ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਰਥੁ ਫਿਰੈ ਛਾਇਆ ਧਨ ਤਾਕੈ” (ਅਤੇ ਨਾਨਕਸ਼ਾਹੀ ਕੈਲੰਡਰ)
“ਰਥੁ ਫਿਰੈ ਛਾਇਆ ਧਨ ਤਾਕੈ” (ਅਤੇ ਨਾਨਕਸ਼ਾਹੀ ਕੈਲੰਡਰ)
Page Visitors: 3669

ਰਥੁ ਫਿਰੈ ਛਾਇਆ ਧਨ ਤਾਕੈ”   (ਅਤੇ ਨਾਨਕਸ਼ਾਹੀ ਕੈਲੰਡਰ) 
  (ਪਾਲ ਸਿੰਘ ਪੁਰੇਵਾਲ ਜੀ ਦੇ ਨਾਨਕਸ਼ਾਹੀ ਕੈਲੰਡਰ ਸੰਬੰਧੀ)
ਪਾਲ ਸਿੰਘ ਪੁਰੇਵਾਲ ਜੀ ਦਾ ‘ਨਾਨਕਸ਼ਾਹੀ ਕੈਲੰਡਰ’ ਇਸ ਦੀਆਂ ਅਨੇਕ ਖਾਮੀਆਂ ਦੇ ਕਾਰਨ ਪਹਿਲੇ ਦਿਨ ਤੋਂ ਹੀ ਵਿਵਾਦ ਵਿੱਚ ਹੈ[ ਸਭ ਤੋਂ ਪਹਿਲਾਂ ਤਾਂ ਇਸ ਕੈਲੰਡਰ ਨੂੰ  ‘ਸਿੱਖਾਂ ਦੀ ਵੱਖਰੀ ਆਜ਼ਾਦ ਹਸਤੀ ਦਾ ਪ੍ਰਤੀਕ’ ਕਹਿਕੇ ਪ੍ਰਚਾਰਨਾ ਹੀ ਗ਼ਲਤ ਹੈ[ ਬੁਨਿਆਦੀ ਤੌਰ ਤੇ ਕੋਈ ਵੀ ਕੈਲੰਡਰ ਹਿੰਦੂ, ਮੁਸਲਿਮ ਜਾਂ ਸਿੱਖ ਕੈਲੰਡਰ ਨਹੀਂ ਹੁੰਦਾ[ ਬੀਬੀ ਅਮਰਜੀਤ ਕੌਰ ਬੈਲਜੀਆਮ ਜੀ ਦੇ ਕਹਿਣ ਮੁਤਾਬਕ ਕੈਲੰਡਰ ਤਾਂ ਇੱਕ ਫਰੇਮ ਦੀ ਨਿਆਈਂ ਹੁੰਦਾ ਹੈ[ ਕੋਈ ਵੀ ਇਸ ਵਿੱਚ ਆਪਣੇ ਮੁਤਾਬਕ (ਅਹਮ ਦਿਨਾਂ ਤਿਉਹਾਰਾਂ ਵਾਲੇ) ਰੰਗ ਭਰ ਸਕਦਾ ਹੈ[ ਮਿਸਾਲ ਦੇ ਤੌਰ ਤੇ ਪੁਰੇਵਾਲ ਜੀ ਦਾ ਨਾਨਕਸ਼ਾਹੀ ਕੈਲੰਡਰ ਹੀ ਲੈ ਲਵੋ, ਕੀ ਇਸ ਵਿੱਚ ਕੋਈ ਗ਼ੈਰ-ਧਰਮ ਵਾਲਾ ਆਪਣੇ ਮੁਤਾਬਕ ਮਿਥੇ ਹੋਏ ਖਾਸ ਦਿਨਾਂ- ਤਿਉਹਾਰਾਂ ਨੂੰ ਵਿਸ਼ੇਸ਼ਤਾ ਦੇ ਕੇ ਨਹੀਂ ਵਰਤ ਸਕਦਾ? ਜਾਂ ਕੀ ਗ੍ਰਿਗੋਰੀਆ ਕੈਲੰਡਰ ਵਿੱਚ ਸਿੱਖ ਆਪਣੇ ਇਤਿਹਾਸਕ ਦਿਨਾਂ ਨੂੰ ਵਿਸ਼ੇਸ਼ ਤੌਰ ਤੇ ਹਾਈ ਲਾਇਟ ਨਹੀਂ ਕਰ ਸਕਦੇ? ਸੋ ਕਿਸੇ ਵੀ ਕੈਲੰਡਰ ਨੂੰ ਹਿੰਦੂ, ਮੁਸਲਿਮ ਜਾਂ ਸਿਖ ਕੈਲੰਡਰ ਕਹਿਣਾ ਹੀ ਗ਼ਲਤ ਹੈ[
ਦੂਸਰਾ, ਥੋੜ੍ਹੇ ਜਿਹੇ ਬਦਲਾਵ ਤੋਂ ਬਿਨਾ ਇਹ ਬਾਕੀ ਸਾਰੇ ਦਾ ਸਾਰਾ ਕੈਲੰਡਰ, ‘ਸਾਕਾ ਸੰਮਤ’ ਦੀ ਹੀ ਨਕਲ ਹੈ[ ਇਸ ਨੁਕਤੇ ਤੇ ਸਰਵਜੀਤ ਸਿੰਘ ਸੈਕਰਾਮੈਂਟੋ ਨਾਲ ਫੇਸ ਬੁੱਕ ਤੇ ਵਿਚਾਰ ਵਟਾਂਦਰੇ ਦੌਰਾਨ ਉਨ੍ਹਾਂ ਦੀ ਦਲੀਲ ਸੀ ਕਿ ਨਾਨਕਸ਼ਾਹੀ ਕੈਲੰਡਰ ੧੪ ਮਾਰਚ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਕਾ ਸੰਮਤ ੨੨ ਮਾਰਚ ਤੋਂ ਸ਼ੁਰੂ ਹੁੰਦਾ ਹੈ, ਇਸ ਤਰ੍ਹਾ ਦੋਨਾਂ ਕੈਲੰਡਰਾਂ ਵਿੱਚ ‘੮ ਦਿਨਾਂ’ਦਾ ਫਰਕ ਹੈ ਇਸ ਲਈ ਇਸ ਨੂੰ ਸਾਕਾ ਸੰਮਤ ਦੀ ਨਕਲ ਨਹੀਂ ਕਿਹਾ ਜਾ ਸਕਦਾ[ ਸਰਵਜੀਤ ਸਿੰਘ ਜੀ ਨੂੰ ਪੁੱਛਿਆ ਗਿਆ ਕਿ ‘੮ ਦਿਨਾਂ ਦਾ ਫਰਕ (ਜਿਸ ਨਾਲ ਕੈਲੰਡਰ ਦੇ ਨਿਯਮਾਂ ਜਾਂ ਭੁਗੋਲਿਕ ਨੁਕਤਾ ਨਿਗਾਹ ਤੋਂ ਕੋਈ ਫਰਕ ਨਹੀਂ ਪੈਂਦਾ) ਨਾਲ ਸ਼ੁਰੂ ਕਰਕੇ ਹੋਰ ਕੈਲੰਡਰ ਬਣਾ ਦੇਣ ਨਾਲ ਕੀ ਇਹ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਕਿਹਾ ਜਾ ਸਕਦਾ ਹੈ? ਮੰਨ ਲਵੋ, (ਆਪਣੀ ਸਹੂਲਤ ਦੇਖਕੇ) ਨਾਨਕਸ਼ਾਹੀ ਕੈਲੰਡਰ, ੧੪ ਮਾਰਚ ਦੀ ਬਜਾਏ ੧ ਮਾਰਚ ਜਾਂ ੧ ਅਪ੍ਰੈਲ ਨੂੰ ਸ਼ੁਰੂ ਕਰ ਦਿੱਤਾ ਜਾਂਦਾ, ਫੇਰ ਇਸ ਨਾਲ ਕੀ ਫਰਕ ਪੈਣਾ ਸੀ? ਇਸ ਗੱਲ ਦਾ ਕੋਈ ਜਵਾਬ ਸਰਵਜੀਤ ਸਿੰਘ ਜੀ ਕੋਲ ਨਹੀਂ ਸੀ[
ਦੂਸਰਾ, ਕੈਲੰਡਰ ਨੂੰ ਸਿੱਖਾਂ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਦੱਸਣਾ, ਇਹ ਵੀ ਕੋਈ ਤਰਕ-ਸੰਗਤ ਦਲੀਲ ਨਹੀਂ ਹੈ[ ਕੀ ਨਾਨਕਸ਼ਾਹੀ ਕੈਲੰਡਰ ਬਣਨ ਤੋਂ ਪਹਿਲਾਂ ਸਿੱਖਾਂ ਦੀ ਆਜ਼ਾਦ ਹਸਤੀ ਨਹੀਂ ਸੀ? ਜਾਂ ਜੇ ਇਹ ਕੈਲੰਡਰ ਨਾ ਹੋਵੇ ਤਾਂ ਸਿੱਖਾਂ ਦੀ ਆਜ਼ਾਦ ਹਸਤੀ ਨਹੀਂ ਰਹੇਗੀ? ਤਾਂ ਕੀ ਇਹ ਮੰਨਣਾ ਚਾਹੀਦਾ ਹੈ ਕਿ ਪਾਲ ਸਿੰਘ ਪੁਰੇਵਾਲ ਨੇ ਸਿੱਖਾਂ ਦੀ ਆਜ਼ਾਦ ਹਸਤੀ ਕਾਇਮ ਕੀਤੀ ਹੈ, ਇਸ ਕੈਲੰਡਰ ਤੋਂ ਬਿਨਾ ਅਤੇ ਇਸ ਤੋਂ ਪਹਿਲਾਂ ਸਿੱਖ ਦੀ ਆਪਣੀ ਵਖਰੀ ਹਸਤੀ ਨਹੀਂ ਸੀ? ਨਾਨਕਸ਼ਾਹੀ ਕੈਲੰਡਰ ਕੀ ਸ਼ਹਾਦਤ (ਐਵੀਡੈਂਸ) ਦਾ ਕੰਮ ਕਰੇਗਾ? ਜਿਹੜੇ ਲੋਕ ਸਿੱਖਾਂ ਨੂੰ ਵੀ ਹਿੰਦੂ ਹੋਣ ਦਾ ਰੌਲਾ ਪਾਈ ਜਾਂਦੇ ਹਨ ਕੀ ਉਹ ਇਹ ਕੈਲੰਡਰ ਦੇਖਕੇ ‘ਸਿੱਖ ਵੀ ਹਿੰਦੂ ਹਨ’ ਦਾ ਰੌਲਾ ਪਾਉਣੋ ਹਟ ਜਾਣਗੇ?
     ਇਸ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਹਸਤੀ ਦਾ ਇੱਕ ਅੰਗ ਮੰਨ ਵੀ ਲਿਆ ਜਾਵੇ, ਫੇਰ ਵੀ ਇਸ ਕੈਲੰਡਰ ਨੂੰ ‘ਸਿੱਖਾਂ’ ਸੰਬੰਧੀ ਕੋਈ ਨਾਮ ਦੇਣਾ ਚਾਹੀਦਾ ਹੈ ਨਾ ਕਿ ਇਸ ਨਾਲ ‘ਨਾਨਕ’ ਨਾਮ ਜੋੜਕੇ ਹੋਰ ਭੁਲੇਖੇ ਖੜ੍ਹੇ ਕੀਤੇ ਜਾਣ?
ਭੁਲੇਖੇ ਕਿਵੇਂ:-
ਇਸ ਕੈਲੰਡਰ ਦੀ ਸ਼ੁਰੂਆਰ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ ਤੋਂ ਮਿਥੀ ਗਈ ਹੈ ਪਰ ਕੈਲੰਡਰ ਦੇ ਮਹੀਨੇ ਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਮਹੀਨੇ ਨਾਲ ਕੋਈ ਮੇਲ ਨਹੀਂ ਹੈ[ ਕਿਉਂਕਿ ਕੈਲੰਡਰ ਦੇ ਨਾਲ ‘ਨਾਨਕ’  ਨਾਮ ਵਰਤਿਆ ਗਿਆ ਹੈ ਅਤੇ ਗੁਰੂ ਨਾਨਕ ਜੀ ਦੇ ਜਨਮ ਦੇ ਸਾਲ ਤੋਂ ਹੀ ਇਸ ਦੀ ਸ਼ੁਰੂਆਤ ਮਿਥੀ ਗਈ ਹੈ[ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੀ ਭੁਲੇਖਾ ਲੱਗੇਗਾ ਕਿ ਇਹ ਕੈਲੰਡਰ ਗੁਰੂ ਸਾਹਿਬ ਦੇ ਸਮੇਂ ਅਤੇ ਉਨ੍ਹਾਂ ਦੀ ਦੇਖ-ਰੇਖ ਵਿੱਚ ਹੀ ਹੋਂਦ ਵਿੱਚ ਆਇਆ ਹੋਣਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਤਰੀਕ ਸੰਬੰਧੀ ਭੁਲੇਖੇ ਪਾ ਸਕਦਾ ਹੈ[
 ਗੁਰਬਾਣੀ ਨੂੰ ਆਪਣੇ ਮਫਾਦ ਲਈ ਵਰਤਣਾ:-
 ਇਸ ਕੈਲੰਡਰ ਨੂੰ ਗੁਰਬਾਣੀ ਦੀ ਤੁਕ
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ||” (ਪੰਨਾ-੧੧੦੮)
 ਤੇ ਆਧਾਰਿਤ ਦੱਸਿਆ ਜਾਂਦਾ ਹੈ ਜਦਕਿ ਇਸ ਕੈਲੰਡਰ ਦਾ ‘ਰਥੁ ਫਿਰੇ’ ਤੁਕ ਨਾਲ ਕੋਈ ਸੰਬੰਧ ਨਹੀਂ[ ਬਲਕਿ ਆਪਣਾ ਪੱਖ ਸਹੀ ਸਾਬਤ ਕਰਨ ਦੇ ਚੱਕਰ ਵਿੱਚ ਸ਼ਬਦ ਦੇ ਅਧਿਆਤਮਕ ਪੱਖ ਜੋ ਕਿ ਗੁਰੂ ਸਾਹਿਬ ਦਾ ਅਸਲੀ ਸੁਨੇਹਾ ਹੈ, ਨੂੰ ਵੀ ਖੂਹ-ਖਾਤੇ ਪਾ ਦਿੱਤਾ ਗਿਆ ਹੈ[ ਇਸ ਪਉੜੀ ਦਾ ਭਾਵ ਤਾਂ ਹੈ:- ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ[ ਪਰ ਪੁਰੇਵਾਲ ਜੀ ਮੁਤਾਬਕ ਪਉੜੀ ਦਾ ਭਾਵ ਹੈ ਕਿ ਜੀਵ-ਇਸਤਰੀ ਮੈਦਾਨ ਵਿੱਚ ਡੱਕਾ ਖੜ੍ਹਾ ਕਰਕੇ ਦੇਖਦੀ ਹੈ, ਜਿਸ ਦਿਨ (੨੦-੨੧ ਜੂਨ ਨੂੰ)  ਇਸ ਦੀ ਛਾਂ ਸਭ ਤੋਂ ਛੋਟੀ ਹੋਵੇਗੀ ਉਸ ਦਿਨ ਤੋਂ ਸੂਰਜ ਦਾ ਰਥ ਫਿਰੇਗਾ, ਸਾਵਣ ਦਾ ਮਹੀਨਾ ਆਉਣ ਤੇ ਮੀਂਹ ਪਏਗਾ ਅਤੇ ਉਸ ਮੀਂਹ ਰੂਪੀ ਗੁਰੂ ਦੇ ਅੰਮ੍ਰਿਤ(?)’ ਨਾਲ ਸੂਰਜ ਦੀ ਗਰਮੀ ਨਾਲ ਝੁਲਸੇ ਹੋਏ ਮਨ ਨੂੰ ਸ਼ਾਤੀ ਮਿਲੇਗੀ[
         ਗੁਰਬਾਣੀ ਦੀ ‘ਰਥੁ ਫਿਰੈ’ ਵਾਲੀ ਪੰਗਤੀ ਨੂੰ ਜ਼ਬਰਦਸਤੀ ਕੈਲੰਡਰ ਦੇ ਨਾਲ ਜੋੜਨ ਦੇ ਮਕਸਦ ਨਾਲ, ਪੁਰੇਵਾਲ ਜੀ ਇਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਕਰਦੇ ਹਨ:- ‘ਸੂਰਜ / ਧਰਤੀ’ ਦੀ ਚਾਲ ਕਾਰਨ ਰੁੱਤਾਂ ਬਦਲਦੀਆਂ ਹਨ[ the word ‘ਫਿਰੈ’means – Turns or changes course. {ਜਿਵੇਂ-
 ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਇ ਹਰਿ ਪ੍ਰਭਿ ਪਾਸਿ ਜੀਉ||” (ਪੰਨਾ ੯੨੩)
ਫਿਰੈ ਨਾਹੀ= ਮੋੜਿਆ ਨਹੀਂ ਜਾ ਸਕਦਾ, (ਫਿਰੈ--ਮੁੜਨਾ)}, The chariot of the sun turns back. (ਰਥੁ ਫਿਰੈ), ‘Changes it’s course from northerly to southerly direction (ਦਖਸ਼ਨਾਇਣ). It continues on it’s southward journey until the day of the winter solstice on December22 or 23”.
ਪੁਰੇਵਾਲ ਜੀ ਦੇ ਲਫਜ਼ਾਂ-“ turns back.”  ਅਤੇ “Changes it’s course” ਵੱਲ ਧਿਆਨ ਦਿੱਤਾ ਜਾਵੇ[ ਜਾਣੀ ਕਿ ਪੁਰੇਵਾਲ ਜੀ ਮੁਤਾਬਕ ‘ਧਰਤੀ / ਸੂਰਜ’ ਦਾ ‘ਰੱਥ-ਚੱਕਰ’ ਇਕ ਤਰਫ (ਉਤਰਾਇਣ ਨੂੰ) ਜਾਂਦਾ ਜਾਂਦਾ (੨੦-੨੧ ਜੂਨ ਨੂੰ) ਆਪਣਾ ਰੁਖ ਬਦਲ ਕੇ ਵਾਪਸ ਮੁੜ ਪੈਂਦਾ ਹੈ[
ਇਸ ਤੁਕ ਸੰਬੰਧੀ ਸਰਵਜੀਤ ਸਿੰਘ ਸੈਕਰਾਮੈਂਟੋ ਜੀ ਲਿਖਦੇ ਹਨ- “ਉਪਰੋਕਤ ਪਾਵਨ ਪੰਗਤੀ ਦਾ ਭਾਵ ਹੈ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ[ਇਕ ਖਾਸ ਸਮੇਂ ਤੇ “ਸੂਰਜ ਵਾਪਸ ਦੱਖਣ ਨੂੰ ਮੁੜਦਾ” ਹੈ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ[ ਇਸ ਨੂੰ ‘ਸੂਰਜ ਦਾ ਰਥ ਫਿਰਨਾ’ ਕਹਿੰਦੇ ਹਨ[ ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ “ਘਟਨਾ” ੨੧ ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ”
ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਇਸ ਤਰ੍ਹਾਂ ਲਿਖੇ ਹਨ:- “(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) [ (ਸੂਰਜ ਦਾ) ਰਥ,  ਚੱਕਰ ਲਾਂਦਾ ਹੈ” ਭਾਵ:- ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ‘ਵਰਗਾ’ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ [
(ਜਾਣੀ ਕਿ ਹਾੜ੍ਹ ਦੀ ਗਰਮੀਂ ਦਾ ਜ਼ਿਕਰ ਸਿਰਫ ਮਿਸਾਲ ਤੇ ਤੌਰ ਤੇ ਕੀਤਾ ਗਿਆ ਹੈ[ਅਸਲ ਸੁਨੇਹਾ ‘ਪ੍ਰਭੂ ਦੇ ਨਾਮ ਦੀ ਬਰਕਤ ਨਾਲ ਵਿਕਾਰਾਂ ਦਾ ਸੇਕ ਕੁਝ ਵਿਗਾੜ ਨਹੀਂ ਸਕਦਾ ਹੈ, ਅਤੇ ਵਿਕਾਰਾਂ ਦਾ ਸੇਕ ਕਿਸੇ ਖਾਸ ਮਹੀਨੇ ਨਾਲ ਤਾਲੁੱਕ ਨਹੀਂ ਰੱਖਦਾ )
ਸਰਵਜੀਤ ਸਿੰਘ ਜੀ ਅਤੇ ਪਾਲ ਸਿੰਘ ਪੁਰੇਵਾਲ ਜੀ ਸ਼ਾਇਦ ਇਹ ਗੱਲ ਨਹੀਂ ਜਾਣਦੇ ਕਿ ਕਿਸੇ ਇਕ ਦਿਨ ਦੀ ਘਟਨਾ ਦੀ ਤਰ੍ਹਾਂ ਨਾ ‘ਧਰਤੀ / ਸੂਰਜ’ ਦਾ ਰਥ ਉਤਰ ਵੱਲ ਜਾਂਦਾ ਹੈ ਅਤੇ ਨਾ ਹੀ ਆਪਣਾ ਰੁਖ ਬਦਲਦਾ ਹੈ[ ਬਲਕਿ ਸੂਰਜ ਦਾ ਉਤਰਾਇਣ ਜਾਂ ਦਖਣਾਇਨ ਹੋਣਾ ‘ਧਰਤੀ ਦੀ ਸੂਰਜ ਦੁਆਲੇ ਬਣਨ ਵਾਲੀ ਔਰਬਿਟ ਨਾਲ ਧਰਤੀ ਦੇ ਧੁਰੇ ਦਾ ੨੩.੪੪ ਡਿਗਰੀ ਝੁਕਿਆ ਹੋਣਾ’ ਹੈ[ ਧਰਤੀ, ਬਿਨਾ ਕਿਸੇ ਬਦਲਾਵ ਦੇ ਲਗਾਤਾਰ ਆਪਣੇ ਬੱਝੇ ਚੱਕਰ (ਰਥ-ਚੱਕਰ) ਵਿੱਚ ਚੱਲੀ ਜਾਂਦੀ ਹੈ[ ਧਰਤੀ ਦੇ ਧੁਰੇ ਦਾ ਝੁਕਾਵ ਇੱਕ ਪਾਸੇ ਹੋਣ ਕਰਕੇ ਧਰਤੀ ਦਾ ਉਤਰੀ ਅਰਧ-ਗੋਲਾ ੨੦-੨੧ ਜੂਨ ਨੂੰ ਸੂਰਜ ਵੱਲ ਵਧ ਤੋਂ ਵੱਧ ਝੁਕਿਆ ਹੁੰਦਾ ਹੈ (ਉਸੇ ਸਮੇਂ, ਧਰਤੀ ਦਾ ਦੱਖਣੀ ਅਰਧ-ਗੋਲਾ ਸੂਰਜ ਤੋਂ ਉਲਟ ਪਾਸੇ ਝੁਕਿਆ ਹੁੰਦਾ ਹੈ) ਅਤੇ ਦਸੰਬਰ ੨੧-੨੨ ਨੂੰ ਧਰਤੀ ਦੀ ਇਹ ਸਥਿਤੀ ਉਲਟ ਹੋ ਜਾਂਦੀ ਹੈ[ ਧਰਤੀ ਦਾ ਝੁਕਾਵ ਵਾਲਾ ਪਾਸਾ ਜਦੋਂ ਸੂਰਜ ਵੱਲ ਹੁੰਦਾ ਹੈ ਤਾਂ ਗਰਮੀ ਦਾ ਮੌਸਮ ਹੋ ਜਾਂਦਾ ਹੈ ਅਤੇ ਜਦੋਂ ਇਹ ਝੁਕਾਵ ਵਾਲਾ ਪਾਸਾ ਸੂਰਜ ਤੋਂ ਉਲਟ ਪਾਸੇ ਹੁੰਦਾ ਹੈ ਤਾਂ ਸਰਦੀ ਦਾ ਮੌਸਮ ਹੋ ਜਾਂਦਾ ਹੈ[ ਇਸ ਤਰ੍ਹਾਂ ‘ਸੂਰਜ / ਧਰਤੀ’ ਵਾਲੇ “ਰੱਥ ਦੇ ਚੱਕਰ” ਵਿੱਚ ਕੋਈ ਬਦਲਾਵ ਨਹੀਂ ਆਉਂਦਾ ਬਲਕਿ ਬਿਨਾ ਬਦਲਾਵ ਲਗਾਤਾਰ ਆਪਣੀ ਚਾਲੇ ਚੱਲੀ ਜਾਂਦਾ ਹੈ  ਅਰਥਾਤ ਸੂਰਜ ਆਪਣਾ ਕਰਤਬ ਨਹੀਂ ਛੱਡਦਾ ਲਗਾਤਾਰ ਕਰੀ ਜਾਂਦਾ ਹੈ[ ਅਤੇ ਹਾੜ੍ਹ ਦੀ ਤੜਪਾ ਦੇਣ ਵਾਲੀ ਗਰਮੀ ਵੀ ਹੋਰ ਸਥਿਤੀਆਂ ਵਿੱਚੋਂ ਧਰਤੀ ਨੂੰ ਪੇਸ਼ ਆਉਣ ਵਾਲੀ ਇਕ ਸਥਿਤੀ ਹੈ, ਨਾ ਕਿ ਕੋਈ ਇੱਕ ਦਿਨ (੨੦-੨੧ ਜੂਨ ਨੂੰ) ਘਟਣ ਵਾਲੀ ਘਟਨਾ[ ਜੇ ਪੁਰੇਵਾਲ ਜੀ ਇਸ ਤੱਥ ਨੂੰ ਜਾਣਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹ ਜਾਣ ਬੁੱਝ ਕੇ “ਰਥੁ ਫਿਰੈ” ਨੂੰ “ਰੱਥ ਮੁੜ ਪੈਂਦਾ ਹੈ” ਅਤੇ ਆਪਣਾ “ਰਸਤਾ ਬਦਲ ਲੈਂਦਾ ਹੈ” ਵਰਗੀਆਂ ਗੱਲਾਂ ਕਰਕੇ ਕੈਲੰਡਰ ਨੂੰ ਗੁਰਮਤਿ ਤੇ ਆਧਾਰਿਤ ਸਾਬਤ ਕਰਨ ਦੀ ਕਸ਼ਿਸ਼ ਕਰ ਰਹੇ ਹਨ, ਜੋ ਕਿ ਅਸਲੀਅਤ ਨਹੀਂ ਹੈ[
ਪੁਰੇਵਾਲ ਜੀ ਇਕ ਹੋਰ ਗ਼ਲਤ-ਬਿਆਨੀ ਕਰਦੇ ਹੋਏ ਲਿਖਦੇ ਹਨ:- “The tropical year …is measured from spring equinox to spring equinox or from summer solstice (ਰਥੁ ਫਿਰੈ)  to summer solstice (ਰਥੁ ਫਿਰੈ) next year. We have based the Nanakshahi calendar on this length of the year –(ਰਥੁ ਫਿਰੈ) to (ਰਥੁ ਫਿਰੈ).
ਟਿੱਪਣੀ:- ਇਹ ਕਹਿਣਾ ਕਿ ਅਸੀਂ ਸਾਲ ਦੀ ਲੰਬਾਈ ਰਥ ਫਿਰੈ ਤੋਂ ਰਥ ਫਿਰੇ ਤੱਕ ਲਈ ਹੈ, ਅੱਖੀਂ ਘੱਟਾ ਪਾ ਕੇ ਇਹ ਜਤਾਉਣਾ ਹੈ ਕਿ ਇਹ ਕੈਲੰਡਰ ਗੁਰਬਾਣੀ ਆਧਾਰਿਤ ਹੈ[ ਜਦਕਿ ਅਸਲੀਅਤ ਇਹ ਹੈ ਕਿ ਸਾਲ ਦੀ ਲੰਬਾਈ ਕਿਸੇ ਵੀ ਇੱਕ ਬਿੰਦੂ ਤੋਂ ਗਿਣੋ ਬਰਾਬਰ ਹੀ ਹੋਵੇਗੀ[ਫਰਕ ਬੱਸ ਇਹ ਹੈ ਕਿ ਬਸੰਤ ਅਤੇ ਗਰਮੀ ਵਾਲੇ ਬਿੰਦੂਆਂ ਤੋਂ ਸਾਲ ਦੀ ਲੰਬਾਈ ਸਹੀ ਅਤੇ ਸੌਖੀ ਨਾਪੀ ਜਾ ਸਕਦੀ ਹੈ[
ਨਾਨਕਸ਼ਾਹੀ ਕੈਲੰਡਰ ਵਿੱਚ ਮਹੀਨਿਆਂ ਦੇ ਦਿਨਾਂ ਦੀ ਗਿਣਤੀ (ਥੋੜ੍ਹਾ ਜਿਹਾ ਅੱਗੇ-ਪਿੱਛੇ ਕਰਕੇ) ਸਾਕਾ ਸੰਮਤ ਮੁਤਾਬਕ ਮਿਥ ਲਈ ਗਈ ਹੈ ਅਤੇ ਇਸ ਕੈਲੰਡਰ ਨੂੰ ਸੰਸਾਰ ਪੱਧਰ ਤੇ ਪ੍ਰਚੱਲਤ ‘ਗ੍ਰਿਗੋਰੀਅਨ’ ਕੈਲੰਡਰ ਵਿੱਚ ਫਿੱਟ ਕਰ ਦਿੱਤਾ ਗਿਆ ਹੈ[ ‘ਰਥੁ ਫਿਰੈ’ ਤੋਂ ‘ਰਥੁ ਫਿਰੈ’ ਸਿਰਫ ਭੁਲੇਖਾ ਪਾਉਣ ਲਈ ਹੀ ਕਿਹਾ ਜਾ ਰਿਹਾ ਹੈ[
ਹੋਰ ਦੇਖੋ, ਪੁਰੇਵਾਲ ਜੀ ਲਿਖਦੇ ਹਨ:-
So, when the rath firai (ਰਥੁ ਫਿਰੈ). occurs in June the shadow will be longer next day. This is what the jiv istri is watching (ਤਾਕੈ)- the shadow and waiting in anticipation for the chariot of the sun to turn so that her scorched mind (with lust, anger, greed, attachment, and inflated ego) may receive the amrita rain in Sawan (of Guru’s Grace). second half of the tuk “ਟਿਡੁ ਲਵੈ ਮੰਝਿ ਬਾਰੇ” also points to the rainy season. After the first rains the crickets come out of the eggs and start chirping. Similarly, the happy and the blessed jiv istri sings the praises of the Akal Purkh after having conquered the Harh of antishkarn.
ਜਾਣੀ ਕਿ:-
ਜੀਵ ਇਸਤ੍ਰੀ (ਤਾਕੈ) ਤੱਕਦੀ ਹੈ ਕਿ ਕਦੋਂ ੨੦-੨੧ ਜੂਨ ਤੋਂ ਮਗ਼ਰੋਂ ਸੂਰਜ ਦਾ ਰਥ ਫਿਰ ਕੇ ਛਾਂ ਛੋਟੀ ਹੋਣ ਤੋਂ ਮਗ਼ਰੋਂ ਅਗਲੇ ਦਿਨ ਵੱਡੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਕਿ ਸਾਵਣ ਦਾ ਮੀਂਹ ਰੂਪੀ ਅੰਮ੍ਰਿਤ ਵਰਸੇ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਾਲੀ ਅੰਤਹਕਰਨ ਦੀ ਹਾੜ੍ਹ ਦੀ ਅੱਗ ਬੁਝੇ[
    ਦੇਖੋ ਪੁਰੇਵਾਲ ਜੀ ਕਿਸ ਤਰ੍ਹਾਂ ਆਪਣਾ ਮਕਸਦ ਪੂਰਾ ਕਰਨ ਲਈ ਗੁਰਬਾਣੀ ਨਾਲ ਖਿਲਵਾੜ ਕਰ ਰਹੇ ਹਨ[ ਹਾੜ੍ਹ ਦੀ ਝੁਲਸਾ ਦੇਣ ਵਾਲੀ ਗਰਮੀ ਨੂੰ ਅੰਤਹਕਰਨ ਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਅੱਗ ਦੇ ਨਾਲ ਰਲ-ਗੱਡ ਕਰਕੇ ਗੁਰਬਾਣੀ ਦੇ ਅਸਲੀ ਸੁਨੇਹੇ ਨੂੰ ਗੰਧਲਾ ਕਰ ਰਹੇ ਹਨ[ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੰਤਹਕਰਨ ਦੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਵਿਕਾਰਾਂ ਦੀ ਅੱਗ ਮਨ ਵਿੱਚ ਹਾੜ੍ਹ ਦੇ ਮਹੀਨੇ ਵਿੱਚ ਉਤਪੰਨ ਹੁੰਦੀ ਹੈ? ਦੇਖੋ ਹਾੜ੍ਹ ਦਾ ਮਹੀਨਾ ਖਤਮ ਹੋਣ ਤੇ ਸਾਵਣ ਦਾ ਮੀਂਹ ਵਸਣ ਤੇ ਜੀਵ ਇਸਤ੍ਰੀ ਖੁਸ਼ ਹੁੰਦੀ ਅਤੇ ਗਾਉਂਦੀ ਹੈ ਕਿ ਉਸ ਨੇ “ਅੰਤਹਕਰਣ ਦੇ ਹਾੜ’ ਦੀ ਝੁਲਸਾ ਦੇਣ ਵਾਲੀ ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਵਾਲੇ ਵਿਕਾਰਾਂ ਦੀ ਅੱਗ ਤੇ ਜਿੱਤ ਹਾਸਲ ਕਰ ਲਈ ਹੈ[ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨ ਦੇ ਵਿਕਾਰਾਂ ਦੀ ਅੱਗ ਸਾਵਣ ਦਾ ਮਹੀਨਾ ਆਉਣ ਤੇ ਮੀਂਹ ਪੈਣ ਨਾਲ ਬੁਝ ਜਾਂਦੀ ਹੈ, ਵਿਕਾਰ ਖਤਮ ਹੋ ਜਾਂਦੇ ਹਨ? ਦੇਖੋ ਪਉੜੀ ਵਿੱਚ ਹਾੜ੍ਹ ਦੀ ਗਰਮੀ ਕਰਕੇ ਟਿੱਡਾ ‘ਲਵੈ’ ਆਵਾਜ਼ ਕਰਦਾ ਹੈ, ਪਰ ਪੁਰੇਵਾਲ ਜੀ ਨੇ ਪਹਿਲਾਂ ਸਾਵਣ ਮਹੀਨੇ ਵਾਲਾ ਮੀਂਹ ਪਵਾ ਕੇ ਆਂਡੇ ਵਿੱਚੋਂ ਟਿੱਡੇ ਬਾਹਰ ਕੱਢ ਦਿੱਤੇ ਅਤੇ ਬਾਅਦ ਵਿੱਚ ਹਾੜ੍ਹ ਮਹੀਨੇ ਵਾਲੀ ‘ਟੀਡੁ ਲਵੈ’ ਵਾਲੀ ਆਵਾਜ਼ ਫਿੱਟ ਕਰ ਦਿੱਤੀ- “After the first rains the crickets come out of the eggs and start chirping”.
ਨਾਨਕਸ਼ਾਹੀ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਦੱਸਿਆ ਜਾ ਰਿਹਾ ਹੈ[ਪਰ ਜੇ ਗੁਰਬਾਣੀ ਵਿੱਚ ਦਰਜ ਮਹੀਨਿਆਂ ਨੂੰ ਕੈਲੰਡਰ ਨਾਲ ਜੋੜੀਏ ਤਾਂ ਅਧਿਆਤਮਕ ਪੱਖੋਂ ਜੋ ਸੁਨੇਹਾ ਗੁਰੂ ਸਾਹਿਬ ਦੇਣਾ ਚਾਹੁੰਦੇ ਹਨ ਉਹ ਨਾ ਕੇਵਲ ਘੱਟੇ ਵਿੱਚ ਹੀ ਰੁਲ ਕੇ ਰਹਿ ਜਾਂਦਾ ਹੈ ਬਲਕਿ ਇਸ ਦੇ ਅਰਥ ਵੀ ਕਰਮ-ਕਾਂਡੀ ਬਣ ਜਾਂਦੇ ਹਨ[ ਮਿਸਾਲ ਦੇ ਤੌਰ ਤੇ-
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦ ਘਣਾ ||
||ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ||”
ਜੇ ਇਸ ਪੰਗਤੀ ਨੂੰ ਕੈਲੰਡਰ ਨਾਲ ਜੋੜ ਕੇ ਅਰਥਾਵਾਂਗੇ ਤਾਂ ਮਤਲਬ ਬਣੇਗਾ ਕਿ ‘ਚੇਤ ਮਹੀਨੇ’ ਵਿੱਚ ਗੋਬਿੰਦ ਨੂੰ ਅਰਾਧਣਾ ਚਾਹੀਦਾ ਹੈ[ ਇਸ ਤਰ੍ਹਾਂ ਅਰਥ ਕਰਨ ਨਾਲ ਤਾਂ ਤੁਕ ਦੇ ਅਰਥ ਕਰਮ-ਕਾਂਡੀ ਹੀ ਬਣਕੇ ਰਹਿ ਜਾਣਗੇ[ ਅਤੇ ਜੇ ਇਸ ਦੇ ਅਸਲੀ ਅਧਿਆਤਮਕ ਭਾਵ ਅਰਥ ਲਵਾਂਗੇ ਤਾਂ ਕੈਲੰਡਰ ਪੱਖੋਂ ‘ਚੇਤ’ ਮਹੀਨੇ ਦੀ ਕੋਈ ਮਹਤਤਾ ਬਾਕੀ ਨਹੀਂ ਰਹਿ ਜਾਂਦੀ[
ਇਸੇ ਤਰ੍ਹਾਂ:-
ਹਰਿ ਜੇਠ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ||”
ਇੱਥੇ ਵੀ ਜੇ ਤੁਕ ਨੂੰ ਕੈਲੰਡਰ ਨਾਲ ਜੋੜ ਕੇ ਅਰਥਾਵਾਂਗੇ ਤਾਂ ਇਸ ਦਾ ਅਧਿਅਤਮਕ ਪੱਖ ਨਾ ਕੇਵਲ ਖੋ ਜਾਵੇਗਾ ਬਲਕਿ ਅਰਥ ਕਰਮਕਾਂਡੀ ਬਣ ਜਾਣਗੇ[
ਯਾਦ ਰਹੇ ਕਿ ਜੇ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਨੂੰ ਕੈਲੰਡਰ ਨਾਲ ਜੋੜ ਕੇ ਅਰਥਾਵਾਂਗੇ ਤਾਂ ਇਨਾਂ ਦੇ ਅਧਿਆਤਮਕ ਪੱਖ ਵਾਲੇ ਭਾਵਅਰਥ ਨਹੀਂ ਕਰ ਸਕਦੇ[ਅਤੇ ਜੇ ਅਧਿਆਤਮਕ ਪੱਖ ਵਾਲੇ ਭਾਵ ਅਰਥ ਕਰਾਂਗੇ ਤਾਂ ਕੈਲੰਡਰ ਨਾਲ ਨਹੀਂ ਜੋੜ ਸਕਦੇ[
ਨਿਚੋੜ:-
ਸਿੱਖਾਂ ਦਾ ਵੱਖਰਾ ਕੈਲੰਡਰ ਬਿਲਕੁਲ ਹੋ ਸਕਦਾ ਹੈ ਪਰ-
ਉਸ ਨੂੰ ਜਦੋਂ ਬਣਾਇਆ ਜਾਵੇ ਓਦੋਂ ਤੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ[ਗੁਰੂ ਨਾਨਕ ਜੀ ਦੇ ਜਨਮ ਦੇ ਸਾਲ ਤੋਂ ਸ਼ੁਰੂ ਕਰਕੇ ਅਤੇ ਜਨਮ ਦੇ ਮਹੀਨੇ ਦਾ ਵਖਰੇਵਾਂ ਕਰਕੇ ਇਤਿਹਾਸ ਵਿਗੜ ਵੀ ਜਾਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਵਿਵਾਦ ਹੀ ਖੜ੍ਹੇ ਹੋਣਗੇ[ ਜੇ ਕੈਲੰਡਰ ਦਿਨ, ਤਿਉਹਾਰ ਮਨਾਉਣ ਦੀਆਂ ਤਰੀਕਾਂ ਨੂੰ ਸੌਖਾ ਕਰਨ ਲਈ ਬਣਾਇਆ ਜਾਂਦਾ ਹੈ ਤਾਂ ਇਸ ਵਿੱਚ ਕੋਈ ਇਤਰਾਜ ਵਾਲੀ ਗੱਲ ਨਹੀਂ[ ਪਰ ਜੇ ਇਸ ਨੂੰ ਗੁਰਬਾਣੀ ਆਧਾਰਿਤ ਕਿਹਾ ਜਾਂਦਾ ਹੈ ਤਾਂ ਇਹ ਠੀਕ ਨਹੀਂ ਕਿਉਂ ਕਿ ਇਸ ਵਿੱਚ ਸੱਚਾਈ ਨਹੀਂ ਹੈ[ ਜੇ ਕੈਲੰਡਰ, ਤਿਉਹਾਰਾਂ ਦੀਆਂ ਤਰੀਕਾਂ ਸੌਖੀਆਂ ਕਰਨ ਲਈ ਬਣਾਇਆ ਜਾਂਦਾ ਹੈ ਤਾਂ ਗ੍ਰਿਗੋਰੀਅਨ ਅਤੇ ਨਾਨਕਸ਼ਾਹੀ, ਦੋ ਕੈਲੰਡਰਾਂ ਦੀ ਕੀ ਜਰੂਰਤ ਹੈ? ਗ੍ਰਿਗੋਰੀਅਨ ਕੈਲੰਡਰ ਵਿੱਚ ਹੀ ਤਰੀਕਾਂ ਮਿਥੀਆਂ ਜਾ ਸਕਦੀਆਂ ਹਨ[
ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਅਤੇ ਆਜ਼ਾਦ ਹਸਤੀ ਦਾ ਪ੍ਰਤੀਕ ਮੰਨਣਾ, ਕੋਈ ਤਰਕ-ਸੰਗਤ ਗੱਲ ਨਹੀਂ ਹੈ[ਹਾਂ ਜੇ ਪ੍ਰਚੱਲਤ ਕੈਲੰਡਰਾਂ ਦੀਆਂ ਖਾਮੀਆਂ ਵਿੱਚ ਸੁਧਾਰ ਲਿਆ ਕੇ ਅਤੇ ਭੁਗੋਲਕ / ਐਸਟ੍ਰੋਨੌਮੀ ਸੰਬੰਧੀ ਕੋਈ ਨਵੀਂ ਖੋਜ ਕਰਕੇ ਕੈਲੰਡਰ ਤਿਆਰ ਕੀਤਾ ਜਾਂਦਾ ਤਾਂ ਬੇਸ਼ੱਕ ਸਿੱਖਾਂ ਦਾ ਵੱਖਰਾ ਕੈਲੰਡਰ ਕਿਹਾ ਜਾਣਾ ਸੀ[ ਪਰ ਨਾਨਕਸ਼ਾਹੀ ਕੈਲੰਡਰ ਤਾਂ ਸਾਕਾ ਸੰਮਤ ਅਤੇ ਗ੍ਰਿਗੋਰੀਅਨ ਕੈਲੰਡਰ ਦਾ ਹੀ ਮਿਸ਼੍ਰਣ ਹੈ[ ਸਿੱਖਾਂ ਨਾਲ ਸੰਬੰਧਤ ਤਰੀਕਾਂ ਇਕੱਲੇ ਸਾਕਾ ਸੰਮਤ (ਦੇ ਫਰੇਮ) ਵਿੱਚ ਵੀ ਫਿੱਟ ਕੀਤੀਆਂ ਜਾ ਸਕਦੀਆਂ ਸੀ[ ਜਾਂ ਇਕੱਲੇ ਗ੍ਰਿਗੋਰੀਅਨ ਕੈਲੰਡਰ ਵਿੱਚ ਵੀ ਕੀਤੀਆਂ ਜਾ ਸਕਦੀਆਂ ਸੀ[ ਦੋਨਾ ਕੈਲੰਡਰਾਂ ਨੂੰ ਮਿਲਾ ਕੇ ਇੱਕ ਬਣਾਏ ਗਏ ਕੈਲੰਡਰ ਨੂੰ ਸਿੱਖਾਂ ਦਾ ਗੁਰਬਾਣੀ ਆਧਾਰਿਤ ਕੈਲੰਡਰ ਕਹਿਣਾ ਗ਼ਲਤ ਬਿਆਨੀ ਹੈ[
ਮੇਰੇ ਲਈ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਸ ਨੂੰ ਗੁਰਬਾਣੀ ਆਧਾਰਿਤ ਕਿਹਾ ਜਾ ਰਿਹਾ ਹੈ, ਜਦਕਿ ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦਾ ਅਸਲੀ ਸੁਨੇਹਾ ਘੱਟੇ’ਚ ਰੁਲ ਰਿਹਾ ਹੈ[ਜੋ ਕਿ ਸਿੱਖਾਂ ਨਾਲ ਵੀ ਅਤੇ ਗੁਰੂ ਨਾਲ ਵੀ ਧੋਖਾ ਹੈ[ ਅਤੇ ਦੂਸਰਾ ਇਸ ਨਾਲ ਗੁਰ-ਇਤਿਹਾਸ ਵੀ ਵਿਗੜ ਰਿਹਾ ਹੈ[ ਜਿਵੇਂ ਗੁਰੂ ਨਾਨਕ ਜੀ ਦੇ ਜਨਮ ਦਾ ਸਾਲ ਓਹੀ ਮੰਨਕੇ ਅਤੇ ਜਨਮ ਦਾ ਮਹੀਨਾ ਬਿਕਰਮੀ ਵਾਲਾ ਮੰਨਣ ਨਾਲ ਭੁਲੇਖੇ ਅਤੇ ਵਿਵਾਦ ਖੜ੍ਹੇ ਹੁੰਦੇ ਹਨ[ਨਾਨਕਸ਼ਾਹੀ ਕੈਲੰਡਰ ਗੁਰੂ ਨਾਨਕ ਜੀ ਦੇ ਜਨਮ ਤੋਂ ਸ਼ੁਰੂ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਭੁਲੇਖੇ ਖੜ੍ਹੇ ਹੋ ਸਕਦੇ ਹਨ ਲੱਗਦਾ ਹੈ ਕਿ ਜਿਵੇਂ ਇਹ ਕੈਲੰਡਰ ਗੁਰੂ ਸਾਹਿਬਾਂ ਦੇ ਸਮੇਂ ਉਨ੍ਹਾਂ ਦੀ ਜਾਣਕਾਰੀ (ਦੇਖ-ਰੇਖ) ਵਿੱਚ ਬਣਿਆ ਹੋਵੇ[ਅਤੇ ਇਸ ਤਰ੍ਹਾਂ ਇਸ ਵਿੱਚਲੀਆਂ ਗ਼ਲਤੀਆਂ ਸਭ ਗੁਰੂ ਸਾਹਿਬਾਂ ਦੇ ਨਾਮ ਚੱਲੀਆਂ ਜਾਣਗੀਆਂ[
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.