀ ਹਾਂ ਇੱਕ ਇਨਸਾਨ ਹਾਂ। ਮਤਲਬ ਮੰਨ ਲਿਆ ਕਿ ਮੇਰੀ ਨਕਲੀ ਆਈ.ਡੀ. ਹੈ, ਭਾਵ ਬਹੂਆਂ ਤੋਂ ਚੋਰ ਮਰਵਾਉਣ ਦੀ ਨੀਤੀ ਆਰ.ਐਸ.ਐਸ. ਨੇ ਸਿਖਾਈ ਹੈ, ਕਿ ਜੇ ਬੀਬੀਆਂ ਨਾਲ ਉਲਝਣਗੇ ਤਾਂ ਬਦਨਾਮ ਕਰਾਂਗੇ। ਨਹੀਂ ਤਾਂ ਸਾਡੀ ਗੱਲ ਨੂੰ ਮੰਨਨ ਵਾਸਤੇ ਮਜਬੂਰ ਹੋਣਗੇ, ਜਿਵੇ ਬਾਦਲ ਸਾਹਬ ਦੀ ਸਰਕਾਰ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ਵਿੱਚ ਕੱਢੇ ਜਾ ਰਹੇ ਵੰਗਾਰ ਮਾਰਚ ਨੂੰ ਰੋਕਣ ਵਾਸਤੇ ਪੁਲਿਸ ਵਿੱਚਲੀਆਂ ਸਾਡੀ ਧੀਆਂ ਦੀ ਦੀਵਾਰ ਬਣਾਕੇ ਅੱਗੇ ਖੜੀ ਕਰ ਦਿੱਤੀ ਸੀ।
ਬਹੁਤ ਕੁੱਝ ਵਾਪਰ ਰਿਹਾ ਹੈ, ਸਿੱਖ ਸਾਰਾ ਕੁੱਝ ਵੇਖ ਰਹੇ ਹਨ, ਸਮਝ ਰਹੇ ਹਨ ਕਿ ਕੀਹ ਠੀਕ ਹੈ ਕੀਹ ਗਲਤ ਹੈ। ਕੋਈ ਵੀ ਲੇਖਕ ਜਦੋਂ ਸੱਚ ਲਿਖਦਾ ਹੈ ਤਾਂ ਸਾਰਾ ਦਿਨ ਫੋਨ ਕਰ ਕਰਕੇ ਸ਼ਾਬਾਸ਼ ਦਿੱਤੀ ਜਾਂਦੀ ਹੈ, ਪਰ ਹੈਰਾਨੀ ਇਸ ਗੱਲ ਦੀ ਹੈ, ਜੇ ਲੇਖਕਾਂ ਦੀਆਂ ਲਿਖਤਾਂ ਸੱਚੀਆਂ ਹਨ ਜਾਂ ਪੰਥ ਦੇ ਹਿੱਤ ਵਿੱਚ ਹਨ ਤਾਂ ਸਿੱਖ ਇਸ ਨਿਜ਼ਾਮ ਦੇ ਖਿਲਾਫ਼ ਖੜੇ ਕਿਉਂ ਨਹੀਂ ਹੋ ਰਹੇ। ਅੱਜ ਸਭ ਨੂੰ ਪਤਾ ਹੈ ਕਿ ਅਕਾਲ ਤਖਤ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਦਾ ਭਗਵਾ ਕਰਨ ਹੋ ਚੁੱਕਿਆ ਹੈ। ਸਿੱਖਾਂ ਦੇ ਕੈਲੰਡਰ ਦੇ ਫੈਸਲੇ ਹੁਣ ਨਿਰਮਲੇ ਅਤੇ ਹੋਰ ਸਾਧ ਜਾਂ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਦੇ ਕੁੱਝ ਹਥ ਠੋਕੇ ਕਰਨਗੇ ਤਾਂ ਸਿੱਖ ਕਿਸ ਹੁਕਮ ਦੀ ਉਡੀਕ ਵਿੱਚ ਹਨ।
ਸਿੱਖਾਂ ਨੂੰ ਉਠ ਖਲੋਣਾ ਚਾਹੀਦਾ ਹੈ ਅਤੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਰਹੇ ਅਜਿਹੇ ਹੁਕਮਨਾਮੇ, ਜਿਹੜੇ ਕੌਮ ਨੂੰ ਦੁਫਾੜ ਹੀ ਨਹੀਂ ਕਰ ਰਹੇ, ਸਗੋਂ ਕੌਮ ਦੀ ਕਬਰ ਖੋਦ ਰਹੇ ਹਨ , ਦਾ ਬਾਈਕਾਟ ਕਰਦਿਆਂ, ਹੁਣ ਆਪਣੇ ਢੰਗ ਨਾਲ ਤਖਤਾਂ ਦੇ ਜਥੇਦਾਰਾਂ ਦੀ ਚੋਣ ਵਾਸਤੇ ਕੁੱਝ ਕਰਨਾ ਚਾਹੀਦਾ ਹੈ, ਤਦ ਹੀ ਅਸੀਂ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਦੇ ਚਕਰਵਿਊ ਵਿੱਚੋਂ ਨਿਕਲ ਸਕਦੇ ਹਾ ਅਤੇ ਆਪਣੇ ਕੌਮੀ ਦਸਤਾਵੇਜ਼ ਨਾਨਕਸ਼ਾਹੀ ਕੈਲੰਡਰ ਸਮੇਤ ਸਿੱਖਾਂ ਦੀ ਅੱਡਰੀ, ਨਿਆਰੀ, ਨਿਰਾਲੀ, ਨਿਰਮਲ ਅਤੇ ਆਜ਼ਾਦ ਹਸਤੀ ਨੂੰ ਸਲਾਮਤ ਰੱਖ ਸਕਦੇ ਹਾ।
ਗੁਰੂ ਰਾਖਾ!!
ਗੁਰਿੰਦਰ ਪਾਲ ਸਿੰਘ ਧਨੌਲਾ
93161 76519
Gurinderpal Singh Dhanoula
ਨਾਨਕ-ਸ਼ਾਹੀ ਕੈਲੰਡਰ ਬਾਰੇ ਸਿੱਖ ਜਾਗਣਗੇ ਵੀ ?
Page Visitors: 2856